Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਸਿਰ ‘ਤੇ ਘੁੰਮਦਾ ਮਨ ਦਾ ਪੱਖਾ-(1)
ਨਿੰਦਰ ਘੁਗਿਆਣਵੀ
94174-21700
ਦੁਰਗਾ ਦੱਤ ਸੀਨੀਅਰ ਸਬ ਜੱਜ ਸੀ। ਉਸ ਦੇ ਖ਼ਿਲਾਫ਼ ਹਾਈਕੋਰਟ ਵਿਚ ਕਈ ਇਨਕੁਆਰੀਆਂ ਸਨ। ਬਹੁਤੀਆਂ ਵਿਚੋਂ ਉਹ ਸਾਫ਼ ਨਿਕਲਿਆ। ਇਨਕੁਆਰੀਆਂ ਵੀ ਵੰਨ-ਸੁਵੰਨੀਆਂ। ਕੋਈ ਕਿਸੇ ਨਾਲ ਦੁਰ-ਵਿਵਹਾਰ ਕਰਨ ਦੀ। ਕੋਈ ਬਾਰ ਐਸੋਸੀਏਸ਼ਨ ਦੇ ਕਿਸੇ ਅਹੁਦੇਦਾਰ ਨਾਲ ਝਗੜਣ ਦੀ। ਇਨਕੁਆਰੀ ਦਾ ਨਾਂ ਸੁਣਦਿਆਂ ਉਹ ਕੰਬਣ ਲੱਗ ਪੈਂਦਾ ਹੈ। ਉਹਦੇ ਬੁਲ੍ਹ ਆਪ ਮੁਹਾਰੇ ਬੁੜ-ਬੁੜਾਉਣ ਲਗਦੇ ਨੇ। ਚਿਹਰਾ ਤਮ-ਤਮਾ ਉਠਦਾ ਹੈ। ਅੱਖਾਂ ਮੋਟੀਆਂ ਹੋ ਜਾਂਦੀਆਂ ਨੇ ਤੇ ਸਾਹਮਣੇ ਪਈਆਂ ਮਿਸਲਾਂ ਉਸ ਨੂੰ ਘੂਰਨ ਲਗਦੀਆਂ ਹਨ। ਨੇੜੇ ਪਏ ਗਲਾਸ ਵਿਚੋਂ ਉਹ ਪਾਣੀ ਦੀ ਘੁੱਟ ਭਰਦਾ ਹੈ। ਪਾਣੀ ਵੀ ਕੌੜਾ ਲਗਦਾ… ਬਕਬਕਾ ਸੁਆਦ। ਉਹ ਕਹਿੰਦਾ ਹੈ, ”ਭੈਂਅ… ਪੰਜਾਬ ਨੇ ਕੀ ਬਚਣਾ ਹੁਣ… ਪਾਣੀ ਵੀ ਜ਼ਹਿਰੀ ਹੋ ਗਿਆ ਏ… ਲੋਕ ਕਾਲੇ-ਪੀਲੀਏ ਤੇ ਕੈਂਸਰ ਨਾਲ ਮਰਨ ਲੱਗੇ ਹੋਏ ਨੇ… ਸਰਕਾਰਾਂ ਸੁੱਤੀਆਂ ਪਈਆਂ ਨੇ … ਮੈਂ ਜੇਕਰ ਸੁਪਰੀਮ ਕੋਰਟ ਦਾ ਜੱਜ ਹੋਵਾਂ ਤਾਂ ਸਰਕਾਰਾਂ ਦੀ ਐਸੀ-ਤੈਸੀ ਫੇਰ ਦੇਵਾਂ… ਇਹ ਖਾ ਗਏ ਪੰਜਾਬ ਨੂੰ… ਕਦੇ ਅਕਾਲੀ ਆ ਗਏ… ਕਦੇ ਕਾਂਗਰਸੀ… ਵਾਰੀ ਬੱਧੀ ਹੋਈਆ…।”ਰਿਟਾਇੰਰਗ ਰੂਮ ਵਿਚ ਬੈਠਾ ਉਹ ਬੁੜ-ਬੁੜਾ ਰਿਹਾ ਹੈ ਕਿ ਉਸ ਦੀ ਮੇਜ ‘ਤੇ ਪਿਆ ਲੈਂਡਲਾਈਨ ਫ਼ੋਨ ਖੜਕਣ ਲੱਗਿਆ।”ਹੈਲੋ…।”
”ਜੱਜ ਸਾਹਿਬ, ਹਾਈਕੋਰਟ ਨੇ ਆਪ ਜੀ ਦੀ ਪਰਸੋਂ ਪੇਸ਼ੀ ਮੰਗੀ ਹੈ, ਰਜਿਸਟਰਾਰ ਸਾਹਿਬ ਦੇ ਦਫ਼ਤਰ ਗਿਆਰਾਂ ਵਜੇ ਪੁੱਜ ਜਾਣਾ… ਆਪ ਜੀ ਨੂੰ ਲਿਖਤੀ ਫ਼ੈਕਸ ਵੀ ਭੇਜ ਦਿੱਤੀ ਗਈ ਹੈ…।”
”ਆਹੋ ਠੀਕ …. ਮਿਲ ਗਈ ਏ ਫ਼ੈਕਸ… ਉਹੀ ਪੜ੍ਹ ਰਿਹਾ ਆਂ। ਪੁੱਜ ਜਾਵਾਂਗਾ… ਵਰਮਾ ਜੀ ਥੈਂਕਸ ਵੈਰੀ ਮਚ…।”
ਦੁਰਗਾ ਦੱਤ ਨੇ ਹਾਈਕੋਰਟ ਦੇ ਸੁਪਰਡੈਂਟ ਵਰਮਾ ਨਾਲ ਬੜੀ ਤਹਿਜ਼ੀਬ ਨਾਲ ਗੱਲ ਕੀਤੀ ਸੀ।
ਫ਼ੋਨ ਰੱਖ ਕੇ ਉਹ ਹੋਰ ਕਲਪਿਆ, ”ਭੈਂਅ-ਕੁੱਤੇ ਦੇ ਹੱਡ… ਦੁਰਗੇ ਨੂੰ ਆਪਣੇ ਲੱਗਦੇ ਨੂੰ ਵਾਰ ਵਾਰ ਯਾਦ ਕਰਵਾਉਂਦੇ ਨੇ… ਸਾਲਿਓ ਬਾਕੀ ਪੰਜਾਬ ਦੀ ਜੁਡੀਸ਼ਰੀ ਦੁੱਧ ਧੋਤੀ ਏ… ਜਿਹੜੀ ਜਿਸ ਨਾਲ ਸੀਟੀ ਰਲਦੀ ਏ… ਉਹ ਰਲਾਈ ਜਾਂਦਾ ਏ… ਉਹਦੀ ਕੋਈ ਪੁੱਛ-ਗਿੱਛ ਨਹੀਂ… ਮੈਂ ਕਿਸ ਨਾਲ ਰਲਾਵਾਂ ਆਪਣੀ ਸੀਟੀ… ਮੇਰੀ ਸੀਟੀ ਤਾਂ ਸਿਰਫ਼ ਮੇਰੇ ਨਾਲ ਈ ਰਲਦੀ ਏ…।”
ਦੁਰਗਾ ਦੱਤ ਮਾਝੇ ਦਾ ਜੰਮਪਲ ਸੀ। ਥਾਂ-ਥਾਂ ਦੀ ਨੌਕਰੀ ਨੇ ਉਹਦੀ ਭਾਸ਼ਾ ਰਲਗਡ ਕਰ ਛੱਡੀ ਸੀ। ਫਿਰ ਵੀ ਉਹ ਵਕੀਲਾਂ ਸਾਹਮਣੇ ਮੌਕਾ ਸੰਭਾਲ ਕੇ ਬੋਲਦਾ। ਸਾਰੇ ਵਕੀਲ ਸਮਝਦੇ ਸਨ ਕਿ ਦੁਰਗਾ ਦੱਤ ਖਿਝ ਦਾ ਸ਼ਿਕਾਰ ਹੈ। ਮਨੋਰੋਗੀ ਵੀ ਚਿਰਾਂ ਦਾ ਹੈ। ਪਰਿਵਾਰ ਨਾਲ ਵੀ ਅਣਬਣ ਹੈ। ਇਕ ਦਿਨ ਸੀਨੀਅਰ ਵਕੀਲ ਬੇਦੀ ਸਾਹਿਬ ਨੇ ਬਲਦੀ ‘ਤੇ ਤੇਲ ਛਿੜਕ ਦਿੱਤਾ, ”ਜਨਾਬ… ਹੈ ਕੋਈ ਚਾਂਸ ਪ੍ਰਮੋਸ਼ਨ ਦਾ… ਹੁਣ ਤਾਂ ਬਹੁਤ ਦੇਰ ਹੋ ਚੱਲੀ।”
ਇਸ ਸਮੇਂ ਦੁਰਗਾ ਦੱਤ ਚੈਂਬਰ ਵਿਚ ਬੈਠਾ ਹੋਇਆ ਸੀ। ਬੇਦੀ ਸਾਹਿਬ ਤੋਂ ਇਲਾਵਾ ਸਟੈਨੋ, ਰੀਡਰ ਤੇ ਇਕ ਦੋ ਮੁਨਸ਼ੀ ਹੀ ਕੋਲ ਸਨ। ਨੈਬਕੋਟ ਆਪਣੀਆਂ ਮਿਸਲਾਂ ਦੀ ਫੋਲੀ-ਫਾਲੀ ਵਿਚ ਰੁੱਝਾ ਹੋਇਆ ਸੀ।
”ਕਿਥੋਂ ਜੀ ਬੇਦੀ ਸਾਹਿਬ ਪ੍ਰਮੋਸ਼ਨ…? ਤੁਸੀਂ ਆਪ ਈ ਦੇਖ ਲਓ… ਮੇਰੇ ਤੋਂ ਜੂਨੀਅਰ ਕਿਥੇ ਗਏ… ਐਡੀਸ਼ਨਲ ਨੇ … ਛੇਤੀ ਹੀ ਸੈਸ਼ਨ ਦੀਆਂ ਪੌੜੀਆਂ ਚੜ੍ਹਨ ਵਾਲੇ ਨੇ… ਦੋ ਸਾਲ ਰਹਿ ਗਏ ਮੇਰੇ … ਫਿਰ ਤਾਂ ਏਹੀ ਤੁਹਾਡੇ ਵਾਲਾ ਸਿਆਪਾ- ਧੰਦ ਪਿੱਟਣਾ- ਮੁੰਡਾ ਮੇਰਾ ਚੰਡੀਗੜ੍ਹ ਵਕਾਲਤ ਕਰਦਾ ਏ… ਜਾ ਬੈਠਾਂਗਾ ਉਹਦੇ ਨਾਲ…।  ਗੱਲ ਹਾਲੇ ਹੋ ਹੀ ਰਹੀ ਸੀ ਕਿ ਸਟੈਨੋ ਇਕ ਆਰਡਰ ਟਾਈਪ ਕਰ ਲਿਆਈ ਤੇ ਲਿਆ ਸਾਹਮਣੇ ਰੱਖਿਆ।
”ਤੈਨੂੰ ਐਡੀ ਕਾਹਦੀ ਕਾਹਲ ਏ… ਮਿੰਟ ਮਾਰਦੀ ਏਂ ਟਾਈਪ ਕਰਨ ਲੱਗੀ… ਕੀ ਚੱਕਰ ਕੀ ਏ… ਏਹ ਦੁਨੀਆ ਬੜੀ ਕੁੱਤੀ ਸ਼ੈਅ ਏ ਨਿਰਮਲਾ… ਰੁਲਣ ਦਿਓ ਲੋਕਾਂ ਨੂੰ… ਜਿਹੋ ਜਿਹੇ ਲੋਕ… ਜਿਹੋ ਜਿਹੇ ਤੁਹਾਡੇ ਬੌਸ… ਉਹੋ ਜਿਹੇ ਆਪ ਬਣ ਜਾਓ… ਇਨਸਾਫ਼ ਦਿਓ… ਪਰ ਕਾਹਲ ਕਰਨ ਦੀ ਲੋੜ ਨਹੀਂ… ਕਮਲੀਏ ਤੂੰ ਤਾਂ ਮਿੰਟ ਵੀ ਨਹੀਂ ਲਾਉਂਦੀ… ਲਗਦਾ ਏ ਤੈਨੂੰ ਹਾਲੇ ਇਹ ਗੱਲ ਸਮਝ ਨੀਂ ਆਈ… ਜਿੱਦਾਂ ਦਾ ਮੂੰਹ… ਉਦਾਂ ਦੀ ਚਪੇੜ।”
ਸਟੈਨੋ ਚੁੱਪ-ਚਾਪ ਸੁਣੀ ਗਈ। ਨਾ ਹਾਂ ਕਿਹਾ, ਨਾ ਨਾਂਹ ਕਿਹਾ। ਵਕੀਲ ਬੇਦੀ ਸਾਹਿਬ ਤੇ ਮੁਨਸ਼ੀ ਫ਼ਤਹਿ ਬੁਲਾ ਕੇ ਤੁਰ ਗਏ ਸਨ। ਰੀਡਰ ਨੇ ਆਪਣੀ ਧੌਣ ਨਹੀਂ ਸੀ ਚੁੱਕੀ। ਉਸ ਨੂੰ ਪਤਾ ਸੀ ਕਿ ਜੇਕਰ ਮੈਂ ਵਿਚ ਕੁਝ ਬੋਲਿਆ ਤਾਂ ਮੈਨੂੰ ਵੀ ਝਾੜਾਂ ਪੈਣ ਲਈ ਤਿਆਰ ਨੇ।
ਦੁਰਗਾ ਦੱਤ ਆਪਣੇ ਅਰਦਲੀਆਂ ਨੂੰ ਬਦਲਦਾ ਹੀ ਰਹਿੰਦਾ ਸੀ। ਉਹ ਸੁਪਰਡੈਂਟ ਦੇ ਕੰਨਾਂ ਵਿਚ ਫੂਕ ਮਾਰ ਦਿੰਦਾ ਸੀ, ”ਉਹ ਸਾਲਾ ਸ਼ਾਮ ਲਾਲ ਕੁੱਤੇ ਦੀ ਪੂੰਛ ਏ… ਬੜੇ ਪੈਸੇ ‘ਕੱਠੇ ਕਰਦੈ ਸਾਰਾ ਦਿਨ… ਡੱਕਾ ਤੋੜ ਕੇ ਦੂਹਰਾ ਨੀਂ ਕਰਦਾ। ਕੋਈ ਹੋਰ ਮੁੰਡਾ ਦਿਓ।”
ਸੁਪਰਡੈਂਟ ਆਰਡਰ ਟਾਈਪ ਕਰ ਕੇ ਦੁਰਗਾ ਦੱਤ ਅੱਗੇ ਲਿਆ ਰਖਦਾ ਹੈ। (ਉਨ੍ਹੀਂ ਦਿਨੀਂ ਅਰਦਲੀਆਂ-ਪਿਆਦਿਆਂ ਦੀਆਂ ਬਦਲੀਆਂ ਸੀਨੀਅਰ ਸਬ ਜੱਜਾਂ ਪਾਸ ਹੀ  ਹੁੰਦੀਆਂ ਸਨ।) ਦੁਰਗਾ ਦੱਤ ਨੇ ਦਾਰੂ (ਸ਼ਰਾਬ) ਦਾ ਸਵਾਦ ਨਹੀਂ ਸੀ ਚੱਖਿਆ। ਉਹ ਸਿਰਫ਼ ਸਿਗਰਟ ਪੀਂਦਾ ਸੀ। ਨਾ ਮੀਟ-ਅੰਡਾ ਖਾਂਦਾ। ਜੱਜ ਪਾਰਟੀਆਂ ਕਰਦੇ, ਉਹ ਕਦੇ ਨਾ ਜਾਂਦਾ, ਕਹਿੰਦਾ ਸੀ ‘ਮੈਂ ਕਿਹੜਾ ਪੀਣੀ ਆਂ… ਇਹ ਸਾਲੇ ਪ੍ਰਮੋਸ਼ਨ ਹੋਣ ‘ਤੇ ਪਾਰਟੀਆਂ ਕਰਦੇ ਨੇ … ਮੇਰੀ ਕਿਹੜੀ ਹੋਣੀ ਆ… ਆਪਾਂ ਤਾਂ ਉਥੇ ਦੇ ਉਥੇ ਈ ਰਹਿਣੈ।” ਸਿਸਟਾਚਾਰ ਵਜੋਂ ਦੁਰਗਾ ਦੱਤ ਨੂੰ ਪਾਰਟੀਆਂ ‘ਤੇ ਬੁਲਾਉਣ ਲਈ ਸੱਦਾ ਪੱਤਰ ਜ਼ਰੂਰ ਭੇਜਿਆ ਜਾਂਦਾ, ਉਹ ਕਾਰਡ ਦੇਖਦੇ ਸਾਰ ਚੂਰ-ਮੂਰ ਕਰਕੇ (ਰੀਡਰ ਤੇ ਸਟੈਨੋ ਦੇ ਸਾਹਮਣੇ ਹੀ) ਹੇਠਾਂ ਪਏ ਕੂੜੇਦਾਨ ਵਿਚ ਸੁੱਟ ਦਿੰਦਾ ਤੇ ਬੁੜਬੜਾਉਂਦਾ, ”ਕੁੱਤੇ ਦੇ ਹੱਡ… ਤਮਾਸ਼ਬੀਨ।”
ਦੁਰਗਾ ਦੱਤ ਦੇ ਘਰ ਵਾਲੀ ਬਿਮਲਾ ਦੇਵੀ ਬਹੁਤ ਹੀ ਸਾਊ ਤੇ ਸ਼ਰੀਫ਼ ਔਰਤ ਸੀ। ਅਰਦਲੀਆਂ ਨੂੰ ਪੁੱਤਾਂ ਵਾਂਗ ਸਮਝਦੀ। ਇਨ੍ਹਾਂ ਦਾ ਇਕੋ ਪੁੱਤਰ ਸੀ ਵਿਜੈ ਕੁਮਾਰ ਦੱਤ। ਉਹ ਲਾਅ ਕਰ ਕੇ ਹੁਣ ਪ੍ਰਕੈਟਿਸ ਕਰਦਾ ਸੀ ਤੇ ਸੁਹਣਾ ਕੰਮ ਸੀ ਉਹਦਾ। ਉਹ ਉਡੀਕ ਕਰ ਰਿਹਾ ਸੀ ਕਿ ਕੱਦ ਪਾਪਾ ਰਿਟਾਇਰ ਹੋਣ ਤੇ ਉਸ ਕੋਲ ਆ ਕੇ ਬੈਠਣ ਤੇ ਨਾਲ ਹੀ ਉਸ ਦੇ ਕੈਬਿਨ ਦੇ ਬੂਹੇ ‘ਤੇ ‘ਰਿਟਾ. ਸੀਨੀ. ਸਬ ਜੱਜ’ ਦਾ ਫੱਟਾ ਲੱਗੇ। ਇਉਂ ਵਿਜੈ ਕੁਮਾਰ ਨੂੰ ਕੇਸ ਮਿਲਣ ਵਿਚ ਪਿਉ ਦੇ ਸਾਬਕਾ ਜੱਜ ਹੋਣ ਦਾ ਲਾਭ ਮਿਲਣਾ ਸੀ। ਖ਼ੈਰ ਸਮਾਂ ਆਪਣੀ ਤੋਰ ਤੁਰਦਾ ਜਾ ਰਿਹਾ ਸੀ। ਦੁਰਗਾ ਦੱਤ ਨੂੰ ਨੀਂਦ ਆਉਣੀ ਘੱਟ ਹੋ ਗਈ। ਉਹ ਬਿਮਲਾ ਰਾਣੀ ਨਾਲ ਵੀ ਨਿੱਕੀ-ਨਿੱਕੀ ਗੱਲ ‘ਤੇ ਖਿਝਣ ਲੱਗ ਪੈਂਦਾ ਸੀ। ਉਹ ਚੁੱਪ ਕਰ ਰਹਿੰਦੀ। ਦੁਰਗਾ ਦੱਤ ਤੋਂ ਚੋਰੀਉਂ ਆਪਣੇ ਵਿਜੈ ਪੁੱਤਰ ਨੂੰ ਫ਼ੋਨ ਕਰ ਲੈਂਦੀ ਤੇ ਸਾਰੇ ਹਾਲ-ਹਵਾਲ ਦੱਸ ਦਿੰਦੀ।
ਜਿਉਂ ਜਿਉਂ ਦੁਰਗਾ ਦੱਤ ਦੀ ਸੇਵਾ-ਮੁਕਤੀ ਦਾ ਸਮਾਂ ਨੇੜੇ ਆ ਰਿਹਾ ਸੀ, ਤਿਉਂ ਤਿਉਂ ਉਸ ਦਾ ਸੁਭਾਅ ਤਲਖ਼ ਤੇ ਤਣਾਅ ਭਰਿਆ ਹੁੰਦਾ ਜਾ ਰਿਹਾ ਸੀ। ਹਾਲੇ ਇਕ ਸਾਲ ਬਾਕੀ ਪਿਆ ਸੀ। ਉਹ ਸਭ ਨੂੰ ਗਾਲ੍ਹਾਂ ਕੱਢਣ ਲੱਗਿਆ।
ਕੀ ਹਾਈ ਕੋਰਟ ਕੀ ਸੈਸ਼ਨ ਜੱਜ, ਕੀ ਵਕੀਲ..। ਜਿਹੜਾ ਵੀ ਉਹਦੀ ਕਿਸੇ ਗੱਲ ਦੀ ਟੋਕਾ-ਟਾਕੀ ਕਰ ਦਿੰਦਾ, ਬਸ ਫਿਰ ਉਹੀ ਜਾਣੇ ਜਾਂ ਦੁਰਗਾ ਦੱਤ। ਕਚਹਿਰੀ ਦੇ ਲੋਕ ਵੀ ਗੱਲਾਂ ਕਰਨ ਲੱਗੇ ਕਿ ਹੁਣ ਸਾਲ ਰਹਿ ਗਿਐ ਭਾਈ ਤੜਫ਼ਣਾ ਤਾਂ ਹੋਇਆ ਈ… ਤਰੱਕੀ ਮਿਲੀ ਨਹੀਂ… ਚੰਗਾ ਐ ਦਫ਼ਾ ਹੋਊ ਕਿਧਰੇ।ਜੱਜਾਂ ਦੀਆਂ ਤਰੱਕੀਆਂ ਦੀ ਸੂਚੀ ਨਾਲ ਅਖ਼ਬਾਰ ਭਰਿਆ ਆਇਆ। ਦੁਰਗਾ ਦੱਤ ਨੂੰ ਪੂਰੀ ਆਸ ਸੀ ਕਿ ਇਸ ਵਾਰੀ ਸੁੱਕਾ ਨਹੀਂ ਜਾਂਦਾ, ਤਰੱਕੀ ਹੋਊ ਪੱਕੀ। ਉਸ ਨੇ ਕਾਹਲ ਨਾਲ ਐਨਕਾਂ ਟੁੰਗੀਆਂ। ਪੇਪਰ ਖੋਲ੍ਹਿਆ ਤੇ ਛਪੇ ਨਾਵਾਂ ਵਿਚੋਂ ਆਪਣਾ ਨਾਂ ਲੱਭਣ ਲੱਗਿਆ। ਉਸ ਦਾ ਮੂੰਹ ਹੋਰ-ਹੋਰ ਭੈੜਾ ਹੁੰਦਾ ਜਾ ਰਿਹਾ ਸੀ। ਨੇੜੇ ਬੈਠੀ ਪਤਨੀ ਬੋਲੀ, ”ਜੀ ਜੇ ਆਪਦੀ ਤਰੱਕੀ ਹੋਈ ਹੁੰਦੀ… ਕੱਲ ਹੀ ਹਾਈਕੋਰਟ ਤੋਂ ਚਿੱਠੀ ਆ ਜਾਣੀ ਸੀ…।”
”ਤੈਥੋਂ ਚੁੱਪ ਨੀਂ ਰਹਿ ਹੁੰਦਾ ਦੋ ਮਿੰਟ।” ਉਹ ਬਿਮਲਾ ਦੇਵੀ ਨੂੰ ਸੂਈ ਕੁੱਤੀ ਵਾਂਗ ਪੈ ਨਿਕਲਿਆ। ਆਖ਼ਰ ਅਖ਼ਬਾਰ ਪਰ੍ਹੇ ਸੁੱਟ ਦਿੱਤਾ।
(ਚਲਦਾ)
[email protected]

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …