ਜਰਨੈਲ ਸਿੰਘ
(ਕਿਸ਼ਤ 27ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਕੰਮ ਦੇ ਸਿਲਸਿਲੇ ‘ਚ ਮੈਂ ਮੁਕੇਰੀਆਂ ਲਾਗੇ ਵਗਦੇ ਦਰਿਆ ਬਿਆਸ, ਤਲਵਾੜੇ ਦੇ ਪੌਂਗ ਡੈਮ ਅਤੇ ਢੋਲਬਾਹਾ ਡੈਮ ਦੇ ਪਾਣੀਆਂ ਨੂੰ ਵੇਖਣ-ਨਿਹਾਰਨ ਦਾ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦਾ ਸਾਂ।
ਹਰ ਸੁਸਾਇਟੀ ਦੇ ਪਰਫਾਰਮੇ ਅਤੇ ਰਿਪੋਰਟ ਜਨਰਲ ਮੈਨੇਜਰ ਦੇ ਦਸਤਖਤਾਂ ਬਾਅਦ ਏਪੈੱਕਸ ਬੈਂਕ ਨੂੰ ਭੇਜਣੇ ਹੁੰਦੇ ਸਨ। ਜਨਰਲ ਮੈਨੇਜਰ ਸਾਰਾ ਕੁਝ ਪੜ੍ਹ ਕੇ ਹੀ ਦਸਤਖਤ ਕਰਦਾ ਸੀ। ਫਿਰ ਜਦੋਂ ਉਸ ਨੂੰ ਮੇਰੇ ਕੰਮ ‘ਤੇ ਵਿਸ਼ਵਾਸ ਹੋ ਗਿਆ, ਉਹ ਸਰਸਰੀ ਨਿਗ੍ਹਾ ਮਾਰ ਕੇ ਦਸਤਖਤ ਕਰ ਦੇਂਦਾ।
ਏਪੈੱਕਸ ਬੈਂਕ ਦੇ ਤਿੰਨ ਐਫ.ਈ.ਆਈ ਸਾਰੀਆਂ ਬੈਂਕਾਂ ਤੋਂ ਗਈਆਂ ਪੜਤਾਲਾਂ ਨੂੰ ਨਾਲ਼ ਦੀ ਨਾਲ਼ ਕੰਪਾਈਲ (ਇਕੱਤਰ) ਕਰੀ ਜਾਂਦੇ ਅਤੇ ਹਰ ਪੰਦਰਵਾੜੇ ਬਾਅਦ, ਪੜਤਾਲਾਂ ਦਾ ਸੰਖਪ ਰੂਪ, ਆਪਣੀਆਂ ਟਿੱਪਣੀਆਂ ਸਹਿਤ, ਏਪੈੱਕਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੇਸ਼ ਕਰ ਦੇਂਦੇ। ਐਮ.ਡੀ ਲੋੜ ਅਨੁਸਾਰ ਨਵੀਆਂ ਹਦਾਇਤਾਂ ਵੀ ਜਾਰੀ ਕਰਦਾ ਸੀ।
ਬੈਂਕ ਦੇ ਕਰਮਚਾਰੀਆਂ ਦਾ ਆਚਾਰ-ਵਿਹਾਰ ਏਅਰਫੋਰਸ ਨਾਲ਼ੋਂ ਵੱਖਰੀ ਤਰ੍ਹਾਂ ਦਾ ਸੀ। ਓਥੇ ਦਿਲਾਂ ‘ਚ ਸਫਾਈ ਸੀ। ਇਕ-ਦੂਜੇ ‘ਤੇ ਇਤਬਾਰ ਸੀ। ਏਥੇ ਨਿੱਕੇ-ਨਿੱਕੇ ਲਾਭਾਂ ਖਾਤਰ ਕਰਮਚਾਰੀ ਇਕ-ਦੂਜੇ ਦੇ ਠਿੱਬੀ ਲਾਉਂਦੇ ਸਨ। ਚੁਸਤੀਆਂ-ਚਲਾਕੀਆਂ ਦੀ ਰਾਜਨੀਤੀ ਪ੍ਰਚੱਲਤ ਸੀ।
ਬੈਂਕ ਦੇ ਕਰਮਚਾਰੀ ਮੇਰੇ ਨਾਲ਼ ਗੱਲਬਾਤ ਤਾਂ ‘ਸਰਦਾਰ ਜੀ’ ਕਹਿ ਕੇ ਕਰਦੇ ਸਨ ਪਰ ਉਨ੍ਹਾਂ ਦੇ ਦਿਲਾਂ ਵਿਚ ਈਰਖਾ ਸੀ। ਕੋਆਪ੍ਰੇਟਿਵ ਬੈਂਕਾਂ ਦੀ ਨੌਕਰੀ ਆਮ ਤੌਰ ‘ਤੇ ਕਲਰਕ ਤੋਂ ਸ਼ੁਰੂ ਹੁੰਦੀ ਹੈ। ਜੂਨੀਅਰ ਅਕਾਊਂਟੈਂਟ ਬਣਨ ਲਈ ਕਈ ਸਾਲ ਲੱਗ ਜਾਂਦੇ ਹਨ। ਮੈਂ ਸਿੱਧਾ ਹੀ ਜੂਨੀਅਰ ਅਕਾਊਂਟੈਂਟ ਦਾ ਗਰੇਡ ਲੈ ਕੇ ਆਇਆ ਸਾਂ। ਆਇਆ ਵੀ ਏਪੈੱਕਸ ਬੈਂਕ ਤੋਂ। ਸੋ ਕਰਮਚਾਰੀਆਂ ਲਈ ਮੈਂ ਉੱਪਰੋਂ ਠੋਸਿਆ ਬੰਦਾ ਸਾਂ।ਪਰ ਦੋ ਕਾਰਨਾਂ ਕਰਕੇ ਉਨ੍ਹਾਂ ਦੀ ਈਰਖਾ ਮੇਰਾ ਕੋਈ ਨੁਕਸਾਨ ਨਾ ਕਰ ਸਕੀ। ਪਹਿਲਾ ਇਹ ਕਿ ਮੇਰੇ ਕੰਮ ਦਾ ਸੰਬੰਧ ਬੈਂਕ ਦੇ ਕਿਸੇ ਹੋਰ ਕਰਮਚਾਰੀ ਨਾਲ਼ ਨਹੀਂ, ਸਿੱਧਾ ਜਨਰਲ ਮੈਨੇਜਰ ਤੇ ਏਪੈੱਕਸ ਬੈਂਕ ਨਾਲ਼ ਸੀ।
ਦੂਜਾ ਕਾਰਨ ਸੀ ਅੰਗ੍ਰੇਜ਼ੀ ਪ੍ਰਤੀ ਮੇਰੀ ਸਮਰੱਥਾ। ਬੈਂਕ ਦਾ ਸਾਰਾ ਕੰਮ ਤੇ ਖਤੋ-ਖਿਤਾਬਤ ਅੰਗ੍ਰੇਜ਼ੀ ‘ਚ ਸੀ। ਅੰਗ੍ਰੇਜ਼ੀ ਪੱਖੋਂ ਕਰਮਚਾਰੀਆਂ ਦਾ ਹੱਥ ਤੰਗ ਸੀ। ਵਡੇਰੀ ਉਮਰ ਦਾ ਜਨਰਲ ਮੈਨੇਜਰ ਸ.ਗੁਰਚਰਨ ਸਿੰਘ ਆਪਣੇ ਜ਼ਮਾਨੇ ਦਾ ਬੀ.ਏ ਸੀ। ਉਸਦੀ ਅੰਗ੍ਰੇਜ਼ੀ ‘ਤੇ ਕਮਾਂਡ ਹੈਗੀ ਸੀ। ਡਿਫਾਲਰ ਸੁਸਾਇਟੀਆਂ ਦੀ ਪੜਤਾਲ ਦੇ ਅਹਿਮ ਨੁਕਤਿਆਂ ਨੂੰ ਸਪੱਸ਼ਟ ਤੇ ਬੱਝਵੇਂ ਰੂਪ ‘ਚ ਹਾਈਲਾਈਟ ਕਰਦੀਆਂ ਮੇਰੀਆਂ ਰਿਪੋਰਟਾਂ ਦੀ ਅੰਗ੍ਰਜ਼ੀ ਉਸਨੂੰ ਪ੍ਰਭਾਵਿਤ ਕਰਦੀ ਸੀ। ਮੇਰੇ ਟੂਰ ਪ੍ਰੋਗਰਾਮਾਂ ਦੇ ਟੀ.ਏ, ਡੀ.ਏ ਬਿੱਲ ਉਹ ਖੁਸ਼ ਹੋ ਕੇ ਪਾਸ ਕਰਦਾ ਸੀ। ਉਸਦੇ ਰਿਟਾਇਰ ਹੋਣ ਬਾਅਦ ਸ.ਅਮਰ ਸਿੰਘ ਸਾਡਾ ਨਵਾਂ ਜਨਰਲ ਮੈਨੇਜਰ ਬਣਿਆਂ। ਉਹ ਲੁਧਿਆਣਾ ਕੇਂਦਰੀ ਸਹਿਕਾਰੀ ਬੈਂਕ ਤੋਂ ਬਦਲ ਕੇ ਆਇਆ ਸੀ। ਮੇਰੇ ਕੰਮ ਤੋਂ ਉਹ ਵੀ ਖੁਸ਼ ਸੀ।
ਮੈਂ ਬੈਂਕ-ਸਟਾਫ ਦਾ ਅੰਗ ਬਣਨ ਲਈ ਯਤਨਸ਼ੀਲ ਸਾਂ। ਲੰਚ ਬਰੇਕ ਦੌਰਾਨ ਮੈਂ ਆਪਣੇ ਕਮਰੇ ਵਾਲ਼ਿਆਂ, ਬੰਗੇ ਤੇ ਲਾਲੇ ਨਾਲ਼ ਖਾਣਾ-ਪੀਣਾ ਸ਼ੁਰੂ ਕਰ ਦਿੱਤਾ। ਬੰਗਾ ਅਕਾਊਂਟੈਂਸੀ ‘ਚ ਤਾਂ ਮਾਹਰ ਸੀ ਪਰ ਉਸਦੀ ਅੰਗ੍ਰੇਜ਼ੀ ਠੀਕ-ਠੀਕ ਹੀ ਸੀ। ਰਜਿਸਟਰਾਰ ਤੇ ਏਪੈੱਕਸ ਬੈਂਕ ਦੀਆਂ ਚਿਠੀਆਂ ਦੇ ਜਵਾਬ ਉਹ ਕਾਫੀ ਟਾਈਮ ਲਾ ਕੇ ਲਿਖਦਾ ਸੀ। ਇਸ ਕੰਮ ਵਿਚ ਮੈਂ ਉਸਦੀ ਮੱਦਦ ਕਰਨ ਲੱਗ ਪਿਆ। ਚਿੱਠੀ ਦਾ ਜਿਹੜਾ ਡਰਾਫਟ ਉਹ ਡੇਢ ਘੰਟੇ ‘ਚ ਫਾਈਨਲ ਕਰਦਾ ਸੀ, ਮੈਂ ਉਹ ਅੱਧੇ ਘੰਟੇ ‘ਚ ਕਰ ਦੇਂਦਾ… ਬੰਗਾ ਮੇਰਾ ਆੜੀ ਬਣ ਗਿਆ। ਉਹ ਤੇ ਲਾਲਾ ਦੋਵੇਂ ਸੋਮਰਸ ਦੇ ਸ਼ੌਕੀਨ ਸਨ। ਮੈਨੂੰ ਫੌਜੀ ਕੈਨਟੀਨ ਤੋਂ ਵਿਸਕੀ ਤੇ ਰੰਮ ਮਿਲ਼ ਜਾਂਦੀ ਸੀ। ਬੋਤਲ ਮੈਂ ਲੈ ਆਉਂਦਾ, ਮੀਟ-ਮੁਰਗੇ ਦਾ ਖਰਚਾ ਉਹ ਕਰ ਦੇਂਦੇ।
ਬੈਂਕ ‘ਚ ਆਉਣ ਤੋਂ ਪਹਿਲਾਂ ਮੈਂ, ਇਨਕਮ ਟੈਕਸ ਤੇ ਐਕਸਾਈਜ਼ ਇਨਸਪੈਕਟਰ ਦੀ ਜੌਬ ਵਾਸਤੇ ਟੈਸਟ ਦਿੱਤੇ ਹੋਏ ਸਨ। ਟੈਸਟਾਂ ਵਿਚੋਂ ਪਾਸ ਹੋਣ ‘ਤੇ ਇੰਟਰਵਿਊ ਲਈ ਸੱਦਾ-ਪੱਤਰ ਆ ਗਿਆ। ਇੰਟਰਵਿਊ-ਕਮੇਟੀ ਦਾ ਮੁਖੀ ‘ਸਬੌਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ’ ਦਾ ਚੇਅਰਮੈਨ ਸੀ। ਕੋਈ ਕਾਂਗਰਸੀ ਲੀਡਰ ਸੀ ਉਹ। ਪੰਜ ਮਿੰਟਾਂ ਦੀ ਇੰਟਰਵਿਊ ਵਿਚ ਮੈਥੋਂ ਦੋ ਕੁ ਸਵਾਲ ਏਅਰਫੋਰਸ ਦੀ ਸਰਵਿਸ ਬਾਰੇ ਪੁੱਛੇ ਤੇ ਬੱਸ। ਇੰਟਰਵਿਊ ਤਾਂ ਐਵੇਂ ਰਸਮ ਪੂਰੀ ਕਰਨ ਵਾਲ਼ੀ ਗੱਲ ਸੀ। ਸਿਲੈਕਸ਼ਨ ਕਾਬਲੀਅਤ ਦੇ ਆਧਾਰ ‘ਤੇ ਨਹੀਂ, ਤਕੜੀ ਸਿਫਾਰਿਸ਼ ਜਾਂ ਪੈਸੇ ਰਾਹੀਂ ਹੋਣੀ ਸੀ। ਪੈਸਿਆਂ ਪੱਖੋਂ ਮੈਂ ਊਣਾ ਸਾਂ। ਨੌਕਰੀ ਪੁੱਛ-ਪਰਤੀਤ ਵਾਲ਼ੀ ਹੋਣ ਕਰਕੇ ਮਨ ‘ਚ ਲਾਲਸਾ ਉੱਭਰੀ ਸੀ ਕਿ ਕੋਈ ਸਿਫਾਰਿਸ਼ ਲੱਭਾਂ। ਪਰ ਜਦੋਂ ਸਹਿਜ ਰਉਂ ‘ਚ ਸੋਚਿਆ ਤਾਂ ਅੰਦਰੋਂ ਆਵਾਜ਼ ਆਈ, ‘ਬੰਦਿਆ! ਸਰਕਾਰੀ ਖਜ਼ਾਨੇ ‘ਚ ਜਾਣ ਵਾਲ਼ੇ ਟੈਕਸਾਂ ਵਿੱਚੋਂ ਆਪਣੀਆਂ ਤੇ ਉੱਪਰਲਿਆਂ ਦੀਆਂ ਜ਼ੇਬਾਂ ਤਰ ਕਰਨ ਦੀਆਂ ਜੁਗਤਾਂ ਅਤੇ ਚਲਾਕੀਆਂ ਤੈਥੋਂ ਖੇਡੀਆਂ ਨਹੀਂ ਜਾਣੀਆਂ।’
