Breaking News

ਗੀਤ

ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ।
ਹੋਵੇ ਪਿਆਰ ਤਾਂ ਹੱਕ ਜਤਾਏ ਨਾ ਜਾਂਦੇ।
ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ।

ਆ ਵੇ ਸੱਜਣਾ ਤੈਨੂੰ ਹਾਲ ਸੁਣਾਵਾਂ,
ਤੂੰ ਆ ਜਾ ਜਾਂ ਲਿਖ ਸਿਰਨਾਵਾਂ।
ਤੇਰੇ ਬਿਨਾਂ ਇਹ ਜੱਗ ਸੁੰਨਾਂ,
ਹੋਰ ਕਿਹੜਾ ਜਾ ਦਰ ਖੜ੍ਹਕਾਵਾਂ।
ਤੂੰ ਕਰ ਨਾ ਪ੍ਰਾਏ, ਨਾ ਤੋੜ ਸੁਪਨੇ ਸਜਾਏ,
ਸੱਧਰਾਂ ਨੂੰ ਲਾਂਬੂ ਲਾਏ ਨਾ ਜਾਂਦੇ।
ਸੋਹਣੇ ਮੁੱਖੜੇ ਦਿਲੋਂ ਭੁਲਾਏ ਨਾ ਜਾਂਦੇ।

ਪਿਆਰ ‘ਚ ਝੂੰਮਾਂ ਮੈ ਦਿਨ ਰਾਤ,
ਪਾ ਦੇ ਪੱਲੇ ਮੇਰੇ ਸੌਗਾਤ।
ਲੱਗ ਜਾਣ ਜੇ ਖੰਭ ਮੇਰੇ ਸੱਜਣਾ,
ਘੁੰਮਾਂ ਮੈਂ ਸਾਰੀ ਕਾਇਨਾਤ।
ਜੇ ਬਣੇ ਹਕੀਕਤ ਮੇਰੀ,ਤਾ ਉਮਰ ਰਹੂੰਗੀ ਤੇਰੀ,
ਸੋਚਾਂ ‘ਚ ਦਿਲ ਪ੍ਰਚਾਏ ਨਾ ਜਾਂਦੇ।
ਸੋਹਣੇ ਮੁੱਖੜੇ ਦਿਲੋਂ ਭੁਲਾਏ ਨਾ ਜਾਂਦੇ।

ਕਦੇ ਆਏ ਨਾ ਸਾਡੇ ਕਾਗ ਬਨੇਰੇ,
ਬ੍ਰਿਹੋਂ ਲੁੱਟੇ ਹਾਸੇ ਮੇਰੇ।
ਪੀੜ੍ਹ ਤੁਰੀ ਨਾਲ ਬਣ ਪ੍ਰਛਾਵਾਂ,
ਦੂਰ ਨਾ ਹੋਏ ਘੁੱਪ ਹਨ੍ਹੇਰੇ।
ਜੋ ਤੇਰੇ ਨਾਲ ਹੁੰਦੀ ਏ ਉਹੀ ਘੜੀ ਕਮਾਲ ਏ
ਸਭ ਨਾਲ ਗ਼ਮ ਵੰਡਾਏ ਨਾ ਜਾਂਦੇ।
ਸੋਹਣੇ ਮੁੱਖੜੇ ਦਿਲੋਂ ਭੁਲਾਏ ਨਾ ਜਾਂਦੇ।

ਇਹ ਜੋ ਮਜਾਜ਼ੀ ਤੇਰਾ ਮੇਰਾ,
ਵਿੱਚੇ ਹਕੀਕੀ ਦਾ ਏ ਡੇਰਾ।
ਰੱਬ ਦੀ ਹੋਂਦ ਤੋਂ ਵੱਖ ਨਹੀਂ ਏ,
ਮੈਨੂੰ ਜਾਪੇ ਸੱਜਣਾ ਚਿਹਰਾ।
ਹੋਵੇ ਦਿਲ ‘ਚ ਪਿਆਰ, ਤਾਂ ਮਿਲੇ ਦਿਲਦਾਰ।
ਹਰੇਕ ‘ਨਾ ਦਿਲ ਲਗਾਏ ਨਾ ਜਾਂਦੇ।
ਸੋਹਣੇ ਮੁੱਖੜੇ ਦਿਲੋਂ ਭੁਲਾਏ ਨਾ ਜਾਂਦੇ।

‘ਸੁਲੱਖਣਾ’ ਮਨ ਸਮਝਾ ਲੈ ਆਪਣਾ,
ਸੋਨੇ ਨੂੰ ਵੀ ਪੈਂਦਾ ਤਪਣਾ।
ਦੁੱਖਾਂ ਨੇ ਵੀ ਨਾਲ ਹੀ ਰਹਿਣਾ,
ਦੇਖ ਨਾ ਐਵੇਂ ਝੂਠਾ ਸਪਨਾ।
ਕਰ ਮੰਨਜ਼ੂਰ, ਕੱਢ ਦਿਲ ‘ਚੋਂ ਗ਼ਰੂਰ।
ਕਦੇ ਆਪੇ ਲੇਖ ਲਿਖਾਏ ਨਾ ਜਾਂਦੇ।
ਸੋਹਣੇ ਮੱਖੜੇ ਦਿਲੋਂ ਭੁਲਾਏ ਨਾ ਜਾਂਦੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …