Breaking News
Home / ਰੈਗੂਲਰ ਕਾਲਮ / ਕਥਾਵਾਂ ਹੋਈਆਂ ਲੰਮੀਆਂ

ਕਥਾਵਾਂ ਹੋਈਆਂ ਲੰਮੀਆਂ

ਤੀਜਾ ਕਹਾਣੀ ਸੰਗ੍ਰਹਿ

‘ਸਮੇਂ ਦੇ ਹਾਣੀ’
ਜਰਨੈਲ ਸਿੰਘ
(ਕਿਸ਼ਤ 3)
ਕੋਆਪ੍ਰੇਟਿਵ ਬੈਂਕਾਂ ਉੱਤੇ ਪੈ ਰਹੇ ਪੰਜਾਬ ਸਰਕਾਰ ਦੇ ਕੋਆਪ੍ਰੇਟਿਵ ਵਿਭਾਗ ਦੇ ਬੋਝ ਬਾਰੇ ਮੈਨੂੰ ਇਲਮ ਤਾਂ ਸੀ ਪਰ ਨੇੜਲੀ ਜਾਣਕਾਰੀ ਐਸਟੈਬਲਿਸ਼ਮੈਂਟ ਸੈਕਸ਼ਨ ‘ਚ ਕੰਮ ਕਰਦਿਆਂ ਹਾਸਲ ਹੋਈ। ਬੈਂਕ ਵਿਚ ਚੀਫ ਐਗਜ਼ੈਕਟਿਵ ਆਫਿਸਰ (C.E.O) ਦੀ ਪੋਸਟ ਬਣਾਈ ਹੋਈ ਸੀ। ਉਹ ਕੋਆਪ੍ਰੇਟਿਵ ਵਿਭਾਗ ਦਾ ਅਸਿਸਟੈਂਟ ਰਜਿਸਟਰਾਰ ਸੀ। ਉਸ ਨਾਲ਼ ਵਿਭਾਗ ਦੇ ਚਾਰ ਇਨਸਪੈਕਟਰ ਸਨ। ਉਹ ਐਗਜ਼ੈਕਟਿਵ ਆਫਿਸਰ ਅਖਵਾਉਂਦੇ ਸਨ। ਉਨ੍ਹਾਂ ਦਾ ਕੰਮ ਸਖਤ ਐਕਸ਼ਨਾਂ ਰਾਹੀਂ ਪੁਰਾਣੇ ਕਰਜੇ ਵਸੂਲਣਾ ਸੀ। ਵਸੂਲੀ ਤਾਂ ਐਵੇਂ ਨਾਂ ਮਾਤਰ ਸੀ ਪਰ ਉਨ੍ਹਾਂ ਦੀਆਂ ਤਨਖਾਹਾਂ ਤੇ ਟੀ.ਏ, ਡੀ.ਏ ਦੇ ਬਿੱਲਾਂ ਦੀ ਰਕਮ ਚੋਖੀ ਬਣ ਜਾਂਦੀ ਸੀ। ਬੈਂਕ ‘ਤੇ ਪੈ ਰਹੇ ਉਸ ਤਰਕਹੀਣ ਆਰਥਿਕ ਬੋਝ ਨੂੰ ਰੋਕਣ ਲਈ ਬੈਂਕ ਕੋਲ਼ ਕੋਈ ਪਾਵਰ ਨਹੀਂ ਸੀ। ਸਖਤ ਐਕਸ਼ਨਾਂ ਦਾ ਜਿਹੜਾ ਕੰਮ ਉਹ ਪੰਜ ਅਫਸਰ ਕਰ ਰਹੇ ਸਨ, ਉਹੀ ਕੰਮ ਬੈਂਕ ਦੇ ਦੋ ਕਲਰਕ ਆਸਾਨੀ ਨਾਲ਼ ਕਰ ਸਕਦੇ ਸਨ। ਵਿਭਾਗ ਦਾ ਇਸ ਤਰ੍ਹਾਂ ਦਾ ਤਰਕਹੀਣ ਬੋਝ ਸਾਰੀਆਂ ਕੋਆਪ੍ਰੇਟਿਵ ਬੈਂਕਾਂ ਤੇ ਪੈ ਰਿਹਾ ਸੀ। ਮਸਲੇ ਨੂੰ ਜੜ੍ਹ ਤੋਂ ਫਰੋਲਣ ‘ਤੇ ਸਿੱਟਾ ਇਹ ਨਿਕਲਦਾ ਹੈ ਕਿ ਕੋਆਪ੍ਰੇਟਿਵ ਬੈਂਕਾਂ ਦੇ ਕਰਜਿਆਂ ਦੀ ਵਸੂਲੀ ਦਾ ਸਿਸਟਮ ਬੁਨਿਆਦੀ ਤੌਰ ‘ਤੇ ਹੀ ਗਲਤ ਹੈ। ਕੋਆਪ੍ਰੇਟਿਵ ਸੁਸਾਇਟੀਆਂ ਰਾਹੀਂ ਲੋਕਾਂ ਨੂੰ ਕਰਜਾ ਸਰਕਾਰ ਨਹੀਂ, ਬੈਂਕਾਂ ਦਿੰਦੀਆਂ ਹਨ। ਵਸੂਲੀ ਵੀ ਬੈਂਕਾਂ ਕੋਲ਼ ਹੀ ਹੋਣੀ ਚਾਹੀਦੀ ਹੈ। ਆਪਣੇ ਪੈਸੇ ਦਾ ਜੋ ਫ਼ਿਕਰ ਬੈਂਕਾਂ ਨੂੰ ਹੁੰਦਾ ਹੈ, ਉਹ ਵਿਭਾਗ ਦੇ ਇਨਸਪੈਕਟਰਾਂ ਨੂੰ ਨਹੀਂ ਹੋ ਸਕਦਾ। ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਦੀ ਵਾਢੀ-ਗਹਾਈ ਤੋਂ ਬਾਅਦ ਵਸੂਲੀ ਦੀਆਂ ਜਿਹੜੀਆਂ ਮੁਹਿੰਮਾਂ ਵਿਭਾਗ ਦੇ ਇਨਸਪੈਕਟਰ ਚਲਾਉਂਦੇ ਹਨ, ਉਹੀ ਮੁਹਿੰਮਾਂ ਬੈਂਕਾਂ ਦੇ ਕਰਮਚਾਰੀ ਵਧੀਆ ਢੰਗ ਨਾਲ਼ ਚਲਾ ਸਕਦੇ ਹਨ।
ਵਿਭਾਗ ਦੇ ਵੱਡੇ ਅਫਸਰਾਂ ਦੇ ਦੌਰਿਆਂ ਸਮੇਂ ਉਨ੍ਹਾਂ ਦੇ ਖਾਣ-ਪੀਣ ਦੇ ਖਰਚੇ ਵੀ ਬੈਂਕਾਂ ਦੇ ਸਿਰ ਪੈਂਦੇ ਹਨ।
ਪਿੰਡ ਗੇੜਾ ਵੱਜਦਾ ਰਹਿੰਦਾ ਸੀ। ਪਰ ਪਿੰਡ ਹੁਣ ਪਹਿਲਾਂ ਵਾਲ਼ਾ ਨਹੀਂ ਸੀ ਰਹਿ ਗਿਆ॥ ਤਰਖਾਣ, ਲੁਹਾਰ, ਬ੍ਰਾਹਮਣ, ਆਧਰਮੀ, ਝਿਉਰ, ਨਾਈ, ਛੀਂਬੇ ਸੁਨਿਆਰੇ ਆਦਿ ਜਾਤਾਂ ਦੇ ਬਹੁਤੇ ਪਰਿਵਾਰ ਸ਼ਹਿਰਾਂ ‘ਚ ਜਾ ਵਸੇ ਸਨ। ਕਈ ਜੱਟਾਂ ਨੇ ਬਾਹਰ ਫਿਰਨੀ ‘ਤੇ ਘਰ ਬਣਾ ਲਏ ਸਨ। ਪਿੰਡ ਵਿਚ ਖੋਲ਼ੇ ਪੈ ਗਏ ਸਨ। ਲੋਕਾਂ ਵਿਚ ਪਹਿਲਾਂ ਵਾਲ਼ਾ ਸਨੇਹ ਵੀ ਨਹੀਂ ਸੀ ਰਿਹਾ। ਗਰਜਾਂ ਪ੍ਰਧਾਨ ਹੋ ਗਈਆਂ ਸਨ। ਖ਼ੈਰ ਸਾਡੇ ਪਰਿਵਾਰ ਦਾ ਮਾਹੌਲ ਠੀਕ ਸੀ।
ਮੇਰੇ ਭਰਾਵਾਂ ਦਾ ਇਕੱਠ ਠੀਕ ਨਿਭ ਰਿਹਾ ਸੀ। ਮੈਂ ਉਨ੍ਹਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਦਾ ਠੇਕਾ ਨਹੀਂ ਸੀ ਲੈਂਦਾ। ਦਲਜੀਤ ਸਿੰਘ ਹੁਣ ਪਿੰਡ ਹੀ ਸੀ।ਉਹ ਆਪਣੀ ਰਹਿਤ-ਮਰਿਆਦਾ ‘ਚ ਤਾਂ ਪੱਕਾ ਸੀ ਪਰ ਲੋਕਾਂ ਪ੍ਰਤੀ ਉਦਾਰਵਾਦੀ ਸੀ। ਉਸਦੇ ਇਸ ਗੁਣ ਕਰਕੇ ਹੀ ਪਿੰਡ ਵਾਲਿਆਂ ਨੇ ਉਸਨੂੰ ਮੈਂਬਰ ਪੰਚਾਇਤ ਚੁਣ ਲਿਆ। ਦੂਜੀ ਵਾਰ ਦੀ ਚੋਣ ਵਿਚ ਉਸਨੂੰ ਸਾਰੇ ਮੈਂਬਰਾਂ ਤੋਂ ਵੱਧ ਵੋਟਾਂ ਪਈਆਂ ਸਨ।
ਆਦਮਪੁਰ-ਹਰੀਪੁਰ ਰੋਡ ‘ਤੇ ਨਵੀਂ ਕਲੋਨੀ ਬਣ ਰਹੀ ਸੀ। ਉਸ ਕਲੋਨੀ ‘ਚ ਮੈਂ ਇਕ ਖੁੱਲ੍ਹਾ ਪਲਾਟ ਖ਼ਰੀਦ ਲਿਆ ਸੀ। ਘਰ ਬਣਾਉਣ ਲਈ ਆਪਣੀ ਬੈਂਕ ਤੋਂ ਕਰਜਾ ਮਿਲ਼ ਜਾਣਾ ਸੀ। ਸੀਨੀਅਰ ਅਕਾਂਊਂਟੈਂਟ ਦੀ ਪਰਮੋਸ਼ਨ ਵਾਸਤੇ ਮੇਰਾ ਨੰਬਰ ਲਾਗੇ ਹੀ ਸੀ।
ਭੈਣ ਜੀ ਅਮਰ ਕੌਰ ਦੇ ਪਰਿਵਾਰ ਨਾਲ਼ ਬਣਿਆਂ ਮੋਹ-ਤੇਹ ਹੋਰ ਗੂੜ੍ਹਾ ਹੋ ਗਿਆ ਸੀ। ਹੁਣ ਅਮਰ ਕੌਰ ਮੇਰੇ ਲਈ ਤੀਜੀ ਸਕੀ ਭੈਣ ਸੀ ਤੇ ਮੈਂ ਭੈਣ ਜੀ ਲਈ ਉਸਦਾ ਸਕਾ ਭਰਾ। ਬਲਵਿੰਦਰ ਦਾ ਰਿਸ਼ਤਾ ਇੰਗਲੈਂਡ ਵਿਚ ਹੀ ਹੋ ਗਿਆ ਸੀ। ਉਸਨੇ ਮੈਨੂੰ ਵਿਆਹ ‘ਤੇ ਸੱਦਿਆ ਪਰ ਮੈਂ ਘੌਲ਼ ਕਰ ਗਿਆ। ਇੰਗਲੈਂਡ ਦੀ ਜੰਮ-ਪਲ਼ ਉਸਦੀ ਬਹੂ ਕੁਲਵਿੰਦਰ ਰਲ਼ਮਿਲ਼ੇ ਸੁਭਾਅ ਦੀ ਮੁਟਿਆਰ ਹੈ। ਭਾ ਜੀ ਲਾਲ ਸਿੰਘ ਰਿਟਾਇਰ ਹੋ ਚੁੱਕੇ ਸਨ। ਹਰ ਤੀਜੇ-ਚੌਥੇ ਸਾਲ ਕਦੀ ਉਹ ਇਕੱਲੇ ਤੇ ਕਦੀ ਭੈਣ ਜੀ ਨਾਲ਼ ਆ ਕੇ ਕੁਝ ਸਮਾਂ ਸਾਡੇ ਵਿਚ ਰਹਿ ਜਾਂਦੇ। ਕਦੀ-ਕਦੀ ਸਾਰੇ ਬੈਂਸ ਪਰਿਵਾਰ ਦਾ ਗੇੜਾ ਲੱਗ ਜਾਂਦਾ। ਜਿਵੇਂ ਮੈਂ ਪਹਿਲਾਂ ਦੱਸਿਐ, ਉਨ੍ਹਾਂ ਦਾ ਰੋਟੀ-ਪਾਣੀ ਵੱਖਰਾ ਨਹੀਂ ਸਾਡੇ ਨਾਲ਼ ਹੀ ਹੁੰਦਾ ਸੀ। ਉਨ੍ਹਾਂ ਨੂੰ ਮਿਲਣ ਆਉਂਦੇ ਰਿਸ਼ਤੇਦਾਰਾਂ ਦੀ ਆਓ-ਭਗਤ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਵਾਂਗ ਕਰਦੇ ਸਾਂ। ਜਦੋਂ ਬੈਂਸ ਪਰਿਵਾਰ ਇੰਗਲੈਂਡ ਹੁੰਦਾ, ਉਦੋਂ ਵੀ ਮੇਰਾ ਤੇ ਕੁਲਵੰਤ ਦਾ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਜਾਣ-ਆਉਣ ਬਣਿਆ ਹੋਇਆ ਸੀ।
ਗੁਆਂਢੀਆਂ ਨਾਲ਼ ਸਾਡੀ ਠੀਕ ਨਿਭ ਰਹੀ ਸੀ। ਸਾਡੇ ਨਾਲ਼ ਲਗਦੇ ਘਰ ਦੀ ਕੁੜੀ ਸਰੋਜ, ਜੋ ਸਰਕਾਰੀ ਨਰਸਿੰਗ ਸਕੂਲ ‘ਚ ਟੀਚਰ ਸੀ, ਸਾਡੇ ਪਰਿਵਾਰ ਦਾ ਅੰਗ ਬਣੀ ਹੋਈ ਸੀ। ਮੇਰੇ ਤੇ ਕੁਲਵੰਤ ਲਈ ਉਹ ਧੀਆਂ ਬਰਾਬਰ ਸੀ ਤੇ ਬੱਚਿਆਂ ਲਈ ਵੱਡੀ ਭੈਣ। (ਸਮਾਂ ਪਾ ਕੇ ਉਹ ਪਿੰਸੀਪਲ ਬਣ ਗਈ ਸੀ)
