ਕਾਲੇ ਕਾਨੂੰਨ ਵਾਪਿਸ
ਕਾਲੇ ਕਾਨੂੰਨਾਂ ਨੂੰ ਧੱਕੇ ਨਾਲ ਪਾਸ ਕਰਕੇ,
ਨਿਸ਼ਾਨੇ ਰਹੀ ਸੀ ਪੁੱਠੇ-ਸਿੱਧੇ ਕੱਸ ਦਿੱਲੀ।
ਕਿਸਾਨ ਮਜ਼ਦੂਰ ਜਦ ਹੱਕਾਂ ਲਈ ਹੋਏ ਇਕੱਠੇ,
ਅੱਤਵਾਦੀ-ਵੱਖਵਾਦੀ ਰਹੀ ਸੀ ਦੱਸ ਦਿੱਲੀ।
ਭੰਡੇ ਕੁਝ ਮੀਡੀਆ ਦੇਸ਼ ਦੇ ਗ਼ਦਾਰ ਆ ਗਏ,
ਜ਼ਹਿਰੀਲੀਆਂ ਜ਼ੀਬਾਂ ਨਾਲ ਹੀ ਸੀ ਡੱਸ ਦਿੱਲੀ।
ਡਾਂਗਾਂ ਵਰ੍ਹਦੀਆਂ, ਦਰੜ੍ਹੀ ਕਿਤੇ ਜਾਣ ਕਾਰਾਂ,
ਸੁਣ-ਸੁਣ ਕੀਰਨੇ ਰਹੀ ਸੀ ਹੱਸ ਦਿੱਲੀ।
ਜਾਨਾਂ ਵਾਰ ਗਿਆ ਸੱਤ ਸੌ ਅੰਨ-ਦਾਤਾ,
ਫਿਰ ਵੀ ਹੋਈ ਨਹੀਂ ਟੱਸ ਤੋਂ ਮੱਸ ਦਿੱਲੀ।
ਬੁਣੇ ਚੱਕਰਵਿਊ ਤੇ ਵਰਤੇ ਸਭ ਹੱਥ-ਕੰਡੇ,
ਦਾਅ ਖੇਡ-ਖੇਡ ਹੋ ਗਈ ਬੇ-ਬੱਸ ਦਿੱਲੀ।
ਯੋਗਾ ਕਰਕੇ ਵੀ ਰਾਤੀਂ ਨਾ ਨੀਂਦ ਆਵੇ,
ਤੇਲ ਪੁੜ-ਪੁੜੀਆਂ ਵਿੱਚ ਰਹੀ ਹੈ ਝੱਸ ਦਿੱਲੀ।
ਜ਼ਬਰ ਵਾਲਿਆਂ ਦੀ ਚਿੱਟੇ ਦਿਨ ਹਾਰ ਹੋਈ,
ਸਬਰਾਂ ਵਾਲਿਆਂ ਦੇ ਜ਼ਾਲ ਗਈ ਫੱਸ ਦਿੱਲੀ।
ਯੂ ਪੀ ਦੀਆਂ ਚੋਣਾਂ ਨੇ ਦੌੜ ਲਗਵਾ ਦਿੱਤੀ,
ਸਾਹ ਫੁਲ ਗਿਆ ਤੇ ਗਈ ਪੂਰੀ ਘੱਸ ਦਿੱਲੀ।
‘ਗਿੱਲ ਬਲਵਿੰਦਰਾ’ ਕਿਸਾਨਾਂ ਨਾਲ ਪਿਆ ਪੇਚਾ,
ਰਾਹ ਲੱਭੇ ਨਾ ਕਿਧਰ ਜਾਏ ਨੱਸ ਦਿੱਲੀ।
ਗਿੱਲ ਬਲਵਿੰਦਰ CANADA +1.416.558.5530 ([email protected] )