Breaking News
Home / ਰੈਗੂਲਰ ਕਾਲਮ / ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ

ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ

ਡਾ. ਡੀ ਪੀ ਸਿੰਘ
ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸੰਨ 2020 ਵਿਚ ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਤਿਆਰ ਕੀਤੇ ਗਏ ਮਸੌਦੇ ਵਿੱਚ ਸਾਰੇ ਹੀ ਦਿਸਹੱਦਿਆਂ ਵਿਖੇ ਹਾਲਾਤਾਂ ਦੇ ਲਗਾਤਾਰ ਖਰਾਬ ਹੋਣ ਬਾਰੇ ਦੱਸ ਪਾਈ ਗਈ ਹੈ। ਵਿਸ਼ਵ ਮੌਸਮ ਵਿਭਾਗ, ਸੰਨ 1993 ਤੋਂ ਹੀ ਹਰ ਸਾਲ, ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਸਾਲਾਨਾ ਰਿਪੋਰਟ ਜਾਰੀ ਕਰਦਾ ਆ ਰਿਹਾ ਹੈ।
ਮੌਜੂਦਾ ਸਾਲ ਦੌਰਾਨ ਵਾਪਰੀਆਂ ਵਿਸ਼ਵਵਿਆਪੀ ਤਬਦੀਲੀਆਂ ਬਾਰੇ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ, ਵਿਚਾਰ-ਵਟਾਂਦਰੇ ਤੇ ਰਿਵਿਊ ਲਈ ਜਾਰੀ ਕੀਤੇ ਗਏ ਖ਼ਰੜੇ ਤੋਂ ਸਪਸ਼ਟ ਹੋ ਰਿਹਾ ਹੈ ਕਿ ਘਾਤਕ ਮੌਸਮੀ ਤਬਦੀਲੀਆਂ ਵਿਚ ਵਾਧਾ ਪਹਿਲਾਂ ਵਾਂਗ ਹੀ ਕਾਇਮ ਹੈ। ਜਿਸ ਦੇ ਨਤੀਜੇ ਵਜੋਂ ਸੰਨ 2020 ਦਾ ਸ਼ੁਮਾਰ ਹੁਣ ਤਕ ਰਿਕਾਰਡ ਕੀਤੇ ਗਏ ਸਭ ਤੋਂ ਗਰਮ ਤਿੰਨ ਸਾਲਾਂ ਵਿਚ ਕੀਤਾ ਜਾ ਸਕਦਾ ਹੈ। ਇਸੇ ਮਸੌਦੇ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਸੰਨ 2011 ਤੋਂ ਸੰਨ 2020 ਦਾ ਦਹਾਕਾ ਰਿਕਾਰਡ ਕੀਤੇ ਗਏ ਸਾਰੇ ਦਹਾਕਿਆਂ ਵਿਚੋਂ ਸਭ ਤੋਂ ਗਰਮ ਦਹਾਕਾ ਰਿਹਾ ਹੈ। ਇਸ ਦਹਾਕੇ ਵਿਚ ਸੰਨ 2015 ਤੋਂ ਸੰਨ 2020 ਤਕ ਦਾ ਅਰਸਾ ਸਭ ਤੋਂ ਵਧੇਰੇ ਗਰਮ ਰਿਹਾ ਹੈ। ਮਹਾਂਸਾਗਰਾਂ ਦਾ ਤਾਪਮਾਨ ਚਰਮ-ਸੀਮਾ ਤੱਕ ਪਹੁੰਚ ਰਿਹਾ ਹੈ। ਇਸੇ ਸਾਲ ਵਿਸ਼ਵਵਿਆਪੀ ਸਮੁੰਦਰੀ ਪਾਣੀਆਂ ਦੇ 80 ਪ੍ਰਤਿਸ਼ਤ ਤੋਂ ਵਧੇਰੇ ਹਿੱਸੇ ਵਿਚ ਸਮੁੰਦਰੀ ਤਾਪ-ਲਹਿਰਾਂ ਦੀ ਹੋਂਦ ਦੇਖੀ ਗਈ ਹੈ। ਜਿਸ ਦਾ ਸਮੁੰਦਰੀ ਵਾਤਾਵਰਣੀ ਪ੍ਰਣਾਲੀ ਉੱਤੇ ਵੱਡੇ ਪੱਧਰ ਉੱਤੇ ਮਾਰੂ ਪ੍ਰਭਾਵ ਪੈਣ ਦਾ ਅੰਦਾਜ਼ਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਸਮੁੰਦਰੀ ਜੀਵ ਤੇ ਬਨਸਪਤੀ ਪਹਿਲਾਂ ਹੀ ਸਮੁੰਦਰੀ ਪਾਣੀਆਂ ਦੁਆਰਾ ਸੋਖੀ ਗਈ ਕਾਰਬਨ ਡਾਇਆਕਸਾਈਡ ਗੈਸ ਕਾਰਨ ਪੈਦਾ ਹੋਏ ਤੇਜਾਬੀਪਣ ਦੇ ਭੈੜੇ ਪ੍ਰਭਾਵਾਂ ਨਾਲ ਜੂਝ ਰਹੀ ਹੈ। ਇਹ ਰਿਪੋਰਟ, ਜੋ ਦਰਜਨਾਂ ਅੰਤਰਰਾਸ਼ਟਰੀ ਸੰਗਠਨਾਂ ਅਤੇ ਮਾਹਿਰਾਂ ਦੇ ਯੋਗਦਾਨ ‘ਤੇ ਅਧਾਰਿਤ ਹੈ, ਤੋਂ ਸਪਸ਼ਟ ਹੋ ਰਿਹਾ ਹੈ ਕਿ ਅਤਿ ਦੀ ਗਰਮੀ, ਜੰਗਲਾਂ ਦੀ ਅੱਗ, ਹੜ੍ਹਾਂ, ਤੇ ਐਟਲਾਂਟਿਕ ਸਾਗਰੀ ਖੇਤਰ ਵਿਚ ਵਾਪਰ ਰਹੇ ਤੂਫਾਨਾਂ ਵਿਚ ਹੋਏ ਬੇਸ਼ੁਮਾਰ ਵਾਧੇ ਵਰਗੇ ਘਾਤਕ ਵਰਤਾਰਿਆਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਜਿਸ ਦੇ ਫਲਸਰੂਪ ਮਨੁੱਖੀ ਸਿਹਤ, ਸੁਰੱਖਿਆ ਅਤੇ ਆਰਥਿਕ ਸਥਿਰਤਾ ਉੱਤੇ ਬਹੁਤ ਭੈੜਾ ਪ੍ਰਭਾਵ ਪਿਆ ਹੈ। ਅਜੋਕੇ ਸਮੇਂ ਦੌਰਾਨ ਜਦੋਂ ਸਾਰਾ ਸੰਸਾਰ ਕੋਵਿਡ-19 ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ, ਇਨ੍ਹਾਂ ਵਿਸ਼ਵ ਵਿਆਪੀ ਤਬਦੀਲੀਆਂ ਨੇ ਮਨੁੱਖੀ ਬਿਪਤਾਵਾਂ ਵਿਚ ਅਣਚਾਹਿਆ ਵਾਧਾ ਕੀਤਾ ਹੈ। ਬੇਸ਼ਕ ਸਾਲ 2020 ਦੀ ਅੰਤਿਮ ਰਿਪੋਰਟ ਮਾਰਚ 2021 ਵਿੱਚ ਜਾਰੀ ਕੀਤੀ ਜਾਏਗੀ। ਪਰ ਇਹ ਆਰਜ਼ੀ ਰਿਪੋਰਟ ਬਾਰ੍ਹਾਂ ਮੁੱਖ ਸੂਚਨਾਵਾਂ ਨਾਲ ਆਰੰਭ ਹੁੰਦੀ ਹੈ:
ਗ੍ਰੀਨਹਾਊਸ ਗੈਸਾਂ ਵਿਚ ਲਗਾਤਾਰ ਵਾਧਾ : ਸੰਨ 2019 ਅਤੇ 2020 ਦੌਰਾਨ ਪ੍ਰਮੁੱਖ ਗ੍ਰੀਨਹਾਊਸ ਗੈਸਾਂ, ਖਾਸ ਕਰ ਕਾਰਬਨ ਡਾਇਆਕਸਾਈਡ, ਮੀਥੇਨ, ਨਾਈਟ੍ਰੋਜਨ ਡਾਇਆਕਸਾਈਡ ਦੇ ਵਾਯੁਮੰਡਲੀ ਨਿਕਾਸ ਵਿਚ ਲਗਾਤਾਰ ਵਾਧਾ ਹੋਇਆ ਹੈ।
ਵਿਸ਼ਵਵਿਆਪੀ ਤਾਪਮਾਨ ਵਾਧਾ : ਬੇਸ਼ਕ ”ਲਾ ਨੀਨਾ” ਵਰਗੀਆਂ ਸਰਦ ਸਮੁੰਦਰੀ ਹਾਲਤਾਂ ਪੈਦਾ ਹੋਈਆਂ, ਪਰ ਅਜਿਹੇ ਹਾਲਾਤਾਂ ਦੇ ਬਾਵਜੂਦ, ਸੰਨ 2020 ਦੌਰਾਨ ਵਿਸ਼ਵ ਵਿਆਪੀ ਮੱਧਮਾਨ ਤਾਪਮਾਨ ਦਾ ਸ਼ੁਮਾਰ ਹੁਣ ਤਕ ਰਿਕਾਰਡ ਕੀਤੇ ਗਏ ਸਭ ਤੋਂ ਗਰਮ ਤਿੰਨ ਸਾਲਾਂ ਵਿਚ ਕੀਤਾ ਜਾ ਸਕਦਾ ਹੈ। ਸੰਨ 2020 ਸਮੇਤ ਪਿਛਲੇ ਛੇ ਸਾਲਾਂ ਦਾ ਅਰਸਾ ਹੁਣ ਤੱਕ ਰਿਕਾਰਡ ਕੀਤੇ ਗਏ ਸਾਰੇ ਸਾਲਾਂ ਨਾਲੋਂ ਵਧੇਰੇ ਗਰਮ ਰਿਹਾ ਹੈ।
ਸਮੁੰਦਰੀ ਪਾਣੀਆਂ ਦੀ ਸਤਹਿ ਵਿਚ ਉਭਾਰ : ਬੇਸ਼ਕ ਪੁਰਾਣੇ ਸਮਿਆਂ ਤੋਂ ਹੀ ਸਮੁੰਦਰੀ ਪਾਣੀਆਂ ਦੇ ਸਤਹੀ ਪੱਧਰ ਵਿੱਚ ਵਾਧਾ ਹੁੰਦਾ ਰਿਹਾ ਹੈ ਪਰ ਅਜੋਕੇ ਸਮੇਂ ਦੌਰਾਨ ਇਹ ਸਤਹੀ ਪੱਧਰ ਬਹੁਤ ਵਧੇਰੇ ਮਾਤਰਾ ਨਾਲ ਵਧਿਆ ਹੈ। ਅਜਿਹਾ ਗ੍ਰੀਨਲੈਂਡ ਤੇ ਐਂਟਾਰਕਟਿਕਾ ਵਿਖੇ ਬਰਫ਼ ਦੀਆਂ ਪਰਤਾਂ ਦੇ ਤੇਜੀ ਨਾਲ ਪਿਘਲਣ ਕਾਰਨ ਵਾਪਰਿਆ ਹੈ। ਸਾਲ 2020 ਵਿਚ ਸਮੁੰਦਰ ਦਾ ਵਿਸ਼ਵਵਿਆਪੀ ਮੱਧਮਾਨ ਸਤਹੀ ਪੱਧਰ ਸੰਨ 2019 ਦੌਰਾਨ ਸਮੁੰਦਰੀ ਪੱਧਰ ਦੇ ਸਮਾਨ ਸੀ ਅਤੇ ਇਹ ਵਾਧੇ ਵਾਲਾ ਰੁਝਾਨ ਲੰਬੇ ਸਮੇਂ ਦੇ ਰਿਕਾਰਡ ਕੀਤੇ ਗਏ ਰੁਝਾਨ ਦੇ ਅਨੁਕੂਲ ਹੀ ਸੀ।
ਸਮੁੰਦਰੀ ਤਾਪ-ਲਹਿਰਾਂ ਵਿਚ ਵਾਧਾ : ਸੰਨ 2020 ਦੌਰਾਨ, ਸਮੁੰਦਰਾਂ ਦੇ 80 ਪ੍ਰਤਿਸ਼ਤ ਤੋਂ ਵੀ ਵਧੇਰੇ ਖੇਤਰ ਵਿਚ ਘੱਟੋ-ਘੱਟ ਇਕ ਸਮੁੰਦਰੀ ਤਾਪ-ਲਹਿਰ ਦਾ ਅਨੁਭਵ ਹੋਇਆ ਹੈ। ਜਦ ਕਿ ਸਮੁੰਦਰਾਂ ਦਾ 43 ਪ੍ਰਤਿਸ਼ਤ ਹਿੱਸਾ ਤੀਬਰ ਮਾਤਰਾ ਵਾਲੀਆਂ ਅਤੇ 28 ਪ੍ਰਤੀਸ਼ਤ ਹਿੱਸਾ ਦਰਮਿਆਨੇ ਦਰਜੇ ਦੀਆਂ ਤਾਪ-ਲਹਿਰਾਂ ਦਾ ਸ਼ਿਕਾਰ ਰਿਹਾ ਹੈ।
ਸਮੁੰਦਰੀ ਪਾਣੀਆਂ ਦੇ ਤਾਪਮਾਨ ਵਿਚ ਵਾਧਾ : ਸੰਨ 2019 ਦੌਰਾਨ ਸਮੁੰਦਰੀ ਪਾਣੀਆਂ ਵਿਚ ਤਾਪ ਦੀ ਮਾਤਰਾ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਸੀ। ਸੰਨ 2020 ਵਿਚ ਇਸ ਤਾਪ-ਮਾਤਰਾ ਦੇ ਵਾਧੇ ਦੀ ਦਰ ਪਿਛਲੇ ਦਸਾਂ ਸਾਲਾ ਦੌਰਾਨ ਰਿਕਾਰਡ ਕੀਤੀ ਮੱਧਮਾਨ ਦਰ ਨਾਲੋਂ ਵਧੇਰੇ ਦੇਖੀ ਗਈ ਸੀ। ਜਿਸ ਤੋਂ ਸਪਸ਼ਟ ਹੈ ਕਿ ਵਾਯੂਮੰਡਲ ਵਿਚ ਗਰੀਨ ਹਾਊਸ ਗੈਸਾਂ ਦੀ ਬਹੁਤਾਤ ਦੁਆਰਾ ਪੈਦਾ ਹੋਏ ਵਿਕਿਰਣੀ ਅਸੰਤੁਲਨ ਕਾਰਨ ਸਮੁੰਦਰੀ ਤਾਪਮਾਨ ਲਗਾਤਾਰ ਵਧ ਰਿਹਾ ਹੈ।
ਆਰਕਟਿਕ ਸਾਗਰ ਵਿਖੇ ਮੌਜੂਦਾ ਬਰਫ਼ ਦੇ ਹਾਲਾਤ : ਆਰਕਟਿਕ ਖੇਤਰ ਵਿਖੇ, ਸਾਲਾਨਾ ਸਮੁੰਦਰੀ-ਬਰਫ਼ ਵਾਲਾ ਖੇਤਰ ਰਿਕਾਰਡ ਮੁਤਾਬਿਕ ਦੂਜੀ ਵਾਰ ਨਿਊਨਤਮ ਪੱਧਰ ਦਾ ਰਿਹਾ। ਅਜਿਹਾ ਜੁਲਾਈ ਅਤੇ ਅਕਤੂਬਰ ਦੇ ਮਹੀਨਿਆਂ ਵਿਚ ਦੇਖਿਆ ਗਿਆ। ਪਰ ਖੁਸ਼ੀ ਦੀ ਗੱਲ ਹੈ ਕਿ ਐਂਟਾਰਕਟਿਕ ਖੇਤਰ ਵਿਖੇ ਸਮੁੰਦਰੀ ਬਰਫ਼ ਦੀ ਮਾਤਰਾ ਇਸ ਮਦ ਦੀ ਲੰਬੇ ਸਮੇਂ ਦੀ ਔਸਤ ਦੇ ਲਗਭਗ ਰਹੀ।
