Breaking News
Home / ਰੈਗੂਲਰ ਕਾਲਮ / ਨਵ-ਨਿਯੁਕਤ ਪੁਲਿਸ ਅਧਿਕਾਰੀਆਂ ਦੇ ਰੂਬਰੂ ਹੁੰਦਿਆਂ

ਨਵ-ਨਿਯੁਕਤ ਪੁਲਿਸ ਅਧਿਕਾਰੀਆਂ ਦੇ ਰੂਬਰੂ ਹੁੰਦਿਆਂ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਫਿਲੌਰ ਵਿਖੇ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਦੇਖ ਕੇ ਮਨ ਬਾਗੋਬਾਗ ਹੋ ਗਿਆ। ਕਮਾਲ ਦਾ ਕਿਲਾ ਹੈ। ਵੇਖਣਯੋਗ ਥਾਂ। ਵਕਤ ਚਾਹੇ ਨਵੇਂ ਅਧਿਕਾਰੀਆਂ ਨੂੰ  ਲੈਕਚਰ ਦੇਣ ਜੋਗਾ ਹੀ ਸੀ ਮੇਰੇ ਪਾਸ, ਫਿਰ ਵੀ ਜਿੰਨਾ ਦੇਖ ਸਕਦਾ ਇਸ ਸਥਾਨ ਨੂੰ ਅੰਦਰੋਂ-ਬਾਹਰੋਂ ਦੇਖ ਕੇ ਆਇਆ ਹਾਂ। ਸੁੰਦਰਤਾ, ਸਫਾਈ, ਸਲੀਕਾ ਤੇ ਸੰਜੀਦਗੀ ਇਸ ਅਕੈਡਮੀ ਦੇ ਕਣ-ਕਣ ਵਿਚ ਵੇਖੀ ਜਾ ਸਕਦੀ ਹੈ। ਇਸ ਦੇ ਇਤਿਹਾਸਕ ਪੱਖ ਤੋਂ ਗੱਲ ਕਿਸੇ ਵਕਤ ਫਿਰ ਕਰਾਂਗਾ ਫਿਲਹਾਲ ਜਾਣ ਦੇ ਸਬੱਬ ਬਾਰੇ ਗੱਲ ਕਰਾਂਗਾ। ਸਾਰੇ ਪੰਜਾਬ ਦੀ ਪੁਲੀਸ ਕੀ ਸਿਪਾਹੀ ਤੇ ਕੀ ਥਾਣੇਦਾਰ ਤੇ ਐਸ.ਐਸ ਪੀ. ਵੀ, ਸਾਰੇ ਹੀ ਇਸ ਅਕੈਡਮੀ ਵਿਚੋਂ ਦੀ ਲੰਘ ਕੇ ਫਿਰ ਹੀ ਆਪਣਾ ਕੰਮ ਕਰਨ ਦੇ ਯੋਗ ਬਣਦੇ ਹਨ। ਅਜਕਲ ਇਸ ਅਕਾਡਮੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਸ੍ਰ ਕੁਲਦੀਪ ਸਿੰਘ ਆਈ.ਪੀ.ਅੱੈਸ ਹਨ ਅਤੇ ਆਈ.ਜੀ ਵਜੋਂ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐੱਸ ਪੰਜ ਸਲਾ ਤੋਂ ਸੇਵਾ ਨਿਭਾ ਰਹੇ ਹਨ। 20 ਮਾਰਚ ਦੇ ਦਿਨ ਮੈਨੂੰ ਅਕੈਡਮੀ ਵੱਲੋਂ ਨਵ-ਨਿਯੁਕਤ ਪੁਲੀਸ ਅਧਿਕਾਰੀਆਂ ਦੀ ਚੱਲ ਰਹੀ ਟਰੇਨਿੰਗ ਦੌਰਾਨ ਸੰਬੋਧਨ ਕਰਨ ਲਈ ਡਿਪਟੀ ਡਾਇਰੈਕਟਰ ਸ੍ਰ. ਹਰਜਿੰਦਰ ਸਿੰਘ ਆਈ.ਪੀ.ਐਸ ਦਾ ਫੋਨ ਆਇਆ। ਮੇਰੇ ਸੰਬੋਧਨ ਦਾ ਵਿਸ਼ਾ ‘ਕੈਨੇਡੀਅਨ ਪੁਲੀਸ ਦੀ ਕਾਰਜ-ਪ੍ਰਣਾਲੀ’ ਦਿੱਤਾ ਗਿਆ। ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਂ ਆਪਣੀਆਂ ਬਦੇਸ਼ ਯਾਤਰਾਵਾਂ ਦੌਰਾਨ ਪੱਛਮੀਂ ਮੁਲਕਾਂ ਦੀ ਪੁਲੀਸ ਪ੍ਰਣਾਲੀ ਬਾਰੇ ਕੁਝ ਨਾ ਕੁਝ ਜਾਣਦਾ ਰਹਿੰਦਾ ਹਾਂ ਤੇ ਕੁਝ ਆਪਣੀਆਂ ਸਫਰਨਾਮਾ ਲਿਖਤਾਂ ਵਿਚ ਵੀ ਲਿਖਦਾ ਰਹਿੰਦਾ ਹਾਂ। ਸ੍ਰ ਹਰਜਿੰਦਰ ਸਿੰਘ ਹੁਰਾਂ ਫੋਨ ‘ਤੇ ਹੀ ਦੱਸਅਿਾ ਕਿ ਇਸ ਮੌਕੇ ਤੁਸੀਂ ਬਿਲਕੁਲ ਨਵ-ਨਿਯੁਕਤ ਉਪ-ਪੁਲੀਸ ਕਪਤਾਨਾਂ (ਡੀ.ਐਸ.ਪੀਜ, ਲੱਗਭਗ 40) ਦੇ ਦੋ ਬੈਚਾਂ ਅਤੇ ਇੰਸਪੈਕਟਰਾਂ ਤੇ ਸਬ-ਇੰਸਪੈਕਟਰਾਂ ਨੂੰ ਸੰਬੋਧਨ ਕਰਨਾ ਹੈ ਤੇ ਕੈਨੇਡੀਅਨ ਪੁਲੀਸ ਦੇ ਕੰਮ-ਕਾਜ ਤੇ ਪ੍ਰਬੰਧਾਂ ਬਾਰੇ ਬਾਰੀਕੀ ਨਾਲ ਜਾਣੂੰ ਕਰਵਾਉਣਾ ਹੈ। ਚਾਹੇ ਮੈਂ ਚੰਡੀਗੜ ਮਹਾਤਮਾ ਗਾਂਧੀ ਲੋਕ ਰਾਜ ਸੰਸਥਾਨ ਵਿਚ ਟਰੇਨਿੰਗ ਕਰਨ ਆਉਂਦੇ ਨਵ-ਨਿਯੁਕਤ ਆਈ.ਏ ਐਸ ਅਤੇ ਪੀ.ਸੀ.ਐੱਸ ਅਧਿਕਾਰੀਆਂ ਨੂੰ ਵੱਖ-ਵੱਖ ਵਿਸ਼ਿਆਂ ਉਤੇ ਲੈਕਚਰ ਦੇਣ ਲਈ ਜਾਂਦਾ ਰਹਿੰਦਾ ਹਾਂ ਪਰ ਪੁਲੀਸ ਅਕੈਡਮੀ ਵਿਚ ਲੈਕਚਰ ਦਾ ਮੇਰਾ ਇਹ ਪਹਿਲਾ ਮੌਕਾ ਸੀ।
ਸੋ, ਮੈਂ ਆਪਣੀਆਂ ਖਾਸ ਕਰ ਕੈਨੇਡਾ ਯਾਤਰਾਵਾਂ ਦੀ ਖੋਜ ਦੇ ਅਧਾਰ ‘ਤੇ ਕੁਝ ਅਨੁਭਵ ਨੋਟ ਕੀਤੇ ਤੇ ਕੁਝ ਆਪਣੇ ਕੈਨੇਡੀਅਨ ਪੁਲੀਸ ਮਿੱਤਰਾਂ ਤੋਂ ਜਾਣਕਾਰੀ ਹਾਸਲ ਕਰ ਕੇ ਲੈਕਚਰ-ਨੋਟ ਤਿਆਰ ਕੀਤਾ।  ਮਾਰਚ ਮਹੀਨੇ ਗਰਮੀ ਦਸਤਕ ਦੇਣ ਲਗਦੀ ਹੈ ਪਰ ਹਾਲੇ ਹਲਕੀ-ਹਲਕੀ ਠੰਢ ਦਾ ਰੁਮਕਣਾ ਜਾਰੀ ਸੀ। ਜੇ ਮੈਂ ਆਪਣੇ ਪਿੰਡ ਤੋਂ ਲੈਕਚਰ ਦੇਣ ਵਾਲੇ ਦਿਨ ਹੀ ਤੁਰਦਾ ਤਾਂ ਸਮੇਂ ਸਿਰ ਪਹੁੰਚਣਾ ਸੰਭਵ ਨਹੀਂ ਸੀ। ਸੋ,ਇੱਕ ਦਿਨ ਪਹਿਲਾਂ ਹੀ ਲੁਧਿਆਣੇ ਪੰਜਾਬੀ ਭਵਨ ਵਿਚ  ਪੰਜਾਬੀ ਸਾਹਿਤ ਅਕਾਦਮੀ ਦੀ ਕਾਰਜਕਰਨੀ ਦੀ ਮੀਟਿੰਗ ਅਟੈਂਡ ਵੀ ਕਰਨੀ ਸੀ। ਦੁਪੈਹਿਰ ਬਾਅਦ ਫਲੌਰ ਵੱਲ ਚੱਲਣਾ ਸੀ। ਸੋਚਿਆ ਕਿ ਮੀਟਿੰਗ ਤੋਂ ਵਿਹਲਾ ਹੋ ਕੇ ਬੱਸੇ ਬੈਠ ਜਾਵਾਂਗਾ ਪਰ ਮੀੰਿਗ ਅਟੈਂਡ ਕਰਨ ਆਏ ਪ੍ਰਿੰਸੀਪਲ ਸਰਵਣ ਸਿੰਘ ਖੇਡ ਲਿਖਾਰੀ ਤੇ ਗੁਰਚਰਨ ਸਿੰਘ ਸ਼ੇਰਗਿਲ ਮਿਲ ਪਏ ਤੇ ਇਹਨਾਂ ਫਲੌਰ ਵਿਚੋਂ ਦੀ ਲੰਘ ਕੇ ਹੀ ਮੁਕੰਦਪੁਰ ਜਾਣਾ ਸੀ। ਇਉਂ ਮੇਰਾ ਇਹਨਾਂ ਨਾਲ ਚੱਲਣ ਦਾ ਸਬੱਬ ਬਣ ਗਿਆ ਤੇ ਇਹ ਅਕੈਡਮੀ ਦੇ ਮੁੱਖ ਗੇਟ ਅੱਗੇ ਉਤਾਰ ਗਏ। ਮੈਂ ਸੱਜੇ ਹੱਥ ਦੇਖਿਆ, ਜੀ. ਓ ਮੈੱਸ ਸੀ, ਜਿੱਥੇ ਮੇਰਾ ਕਮਰਾ ਬੁੱਕ ਸੀ ਤੇ ਮੈਂ ਆਪਣਾ ਪਿੱਠੂ ਬੈਗ ਕਮਰੇ ਅੰਦਰ ਰੱਖ ਕੇ ਬਾਹਰ ਆਇਆ ਤੇ ਸੰਘਣੀ ਹੋ ਰਹੀ ਆਥਣ ਨੂੰ ਨਿਹਾਰਨ ਲੱਗਿਆ। ਬਹੁਤ ਸ਼ਾਨਦਾਰ ਮੈੱਸ ਬਣੀ ਹੋਈ ਸੀ ਅਫਸਰਾਂ ਤੇ ਮਹਿਮਾਨਾਂ ਦੇ ਠਹਿਰਾਓ ਲਈ। ਖੈਰ!
ਮੇਰਾ ਲੈਕਚਰ ਓਪਨ ਵਿਚ ਹੋ ਰਿਹਾ ਸੀ। ਕਿਉਂਕਿ ਲੱਗਭਗ ਪੰਜ ਸੌ ਦੀ ਗਿਣਤੀ ਦੇ ਬੈਠਣ ਲਈ ਵੱਡਾ ਹਾਲ ਨਹੀਂ ਸੀ। ਇੱਥੇ ਅਕਸਰ ਹੀ ਪੀਰੀਅਡ ਟਾਈਪ ਲੈਕਚਰ ਹੁੰਦੇ ਹਨ ਤੇ ਪੜਾਅਵਾਰ ਹੁੰਦੇ ਹਨ। ਰੰਗਰੂਟ ਪੰਦਰਾਂ-ਵੀਹ ਮਿੰਟ ਪਹਿਲਾਂ ਦੇ ਹੀ ਬੈਠੇ ਹੋਏ ਸਨ, ਇਹ ਸਾਰੇ-ਆਪਣੇ ਕਮਰਿਆਂ ਵਿਚੋਂ ਆਏ ਸਨ। ਸਬ ਇੰਸਪੈਕਟਰਾਂ ਕੋਲ ਤਾਂ ਨੀਲੇ ਰੰਗ ਦੇ ਸਕੂਲੀ ਬਸਤਿਆਂ ਵਰਗੇ ਬਸਤੇ ਸਨ ਤੇ ਖਾਕੀ ਵਰਦੀ ਵਿਚ ਸਜੇ ਉਹ ਸਾਰੇ ਸਟੂਡੈਂਟ ਹੀ ਲੱਗ ਰਹੇ ਸਨ। ਡੀ.ਐਸ.ਪੀ ਮੁੰਡੇ-ਕੁੜੀਆਂ ਉਹਨਾਂ ਤੋਂ ਹਟਵੇਂ ਕੁਰਸੀਆਂ ਉਤੇ ਬਿਠਾਏ ਗਏ ਸਨ। ਉਪ-ਕਪਤਾਨ ਪੁਲੀਸ (ਅੰਡਰ-ਟਰੇਨਿੰਗ) ਸ੍ਰੀ ਆਸਵੰਤ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਮੇਰੀ ਜਾਣ-ਪਛਾਣ ਕਰਵਾਈ ਤੇ ਫਿਰ ਮੇਰੀ ਵਾਰੀ ਸੀ ਤੇ ਮੈਂ ਪਚਵੰਜਾ ਮਿੰਟ ਬੋਲਣਾ ਸੀ।
ਮੈਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਕੈਨੈਡਾ ਵਿਚ ਪੁਲੀਸ ਦੇ ਸਿਪਾਹੀ ਤੋਂ ਲੈ ਕੇ ਸਾਰਜੈਂਟ ਅਤੇ ਪੁਲੀਸ ਕਮਿਸ਼ਨਰ ਦਾ ਕੀ ਕੰਮ ਹੁੰਦਾ ਹੈ ਅਤੇ ਅੰਕੜਿਆਂ ਸਹਿਤ ਪੁਲੀਸ ਅਤੇ ਲੋਕਾਂ ਦੀ ਗਿਣਤੀ ਦੇ ਵੇਰਵੇ ਵੀ ਦਿੱਤੇ। ਪੁਲੀਸ ਦੀ ਨੌਕਰੀ ਦਾ ਸਮਾਂ, ਉਹਨਾਂ ਦਾ ਸੇਵਾ-ਭੱਤਾ, ਨਿਯਮਾਂ ਦੀ ਸਖਤ ਪਾਲਣਾ, ਪੁਲੀਸ ਦੇ ਲੋਕਾਂ ਪ੍ਰਤੀ ਨੇਕ ਵਤੀਰੇ, ਲੋਕਾਂ ਦੇ ਸਹਿਯੋਗ ਸਮੇਤ ਕਈ ਪੱਖਾਂ ਤੋਂ ਦੱਸਿਆ ਤੇ ਕਿਹਾ ਕਿ ઠਕੈਨੇਡੀਅਨ ਪੁਲੀਸ ਬਿਨਾ ਕਿਸੇ ਭੇਦ ਭਾਵ ਤੇ ਸਿਆਸੀ ਦਬਾਓ ਦੇ ਲਗਾਤਾਰ ਮਿਹਨਤ ਨਾਲ ਕੰਮ ਕਰਦੀ ਹੈ ਅਤੇ ਪੰਜਾਬ ਪੁਲੀਸ ਨੂੰ ਵੀ ਬਦੇਸ਼ੀ ਪੁਲੀਸ ਦੀ ਸੁਚੱਜੀ ਕਾਰਜ ਪ੍ਰਣਾਲੀ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ઠਸਭ ਨੇ ਬੜੀ ਦਿਲਚਸਪੀ ਨਾਲ ਸੁਣਿਆ ਗਿਆ। ਅੰਤ ਉਤੇ ਅਕੈਡਮੀ ਦੇ ਡਿਪਟੀ ਡਾਇਰੈਕਟਰ (ਇਨ-ਡੋਰ) ਸ੍ਰੀ ਹਰਜਿੰਦਰ ਸਿੰਘ ਸੰਧੂ ਆਈ.ਪੀ.ਐੱਸ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਸ੍ਰ ਨਰਿੰਦਰ ਸਿੰਘ ਔਜਲਾ, ਤੇ ਇੰਸ: ਨਿਰਮਲ ਸਿੰਘ ਸਮੇਤ ਕਈ ਪੁਲੀਸ ਅਧਿਕਾਰੀ ਹਾਜ਼ਰ ਸਨ। ਇਕ ਖਾਸ ਗੱਲ ਇਹ ਦਸਦਾ ਜਾਵਾਂ  ਕਿ ਪੰਜਾਬ ਪੁਲੀਸ ਵਿਚ ਇਹ ਜੋ ਨਵੀਆਂ ਭਰਤੀਆਂ ਹੋਈਆਂ ਹਨ, ਇਹਨਾਂ ਵਿਚ ਡੀ.ਐਸ ਪੀ ਤੇ ਇੰਸਪੈਕਟਰਾਂ ਵਿਚ ਕੁੜੀਆਂ ਦੀ ਗਣਤੀ ਵੀ ਕਾਫੀ ਸੀ। ਸਾਰੇ ਹੀ ਉੱਚ-ਵਿੱਦਿਆ ਹਾਸਲ ਤੇ ਬਹੁਤੇ ਖਿਡਾਰੀ ਤੇ ਪੜ੍ਹੇ-ਲਿਖੇ ਪਰਿਵਾਰਾਂ ਵਿਚੋਂ ਆਏ ਸਨ। ਇਹ ਸਭ ਕੁਝ ਦੇਖ ਕੇ ਮੈਂ ਮਹਿਸੂਸ ਕਰਦਾ ਹਾਂ ਕਿ ਹੁਣ ਪੰਜਾਬ ਵਿਚ ਅਫਸਰਸ਼ਾਹੀ ਦਾ ਬਿੰਬ ਪਹਿਲਾਂ ਵਾਲਾ ਨਹੀਂ ਰਿਹਾ, ਬਹੁਤ ਕੁਝ ਬਦਲ ਗਿਆ ਹੈ ਤੇ ਬਦਲ ਰਿਹਾ ਹੈ। ਜੋ ਆਉਣ ਵਾਲੇ ਚੰਗੇ ਦਿਨਾਂ  ਦਾ ਸੰਕੇਤ ਹੈ।
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …