-0.4 C
Toronto
Sunday, November 9, 2025
spot_img
HomeਕੈਨੇਡਾFrontਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੀ ਜੇਤੂ ਟੀਮ...

ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੀ ਜੇਤੂ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੀ ਪਿੱਠ ਥਾਪੜੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤੀ ਹਾਕੀ ਟੀਮ ਵਿਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੀ ਪਿੱਠ ਥਾਪੜੀ ਜਿਨ੍ਹਾਂ ਨੇ ਹਾਲ ਹੀ ਏਸ਼ੀਅਨ ਹਾਕੀ ਚੈਂਪੀਅਨ ਦੇ ਫਾਈਨਲ ਵਿਚ ਮਲੇਸ਼ੀਆ ਨੂੰ ਹਰਾ ਕੇ ਟੂਰਨਾਮੈਂਟ ਜਿੱਤ ਕੇ ਮੁਲਕ ਦਾ ਨਾਮ ਰੌਸ਼ਨ ਕੀਤਾ। ਹਾਕੀ ਖਿਡਾਰੀਆਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ। ਮੁੱਖ ਮੰਤਰੀ ਨੇ ਸੂਬੇ ਵਿਚ ਹਾਕੀ ਦੀ ਸ਼ਾਨ ਮੁੜ ਬਹਾਲ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਹਾਕੀ ਦੇ ਖੇਤਰ ਵਿੱਚ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕੀਤਾ ਹੈ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਵੀ ਭਾਰਤੀ ਹਾਕੀ ਟੀਮ ਨੇ 41 ਸਾਲਾਂ ਮਗਰੋਂ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਸੀ ਅਤੇ ਪੰਜਾਬ ਲਈ ਇਹ ਪ੍ਰਾਪਤੀ ਹੋਰ ਵੀ ਮਾਣ ਵਾਲੀ ਸੀ ਕਿਉਂਕਿ ਉਸ ਮੌਕੇ ਇਸ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਨਾਲ ਸਬੰਧਤ ਸਨ। ਹਾਲ ਹੀ ਏਸ਼ੀਅਨ ਚੈਂਪੀਅਨ ਟਰਾਫੀ ਵਿੱਚ ਜੇਤੂ ਝੰਡਾ ਬੁਲੰਦ ਕਰਨ ਵਾਲੀ ਭਾਰਤੀ ਟੀਮ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਉਪ ਕਪਤਾਨ ਹਾਰਦਿਕ ਸਿੰਘ ਸਮੇਤ 12 ਖਿਡਾਰੀ ਪੰਜਾਬ ਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਲ 1975 ਦੇ ਹਾਕੀ ਵਿਸ਼ਵ ਕੱਪ ਵਿੱਚ ਜਿੱਤ ਹਾਸਲ ਕਰਨ ਵਾਲੀ ਭਾਰਤੀ ਟੀਮ ਦੀ ਅਗਵਾਈ ਪੰਜਾਬ ਦੇ ਪੁੱਤਰ ਅਜੀਤ ਪਾਲ ਸਿੰਘ ਨੇ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਫਲਤਾ ਦਾ ਇਹ ਜਜ਼ਬਾ ਕਾਇਮ ਰਹਿਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਸਾਡੀ ਟੀਮ ਹੋਰ ਮੈਡਲ ਜਿੱਤ ਸਕੇ। ਉਨ੍ਹਾਂ ਨੇ ਦੁੱਖ ਜ਼ਾਹਰ ਕੀਤਾ ਕਿ ਹਾਕੀ ਸਾਡੀ ਕੌਮੀ ਖੇਡ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਇਸ ਨੂੰ ਬੁਰੀ ਤਰ੍ਹਾਂ ਅਣਗੌਲਿਆ ਕਰਦੀਆਂ ਰਹੀਆਂ ਹਨ ਜਿਸ ਕਰਕੇ ਇਹ ਖੇਡ ਖੇਤਰ ਵਿਚ ਬਹੁਤ ਪੱਛੜ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਹਾਕੀ ਨੂੰ ਬਣਦਾ ਰੁਤਬਾ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਕਿ ਖੇਡਾਂ ਖਾਸ ਕਰਕੇ ਹਾਕੀ ਦਾ ਹੋਰ ਵੀ ਪਾਸਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਾਕੀ ਖੇਡ ਦੀ ਬਹਾਲੀ ਲਈ ਹੋਰ ਵਸੀਲੇ ਜੁਟਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਹੀ ਦਿਸ਼ਾ ਵਿਚ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਹੋਰ ਹਾਜ਼ਰ ਸਨ।
RELATED ARTICLES
POPULAR POSTS