ਗ੍ਰੀਨਲੈਂਡ ਖੇਤਰ ਵਿਖੇ ਬਰਫ ਦੇ ਹਾਲਾਤ : ਗ੍ਰੀਨਲੈਂਡ ਵਿਖੇ ਬਰਫ਼ ਦੀ ਪਰਤ ਲਗਾਤਾਰ ਘਟ ਰਹੀ ਹੈ। ਬੇਸ਼ਕ ਬਰਫ਼ ਦਾ ਸਤਹੀ-ਪੁੰਜ ਸੰਤੁਲਨ ਲੰਬੇ ਸਮੇਂ ਦੀ ਔਸਤ ਦੇ ਲਗਭਗ ਰਿਹਾ, ਪਰ ਸੈਟੇਲਾਈਟ ਰਿਕਾਰਡ ਅਨੁਸਾਰ, ਬਰਫੀਲੇ ਤੋਦਿਆਂ ਦੇ ਖੁਰਨ ਕਾਰਨ, ਬਰਫ਼ ਦਾ ਨੁਕਸਾਨ ਪਿਛਲੇ 40 ਸਾਲਾਂ ਦੇ ਰਿਕਾਰਡ ਨੂੰ ਮਾਤ ਪਾਉਂਦਾ ਦੇਖਿਆ ਗਿਆ। ਸਤੰਬਰ 2019 ਤੋਂ ਅਗਸਤ 2020 ਦੇ ਅਰਸੇ ਦੌਰਾਨ ਇਸ ਬਰਫ਼ੀਲੀ ਪਰਤ ਵਿਚੋਂ ਲਗਭਗ 152 ਗੀਗਾ ਟਨ ਬਰਫ਼ ਅਲੋਪ ਹੋ ਗਈ।
ਮੀਂਹ ਅਤੇ ਹੜ੍ਹਾਂ ਵਿਚ ਇਜ਼ਾਫ਼ਾ : ਸੰਨ 2020 ਵਿੱਚ ਅਫਰੀਕਾ ਅਤੇ ਏਸ਼ੀਆ ਦੇ ਵੱਡੇ ਹਿੱਸਿਆਂ ਵਿੱਚ ਭਾਰੀ ਬਾਰਸ਼ ਅਤੇ ਵਿਆਪਕ ਹੜ੍ਹਾਂ ਦਾ ਪ੍ਰਭਾਵ ਦੇਖਿਆ ਗਿਆ। ਭਾਰੀ ਬਾਰਸ਼ ਅਤੇ ਹੜ੍ਹਾਂ ਨੇ ਇਸ ਸਾਲ ਦੌਰਾਨ ਸਹਿਲ, ਅਫਰੀਕਾ ਦੇ ਗ੍ਰੇਟਰ ਹੌਰਨ, ਭਾਰਤੀ ਉਪ-ਮਹਾਂਦੀਪ ਅਤੇ ਨੇੜਲੇ ਖੇਤਰਾਂ, ਚੀਨ, ਕੋਰੀਆ, ਜਾਪਾਨ ਅਤੇ ਦੱਖਣ-ਪੂਰਬੀ ਏਸ਼ੀਆ ਦੇ ਕੁਝ ਹਿੱਸਿਆਂ ਨੂੰ ਸਮੇਂ ਸਮੇਂ ਪ੍ਰਭਾਵਿਤ ਕੀਤਾ।
ਐਂਟਲਾਂਟਿਕ ਖੇਤਰ ਵਿਖੇ ਸਮੁੰਦਰੀ ਤੂਫਾਨਾਂ ਦੀ ਸੰਖਿਆ ਵਧੀ : ਉੱਤਰੀ ਐਟਲਾਂਟਿਕ ਖਿੱਤੇ ਵਿਖੇ ਤੂਫਾਨੀ ਮੌਸਮ ਦੌਰਾਨ 17 ਨਵੰਬਰ 2020 ਤਕ, 30 ਸਮੁੰਦਰੀ ਤੂਫਾਨ ਆਏ। ਇਨ੍ਹਾਂ ਦਾ ਨਾਮਕਰਨ ਵੀ ਕੀਤਾ ਗਿਆ। ਰਿਕਾਰਡ ਅਨੁਸਾਰ ਸਮੁੰਦਰੀ ਤੂਫਾਨਾਂ ਦੀ ਇਹ ਸੰਖਿਆ ਸਭ ਤੋਂ ਵੱਡੀ ਸੰਖਿਆ ਹੈ। ਇਨ੍ਹਾਂ ਸਮੁੰਦਰੀ ਤੂਫਾਨਾਂ ਦੀ ਵੱਡੀ ਗਿਣਤੀ ਨੇ ਸੰਯੁਕਤ ਰਾਜ ਅਮਰੀਕਾ ਦੇ ਅਨੇਕ ਸ਼ਹਿਰਾਂ ਦਾ ਵੱਡਾ ਨੁਕਸਾਨ ਕੀਤਾ। ਹੁਣ ਤਕ ਇਸ ਮੌਸਮ ਦਾ ਆਖਰੀ ਤੂਫਾਨ ਆਈਓਟਾ ਸੀ ਜੋ ਸਭ ਤੋਂ ਵਧੇਰੇ ਘਾਤਕ ਤੂਫਾਨ ਰਿਹਾ।
ਗਰਮ ਖੇਤਰਾਂ ਵਿਖੇ ਤੂਫਾਨਾਂ ਦੇ ਹਾਲਾਤ : ਗਰਮ ਖੇਤਰਾਂ ਵਿਖੇ ਤੂਫਾਨਾਂ ਦੀ ਮਾਤਰਾ ਲੰਬੇ ਸਮੇਂ ਦੇ ਮੱਧਮਾਨ ਪੱਧਰ ਦੇ ਨੇੜੇ ਹੀ ਰਹੀ। ਪਰ ਇਨ੍ਹਾਂ ਤੂਫਾਨਾਂ ਦੇ ਪ੍ਰਭਾਵ ਵਧੇਰੇ ਮਾਰੂ ਦੇਖੇ ਗਏ।
ਗੰਭੀਰ ਔੜ : ਸੰਨ 2020 ਦੌਰਾਨ ਦੱਖਣੀ ਅਮਰੀਕਾ ਦੇ ਕਈ ਅੰਦਰੂਨੀ ਭਾਗ ਗੰਭੀਰ ਔੜ ਵਾਲੇ ਹਾਲਾਤਾਂ ਦਾ ਸ਼ਿਕਾਰ ਹੋਏ ਹਨ। ਉੱਤਰੀ ਅਰਜਨਟੀਨਾ, ਪੈਰਾਗੁਏ ਅਤੇ ਬ੍ਰਾਜ਼ੀਲ ਦੇ ਪੱਛਮੀ ਸਰਹੱਦੀ ਖੇਤਰ ਸੱਭ ਤੋਂ ਵਧੇਰੇ ਔੜ ਦਾ ਸ਼ਿਕਾਰ ਰਹੇ ਹਨ। ਬ੍ਰਾਜ਼ੀਲ ਵਿਖੇ ਖੇਤੀਬਾੜੀ ਖੇਤਰ ਨੂੰ ਲਗਭਗ ਤਿੰਨ ਅਰਬ ਅਮਰੀਕੀ ਡਾਲਰ ਦਾ ਘਾਟਾ ਪਿਆ। ਜਦ ਕਿ ਅਰਜਨਟੀਨਾ, ਉਰੂਗੁਏ ਅਤੇ ਪੈਰਾਗੁਏ ਵਿਖੇ ਵੀ ਖੇਤੀਬਾੜੀ ਖੇਤਰ ਦਾ ਘਾਟਾ ਬਹੁਤ ਵਧੇਰੇ ਰਿਹਾ ਹੈ।
ਮੌਸਮ ਤਬਦੀਲੀਆਂ ਅਧਾਰਿਤ ਪਰਵਾਸ : ਬਦਲਦੇ ਜਲ-ਵਾਯੂ ਅਤੇ ਮੌਸਮੀ ਤਬਦੀਲੀਆਂ ਨੇ ਵੱਡੇ ਪੱਧਰ ਉੱਤੇ ਲੋਕਾਂ ਦਾ ਪਰਵਾਸ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਗਰੀਬ ਲੋਕਾਂ ਉੱਤੇ ਬਹੁਤ ਹੀ ਮਾੜਾ ਅਸਰ ਹੋਇਆ ਹੈ। ਸ਼ਾਂਤ ਮਹਾਂ ਸਾਗਰ ਅਤੇ ਮੱਧ ਅਮਰੀਕਾ ਦੇ ਲੋਕ ਵੀ ਅਜਿਹੇ ਭੈੜੇ ਪ੍ਰਭਾਵਾਂ ਦਾ ਸ਼ਿਕਾਰ ਹੋਏ ਹਨ।
email: drdpsn@gmail.com

Check Also

ਦਿੱਲੀ ਜਿੱਤੇ ਬਿਨਾਂ ਨਾ ਜਾਣਾ

ਦਿੱਲੀ, ‘ਲੋਕ ਰਾਜ ਦੇ ਮੰਦਰ’, ਪੋਹ ਦੀ ਠਰੀ ਰਾਤਰੀ ਅੰਦਰ। ਧਰਤੀ ਮਾਂ ਦੀ ਗੋਦ ‘ਚ …