ਗ਼ਜ਼ਲ

ਹੱਥ ਵਿੱਚ ਫੜ੍ਹਿਆ ਗੁਲਾਬ ਹੋਣਾ ਸੀ।
ਅੱਖਾਂ ਵਿੱਚ ਇੱਕੋ ਤੇਰਾ ਖ਼ਾਬ ਹੋਣਾ ਸੀ।
ਤਾਬ ਝੱਲ ‘ਨੀ ਸੀ ਹੋਣੀ ਸੁਹਣੇ ਮੁੱਖ ਦੀ,
ਰੋਅਬ ਉਹਦਾ ਵਾਂਙ ਨਵਾਬ ਹੋਣਾ ਸੀ।
ਸਾਜ਼ ਵੱਜਣਾ ਸੀ ਸਾਂਝਾ ਸਾਰੀ ਜ਼ਿੰਦਗੀ,
ਰਾਗ, ਸੁਰਤਾਲ ਲਾ-ਜ਼ੁਆਬ ਹੋਣਾ ਸੀ।
ਜ਼ੁਲਫਾਂ ਨੇ ਹੋਣਾ ਸੀ ਕਾਲ਼ੀਆਂ ਘਟਾਵਾਂ,
ਪੁੰਨਿਆਂ ਦੇ ਚੰਨ ਦਾ ਹਿਸਾਬ ਹੋਣਾ ਸੀ।
ਆਪਣੇ ਖ਼ਿਆਲਾਂ ‘ਚੋਂ ਅੱਖਰਾਂ ਨੂੰ ਲੱਭ ਕੇ,
ਕਰਨ ਲਈ ਤਾਰੀਫ਼ ਬੇਤਾਬ ਹੋਣਾ ਸੀ।
ਸੋਚਾਂ ਦੀ ਹਨ੍ਹੇਰੀ ਨੂੰ ਔਖਾ ਹੁੰਦਾ ਝੱਲਣਾ,
ਉਮੜ ਆਏ ਜਿਵੇਂ ਸੈਲਾਬ ਹੋਣਾ ਸੀ।
ਜਾਂ ਕੋਈ ਮਸਵੱਰ, ਬਣਾ ਕੇ ਮੂਰਤ ਜਿਵੇਂ,
ਸਾਹਮਣੇ ਖੜ੍ਹਾ ਵਿੱਚ ਆਦਾਬ ਹੋਣਾ ਸੀ।
ਲਿਖਦਾ ਲਿਖਾਰੀ ਤੇ ਭਰ ਦਿੰਦਾ ਵਰਕੇ,
ਹਰ ਵਰਕਾ, ਖੁੱਲ੍ਹੀ ਕਿਤਾਬ ਹੋਣਾ ਸੀ।
ਲਿਖੀ ਤਕਦੀਰ ਮੇਟ ਸਕਿਆ ਹੈ ਕੌਣ,
ਰਾਵੀ ਕੋਲੋਂ ਵੱਖ ਨਈਂ ਚਨਾਬ ਹੋਣਾ ਸੀ।
ਜ਼ਿੰਦਗੀ ਨੇ ਹੋਣਾ ਸੀ ਬਹੁਤ ਹੀ ਹਸੀਨ,
ਗਿੱਠ ਗਿੱਠ ਲਾਲੀਆਂ,ਸ਼ਬਾਬ ਹੋਣਾ ਸੀ।

-ਸੁਲੱਖਣ ਸਿੰਘ
+647-786-6329

Check Also

ਪਰਵਾਸੀ ਨਾਮਾ

TORONTO ਸ਼ਹਿਰ ਦਾ ਹਾਲ TORONTO ਸ਼ਹਿਰ ਵਿੱਚ ਆਏ ਦਿਨ ਚੱਲੇ ਗੋਲੀ, ਖੂਨ-ਖਰਾਬੇ ਬਿਨ ਲੰਘਦਾ ਦਿਨ …