ਤੇਰੇ ਕੰਡੇ ਸਾਨੂੰ ਸੱਜਣਾ ਗੁਲਾਬ ਲੱਗਦੇ।
ਸਾਰੇ ਗ਼ਮ ਮੈਨੂੰ ਖੁਸ਼ੀਆਂ ਦੀ ਦਾਬ ਲੱਗਦੇ।
ਝੱਖੜ, ਤੂਫ਼ਾਨ ਵੀ ਤਾਂ ਜ਼ਿੰਦਗੀ ‘ਚ ਆਉਂਦੇ,
ਕਦੇ ਆਖਿਆ ਨਾ ਤੈਨੂੰ ਬੇਹਿਸਾਬ ਲੱਗਦੇ।
ਗ਼ਮਾਂ ‘ਚ ਲਪੇਟੀ ਯਾਦ ਦਿਲ ਵਿੱਚ ਰਹਿਣ ਦੇ,
ਰਾਤਾਂ ਨੂੰ ਜਗਾਉਂਦੇ ਚੰਗੇ ਖਾਬ ਲੱਗਦੇ।
ਕੀ ਜ਼ਿੰਦਗੀ ਤੇ ਰੋਸਾ ਨਈਂ ਕੱਲ ਦਾ ਭਰੋਸਾ,
ਏਹੀ ਕਹਿਣ ਨੂੰ ਤੁਸੀਂ ਵੀ ਬੇਤਾਬ ਲੱਗਦੇ।
ਢਾਈ ਅੱਖਰ ਨਾ ਪੜ ਹੋਏ ਸਾਰੀ ਜ਼ਿੰਦਗੀ,
ਉਹ ਵੀ ਪੜੇ ਨਾ ਇਸ਼ਕ ਦੀ ਕਿਤਾਬ ਲੱਗਦੇ।
ਖ਼ਿਆਲ ਉਡਾਰੀ ਵਿੱਚ ਗੱਲ ਕੋਈ ਨਿਆਰੀ,
ਬੋਲ ਉੱਡਦੇ ਹਵਾ ‘ਚ ਸੁਰਖਾਬ ਲੱਗਦੇ।
ਜਦੋਂ ਤੁਰਦੇ ਤਾਂ ਨਾਲ ਹੀ ਤੁਰਦਾ ਜ਼ਮਾਨਾ,
ਰੋਅਬ ਘੱਟ ‘ਨੀ ਕਿਸੇ ਤੋਂ ਨਵਾਬ ਲੱਗਦੇ।
ਪੀੜ ਪੁਰਾਣੀ ਕੋਈ ਸਾਂਭੀ ਹੋਈ ਦਿਲ ਵਿੱਚ,
ਰੁਸਵਾ ਹੋਈ ਓਲਫ਼ਤ ਦੇ ਜ਼ਨਾਬ ਲੱਗਦੇ।
ਪਾਣੀ ਦੀਆਂ ਛੱਲਾਂ ‘ਨਾ ਹੁੰਦੀਆਂ ਗੱਲਾਂ ਜਦੋਂ,
ਸੁੱਚੇ ਮੋਤੀਆਂ ਵਾਂਙ ਉਹ ਹਬਾਬ ਲੱਗਦੇ।
– ਸੁਲੱਖਣ ਮਹਿਮੀ +647-786-6329