1988 ‘ਚ ਬਲਵਿੰਦਰ ਨੇ ਆਪਣੇ ਵਿਆਹ ਦੀ ਪੰਜਵੀਂ ਵਰ੍ਹੇ-ਗੰਢ ਅਤੇ ਪੁੱਤਰ ਦਾ ਦੂਜਾ ਜਨਮ ਦਿਨ ਮਨਾਉਣ ਲਈ ਇੰਗਲੈਂਡ ‘ਚ ਪਾਰਟੀ ਦਾ ਪ੍ਰੋਗਰਾਮ ਬਣਾ ਲਿਆ। ਪਾਰਟੀ ਦਾ ਕਾਰਡ ਤੇ ਰਾਹਦਾਰੀ ਭੇਜ ਕੇ ਉਸਨੇ ਮੈਨੂੰ ਵੀ ਤਾਕੀਦ ਕੀਤੀ ਕਿ ਜ਼ਰੂਰ ਆਓ। ਮੈਂ ਬੈਂਕ ਤੋਂ ਚਾਰ ਮਹੀਨੇ ਦੀ ਐਕਸ-ਇੰਡੀਆ ਛੁੱਟੀ ਮਨਜ਼ੂਰ ਕਰਵਾ ਲਈ… ਤੇ ਦਿੱਲੀ ਜਾ ਪੁੱਜਾ। ਰਾਤ ਰਘਬੀਰ ਸਿੰਘ ਦੇ ਘਰ ਕੱਟੀ ਤੇ ਸਵੇਰੇ ਇੰਗਲੈਂਡ ਐਂਬੈਸੀ ‘ਚ ਪੇਪਰ ਭਰ ਦਿੱਤੇ। ਗੋਰੀ ਵੀਜ਼ਾ ਅਫਸਰ ਨੇ ਕਿੰਤੂ ਕੀਤਾ, ”ਬਲਵਿੰਦਰ ਤੁਹਾਡਾ ਸਕਾ ਭਾਣਜਾ ਨਹੀਂ।” ਭੈਣ ਜੀ ਅਮਰ ਕੌਰ ਦੇ ਪਰਿਵਾਰ ਨਾਲ਼ ਨਿਭ ਰਹੇ ਮੋਹ-ਪਿਆਰ ਦੇ ਰਿਸ਼ਤੇ ਬਾਰੇ ਸੰਖੇਪ ਗੱਲ ਕਰਦਿਆਂ ਮੈਂ ਕਿਹਾ, ”ਮੋਹ-ਪਿਆਰ ਦੇ ਨਾਤੇ ਅਮਰ ਕੌਰ ਮੇਰੀ ਤੀਜੀ ਸਕੀ ਭੈਣ ਹੈ।” ਵੀਜ਼ਾ ਅਫਸਰ ਨੇ ਛੇ ਮਹੀਨੇ ਦਾ ਵੀਜ਼ਾ ਲਾ ਦਿੱਤਾ। ਮੇਰੀ ਇੱਛਾ ਅਮਰੀਕਾ, ਕੈਨੇਡਾ ਦੇਖਣ ਦੀ ਵੀ ਸੀ।
ਸਾਲੀ-ਸਾਂਢੂ ਟਰਾਂਟੋ ‘ਚ ਸਨ। ਮੈਂ ਫੋਨ ਕੀਤਾ। ਉਨ੍ਹਾਂ ਰਾਹਦਾਰੀ ਭੇਜ ਦਿੱਤੀ। ਦੂਜੇ ਗੇੜੇ ਦਿੱਲੀ ਜਾ ਕੇ ਕੈਨੇਡਾ ਦੇ ਵੀਜ਼ੇ ਲਈ ਪੇਪਰ ਭਰ ਦਿੱਤੇ। ”ਕੈਨੇਡਾ ਕਿਉਂ ਜਾਣੈ?” ਵੀਜ਼ਾ ਅਫਸਰ ਦਾ ਪ੍ਰਸ਼ਨ ਸੀ। ਮੈਂ ਆਖਿਆ ਕਿ ਮੈਂ ਲੇਖਕ ਹਾਂ। ਰਿਸ਼ਤੇਦਾਰਾਂ ਨੂੰ ਵੀ ਮਿਲਣੈ ਤੇ ਕੈਨੇਡੀਅਨ ਲੋਕਾਂ ਦੇ ‘ਲਾਈਫ ਸਟਾਈਲ’ ‘ਤੇ ਵੀ ਝਾਤ ਮਾਰਨੀ ਹੈ। ਉਸਨੇ ਛੇ ਮਹੀਨੇ ਦਾ ਵੀਜ਼ਾ ਦੇ ਦਿੱਤਾ। ਅਗਲੇ ਦਿਨ ਅਮਰੀਕਾ ਦੀ ਐਂਬੈਸੀ ‘ਚ ਜਾ ਵੜਿਆ। ਵੀਜ਼ਾ ਅਫਸਰ ਦੇ ਪੁੱਛਣ ‘ਤੇ ਮੈਂ ਕਿਹਾ ਕਿ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਨੂੰ ਦੇਖਣਾ ਚਾਹੁੰਨਾ। ਮੇਰੇ ਕੋਲ਼ ਰਾਹਦਾਰੀ ਹੈ ਨ੍ਹੀਂ ਸੀ ਪਰ ਉਸਨੇ ਇੰਗਲੈਂਡ ਤੇ ਕੈਨੇਡਾ ਦੇ ਵੀਜ਼ੇ ਦੇਖ ਕੇ ਇਕ ਸਾਲ ਦਾ ਵੀਜ਼ਾ ਦੇ ਦਿੱਤਾ।
ਮੇਰੇ ਭਰਾ ਤੇ ਬੀਬੀ ਮੈਨੂੰ ਕੈਨੇਡਾ ਜਾਂ ਅਮਰੀਕਾ ‘ਚ ਟਿਕਣ ਦੀਆਂ ਸਲਾਹਾਂ ਦੇਣ ਲੱਗ ਪਏ। ਪਰ ਮੇਰੀ ਚਾਹਤ ਰਿਸ਼ਤੇਦਾਰਾਂ ਨਾਲ਼ ਮੇਲਾ-ਗੇਲਾ ਤੇ ਸੈਰ-ਸਪਾਟੇ ਕਰਨ ਦੀ ਹੀ ਸੀ। ਮੇਰੀ ਨੌਕਰੀ ਠੀਕ ਸੀ। ਬਾਹਰਲੇ ਮੁਲਕ ‘ਚ ਸੈੱਟ ਹੋਣ ਬਾਰੇ ਕਦੀ ਸੋਚਿਆ ਹੀ ਨਹੀਂ ਸੀ। ਮੇਰਾ ਜਵਾਬ ਘਰਦਿਆਂ ਨੂੰ ਇਹ ਸੀ ਕਿ ਓਥੋਂ ਦੇ ਹਾਲਾਤ ਦੇਖਣ- ਸਮਝਣ ਤੋਂ ਬਾਅਦ ਹੀ ਟਿਕਣ ਬਾਰੇ ਸੋਚਾਂਗਾ।
ਮੇਰੀ ਹਵਾਈ ਟਿਕਟ ਦਿੱਲੀ ਤੋਂ ਲੰਡਨ, ਲੰਡਨ ਤੋਂ ਨਿਊਯਾਰਕ ਤੇ ਨਿਊਯਾਰਕ ਤੋਂ ਟਰਾਂਟੋ ਦੀ ਸੀ। ਵਾਪਸੀ ਦਾ ਵੀ ਏਹੀ ਰੂਟ ਸੀ। ਨਿਊਯਾਰਕ ਤੇ ਟਰਾਂਟੋ ਲਈ ਏਅਰ ਕੈਨੇਡਾ ਦੀਆਂ ਫਲਾਈਟਾਂ ਦੀਆਂ ਤਰੀਖਾਂ ਮੈਂ ਆਪਣੀ ਸੁਵਿਧਾ ਅਨੁਸਾਰ ਬਦਲਵਾ ਸਕਦਾ ਸਾਂ।
3 ਅਗਸਤ 1988 ਨੂੰ ਮੈਂ ਦਿੱਲੀ ਏਅਰਪੋਰਟ ਤੋਂ ਕੁਵੇਤ ਏਅਰਵੇਜ਼ ਦੀ ਫਲਾਈਟ ਫੜੀ। ਅੱਜ-ਕੱਲ੍ਹ ਤਾਂ ਪੰਜਾਬ ਦੇ ਲੋਕਾਂ ਦਾ ਬਦੇਸ਼ਾਂ ਨੂੰ ਜਾਣਾ-ਆਉਣਾ ਆਮ ਜਿਹਾ ਵਰਤਾਰਾ ਬਣ ਗਿਆ ਹੈ ਪਰ 33 ਸਾਲ ਪਹਿਲਾਂ ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੀ ਸੈਰ ਲਈ ਵੀਜ਼ੇ ਬਹੁਤ ਘੱਟ ਮਿਲਦੇ ਸਨ। ਜਹਾਜ਼ ‘ਚ ਬੈਠਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਸਾਂ… ਐਮ.ਏ ਅੰਗ੍ਰੇਜ਼ੀ ਦੇ ਸਿਲੇਬਸ ਤੇ ਸਿਲੇਬਸ ਤੋਂ ਬਾਹਰੇ ਲੇਖਕਾਂ ਜਿਵੇਂ ਜਾਰਜ ਇਲੀਅਟ, ਚਾਰਲਸ ਡਿਕਨਜ਼, ਡੀ.ਐਚ.ਲਾਰੈਂਸ, ਵਰਜੀਨੀਆ ਵੂਲਫ, ਵਿਲੀਅਮ ਸ਼ੈਕਸਪੀਅਰ, ਬਰਨਾਰਡ ਸ਼ਾਅ, ਵਿਲੀਅਮ ਵਰਡਜ਼ਵਰਥ, ਪੀ.ਬੀ ਸ਼ੈਲੇ, ਜੌਹਨ ਕੀਟਸ ਆਦਿ ਦੇ ਨਾਵਲ, ਨਾਟਕ ਤੇ ਕਵਿਤਾਵਾਂ ਪੜ੍ਹਦਿਆਂ ਇਨ੍ਹਾਂ ਲੇਖਕਾਂ ਦੀਆਂ ਯਾਦਗਾਰਾਂ ਤੇ ਇੰਗਲੈਂਡ ਦੇ ਗੋਰੇ ਸਮਾਜ ਨੂੰ ਦੇਖਣ ਲਈ ਕਦੀ-ਕਦੀ ਮੇਰੀ ਸੋਚ ਨੂੰ ਪਰ ਲੱਗ ਜਾਂਦੇ ਸਨ… ਤੇ ਹੁਣ ਸੱਚੀਂ-ਮੁੱਚੀਂ ਪਰਾਂ ਵਾਲ਼ੀ ਮਸ਼ੀਨ ‘ਤੇ ਸਵਾਰ ਸਾਂ। ਉਸ ਉੱਨਤ ਦੇਸ਼ ‘ਚ ਵਸਦੇ ‘ਆਪਣਿਆਂ’ ਨੂੰ ਮਿਲਣ ਜਾ ਰਿਹਾ ਸਾਂ। ਮਾਂ ਬੋਲੀ ਪੰਜਾਬੀ ਦੇ ਲੇਖਕਾਂ ਨੂੰ ਮਿਲਣ ਦੀ ਚਾਹਤ ਵੀ ਸੀ। (ਸਮਾਪਤ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …