Breaking News
Home / ਰੈਗੂਲਰ ਕਾਲਮ / ਜੋ ਮੇਰੇ ਨਾਲ ਹੋਈ-3

ਜੋ ਮੇਰੇ ਨਾਲ ਹੋਈ-3

ਬੋਲ ਬਾਵਾ ਬੋਲ
ਬੇਟਾ ਮਿਲਦੇ-ਗਿਲਦੇ ਰਹਿਣਾ
ਨਿੰਦਰ ਘੁਗਿਆਣਵੀ94174-21700
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਾਅਦ ਦੁਪੈਹਿਰ ਦਿੱਤੇ ਵਕਤ ਉਤੇ ਮੈਂ ਤੇ ਮੇਰਾ ਦੋਸਤ ਜਸਵੰਤ ਵਿਰਲੀ ‘ਅਜੀਤ ਭਵਨ’ ਹਮਦਰਦ ਸਾਹਿਬ ਨੂੰ ਮਿਲਣ ਪੁੱਜ ਗਏ। ਉਹਨਾਂ ਦਾ ਨਿੱਜੀ ਸਹਾਇਕ ਸਾਨੂੰ ਉਹਨਾਂ ਦੇ ਕਮਰੇ ਵਿਚ ਛੱਡਣ ਆਇਆ। ਸਾਹਿਤ ਦੇ ਖੇਤਰ ਵਿਚ ਮੇਰਾ ਹਾਲੇ ਉਦੋਂ ਏਨਾ ਨਾਂ-ਥਾਂ ਵੀ ਨਹੀਂ ਸੀ ਬਣਿਆ ਕਿ ਹਮਦਰਦ ਸਾਹਬ ਮੇਰੇ ਕੀਤੇ ਵਡਮੁੱਲੇ ਕੰਮਾਂ ਤੋਂ ਜਾਣੂੰ ਹੁੰਦੇ। ਜਾਂ ਮੈਂ ਏਡੀ ਵੱਡੀ ਹਸਤੀ ਦਾ ਮਾਲਕ ਵੀ ਨਹੀਂ ਸਾਂ ਤੇ ਨਾ ਹੀ ਹੁਣ ਹਾਂ। ਮੈਂ ਤਾਂ ਸੰਘਰਸ਼ਮਈ ਦਿਨਾਂ ਵਿਚੋਂ ਲੰਘ ਰਿਹਾ ਸਾਂ। ਜਿਉਂ ਹੀ ਅਸੀਂ ਉਹਨਾਂ ਦੇ ਸਾਹਮਣੇ ਹੋਏ ਤਾਂ ਉਹ ਆਪਣੀ ਕੁਰਸੀ ਉਤੋਂ ਉੱਠਕੇ ਉਹਨਾਂ ਦੇ ਮੇਜ ਦੁਆਲੇ ਡੱਠੀਆਂ ਕੁਰਸੀਆਂ ਕੋਲ ਆ ਗਏ ਤੇ ਮੈਨੂੰ ਤੇ ਵਿਰਲੀ ਨੂੰ ਬੜੇ ਮੋਹ ਨਾਲ ਆਪਣੀ ਬਗਲ ਵਿਚ ਲੈ ਲਿਆ ਤੇ ਬੜੇ ਆਦਰ ਨਾਲ ਸਾਨੂੰ ਆਪਣੇ ਸਾਹਮਣੇ ਬਿਠਾ ਲਿਆ। ਪਾਣੀ ਆਇਆ। ”ਬੇਟੇ ਕੌਫੀ ਵੀ ਲਿਆਓ ਤੇ ਬਿਸਕੁਟ ਵੀ… ਏਡਾ ਵੱਡਾ ਲੇਖਕ ਆਪਣੇ ਕੋਲ ਆਇਆ ਅੱਜ।” ਉਹਨਾਂ ਆਪਣੇ ਕੋਲ ਖਲੋਤੇ ਮੁਡੇ ਨੂੰ ਆਖਿਆ। ਮੈਂ ਬੜਾ ਪ੍ਰਸੰਨ ਸਾਂ ਕਿ ਏਨੀ ਹਲੀਮੀ ਤੇ ਨਿਮਰਤਾ ਹੈ, ਏਡੀ ਵੱਡੀ ਸਖਸੀਅਤ ‘ਚ?