Breaking News
Home / ਰੈਗੂਲਰ ਕਾਲਮ / ਕਥਾਵਾਂ ਹੋਈਆਂ ਲੰਮੀਆਂ

ਕਥਾਵਾਂ ਹੋਈਆਂ ਲੰਮੀਆਂ

ਤੀਜਾ ਕਹਾਣੀ ਸੰਗ੍ਰਹਿ

‘ਸਮੇਂ ਦੇ ਹਾਣੀ’
ਜਰਨੈਲ ਸਿੰਘ
(ਕਿਸ਼ਤ 2)
ਮੇਰੇ ਦੂਜੇ ਕਥਾ ਸੰਗ੍ਰਹਿ ਦੀਆਂ ਕਹਾਣੀਆਂ 7 ਤੋਂ 16 ਸਫੇ ਦੀਆਂ ਹਨ। ਇਸ ਸੰਗ੍ਰਹਿ ਤੱਕ ਅੱਪੜਦਿਆਂ ਕਹਾਣੀਆਂ ਦੀ ਲੰਬਾਈ 20 ਤੋਂ 30 ਸਫੇ ਤੱਕ ਪਹੁੰਚ ਗਈ। ਸੋ ਸਮੇਂ ਦੇ ਨਾਲ਼-ਨਾਲ਼ ਬਿਰਤਾਂਤ ਜਟਿਲ ਹੁੰਦਾ ਗਿਆ। ਇਸ ਸੰਗ੍ਰਹਿ ਵਿਚ ਛੇ ਲੰਮੀਆਂ ਕਹਾਣੀਆਂ ਸ਼ਾਮਲ ਹਨ।
ਤਿੰਨ ਕਹਾਣੀਆਂ ਦਾ ਰਚਨਾਤਮਿਕ ਅਮਲ:
ਕਹਾਣੀ ‘ਸਮੇਂ ਦੇ ਹਾਣੀ’: ਇਸ ਕਹਾਣੀ ‘ਚ ਮੈਂ ਰਿਸ਼ਤਿਆਂ ਵਿਚ ਪੈਸੇ ਅਤੇ ਰੁਤਬਿਆਂ ਦੇ ਆਧਾਰ ‘ਤੇ ਬਣਦੀਆਂ ਨੇੜਤਾਵਾਂ ਅਤੇ ਦੂਰੀਆਂ ਨੂੰ ਪੇਸ਼ ਕੀਤਾ ਹੈ। ਬੈਂਕ ‘ਚ ਮੇਰਾ ਦੋਸਤ ਦਰਸ਼ਨ ਮਰਵਾਹਾ ਆਪਣੀ ਪਤਨੀ ਤੇ ਬੱਚਿਆਂ ਸਮੇਤ, ਕੈਨੇਡਾ ਤੋਂ ਗਏ ਆਪਣੇ ਸਾਲ਼ੇ ਦੇ ਵਿਆਹ ‘ਤੇ ਗਿਆ। ਦਰਸ਼ਨ ਦੇ ਸਹੁਰਾ ਸਾਬ੍ਹ ਨੇ ਰਿਸ਼ਤਿਆਂ ਨਾਲ਼ ਵਰਤਾਓ ਉਨ੍ਹਾਂ ਦੀ ਅਮੀਰੀ ਤੇ ਰੁਤਬਿਆਂ ਮੁਤਾਬਿਕ ਕੀਤਾ। ਜੰਞ ਚੜ੍ਹਨ ਸਮੇਂ, ਬਦੇਸ਼ੋਂ ਗਏ ਧੀ-ਜੁਆਈ ਅਤੇ ਦੂਰ ਦੀ ਰਿਸ਼ਤੇਦਾਰੀ ਦੇ ਇਕ ਵੱਡੇ ਅਫਸਰ ਨੂੰ ਕਾਰਾਂ ‘ਚ ਬਿਠਾਉਣ ਲਈ, ਉਸਨੇ ਵੱਡੀ ਧੀ (ਦਰਸ਼ਨ ਦੀ ਪਤਨੀ) ਤੇ ਉਸਦੇ ਬੱਚਿਆ ਨੂੰ ਕਾਰ ਵਿਚੋਂ ਲਾਹ ਕੇ ਬੱਸ ਵੱਲ ਤੋਰ ਦਿੱਤਾ। ਇਸ ਨਿਰਾਦਰ ਨੇ, ਮਾਪਿਆਂ (ਅਤੇ ਭੈਣ ਭਰਾ) ਦੇ ਸਾਹੀਂ ਜੀਣ ਵਾਲ਼ੀ ਉਸ ਧੀ ਦਾ ਦਿਲ ਤੋੜ ਦਿੱਤਾ। ਉਸ ਵਿਚਾਰੀ ਨੂੰ ਕਈ ਮਹੀਨੇ ਟੈਨਸ਼ਨ ਦੀ ਦਵਾਈ ਖਾਣੀ ਪਈ। ਮੈਂ ਕਹਾਣੀ ਦਾ ਆਰੰਭ ਤਾਂ ਇਸੇ ਘਟਨਾ ਨਾਲ਼ ਕੀਤਾ ਹੈ ਪਰ ਅਗਲੇ ਬਿਰਤਾਂਤ ਵਿਚ ਕਲਪਨਾ ਰਾਹੀਂ ਸ਼ਿੱਦਤ ਭਰਪੂਰ ਸਥਿਤੀਆਂ ਰਚੀਆਂ ਹਨ। ਮੁੱਖ ਪਾਤਰ ਗੁਰੀ ਦਾ ਪਾਪਾ ਵੱਢੀਖੋਰ ਕਰਮਚਾਰੀ ਹੈ। ਸਦਾਚਾਰ ਤੋਂ ਕੋਰੇ ਉਸ ਬੰਦੇ ਲਈ ਪੈਸਾ ਹੀ ਸਭ ਕੁਝ ਹੈ। ਗੁਰੀ ਦਾ ਵਿਆਹ ਅਗਾਂਹਵਧੂ ਨੌਜਵਾਨ ਇਕਬਾਲ ਨਾਲ਼ ਹੋ ਜਾਂਦੈ। ਗੁਰੀ ਦੀ ਛੋਟੀ ਭੈਣ ਕੈਨੇਡੀਅਨ ਲੜਕੇ ਨਾਲ਼ ਵਿਆਹੀ ਜਾਂਦੀ ਹੈ।
ਇਕਬਾਲ ਕਿੱਤੇ ਵਜੋਂ ਅਧਿਆਪਕ ਹੈ। ਉਹ ਸਕੂਲ ਤੋਂ ਬਆਦ, ਪਿੰਡ ਦੇ ਬੱਚਿਆਂ ਨੂੰ ਬਿਨਾਂ ਟਿਊਸ਼ਨਾਂ ਤੋਂ ਪੜ੍ਹਾਉਂਦਾ ਹੈ। ਉਹ ਕਿਸਾਨਾਂ ਦੇ ਸੰਘਰਸ਼ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਉਸਦਾ ਮੈਂਬਰ ਪੰਚਾਇਤ ਬਾਪ ਆਪਣਾ ਗੁਆ ਕੇ ਲੋਕਾਂ ਦੇ ਕੰਮ ਸੁਆਰਦਾ ਹੈ। ਇਹ ਸਾਰਾ ਕੁਝ ਗੁਰੀ ਨੂੰ ਪਸੰਦ ਨਹੀਂ। ਪੇਕਾ ਪਰਿਵਾਰ ਦੇ ਮੁਕਾਬਲੇ, ਸਹੁਰਾ ਪਰਵਿਾਰ ਵਿਚ ਸੁਵਿਧਾਵਾਂ ਦੀ ਘਾਟ ਹੈ। ਗੁਰੀ ਘੁਟਣ ਮਹਿਸੂਸ ਕਰਦੀ ਹੈ। ਪਰ ਸਥਿਤੀਆਂ ਦੇ ਅਸਰ ਹੇਠ ਉਸ ਵਿਚ ਤਬਦੀਲੀ ਵਾਪਰਦੀ ਹੈ। ਇਕਬਾਲ ਦੀ ਜੀਵਨ ਸ਼ੈਲੀ ਉਸਨੂੰ ਠੀਕ ਜਾਪਣ ਲਗ ਪੈਂਦੀ ਹੈ… ਤੇ ਫਿਰ ਜਦੋਂ ਵਿਆਹ ਦੀ ਹਰ ਰਸਮ ਵਿਚ ਗੁਰੀ ਦਾ ਪਾਪਾ ਕੈਨੇਡੀਅਨ ਧੀ-ਜਵਾਈ ਦੇ ਮੁਕਾਬਲੇ ਗੁਰੀ ਤੇ ਇਕਬਾਲ ਨੂੰ ਛੁਟਿਆਉਂਦਾ ਹੈ ਤਾਂ ਗੁਰੀ ਪਾਪਾ ਨਾਲੋਂ ਰਿਸ਼ਤਾ ਤੋੜ ਲੈਂਦੀ ਹੈ।
ਕਹਣੀ ‘ਲੋਅ’ ਪਰਚੇ ਵਿਚ ਛਪੀ ਸੀ। ਕਹਾਣੀ ਬਾਰੇ ਦੱਸਦਿਆਂ ਮੈਂ ਪਰਚਾ ਦਰਸ਼ਨ ਨੂੰ ਫੜਾ ਦਿੱਤਾ। ਕੁਝ ਦਿਨਾਂ ਬਾਅਦ ਮੈਂ ਉਨ੍ਹਾਂ ਦੇ ਘਰ ਗਿਆ। ਦਰਸ਼ਨ ਦੀ ਪਤਨੀ ਦੇ ਭਾਵੁਕਤਾ ਭਿੱਜੇ ਬੋਲ ਇਸ ਤਰ੍ਹਾਂ ਸਨ, ”ਭਾ ਜੀ! ਕਹਾਣੀ ਪੜ੍ਹਦਿਆਂ ਮੈਂ ਕਈ ਵਾਰ ਰੋਈ। ਕਹਾਣੀ ਪੜ੍ਹ ਕੇ ਜਿੰਨਾ ਦਿਲ ਹਲਕਾ ਹੋਇਆ, ਏਨਾ ਦੁਆਈਆਂ ਨਾਲ਼ ਨਹੀਂ ਸੀ ਹੋਇਆ।”
ਕਹਾਣੀ ‘ਬੋਹਲ਼ ਦੇ ਰਾਖੇ’: ਇਸ ਕਹਾਣੀ ਦਾ ਮੁੱਖ ਪਾਤਰ, ਨਿਮਨ ਕਿਸਾਨ ਸ਼ਮੀਰ ਮੰਦੀ ਆਰਥਿਕਤਾ ਦਾ ਝੰਬਿਆ ਹੋਇਐ। ਪਰਿਵਾਰ ਦੀਆਂ ਹੋਰ ਤੰਗੀਆਂ ਨਾਲ਼ ਉਸਦੇ ਪੁੱਤਰ ਦੀ ਪੜ੍ਹਾਈ ਵੀ ਖ਼ਤਰੇ ‘ਚ ਪੈ ਚੁੱਕੀ ਹੈ। ਉਸਨੇ ਕਣਕ ਦੀ ਫ਼ਸਲ ‘ਤੇ ਆਸਾਂ ਲਾਈਆਂ ਹੋਈਆਂ ਸਨ। ਪਰ ਗੜਿਆਂ ਨੇ, ਪਕੱਣ ਤੇ ਆਈ ਕਣਕ ਫੂਸੜਾ- ਫੂਸੜਾ ਕਰ ਛੱਡੀ ਏ। ਸਰਕਾਰ ਵੱਲੋਂ ਐਲਾਨਿਆਂ ਨਿਗੂਣਾ ਮੁਆਵਜ਼ਾ ਕਿਸਾਨਾਂ ਨਾਲ਼ ਘੋਰ ਬੇਇਨਸਾਫ਼ੀ ਹੈ। ਪੁੱਤਰ ਦੀ ਪੜ੍ਹਾਈ ਤੇ ਘਰ ਦੇ ਹੋਰ ਖਰਚਿਆਂ ਦੀ ਚਿੰਤਾ ਵਿਚ ਸ਼ਮੀਰ ਦੀ ਭੁੱਖ-ਨੀਂਦ ਹਰਾਮ ਹੋ ਜਾਂਦੀ ਹੈ। ਮਾਨਸਿਕ ਛਟਪਟਾਹਟ ‘ਚ ਉਹ ਜ਼ਮੀਨ ਵੇਚਣ ਦਾ ਫ਼ੈਸਲਾ ਕਰਦਾ ਹੈ। ਪਰ ਵਾਜਬ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰਨ ਵਾਲ਼ੀ ਜਥੇਬੰਦੀ ਦੇ ਆਗੂ ਰੇਸ਼ਮ ਸਿੰਘ ਵੱਲੋਂ ਇਹ ਸਮਝਾਉਣ ‘ਤੇ ਕਿ ਮਸਲੇ ਜ਼ਮੀਨਾਂ ਵੇਚਣ ਨਾਲ਼ ਹੱਲ ਨਹੀਂ ਹੋਣੇ, ਸੰਘਰਸ਼ ਰਾਹੀਂ ਹੋਣੇ ਹਨ। ਰੇਸ਼ਮ ਸਿੰਘ ਰਾਹੀਂ ਪ੍ਰੇਰਿਤ ਹੋਇਆ ਸ਼ਮੀਰ ਸਿੰਘ, ਟਰੈਕਟਰਾਂ-ਟਰਾਲੀਆਂ ਅਤੇ ਸਾਈਕਲਾਂ ‘ਤੇ ਪ੍ਰਧਾਨ ਮੰਤਰੀ ਅੱਗੇ ਮੁਜ਼ਾਹਰਾ ਕਰਨ ਜਾ ਰਹੇ, ਕਿਸਾਨਾਂ ਦੇ ਜਲੂਸ ਵਿਚ ਸ਼ਾਮਲ ਹੋ ਜਾਂਦਾ ਹੈ।
ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿਚ ਨਿਮਨ ਕਿਸਾਨੀ ਦੇ ਆਰਥਿਕ ਸੰਕਟਾਂ ਦੇ ਨਾਲ਼- ਨਾਲ਼ ਮੈਂ, ਰਿਸ਼ਤਿਆਂ ਵਿਚ ਮੋਹ-ਪਿਆਰ ਦੀ ਥਾਂ ਲੈ ਰਹੀਆਂ ਗਰਜਾਂ ਅਤੇ ਸੰਯੁਕਤ ਪਰਿਵਾਰਾਂ ਦੀ ਟੁੱਟ-ਭੱਜ ਦਾ ਚਿਤਰਣ ਵੀ ਕੀਤਾ ਹੈ। ‘ਬੋਹਲ਼ ਦੇ ਰਾਖੇ’ ਅਤੇ ‘ਕੰਡੇ ਬੀਜਣ ਵਾਲ਼ੇ’ ਕਹਾਣੀਆਂ ਵਿਚ ਅਨੈਤਿਕ ਰਿਸ਼ਤਿਆਂ ‘ਤੇ ਵੀ ਝਾਤ ਪੁਆਈ ਹੈ।
ਕਹਾਣੀ ‘ਜੰਗ ਛਿੜਨ ਤੋਂ ਪਹਿਲਾਂ’: ਇਸ ਕਹਾਣੀਦਾ ਕੱਚਾ ਮਾਲ ਵੀ ਮੈਨੂੰ ਬੈਂਕ ਦੀ ਨੌਕਰੀ ‘ਚੋਂ ਮਿਲ਼ਿਆ। ਇਸ ਕਹਾਣੀ ਦੇ ਪਾਤਰ ਅਮਰੀਕ ਸਿੰਘ ਦਾ ਆਧਾਰ ਸਾਡੀ ਬੈਂਕ ਦਾ ਡਰਾਈਵਰ ਚੈਨ ਸਿੰਘ ਹੈ। ਸਾਬਕਾ ਫੌਜੀ ਚੈਨ ਸਿੰਘ ਕੰਮ ਨੂੰ ਹਮੇਸ਼ਾ ਸਿੰਨ੍ਹ ਕੇ ਰੱਖਦਾ। ਇਕ ਅੱਖ ਵਿਚ ਖਰਾਬੀ ਪੈ ਜਾਣ ਕਾਰਨ ਉਸਨੂੰ ਲੰਮੀ ਛੁੱਟੀ ਲੈਣੀ ਪੈ ਗਈ। ਅੱਖ ਠੀਕ ਹੋ ਗਈ ਸੀ। ਪਰ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਕਾਬਲ ਸਿੰਘ ਨੇ ਸੀ.ਐਮ.ਓ ਤੇ ਬੋਰਡ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨਾਲ਼ ਗੰਢ-ਤੁਪ ਕਰਕੇ ਚੈਨ ਸਿੰਘ ਨੂੰ ਚਪੜਾਸੀ ਬਣਾ ਦਿੱਤਾ ਤੇ ਟੈਂਪਰੇਰੀ ਡਰਾਈਵਰ- ਜੋ ਉਸਦਾ ਖਾਸ ਬੰਦਾ ਸੀ- ਨੂੰ ਪੱਕਾ ਕਰ ਲਿਆ। ਚੈਨ ਸਿੰਘ ਲਈ ਇਹ ਘਟਨਾ ਡਾਢੀ ਦੁਖਦਾਈ ਸੀ। ਬੇਇਨਸਾਫ਼ੀ ਨਾਲ਼ ਜ਼ਖਮੀ ਹੋਈ, ਉਸਦੀ ਮਨੋਦਸ਼ਾ ਦਾ ਮੇਰੇ ‘ਤੇ ਗਹਿਰਾ ਅਸਰ ਪਿਆ… ਚੈਨ ਸਿੰਘ ਨੂੰ ਮੈਂ, ਬੈਂਕ ਦੀ ਬਜਾਇ, ਬਿਜਲੀ ਮਹਿਕਮੇ ਦਾ ਡਰਾਈਵਰ ਬਣਾ ਲਿਆ ਤੇ ਉਸ ਨਾਲ਼ ਹੋਏ ਅਨਿਆਂ ਨਾਲ਼ ਕੁਝ ਹੋਰ ਘਟਨਾਵਾਂ ਜੋੜ ਕੇ ਭ੍ਰਿਸ਼ਟਾਚਾਰ ਦੀ ਭਰਵੀਂ ਤਸਵੀਰ ਪੇਸ਼ ਕੀਤੀ।
‘ਸਮੇਂ ਦੇ ਹਾਣੀ’ ਕਥਾ ਸੰਗ੍ਰਹਿ ਦੀਪਕ ਪਬਲਿਸ਼ਰਜ਼ ਜਲੰਧਰ ਨੇ 1987 ‘ਚ ਛਾਪਿਆ। ਉਪ੍ਰੋਕਤ ਕਹਾਣੀਆਂ ਤੋਂ ਇਲਾਵਾ ਇਸ ਵਿਚ ‘ਸ਼ਕਤੀ’, ‘ਮਾਵਾਂ ਬਾਝੋਂ’ ਅਤੇ ‘ਕੰਡੇ ਬੀਜਣ ਵਾਲ਼ੇ’ ਕਹਾਣੀਆਂ ਵੀ ਦਰਜ ਹਨ। 1985 ‘ਚ ਮੈਂ ਪੰਜਾਬ ਸੰਕਟ ਬਾਰੇ ‘ਅਵਿਸ਼ਵਾਸ’ ਨਾਂ ਦੀ ਕਹਾਣੀ ਲਿਖੀ ਸੀ… ਸਾਕਾ ਨੀਲਾ ਤਾਰਾ ਤੋਂ ਬਾਅਦ ਇੰਜ ਜਾਪਣ ਲੱਗ ਪਿਆ ਸੀ ਜਿਵੇਂ ਕੇਂਦਰ ਸਰਕਾਰ ਦਾ ਸਿੱਖਾਂ ਤੋਂ ਵਿਸ਼ਵਾਸ ਉੱਠ ਗਿਆ ਹੋਵੇ। ਆਸਿਓਂ-ਪਾਸਿਓਂ ਕੁਝ ਇਸ ਤਰ੍ਹਾਂ ਦੀ ਚਰਚਾ ਵੀ ਸੁਣੀ ਸੀ ਕਿ ਭਵਿੱਖ ਵਿਚ ਸਿੱਖਾਂ ਨੂੰ ਰਾਜਨੀਤੀ ਅਤੇ ਫੌਜ ਦੀਆਂ ਸਿਖ਼ਰਲੀਆਂ ਪੋਸਟਾਂ ਨਹੀਂ ਦਿੱਤੀਆਂ ਜਾਣਗੀਆਂ। ਪਰ ਦੋ ਸਾਲ ਬਾਅਦ ਤਲਖੀਆਂ ਮੱਧਮ ਪੈਣ ‘ਤੇ ਮੈਂ ਸਮਝ ਗਿਆ ਸਾਂ ਕਿ ਸਿੱਖਾਂ ਪ੍ਰਤੀ ਬੇਯਕੀਨੀ ਵਕਤੀ ਮਾਮਲਾ ਸੀ। ਵਕਤੀ ਗੱਲਾਂ ਵਾਲ਼ੀਆਂ ਕਹਾਣੀਆਂ ਸਮੇਂ ਦੀ ਸਕਰੀਨ ‘ਤੇ ਟਿਕਣਯੋਗ ਨਹੀਂ ਹੁੰਦੀਆਂ। ਇਸ ਕਰਕੇ ਇਹ ਕਹਾਣੀ ਮੈਂ ਸੰਗ੍ਰਹਿ ਵਿਚ ਸ਼ਾਮਲ ਨਹੀਂ ਕੀਤੀ।
ਇਸ ਸੰਗ੍ਰਹਿ ‘ਤੇ ਹੋਈ ਗੋਸ਼ਟੀ ਵਿਚ ਡਾ.ਕਰਮਜੀਤ ਸਿੰਘ ਨੇ ਪਰਚਾ ਪੜ੍ਹਿਆ। ਪਰਚੇ ਦੀਆਂ ਕੁਝ ਸਤਰਾਂ: ਜਰਨੈਲ ਸਿੰਘ ਬਾਹਰੀ ਯਥਾਰਥ ਦੀ ਜੱਟਿਲਤਾ ਮੁਤਾਬਿਕ ਪਾਤਰਾਂ ਦੀਆਂ ਮਾਨਸਿਕ ਜੱਟਿਲਤਾਵਾਂ ਨੂੰ ਪੇਸ਼ ਕਰਦਾ ਹੈ… ਉਸਦੇ ਪਾਤਰ ਆਪਣੀ ਨਿਰਾਸ਼ਤਾ ਉੱਪਰ ਲੋਕਾਂ ਦੇ ਸੰਘਰਸ਼ ਦਾ ਅੰਗ ਬਣ ਕੇ ਕਾਬੂ ਪਾਉਂਦੇ ਹਨ।’ ਡਾ.ਜਗਜੀਤ ਸਿੰਘ ਜੋ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰੀਜਨਲ ਸੈਂਟਰ ਜਲੰਧਰ ‘ਚ ਸੀ, ਜਸਵੰਤ ਸਿੰਘ ਵਿਰਦੀ, ਪਿਆਰਾ ਸਿੰਘ ਭੋਗਲ ਤੇ ਡਾ.ਪ੍ਰਿਤਪਾਲ ਸਿੰਘ ਮਹਿਰੋਕ ਨੇ ਵੀ ਵਿਚਾਰ ਪੇਸ਼ ਕੀਤੇ ਸਨ। ਇਸ ਸੰਗ੍ਰਹਿ ਬਾਰੇ ਦੋ ਰੀਵੀਊ ਛਪੇ। ਪ੍ਰੋ.ਬ੍ਰਹਮਜਗਦੀਸ਼ ਦਾ ਰੀਵੀਊ ‘ਜੱਗ ਬਾਣੀ’ ਅਖਬਾਰ ਵਿਚ ਛਪਿਆ। ਉਸਨੇ ਕਹਾਣੀਆਂ ਦੇ ਗੁਣਾਂ ਨੂੰ ਹਾਈਲਾਈਟ ਕੀਤਾ। ਦੂਜਾ ਰੀਵੀਊ ਡਾ.ਜਗਤਾਰ ਦਾ ਸੀ, ਜੋ ‘ਅਜੀਤ’ ਅਖਬਾਰ ‘ਚ ਛਪਿਆ। ਉਸਨੇ ਕਿਤਾਬ ਨੂੰ ਰੱਜ ਕੇ ਭੰਡਿਆ। ਸਮੀਖਿਆ ਦੇ ਨਾਂ ‘ਤੇ ਉਸਨੇ ਕਿੜ ਕੱਢੀ ਸੀਂ ਡਾ.ਜਗਤਾਰ ਦਾ ਪਬਲਿਸ਼ਰ ਵੀ ਮੇਰੇ ਵਾਲ਼ਾ ਹੀ ਸੀ। ਮੈਨੂੰ ਆਸ ਸੀ ਕਿ ਮੇਰਾ ਤੀਜਾ ਸੰਗ੍ਰਹਿ ਪਬਲਿਸ਼ਰ ਮੁਫਤ ਛਾਪੇਗਾ। ਜਦੋਂ ਉਸਨੇ ਪੈਸੇ ਮੰਗੇ, ਮੇਰੇ ਮੂੰਹੋਂ ਨਿਕਲ਼ ਗਿਆ ਕਿ ਜਦ ਡਾ.ਜਗਤਾਰ ਨੂੰ ਮੁਫਤ ਛਾਪਦੇ ਹੋ ਤਾਂ ਮੈਥੋਂ ਪੈਸੇ ਕਿਉਂ? ਪਰ ਮੇਰੀ ਗੱਲ ਦਰੁਸਤ ਨਹੀਂ ਸੀ। ਡਾ.ਜਗਤਾਰ ਸਿਖ਼ਰਲਿਆਂ ‘ਚ ਸੀ। ਮੇਰਾ ਉਸ ਨਾਲ਼ ਕੋਈ ਮੁਕਾਬਲਾ ਨਹੀਂ ਸੀ ਬਣਦਾ। ਪਬਲਿਸ਼ਰ ਨੇ ਪੈਸੇ ਤਾਂ ਕੁਝ ਘਟਾ ਲਏ ਪਰ ਇਹ ਗੱਲ ਡਾ.ਜਗਤਾਰ ਨੂੰ ਦੱਸ ਦਿੱਤੀ। ਮੈਂ ਉਹ ਗੱਲ ਭੁਲਾ ਦਿੱਤੀ ਸੀ ਪਰ ਡਾ.ਜਗਤਾਰ ਨੇ ਦਿਲ ‘ਚ ਰੱਖੀ। ਮੈਨੂੰ ਉਸ ਅੰਦਰ ਜਮ੍ਹਾਂ ਹੋਏ ਗੁਬਾਰ ਦਾ ਉਦੋਂ ਹੀ ਪਤਾ ਲੱਗਾ ਜਦੋਂ ਅਖਬਾਰ ਵਿਚ ਉਸਦਾ ਰੀਵੀਊ ਦੇਖਿਆ।
ਐਸਟੈਬਲਿਸ਼ਮੈਂਟ ਇੰਚਾਰਜ ਦੀ ਪੋਸਟ ‘ਤੇ : ਰਿਜ਼ਰਵ ਬੈਂਕ ਤੇ ਆਡੀਟਰਾਂ ਦੀਆਂ ਇਨਸਪੈਕਸ਼ਨਾਂ ਦੀ ਕੰਪਲਾਇੰਸ ਦੇ ਮਿਆਰੀ ਕੰਮ ਤੋਂ ਪ੍ਰਭਾਵਿਤ ਹੋਏ ਮੈਨੇਜਰ ਜਗਤਾਰ ਸਿੰਘ ਸੰਧੂ ਨੇ ਮੈਨੂੰ ਐਸਟੈਬਲਿਸ਼ਮੈਂਟ ਇੰਚਾਰਜ ਲਾ ਦਿੱਤਾ। ਬੈਂਕ ਦੇ ਪ੍ਰਬੰਧਕੀ ਢਾਂਚੇ ਵਿਚ ਮੈਨੇਜਰ ਤੋਂ ਬਾਅਦ ਦੂਜੇ ਨੰਬਰ ਦੀ ਪੁਜ਼ੀਸ਼ਨ ਸੀ ਇਹ। ਇਸ ਪੁਜ਼ੀਸ਼ਨ ‘ਤੇ ਪਿਛਲੇ ਕਈ ਸਾਲਾਂ ਤੋਂ ਸੀਨੀਅਰ ਅਕਾਊਂਟੈਂਟ ਬਲਬੀਰ ਸਿੰਘ ਗਿੱਲ ਕੰਮ ਕਰ ਰਿਹਾ ਸੀ। ਬੈਂਕ ਦੇ ਬਾਕੀ ਸੀਨੀਅਰ-ਜੂਨੀਅਰ ਅਕਾਊਂਟੈਂਟਾਂ ਲਈ ਇਹ ਕੰਮ ਮੁਸ਼ਕਲ ਸੀ। ਡਿਪਟੀ ਮੈਨੇਜਰ ਤੇ ਅਸਿਸਟੈਂਟ ਮੈਨੇਜਰ ਇਹ ਕੰਮ ਕਰ ਸਕਦੇ ਸਨ ਪਰ ਉਨ੍ਹਾਂ ਦੋਨਾਂ ਦੀ ਇਸ ਵਿਚ ਦਿਲਚਸਪੀ ਨਹੀਂ ਸੀ। ਦਰਅਸਲ ਬੈਂਕਾਂ ਦੇ ਆਮ ਕਰਮਚਾਰੀਆਂ ਦੀ ਕੁਸ਼ਲਤਾ ਵਧੇਰੇ ਕਰਕੇ ‘ਫਿੱਗਰ ਵਰਕ’ (ਹਿੰਦਸਿਆਂ ਦੇ ਕੰਮ) ਵਿਚ ਹੀ ਹੁੰਦੀ ਹੈ।
ਇਸ ਪੁਜ਼ੀਸ਼ਨ ‘ਤੇ ਬਣੇ ਗਿੱਲ ਦੇ ਏਕਾਧਿਕਾਰ ਨੇ ਉਸਨੂੰ ਘਮੰਡੀ ਬਣਾ ਦਿੱਤਾ ਸੀ। ਉਹ ਕਰਮਚਾਰੀਆਂ ਦੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ‘ਤੇ ਉਨ੍ਹਾਂ ਦੀਆਂ ਇਨਕਰੀਮੈਂਟਾਂ ਰੁਕਵਾ ਦਿੰਦਾ। ਉਨ੍ਹਾਂ ਦੇ ਜਾਇਜ਼ ਟੀ.ਏ, ਡੀ.ਏ ਬਿੱਲਾਂ ‘ਤੇ ਇਤਰਾਜ਼ ਲਾ ਕੇ ਵਾਪਸ ਮੋੜ ਦਿੰਦਾ। ਜਦੋਂ ਕਰਮਚਾਰੀ ਆਪਣੀ ਕੋਈ ਪਰਾਬਲਮ ਦੱਸਣ ਲਗਦੇ, ਉਨ੍ਹਾਂ ਨੂੰ ਸਹਿਜ ਨਾਲ਼ ਸੁਣਨ ਦੀ ਬਜਾਇ, ਵਿਚੋਂ ਹੀ ਟੋਕਣ ਲੱਗ ਜਾਂਦਾ। ਉਸ ਵਿਰੁੱਧ ਕਰਮਚਾਰੀਆਂ ਦੀਆਂ ਸ਼ਿਕਾਇਤਾਂ, ਯੂਨੀਅਨ ਰਾਹੀਂ, ਮੈਨੇਜਰ ਕੋਲ਼ ਪਹੁੰਚੀਆਂ। ਗਿੱਲ ਦੀ ਥਾਂ ਲੈਣ ਲਈ ਮੇਰੀ ਸਮਰੱਥਾ ਆਂਕਦਿਆਂ ਮੈਨੇਜਰ ਨੇ ਮੈਨੂੰ ਪੁੱਛਿਆ। ਮੈਂ ‘ਹਾਂ’ ਕਰ ਦਿੱਤੀ। ਮੈਨੇਜਰ ਨੇ ਕੰਪਲਾਇੰਸਾਂ ਦਾ ਕੰਮ ਡਿਪਟੀ ਮੈਨੇਜਰ ਨੂੰ ਦੇ ਦਿੱਤਾ ਤੇ ਗਿੱਲ ਦੀ ਬਦਲੀ ਇਕ ਬਰਾਂਚ ਵਿਚ ਕਰ ਦਿੱਤੀ, ਬਤੌਰ ਬਰਾਂਚ ਮੈਨੇਜਰ। ਐਸਟੈਬਲਿਸ਼ਮੈਂਟ ਸੈਕਸ਼ਨ ਵਿਚ ਮੇਰੇ ਨਾਲ਼ ਚਾਰ ਕਲੱਰਕ ਸਨ। ਕੰਮ ਘਣਾ ਸੀ। ਹੈੱਡ ਆਫਿਸ ਤੇ ਬਰਾਂਚਾ ਦੇ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਬਣਾ ਕੇ ਉਨ੍ਹਾਂ ਦੇ ਖਾਤਿਆਂ ‘ਚ ਪਾਉਣੀਆਂ, ਉਨ੍ਹਾਂ ਦੇ ਟੀ.ਏ, ਡੀ.ਏ ਦੇ ਕਲੇਮ ਚੈੱਕ ਕਰਕੇ ਮੈਨੇਜਰ ਤੋਂ ਪਾਸ ਕਰਵਾਉਣੇ, ਕਰਮਚਾਰੀਆਂ ਦੀਆਂ ਇਨਕਰੀਮੈਂਟਾਂ ਤੇ ਛੁੱਟੀਆਂ ਮੈਨੇਜਰ ਤੋਂ ਮਨਜ਼ੂਰ ਕਰਵਾਉਣੀਆਂ ਵਗੈਰਾ-ਵਗੈਰਾ। ਇਹ ਸਾਰੇ ਕੰਮ ਕਲੱਰਕ ਕਰਦੇ ਸਨ। ਮੈਂ ਨਿਗ੍ਹਾ ਮਾਰ ਕੇ ਦਸਤਖਤ ਕਰ ਦੇਂਦਾ।
ਮੇਰੇ ਮੁੱਖ ਕੰਮ ਇਹ ਸਨ: ਮੈਨੇਜਰ ਨਾਲ਼ ਬੈਠ ਕੇ ਬੋਰਡ ਆਫ ਡਾਇਰੈਕਟਰਜ਼ ਤੇ ਐਗਜ਼ੈਕਟਿਵ ਕਮੇਟੀ ਦੀਆਂ ਮੀਟਿੰਗਾਂ ਦੇ ਅਜੰਡੇ ਤਿਆਰ ਕਰਨੇ। ਮੀਟਿੰਗਾਂ ਦੀਆਂ ਪਰੋਸੀਡਿੰਗਜ਼ ਲਿਖਣੀਆਂ ਅਤੇ ਡਾਇਰੈਕਟਰਾਂ ਤੇ ਸੰਬੰਧਿਤ ਦਫ਼ਤਰਾਂ ਨੂੰ ਭੇਜਣੀਆਂ। ਰਜਿਸਟਰਾਰ ਤੇ ਏਪੈੱਕਸ ਬੈਂਕ ਨਾਲ਼ ਖਤੋਖਿਤਾਬਤ ਚਲਦੀ ਰਹਿੰਦੀ ਸੀ। ਚਿੱਠੀਆਂ ਦੀ ਡਰਾਫਟਿੰਗ ਕਰਕੇ ਮੈਨੇਜਰ ਦੇ ਟੇਬਲ ‘ਤੇ ਭੇਜਣੀਆਂ। ਕਰਮਚਾਰੀਆਂ ਦੀਆਂ ਅਣਗਹਿਲੀਆਂ ਤੇ ਕੁਤਾਹੀਆਂ ਬਾਰੇ ਜਵਾਬ-ਤਲਬੀਆਂ ਕਰਨੀਆਂ। ਸੰਬੰਧਿਤ ਕਰਮਚਾਰੀਆਂ ਦੇ ਜਵਾਬਾਂ ਦੀ ਪੁਣ-ਛਾਣ ਅਤੇ ਸਜ਼ਾ ਦੇ ਸੁਝਾਅ ਬਾਰੇ ਸੰਖੇਪ ਨੋਟ ਦੇ ਕੇ ਫਾਈਲ ਮੈਨੇਜਰ ਦੇ ਟੇਬਲ ‘ਤੇ ਭੇਜਣੀ। ਆਮ ਤੌਰ ‘ਤੇ ਮੇਰਾ ਸੁਝਾਅ ਕਰਮਚਾਰੀਆਂ ਨੂੰ ਵਾਰਨਿੰਗ ਦੇਣ ਦਾ ਹੀ ਹੁੰਦਾ ਸੀ। ਗੰਭੀਰ ਕੁਤਾਹੀਆਂ ਜਾਂ ਵਾਰ-ਵਾਰ ਗਲਤੀਆਂ ਕਰਨ ਵਾਲਿਆਂ ਵਿਰੁੱਧ ਹੀ ਇੰਨਕਰੀਮੈਂਟਾਂ ਰੋਕਣ ਜਾਂ ਮੁਅੱਤਲੀ ਦਾ ਸੁਝਾਅ ਦੇਂਦਾ ਸਾਂ। ਮੈਨੇਜਰ ਨੂੰ ਮੇਰੇ ਕੰਮ ‘ਤੇ ਤਸੱਲੀ ਸੀ, ਵਿਸ਼ਵਾਸ ਸੀ। ਇਕ-ਦੋ ਕਸੂਰਵਾਰਾਂ ਨੇ ਨਰਮ ਸਜ਼ਾ ਤਜਵੀਜ਼ ਕਰਵਾਉਣ ਲਈ ਮੈਨੂੰ ‘ਸਪੈਸ਼ਲ ਪਾਰਟੀ’ ਦਾ ਚੋਗਾ ਪਾਇਆ ਸੀ। ਪਰ ਮੇਰੇ ਆਚਰਣ ਤੋਂ ਨੀਵੀਆਂ ਸਨ ਇਸ ਤਰ੍ਹਾਂ ਦੀਆਂ ਹਰਕਤਾਂ। ਕੰਮ ਸੀ ਤਾਂ ਜ਼ਿਆਦਾ ਪਰ ਮੇਰੀ ਰੁਚੀ ਦੇ ਅਨੁਕੂਲ ਸੀ। ਜਿਹੜਾ ਕੰਮ ਸਾਡੀ ਰੁਚੀ ਦੇ ਅਨੁਕੂਲ ਹੋਵੇ ਉਹ ਵਾਧੂ ਹੁੰਦਾ ਹੋਇਆ ਵੀ ਅਕਾਊ ਨਹੀਂ ਹੁੰਦਾ। ਡਿਫਾਲਟਰ ਸੁਸਾਇਟੀਆਂ ਦੀ ਪੜਤਾਲ, ਰਿਜ਼ਰਵ ਬੈਂਕ ਤੇ ਆਡੀਟਰਾਂ ਦੀਆਂ ਇਨਸਪੈਕਸ਼ਨ ਰਿਪੋਰਟਾਂ ਦੀ ਕੰਪਲਾਇੰਸ ਤੇ ਹੁਣ ਐਸਟੈਬਲ਼ਿਸ਼ਮੈਂਟ ਇੰਚਾਰਜੀਂ ਇਹ ਸਾਰੇ ਕੰਮ ਮੇਰੀ ਰੁਚੀ ਦੇ ਅਨੁਕੂਲ ਸਨ। ਇਨ੍ਹਾਂ ਕੰਮਾਂ ‘ਚ ਰੁੱਝਿਆਂ ਦਿਨ ਕਦੋਂ ਬੀਤ ਜਾਂਦਾ, ਪਤਾ ਹੀ ਨਾ ਲਗਦਾ। ਜਦੋਂ ਮੈਂ ਬੈਂਕ ਵਿਚ ਆਇਆ ਉਦੋਂ ਕਰਮਚਾਰੀਆਂ ਲਈ ਉੱਪਰੋਂ ਠੋਸਿਆ ਬੰਦਾ ਸਾਂ। ਪਰ ਹੁਣ ਮੈਂ ਉਨ੍ਹਾਂ ਦਾ ਸੰਗੀ-ਸਾਥੀ ਸਾਂ। ਉਹ, ਮੇਰੇ ਐਸਟੈਬਲ਼ਿਸ਼ਮੈਂਟ ਸੈਕਸ਼ਨ- ਇੰਚਾਰਜ ਦੇ ਕਾਜ-ਵਿਹਾਰ ਤੋਂ ਖੁਸ਼ ਸਨ। ਉਨ੍ਹਾਂ ਦੀ ਖੁਸ਼ੀ ਮੇਰੀ ਰੂਹ ਦਾ ਸਕੂਨ ਸੀ।
(ਚਲਦਾ)

Check Also

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ (ਕਿਸ਼ਤ 7) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੈਨੇਡਾ ਵਿਚ ਚਾਰ ਮੌਸਮ ਹਨ …