ਨਾ ਹੋਇਆ ਤੇ ਨਾ ਕੋਈ ਹੋਣ ਲੱਗਾ,
ਮਹਾਂਬਲੀ ਯੋਧਾ, ਰੂਹ ਰੁਹਾਨੀ ਕੋਈ।
ਨਿੱਕੀ ਉਮਰੇ ਬਾਪ ਤੋਰ ਦਿੱਤਾ,
ਸ਼ਹਾਦਤ ਚਾਰੇ ਪੁੱਤਰਾਂ ਦੀ ਲਾਸਾਨੀ ਕੋਈ।
ਠੰਢੇ ਬੁਰਜ, ਮਾਂ ਗੁਜ਼ਰੀ ਸ਼ਹੀਦ ਹੋਈ,
ਇਹੋ ਜਿਹੀ ਨਾ ਮਹਾਨ ਕੁਰਬਾਨੀ ਕੋਈ।
ਦੇਸ਼ ਕੌਮ ਤੋਂ ਆਪਾ ਵੀ ਵਾਰ ਦਿੱਤਾ,
ਐਸਾ ਹੋਣਾ ਨਾ ਸਰਬੰਸਦਾਨੀ ਕੋਈ।
ਸਾਕਾ ਸਰਹੰਦ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਛੋਟੇ ਸਾਹਿਬਜ਼ਾਦੇ ਦਸਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਨਾ ਮੰਨਦੇ ਉਹ ਈਨ ਕਿਸੇ ਦੀ,
ਮਾਤਾ ਗੁਜ਼ਰੀ ਨੇ ਸਬਕ ਪੜ੍ਹਾਏ।
ਛੋਟੇ ਸਾਹਿਬਜ਼ਾਦੇ ……..
ਪੋਹ ਦਾ ਮਹੀਨਾ ਚੰਦਰਾ,
ਛੱਬੀ ਦਸੰਬਰ ਸਤਾਰਾਂ ਸੌ ਚਾਰ।
ਦੋ ਨੰਨੀਆਂ ਮਸੂਮ ਜ਼ਿੰਦਾਂ,
ਆ ਖੜ੍ਹੀਆਂ ਸਰਹੰਦ ਦੀ ਦੀਵਾਰ।
ਹੰਝੂ ਆਪੇ ਵਗ ਤੁਰਦੇ,
ਖ਼ੂਨੀ ਸਾਕੇ ਜਦੋਂ ਅੱਖਾਂ ਮੂਹਰੇ ਆਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਕਹਿਰ ਕਮਾਇਆ ਗੰਗੂਆ,
ਦਾਦੀ ਪੋਤਿਆਂ ਤੇ ਤਰਸ ਨਾ ਆਇਆ।
ਵੱਸ ਪੈ ਗਿਆ ਲਾਲਚਾਂ ਦੇ,
ਵਫ਼ਾਦਾਰੀ ਨੂੰ ਦਾਗ਼ ਤੂੰ ਲਾਇਆ।
ਪਨਾਹ ਦੇ ਕੇ ਘਰ ਪਾਪੀਆ,
ਧੋਖ਼ੇ ਨਾਲ ਤੂੰ ਕੈਦ ਕਰਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਫੁੱਲਾਂ ਜਿਹੇ ਦੋ ਮੁਖੜੇ,
ਜਲਾਦਾਂ ਸਾਹਮਣੇ ਉਹ ਗਏ ਆ ਖਲੋ।
ਔਖੀ ਹੋਈ ਤਾਬ ਝੱਲਣੀ,
ਮੁੱਖਾਂ ਸੋਹਣਿਆਂ ਤੇ ਲਾਲੀਆਂ ਗਲੋ।
ਪੰਜ ਅਤੇ ਸੱਤ ਸਾਲ ਦੇ,
ਮਸੂਮਾਂ ਜ਼ਿਗਰੇ ਨੇ ਵੱਡੇ ਦਿਖਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਮੁਗਲਾਂ ਨੇ ਜੋਰ ਲਾ ਲਿਆ,
ਦਿੱਤੇ ਲਾਲਚ ਤੇ ਸਖਤੀ ਦਿਖਾਈ।
ਡਰੇ ਨਾ ਡਰਾਉਣਾ ਸਿੱਖਿਆ,
ਇਹੋ ਗੁੜਤੀ ਦਾਦੀ ਮਾਂ ਤੋਂ ਪਾਈ।
ਕੀਤਾ ਨਾ ਤਰਸ ਜ਼ਾਲਮਾਂ,
ਨੰਨੇ ਮੁੰਨਿਆਂ ਤੇ ਕਹਿਰ ਕਮਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਜ਼ਾਲਮਾਂ ਨੇ ਮੋਤੀ ਮਹਿਰਾ ਨੂੰ,
ਸੇਵਾ ਬਦਲੇ ਇਹ ਸਜ਼ਾ ਸੁਣਾਈ।
ਕੋਹਲੂ ‘ਚ ਪਰਿਵਾਰ ਪੀੜ ‘ਤਾ,
ਸਿਰ ਦੇ ਕੇ ਇਹ ਸੇਵਾ ਨਿਭਾਈ।
ਧੰਨ ਸੀ ਪਿਆਰ ਸਿੱਖੀ ‘ਨਾ,
ਲਿਆ ਦੁੱਧ ਦੇ ਗੜਵੇ ਛਕਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਸ਼ੇਰ ਖਾਂ ਨਵਾਬ ਬੋਲਿਆ,
ਇਨ੍ਹਾਂ ਬੱਚਿਆਂ ਦਾ ਕਸੂਰ ਨਾ ਕੋਈ।
ਵਜ਼ੀਰ ਖਾਨ ਨੂੰ ਪਾਈਆਂ ਲਾਹਣਤਾਂ,
ਟੱਕਰ ਬਾਪ ‘ਨਾ ਕਿਉਂ ਨਾ ਲੈ ਹੋਈ।
ਜੋ ‘ਕੱਲਾ ‘ਕੱਲਾ ਸਿੰਘ ਗੁਰੂ ਦਾ,
ਸਵਾ ਲੱਖ ਦੇ ਨਾਲ ਲੜਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਠੰਢੇ ਬੁਰਜ਼ ਮਾਤਾ ਗੁਜ਼ਰੀ,
ਇਹਨਾਂ ਜ਼ੁਲਮਾਂ ਨੂੰ ਕਿਵੇਂ ਸਹਾਰੇ।
ਦਾਦੀ ਵੀ ਸ਼ਹੀਦੀ ਪਾ ਗਈ,
ਹੋ ਗਏ ਸ਼ਹੀਦ ਜਦੋਂ ਅੱਖੀਆਂ ਤਾਰੇ।
ਦਾਦਾ ਜੀ ਨੇ ਸੱਚਖੰਡ ਤੋਂ,
ਲੱਖ ਲੱਖ ਸ਼ੁਕਰ ਮਨਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਟੋਡਰ ਮੱਲ ਜਿਹੇ ਗੁਰੂ ਭਗਤਾਂ,
ਅੱਗੇ ਸ਼ਰਧਾ ‘ਨਾ ਸਿਰ ਝੁਕ ਜਾਂਦੇ।
ਤਿੰਨਾਂ ਸਸਕਾਰਾਂ ਵਾਸਤੇ ਥੈਲੇ,
ਧਨ ਭਰ ਉਸ ਲਿਆਂਦੇ।
ਅੱਜ ਤੱਕ ਦੀ ਭੌਂ ਮਹਿੰਗੀ,
ਲੈ ਮੋਹਰਾਂ ਦੇ ਢੇਰ ਵਿਛਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
ਕਿਧਰੇ ਨਾ ਹੋਰ ਮਿਲਦੀ,
ਨਿੱਕੀਆਂ ਉਮਰਾਂ ਦੀ ਕੁਰਬਾਨੀ।
ਭੁੱਲੇ ਨਾ ਭੁਲਾਏ ਭੁੱਲਦੀ,
ਐਸੀ ਮਹਾਨ, ਨਹੀਂ ਕੋਈ ਸਾਨੀ।
ਭਾਣਾ ਮੰਨ ਅਕਾਲ ਪੁਰਖ ਦਾ,
‘ਸੁੱਖ’ ਸ਼ਰਧਾ ‘ਨਾ ਸੀਸ ਝੁਕਾਏ।
ਛੋਟੇ ਸਾਹਿਬਜ਼ਾਦੇ ਦਸ਼ਮ ਪਿਤਾ ਦੇ,
ਖੜ੍ਹ ਨੀਹਾਂ ‘ਚ ਜੈਕਾਰੇ ਲਾਏ।
– ਸੁਲੱਖਣ ਮਹਿਮੀ
+647-786-6329