ਉਹ ਵੀ ਪਹਿਲੀ ਮਿਲਣੀ ਵਿਚ? ਉਠਕੇ ਮਿਲਣਾ ਤੇ ਫਿਰ ਸਾਹਮਣੇ ਬਿਠਾਉਣਾ, ਇਹ ਵੱਡੀ ਸ੍ਰੇਣੀ ਦੇ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਹੈ। ਖੈਰ! ”ਆਹ ਸੱਜਣ ਕੌਣ ਨੇ ਨਿੰਦਰ?” ਉਹਨਾਂ ਨਾਲ ਦੇ ਮਿੱਤਰ ਵਿਰਲੀ ਵੱਲ ਹੱਥ ਕਰ ਕੇ ਪੁੱਛਿਆ। ਮੈਂ ਦੱਸਿਆ ਕਿ ਭਾਜੀ ਇਹ ਬਹੁਤ ਅੱਗੇ ਵਧੂ ਸੋਚ ਦੇ ਮਾਲਕ ਹਨ ਤੇ ‘ਤਰਕ-ਬੋਧ’ ਪੇਪਰ ਕੱਢਦੇ ਹਨ। ਏਨੀ ਸੁਣ ਉਹ ਬੋਲੇ,”ਅਜੀਤ ਵੀ ਤਾਂ ਅਰੰਭ ਤੋਂ ਤਰਕਸ਼ੀਲਤਾ ਦਾ ਹਾਮੀ ਹੈ ਤੇ ਅਸੀਂ ਤਰਕਸ਼ੀਲਾਂ ਦੀਆਂ ਖਬਰਾਂ ਛਾਪਣ ਨੂੰ ਹਮੇਸ਼ਾ ਪਹਿਲ ਦਿੰਦੇ ਆਂ, ਵਿਰਲੀ ਜੀ ਤੁਸੀਂ ਸਾਨੂੰ ਕੁਝ ਲਿਖਕੇ ਭੇਜਿਆ ਕਰੋ।”
ਕਾਫੀ ਬਿਸਕੁਟ ਆ ਗਏ। ”ਲਓ ਬੇਟਾ।” ਇਸ ਸਮੇਂ ਉਹ ਸਾਡੇ ਨਾਲ ਨਿੱਕੀਆ ਨਿੱਕੀਆਂ ਗੱਲਾਂ ਕਰਦੇ ਰਹੇ। ਸਾਰੇ ਕਮਰੇ ਵਿਚ ਬੜਾ ਮਮਨਮੋਹਕ ਮਾਹੌਲ ਸੀ। ਠੰਡਕ ਪੈਂਦੀ ਸੀ ਬਾਹਰੋਂ ਤਪੀਆਂ ਗਈਆਂ ਅੱਖਾਂ ਤੇ ਸੜੇ ਮਨ ਤੇ ਸਰੀਰ ਨੂੰ। ਓਪਰਾਪਨ ਜਾਂ ਵਿਖਾਵੇ ਦਾ ਕਿਧਰੇ ਨਾਂ ਨਿਸ਼ਾਨ ਨਹੀਂ ਸੀ। ਮੈਂ ਬੜਾ ਸੰਭਲ ਕੇ ਜਿਹੇ ਆਖਿਆ, ” ਭਾਜੀ, ਹੰਸ ਜੀ ਨੇ ਭੇਜਿਆ ਐ, ਊਹਨਾਂ ਬਾਰੇ ਚਾਰ ਸ਼ਬਦ ਕਿਤਾਬ ਵਿਚ ਲਿਖਕੇ ਸ਼ੋਭਾ ਵਧਾਓ।” ਉਹ ਫਿਰ ਹੱਸਣ ਲੱਗੇ, ਬੇਬਾਕ ਤੇ ਨਿਰਛਲ ਠਹਾਕੇ। ਮੈਂ ਸੋਚਿਆ ਕਿ ਲਿਖਣਗੇ ਹੁਣ ਤਾਂ ਜ਼ਰੂਰ। ” ਕੋਈ ਨਾ ਬੇਟਾ, ਦੇਖਦੇ ਆਂ, ਕਰਦੇ ਆਂ ਕੁਝ…।” ਉਹਨਾਂ ਆਪਣੇ ਸੇਵਾਦਾਰ ਨੂੰ ਕਿਹਾ ਕਿ ਸਾਥੀ ਜੀ ਨੂੰ ਬੁਲਾਓ। ਝਟ ਵਿਚ ਸ੍ਰ ਨਿਰੰਜਨ ਸਿੰਘ ਸਾਥੀ ਵਿਚ ਹੱਥ ਵਿਚ ਨੋਟ ਬੁੱਕ ਫੜ੍ਹੀ ਆ ਗਏ। ਸਾਥੀ ਜੀ ਹੰਸ ਬਾਰੇ ਛਪ ਰਹੀ ਕਿਤਾਬ ਵਿਚ ਮੇਰੇ ਵੱਲੋਂ ਕੁਝ ਸ਼ਬਦ ਨਿੰਦਰ ਜੀ ਨੂੰ ਭੇਜ ਦੇਣਾ।”
ਮੈਨੂੰ ਇਸ ਗੱਲ ਦਾ ਧਿਆਨ ਵੀ ਪੂਰਾ ਪੂਰਾ ਸੀ ਕਿ ਬਾਹਰ ਭਾਜੀ ਨੂੰ ਮਿਲਣ ਵਾਲਿਆਂ ਦੀ ਕਤਾਰ ਵੀ ਲੰਬੀ ਹੋਣੀ ਹੈ ਸੋ, ਹੁਣ ਸਾਨੂੰ ਉਠ ਕੇ ਜਾਣਾ ਚਾਹੀਦਾ ਹੈ। ਸਾਨੂੰ ਉਹਨਾਂ ਬੜੇ ਮੋਹ ਨਾਲ ਵਿਦਾ ਕੀਤਾ ਜਿਵੇਂ ਸਾਡੇ ਆਣ ‘ਤੇ ਰਿਸੀਵ ਕੀਤਾ ਸੀ ਤੇ ਨਾਲ ਹੀ ਆਖਿਆ, ”ਬੇਟਾ ਮਿਲਦੇ-ਗਿਲਦੇ ਰਹਿਣਾ।”
ੲੲੲ
ਇਸ ਪਹਿਲੀ ਮੁਲਾਕਾਤ ਬਾਅਦ ਉਹਨਾਂ ਨਾਲ ਦੂਜੀ ਮੁਲਾਕਾਤ ਦਫਤਰ ਵਿਚ ਉਦੋਂ ਹੋਈ, ਜਦੋਂ ਤਿੰਨ ਮਹੀਨੇ ਬਾਅਦ ਹੰਸ ਵਾਲੀ ਕਿਤਾਬ ਛਪ ਕੇ ਆ ਗਈ ਤੇ ਮੈਂ ਕਿਤਾਬ ਭੇਟ ਕਰਨ ਗਿਆ। ਪਹਿਲੀ ਮਿਲਣੀ ਨਾਲੋਂ ਵੀ ਵੱਧ ਮੁਹੱਤਬ ਤੇ ਸਨੇਹ ਸੀ। ਕਿੰਨਾ ਚਿਰ ਉਹ ਕਿਤਾਬ ਹੱਥਾਂ ਵਿਚ ਫੜੀ ਦੇਖੀ ਗਏ ਤੇ ਤਾਰੀਫ ਕਰਦੇ ਰਹੇ।
ਜਦ 2001 ਵਿਚ ਮੈਂ ਟੋਰਾਂਟੋ ਅਜੀਤ ਵੀਕਲੀ ਨਾਲ ਜੁੜ ਗਿਆ ਤਾਂ ਮੈਨੂੰ ਇਸ ਗੱਲ ਦਾ ਰਤਾ ਵੀ ਪਤਾ ਨਹੀਂ ਸੀ ਕਿ ਅਜੀਤ ਜਲੰਧਰ ਦਾ ਟੋਰਾਂਟੋ ਅਜੀਤ ਨਾਲ ਕੋਈ ਰੌਲਾ-ਗੌਲਾ ਵੀ ਹੈ? ਇਹ ਸਭ ਰੌਲਾ ਗੌਲਾ ਅਖਬਾਰਾਂ ਵਿਚ ਕਾਫੀ ਸਾਲਾਂ ਬਾਅਦ ਉਜਾਗਰ ਹੋਇਆ ਤੇ ਮੈਨੂੰ ਪਤਾ ਚੱਲਿਆ। ਜਦ ਟੋਰਾਂਟੋ ਪਹਿਲੀ ਵਾਰ ਡਾ. ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮਾਲਕ ਤੇ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਸਾਂ, ਤਾਂ ਉਹਨਾਂ ਨੇ ਅਜੀਤ ਜਲੰਧਰ ਦਾ ਮੇਰੇ ਕੋਲ ਭੋਰਾ ਭਰ ਵੀ ਜ਼ਿਕਰ ਤੱਕ ਨਹੀਂ  ਸੀ ਕੀਤਾ। ਜੇ ਮੈਨੂੰ ਪਤਾ ਹੁੰਦਾ ਜਾਂ ਕੋਈ ਦਸਦਾ ਕਿ ‘ਸਭ ਹੱਛਾ’ ਨਹੀਂ, ਤਾਂ ਮੈਂ ਕੋਈ ਹੋਰ ਸਟੈਂਡ ਲੈਂਦਾ। ਕਾਲਮ ਲਿਖਣਾ ਸ਼ੁਰੂ ਹੁੰਦਾ ਹੀ ਨਾ। (ਚੇਤੇ ਰਹੇ ਕਿ ਅਰੰਭ ਵਾਲੀਆਂ ਕਿਸ਼ਤਾਂ ਵਿਚ ਮੈਂ ਲਿਖ ਚੁੱਕਾ ਹਾਂ ਕਿ ਅਜੀਤ ਵੀਕਲੀ ਟੋਰਾਂਟੋ ਕਾਰਨ ਹੀ ਮੇਰੀ ਪਛਾਣ ਉਹਨ ਮੁਲਕਾਂ ਵਿਚ ਬਣੀ ਸੀ),ਮੈਂ ਭਾਰਤ ਵਾਪਸ ਆਇਆ। ਜਲੰਧਰ ਗਿਆ ਤਾਂ ਭਾਜੀ ਨੂੰ ਮਿਲਿਆ। ਅੱਗੇ ਨਾਲੋਂ ਵੀ ਵੱਧ ਮੋਹ ਤੇ ਸਨੇਹ! ਉਹ ਖੁਸ਼ ਸਨ ਕਿ ਮੇਰੀ ਬਦੇਸ਼ ਫੇਰੀ ਪਈ ਹੈ ਤੇ ਹੁਣ ਅੱਗੇ ਲਈ ਵੀ ਰਾਹ ਖੁੱਲ੍ਹ ਗਿਆ ਹੈ। ”ਕੁਝ ਲਿਖਣਾ ਨਿੰਦਰ ਆਪਣੀ ਫੇਰੀ ਬਾਰੇ ਅਜੀਤ ਲਈ।” ਉਹਨਾਂ ਤੁਰਨ ਲੱਗੇ ਨੂੰ ਆਖਿਆ। ਮੈਂ ਬੜੇ ਉਤਸ਼ਾਹ ਵਿਚ ਦਫਤਰੋਂ ਤੁਰਿਆ।
ਪਿੰਡ ਆਣ ਕੇ ਇਕ ਲੇਖ ਲਿਖਿਆ ਤੇ ਭੇਜ ਦਿੱਤਾ। ਛਪ ਗਿਆ। ਦੂਜੇ ਦਿਨ ਹੀ ਅਜੀਤ ਵੀਕਲੀ ਤੋਂ ਫੋਨ ਆ ਗਿਆ ਡਾ ਦਰਸ਼ਨ ਸਿੰਘ ਦਾ। ਉਹ ਬੋਲੇ, ”ਵਾਅਦਾ ਸਾਡੇ ਨਾਲ ਕਰ ਕੇ ਗਏ ਓ ਤੇ ਲੇਖ ਅਜੀਤ ਜਲੰਧਰ ਨੂੰ ਦੇ ਰਹੇ ਓ, ਇੰਝ ਨਹੀਂ ਹੋਣਾ ਚਾਹੀਦਾ, ਸਾਈਆਂ ਕਿਤੇ ਤੇ ਵਧਾੲਅਿਾਂ ਕਿਤੇ…ਅਸੀਂ ਤਾਂ ਆਪ ਨੂੰ ਡਾਲਰ ਦਿੱਤੇ ਨੇ।” ‘ਸਤਬਚਨ’ ਕਹਿ ਕੇ  ਮੈਂ ਸ੍ਰ ਦਰਸ਼ਨ ਸਿੰਘ ਤੋਂ ਮਾਫੀ ਮੰਗੀ। ਹੁਣ ਬੜੀ ਪਰੇਸ਼ਾਨੀ ਵਿਚ ਘਿਰ ਗਿਆ ਤੇ ਸਵਾਲ ‘ਤੇ ਸਵਾਲ ਮੈਨੂੰ  ਦੁੱਖ ਦੇਣ ਲੱਗੇ ਕਿ ਡਾਲਰ ਮੋੜਾਂਗਾ ਤਾ ਘਰ ਦਾ ਕੱਚਾ ਕੋਠਾ ਪੱਕਾ ਕਿਵੇਂ ਹੋਵੇਗਾ? ਮਸਾਂ ਚਾਰ ਪੈਸੇ ਮਿਲੇ ਹਨ ਭੁੱਖ ਵਿਚ ਰੁਲਦੇ-ਖੁਲਦੇ ਨੂੰ? ਮੇਰੇ ਬਾਪ ਦੀਆਂ ਕਿਹੜਾ ਫੈਕਟਰੀਆਂ ਚਲਦੀਆ ਨੇ? ਕੋਈ ਨੌਕਰੀ ਵੀ ਨਹੀਂ, ਡਾਲਰ ਵੀ ਘਰ ਦੇ ਦਿੱਤੇ ਹਨ ਕਿਹੜੇ ਮੂੰਹ ਵਾਪਸ ਮੰਗਾਂ?ਆਖਰ ਇਹੋ ਫੈਸਲਾ ਕਰ ਲਿਆ ਕਿ ਹੁਣ ਜਲੰਧਰ ਅਜੀਤ ਭਵਨ ਦੀਆਂ ਪੌੜੀਆਂ ਨਹੀਂ ਚੜ੍ਹਾਂਗਾ। ਉਧਰੋਂ ਹਮਦਰਦ ਸਾਹਬ ਨਾਲ ਹੋਈਆਂ ਮਿਲਣੀਆਂ ਤੇ ਮੋਹ ਰਹਿ-ਰਹਿ ਕੇ ਯਾਦ ਆਵੇ ਕਿ ਉਹ ਬੰਦਾ ਮੇਰੇ ਬਾਰੇ ਕੀ ਸੋਚਦਾ ਹੋਊ? ਇਹ ਕਿਵੇਂ ਹੋ ਸਕਦਾ ਸੀ ਕਿ ਹਮਦਰਦ ਸਾਹਬ ਨੂੰ ਇਹ ਨਾ ਪਤਾ ਲਗਦਾ ਕਿ ਮੇਰਾ ਕਾਲਮ ਅਜੀਤ ਵੀਕਲੀ ਵਿਚ ਸਜ-ਧਜ ਨਾਲ ਛਪਣ ਲੱਗਿਆ ਹੈ।
