ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਰੈਗੂਲਰ ਚੇਅਰਮੈਨੀ ਲਈ ਪੰਜਾਬ ਦਾ ਕੋਈ ਦਾਅ ਨਹੀਂ ਭਰਿਆ। ਭਾਰਤ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਨੋਜ ਤ੍ਰਿਪਾਠੀ ਨੂੰ ਰੈਗੂਲਰ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਕੇਂਦਰੀ ਇਲੈਕਟ੍ਰੀਸਿਟੀ ਅਥਾਰਿਟੀ ‘ਚ ਮੁੱਖ ਇੰਜਨੀਅਰ ਵਜੋਂ ਤਾਇਨਾਤ ਤ੍ਰਿਪਾਠੀ ਨੂੰ ਤਿੰਨ ਵਰ੍ਹਿਆਂ ਲਈ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਚੇਅਰਮੈਨ ਵਜੋਂ ਨੰਦ ਲਾਲ ਸ਼ਰਮਾ ਨੂੰ ਵਾਧੂ ਚਾਰਜ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਚੇਅਰਮੈਨੀ ਦੀ ਦੌੜ ਵਿਚ ਪੰਜਾਬ ਦਾ ਉਹ ਇਕਲੌਤਾ ਇੰਜਨੀਅਰ ਸੀ ਜੋ ਆਖਰ ਬਾਹਰ ਹੋ ਗਿਆ।
ਉੱਤਰੀ ਜ਼ੋਨਲ ਕੌਂਸਲ ਦੀ ਅੰਮ੍ਰਿਤਸਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਬੀਬੀਐੱਮਬੀ ਦਾ ਰੈਗੂਲਰ ਚੇਅਰਮੈਨ ਲਗਾ ਦਿੱਤਾ ਗਿਆ। ਕੇਂਦਰ ਸਰਕਾਰ ਨੂੰ ਖ਼ਦਸ਼ਾ ਸੀ ਕਿ ਕੌਂਸਲ ਦੀ ਮੀਟਿੰਗ ਵਿਚ ਬੀਬੀਐੱਮਬੀ ਦਾ ਪੱਕਾ ਚੇਅਰਮੈਨ ਨਾ ਲਗਾਏ ਜਾਣ ਦੇ ਮਾਮਲੇ ‘ਤੇ ਰੌਲਾ ਪੈ ਸਕਦਾ ਸੀ। ਇਸ ਕਰਕੇ ਮੀਟਿੰਗ ਤੋਂ ਪਹਿਲਾਂ ਹੀ ਰੈਗੂਲਰ ਚੇਅਰਮੈਨ ਦਾ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ। ਪਿਛਲੇ ਸਮੇਂ ਤੋਂ ਬੀਬੀਐੱਮਬੀ ਨੂੰ ਐਡਹਾਕ ਪ੍ਰਬੰਧਾਂ ਨਾਲ ਚਲਾਇਆ ਜਾਣ ਲੱਗਾ ਹੈ।
ਬੀਬੀਐੱਮਬੀ ਦੇ ਪਿਛਲੇ ਰੈਗੂਲਰ ਚੇਅਰਮੈਨ ਸੰਜੇ ਸ੍ਰੀਵਾਸਤਵਾ 30 ਜੂਨ ਨੂੰ ਸੇਵਾਮੁਕਤ ਗਏ ਸਨ ਜੋ ਪਹਿਲਾਂ ਸੈਂਟਰਲ ਰੈਗੂਲੇਟਰੀ ਅਥਾਰਿਟੀ ਵਿਚ ਮੁੱਖ ਇੰਜਨੀਅਰ ਸਨ।
ਸੂਤਰ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਨਵਾਂ ਚੇਅਰਮੈਨ ਆਪਣੇ ਕੇਂਦਰੀ ਅਦਾਰੇ ਦੇ ਮੁੱਖ ਇੰਜਨੀਅਰ ਨੂੰ ਲਗਾ ਕੇ ਬੀਬੀਐੱਮਬੀ ‘ਤੇ ਹੱਥ ਵਧਾ ਲਏ ਹਨ। ਕੇਂਦਰੀ ਬਿਜਲੀ ਮੰਤਰਾਲੇ ਨੇ ਨਵਾਂ ਚੇਅਰਮੈਨ ਲਾਉਣ ਲਈ ਪ੍ਰਕਿਰਿਆ ਮਾਰਚ ਵਿਚ ਸ਼ੁਰੂ ਕੀਤੀ ਸੀ। ਚੇਅਰਮੈਨ ਦੀ ਨਿਯੁਕਤੀ ਲਈ ਯੋਗਤਾ ਦਾ ਜੋ ਪੈਮਾਨਾ ਰੱਖਿਆ ਗਿਆ, ਉਸ ਤੋਂ ਪਹਿਲਾਂ ਹੀ ਅੰਦਾਜ਼ਾ ਸੀ ਕਿ ਪੰਜਾਬ ਦੇ ਹੱਥ ਚੇਅਰਮੈਨੀ ਲੱਗਣੀ ਮੁਸ਼ਕਲ ਹੈ।
ਦੂਜੇ ਬੰਨ੍ਹੇ ਕੇਂਦਰ ਸਰਕਾਰ ਨੇ ਪੰਜਾਬ ਤੋਂ ਬੀਬੀਐੱਮਬੀ ਵਿਚ ਸਥਾਈ ਪ੍ਰਤੀਨਿਧਤਾ ਪਹਿਲਾਂ ਹੀ ਖੋਹ ਲਈ ਹੈ। ਮੈਂਬਰਾਂ ਲਈ ਵੀ ਅਜਿਹੀਆਂ ਸ਼ਰਤਾਂ ਤੈਅ ਕੀਤੀਆਂ ਹਨ ਜਿਨ੍ਹਾਂ ‘ਤੇ ਪੰਜਾਬ ਦਾ ਕੋਈ ਇੰਜਨੀਅਰ ਖਰਾ ਨਹੀਂ ਉਤਰਦਾ।
ਭਗਵੰਤ ਮਾਨ ਦੀ ਅਣਗਹਿਲੀ ਕਾਰਨ ਬਾਹਰਲਾ ਬੰਦਾ ਚੇਅਰਮੈਨ ਲੱਗਾ : ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਗਹਿਲੀ ਕਰਕੇ ਪੰਜਾਬ ਦੇ ਹੱਕਾਂ ‘ਤੇ ਇੱਕ ਵਾਰ ਡਾਕਾ ਵੱਜਿਆ ਹੈ। ਕੇਂਦਰ ਸਰਕਾਰ ਨੇ ਦੂਜੇ ਸੂਬੇ ਨਾਲ ਸਬੰਧਤ ਸੀਨੀਅਰ ਅਧਿਕਾਰੀ ਮਨੋਜ ਤ੍ਰਿਪਾਠੀ ਨੂੰ ਭਾਖੜਾ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਹੈ। ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਪੈਰਵੀ ਨੂੰ ਵੱਡਾ ਖੋਰਾ ਲੱਗੇਗਾ। ਬਾਦਲ ਨੇ ਕਿਹਾ ਕਿ ਜਦੋਂ ਬੀਬੀਐੱਮਬੀ ਦਾ ਚੇਅਰਮੈਨ ਲਗਾਉਣ ਦੀ ਕਵਾਇਦ ਸ਼ੁਰੂ ਹੋਈ ਸੀ ਤਾਂ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਸਰਕਾਰੀ ਜਹਾਜ਼ ‘ਤੇ ਦੂਜੇ ਸੂਬਿਆਂ ਵਿੱਚ ਸਿਆਸੀ ਗੇੜੇ ਲਗਵਾਉਣ ਵਿੱਚ ਰੁੱਝੇ ਹੋਏ ਸਨ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …