ਨਵਾਂ ਸਾਲ
ਕੰਮਾਂ ਉਤੇ ਜਾਣ ਸਾਰੇ, ਰੱਜ ਰੋਟੀ ਖਾਣ ਸਾਰੇ,
ਰਲ ਮਿਲ ਬਹਿਣ ਸਾਰੇ, ਨਾਲੇ ਤੈਨੂੰ ਕਹਿਣ ਸਾਰੇ,
ਹੋਰਾਂ ਦੀ ਤਰੱਕੀ ਤੇ ਨਾ ਭੁੱਲ ਕੇ ਵੀ ਕੋਈ ਸੜੇ,
ਸ਼ਾਲ੍ਹਾ ਰੱਬਾ ਐਤਕੀਂ ਦਾ ਇਹੋ ਜਿਹਾ ਸਾਲ ਚੜ੍ਹੇ ।
ਦੁੱਖੀਆਂ ਦੇ ਦੁੱਖ ਹਰੀਂ, ਸਭਨਾਂ ਦੀ ਝੋਲੀ ਭਰੀਂ,
ਅੰਧਕਾਰ ਦੂਰ ਹੋ ਜੇ, ਜਗ ਨੂਰੋ-ਨੂਰ ਹੋ ਜੇ,
ਵਿਦਿਆ ਦਾ ਪਾਠ ਬਾਬਾ, ਛੋਟਾ ਵੱਡਾ ਹਰ ਪੜ੍ਹੇ,
ਸ਼ਾਲ੍ਹਾ ਰੱਬਾ ਐਤਕੀਂ ਦਾ ਇਹੋ ਜਿਹਾ ਸਾਲ ਚੜ੍ਹੇ ।
ਟਿਕਾਣੇ ਉਤੇ ਮੱਤ ਰੱਖੀਂ, ਮਿਹਰਾਂ ਵਾਲਾ ਹੱਥ ਰੱਖੀਂ,
ਕਾਇਮ ਸਦਾ ਰੁੱਖ ਰਹਿਣ, ਆਉਂਦੇ ਜਾਂਦੇ ਪੰਛੀ ਬਹਿਣ,
ਕੁਹਾੜੀ ਤਾਂਈਂ ਹੱਥ ਪਾ ਕੇ, ਲਾਲਚਾਂ ਦੇ ਵਿੱਚ ਆ ਕੇ,
ਸਕੀਮਾਂ ਨਾ ਸ਼ਿਕਾਰੀ ਘੜੇ,
ਸ਼ਾਲ੍ਹਾ ਰੱਬਾ ਐਤਕੀਂ ਦਾ ਇਹੋ ਜਿਹਾ ਸਾਲ ਚੜ੍ਹੇ ।
ਟੁਰੇ ਪ੍ਰਦੇਸਾਂ ਨੂੰ ਜੋ, ਛੱਡ ਗਏ ਨੇ ਦੇਸਾਂ ਨੂੰ ਜੋ,
ਪਿੰਡਾਂ ਦਾ ਲਵਾਂਵੀਂ ਗੇੜ੍ਹਾ, ਉਡੀਕਦਾ ਹੈ ਸੁੰਨਾ ਵਿਹੜਾ,
ਠੰਡ ‘ਬਲਵਿੰਦਰ’ ਦੇ ਫੇਰ ਸੀਨੇ ਵਿੱਚ ਵੜ੍ਹੇ,
ਸ਼ਾਲ੍ਹਾ ਰੱਬਾ ਐਤਕੀਂ ਦਾ ਇਹੋ ਜਿਹਾ ਸਾਲ ਚੜ੍ਹੇ ।
ਗਿੱਲ ਬਲਵਿੰਦਰ
CANADA +1.416.558.5530
([email protected])