ਦੋ-ਤਿੰਨ ਸਾਲ ਹੋਏ ਕਿ ਅਜੀਤ ਵੀਕਲੀ ਦੇ ਏਧਰਲੇ ਸਟਾਫ ਅਤੇ ਦਫਤਰ ਉਤੇ ਕੇਸ ਦਰਜ ਹੋ ਗਿਆ ਤੇ ਉਹਨਾਂ ਨਾਲ ਜੁੜੇ ਏਧਰਲੇ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਗਈਆਂ। ਮੈਂ ਬਚ ਰਿਹਾ ਤੇ ਦਿਲੋਂ ਹੀ ਦਿਲੋਂ ਹਮਦਰਦ ਸਾਹਬ ਦਾ ਧੰਨਵਾਦ ਕਰਦਾ ਰਿਹਾ। ਮੈਂ ਸਿਰਫ਼ ਕਾਲਮ-ਨਵੀਸ ਸਾਂ, ਭਵ ਹੋਏ ਲੋਕ ਮੁਲਾਜ਼ਮ ਸਨ। ਫਿਰ ਟੋਰਾਂਟੋ ਗਿਆ ਤਾਂ ਅਜੀਤ ਵੀਕਲੀ ਵਾਲੇ ਪੁੱਛਣ ਲੱਗੇ ਕਿ ਹਮਦਰਦ ਸਾਹਬ ਮਿਲੇ ਕਿ ਨਹੀਂ? ਮੈਂ ਆਖਿਆ, ”ਪਹਿਲਾਂ ਮਿਲ ਲੈਂਦਾ ਸਾਂ ਹੁਣ ਮੇਰੇ ‘ਚ ਹਿੰਮਤ ਨਹੀਂ ਰਹੀ, ਕੰਮ ਤੁਹਾਡੇ ਨਾਲ ਕਰਦਾ ਹਾਂ ਤੇ ਓਥੇ ਕਿਹੜੇ ਮੂੰਹ ਨਾਲ ਜਾਵਾਂ?ਮੇਰੀ ਤਾਂ ਉਹ ਬੜੀ ਕਦਰ ਕਰਦੇ ਸਨ ਪਰ…।”
ਮੇਰੀ ਏਨੀ ਕੁ ਅਧੂਰੀ ਗੱਲ ਸੁਣ ਕੇ ਸਾਰੇ ਚੁੱਪ-ਗੜੁੱਪ ਜਿਹੇ ਹੋ ਗਏ। ਮੈਂ ਤਾਂ ਚੁੱਪ ਹੋਣਾ ਹੀ ਸੀ। ਇਸ ਤੋਂ ਬਾਅਦ ਉਹਨਾਂ ਜਲੰਧਰ ਅਜੀਤ ਜਾਂ ਹਮਦਰਦ ਜੀ ਬਾਰੇ ਮੇਰੇ ਨਾਲ ਕੋਈ ਗੱਲ ਕਦੇ ਨਾ ਛੇੜੀ।
(ਚਲਦਾ)
(ਬਾਕੀ ਅਗਲੇ ਹਫਤੇ)
[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਸਿੱਧੂ ਇਸ ਖ਼ਬਰ ਨੂੰ ਬਹੁਤਾ ਨਹੀਂ ਟਾਇਮ ਹੋਇਆ, ਪ੍ਰਧਾਨ ਕਾਂਗਰਸ ਦਾ …