ਕਮਰਸ਼ੀਅਲ ਬੈਂਕਾਂ ਦੀ ਜੌਬ ਵਾਸਤੇ ਵੀ ਅਪਲਾਈ ਕੀਤਾ ਹੋਇਆ ਸੀ। ਟੈਸਟ ਵਾਸਤੇ ਸੈਂਟਰ ਅਤੇ ਰੋਲ਼-ਨੰਬਰ ਵਗੈਰਾ ਆ ਗਏ ਸਨ। ਪਰ ਮੈਂ ਆਪਣੀ ਮੌਜੂਦਾ ਨੌਕਰੀ ‘ਚ ਸੰਤੁਸ਼ਟ ਸਾਂ। ਉਨ੍ਹਾਂ ਬੈਂਕਾਂ ਦੇ ਤਨਖਾਹ-ਗਰੇਡ ਤਾਂ ਕੋਆਪ੍ਰੇਟਿਵ ਬੈਂਕਾਂ ਨਾਲ਼ੋਂ ਜ਼ਿਆਦਾ ਸਨ ਪਰ ਨੌਕਰੀ ਕਲਰਕ ਤੋਂ ਸ਼ੁਰੂ ਹੋਣੀ ਸੀ। ਆਪਣੀ ਮੌਜੂਦਾ ਨੌਕਰੀ ‘ਚ ਮੈਂ ਉਨ੍ਹਾਂ ਦੇ ਕਲਰਕ ਤੋਂ ਵੱਧ ਲੈ ਰਿਹਾ ਸਾਂ। ਮੇਰਾ ਇਹ ਕੰਮ ਵੀ ਮੇਰੀ ਰੁਚੀ ਦੇ ਅਨੁਕੂਲ ਸੀਂ ਡੈਬਿਟ, ਕਰੈਡਿਟ, ਵਾਊਚਰਾਂ, ਲੈਜਰਾਂ ਯਾਅਨੀ ਹਿੰਦਸਿਆਂ ਨਾਲ਼ ਮੱਥਾ ਮਾਰਨ ਨਾਲ਼ੋਂ ਲਿਖਤ-ਪੜ੍ਹਤ ਵਾਲ਼ਾ ਕੰਮ ਮੈਨੂੰ ਵਧੇਰੇ ਪਸੰਦ ਸੀ। ਤੇ ਮੇਰੇ ਕੰਮ ਦੀ ਕਦਰ ਵੀ ਪੈ ਰਹੀ ਸੀ।
1978 ‘ਚ ਉਸ ਸਮੇਂ ਦੀ ਅਕਾਲੀ ਸਰਕਾਰ ਨੇ ‘ਸਰਬਪੱਖੀ ਪੇਂਡੂ ਵਿਕਾਸ ਸਕੀਮ’ ਅਧੀਨ ਪੰਜਾਬ ਦੇ ਕੁਝ ਚੋਣਵੇਂ ਪਿੰਡਾਂ ਨੂੰ ‘ਫੋਕਲ ਪੁਆਂਇੰਟ’ ਬਣਾਉਣ ਦਾ ਐਲਾਨ ਕਰ ਦਿੱਤਾ। ਹਰ ‘ਫੋਕਲ ਪੁਆਂਇੰਟ’ ‘ਤੇ ਅਨਾਜ- ਮੰਡੀ, ਕੋਆਪ੍ਰੇਟਿਵ ਬੈਂਕ ਦੀ ਬਰਾਂਚ, ਡਿਸਪੈਂਸਰੀ ਤੇ ਖੇਤੀਬਾੜੀ ਇਨਸਪੈਕਟਰ ਦਾ ਦਫ਼ਤਰ ਖੋਲ੍ਹੇ ਜਾਣੇ ਸਨ। ਰਜਿਸਟਰਾਰ ਨੇ ਕੇਂਦਰੀ ਬੈਂਕਾਂ ਨੂੰ, ਫੋਕਲ ਪੁਆਂਇੰਟ ਪਿੰਡਾਂ ‘ਚ ਕੋਈ ਢੁੱਕਵੀਂ ਥਾਂ ਦੇਖ ਕੇ, ਬਰਾਂਚਾਂ ਖੋਲ੍ਹਣ ਦੇ ਆਦੇਸ਼ ਦੇ ਦਿੱਤੇ। ਇਸ ਸਕੀਮ ਅਨੁਸਾਰ ਪੰਜਾਬ ਦੀਆਂ ਕੋਆਪ੍ਰੇਟਿਵ ਬੈਂਕਾਂ ਦਾ ਪਾਸਾਰ ਤਾਂ ਹੋ ਗਿਆ ਪਰ ਕਈ ਨਵੀਆਂ ਬਰਾਂਚਾਂ ਆਪਣੇ ਖਰਚੇ ਚੁੱਕਣ ਤੋਂ ਅਸਮਰਥ ਸਨ, ਜਿਸਦਾ ਅਸਰ ਕੇਂਦਰੀ ਬੈਂਕਾਂ ਦੇ ਮੁਨਾਫੇ ‘ਤੇ ਪਿਆ।
‘ਸਰਬਪੱਖੀ ਪੇਂਡੂ ਵਿਕਾਸ ਸਕੀਮ’ ਸੀ ਤਾਂ ਵਧੀਆ ਪਰ ਆਮ ਸਰਕਾਰੀ ਸਕੀਮਾਂ ਵਾਂਗ, ਇਸ ਸਕੀਮ ‘ਤੇ ਵੀ ਸਰਕਾਰ ਨੇ ਪੂਰੀ ਤਰ੍ਹਾਂ ਪਹਿਰਾ ਨਾ ਦਿੱਤਾ। ਸਿੱਟੇ ਵਜੋਂ ਸਕੀਮ ਪੂਰਨ ਤੋਰ ‘ਤੇ ਸਿਰੇ ਨਾ ਚੜ੍ਹ ਸਕੀ।
ਬੈਂਕ ਦੀ ਨੌਕਰੀ ਦਾ ਚੈਨ-ਸੁੱਖ ਵਾਲ਼ਾ ਉਹ ਸਮਾਂ ਪੜ੍ਹਨ-ਲਿਖਣ ਲਈ ਸਾਜ਼ਗਾਰ ਸੀ। ਹੁਸ਼ਿਆਰਪੁਰ ਦੀ ਜ਼ਿਲ੍ਹਾ ਲਾਇਬਰੇਰੀ ਵਿਚ ਸਾਹਿਤਕ ਪੁਸਤਕਾਂ ਕਾਫ਼ੀ ਸਨ। ਮੈਂ ਸੰਤ ਸਿੰਘ ਸੇਖੋਂ ਤੋਂ ਲੈ ਕੇ ਆਪਣੇ ਸਮਕਾਲੀ ਕਹਾਣੀਕਾਰਾਂ ਤੱਕ ਕਾਫੀ ਕਥਾ ਸੰਗ੍ਰਹਿ ਪੜ੍ਹ ਲਏ ਸਨ। ਪੜ੍ਹਨ ਦੇ ਨਾਲ਼-ਨਾਲ਼ ਲਿਖਦਾ ਵੀ ਸਾਂ। ਏਅਰਫੋਰਸ ਦੀ ਸਰਵਿਸ ਦੌਰਾਨ ਕੁਝ ਵਿਸ਼ੇਸ਼ ਘਟਨਾਵਾਂ ਮਨ ‘ਚ ਵਸੀਆਂ ਹੋਈਆਂ ਸਨ। ਹੁਣ ਕਾਰਜਸ਼ੀਲ ਹੋਈ ਰਚਨਾਤਮਿਕਤਾ ਨੇ ਉਨ੍ਹਾਂ ਘਟਨਾਵਾਂ ਨੂੰ ਕਹਾਣੀਆਂ ਦਾ ਆਧਾਰ ਬਣਾ ਲਿਆ। ਕਹਾਣੀ ‘ਮੈਨੂੰ ਕੀ’: ਇਸ ਕਹਾਣੀ ਦਾ ਲੋਕੇਲ ਆਸਾਮ ਹੈ। ਓਥੋਂ ਦੇ ਚਾਹ-ਬਾਗਾਂ ਵਿਚ ਸੈਰ ਕਰਦਿਆਂ ਮੈਂ ਦੇਖਦਾ ਹੁੰਦਾ ਸੀ ਕਿ ਚਾਹ-ਬਾਗਾਂ ਦੇ ਅਰਬਾਂ ਪਤੀ ਮਾਲਕ ਮਜ਼ਦੂਰਾਂ-ਮਜ਼ਦੂਰਨਾਂ ਦੀ ਸਖਤ ਮਿਹਨਤ ਦਾ ਸਹੀ ਮੁੱਲ ਨਹੀਂ ਸੀ ਪਾਉਂਦੇ। ਕਹਾਣੀ ਦੇ ਦ੍ਰਿਸ਼ ਵਿਚ ਮਜ਼ਦੂਰਨਾਂ ਚਾਹ ਦੇ ਪੌਦਿਆਂ ਤੋਂ ਪੱਤੀਆਂ ਤੋੜ-ਤੋੜ ਇਕ ਥਾਂ ‘ਤੇ ਢੇਰ ਲਾ ਰਹੀਆਂ ਹਨ। ਉਨ੍ਹਾਂ ਦੇ ਛੋਟੇ-ਛੋਟੇ ਨਿਆਣੇ, ਪਾਟੇ-ਪੁਰਾਣੇ ਕੱਪੜਿਆਂ ਵਿਚ, ਪੱਤੀਆਂ ਦੇ ਢੇਰ ਦੀ ਮਾਮੂਲੀ ਜਿਹੀ ਛਾਂ ‘ਚ ਖੇਲ਼ ਰਹੇ ਹਨ, ਖੇਲ਼ ਕੀ ਰੁਲ਼ ਰਹੇ ਹਨ। ਚਾਹ-ਬਾਗਾਂ ਦਾ ਮਾਲਕ ਬਾਗਾਂ ਵਿਚ ਬਣੀ ਪਟੜੀ ‘ਤੇ ਆਪਣਾ ਜਹਾਜ਼ ਉਤਾਰ ਰਿਹਾ ਹੈ। ਬਾਗਾਂ ਦੇ ਨਾਲ਼ ਵਾਲ਼ੀ ਸੜਕ ‘ਤੇ ਜਾ ਰਿਹਾ ਇਕ ਮੋਟਰ ਸਾਈਕਲ ਸਵਾਰ (ਕਹਾਣੀ ਦਾ ਮੁੱਖ ਪਾਤਰ) ਹਰਿਆਵਲ ਦਾ ਨਜ਼ਾਰਾ ਮਾਣਨ ਲਈ ਰੁਕ ਜਾਂਦਾ ਹੈ। ਮਜ਼ਦੂਰਨਾਂ ਦੇ ਰੁਲ਼ ਰਹੇ ਨਿਆਣਿਆਂ ਵੱਲ ਵੇਖਦਿਆਂ ਉਸ ਅੰਦਰ ਹਮਦਰਦੀ ਉੱਭਰਦੀ ਹੈ ਪਰ ਸਿਰਫ਼ ਇਕ ਪਲ ਲਈ ਹੀ। ਦੂਜੇ ਹੀ ਪਲ ‘ਮੈਨੂੰ ਕੀ’ ਦੀ ਭਾਵਨਾ ਹੇਠ ਉਸਦੀ ਨਿਗ੍ਹਾ ਦੂਜੇ ਪਾਸੇ ਘੁੰਮ ਜਾਂਦੀ ਹੈ।
ਕਹਾਣੀ ਵਿਚ ਅਮੀਰ-ਗਰੀਬ ਦੇ ਪਾੜੇ ਦੇ ਨਾਲ਼-ਨਾਲ਼ ਮੱਧ ਵਰਗੀ ਲੋਕਾਂ ਦੇ ਗਰੀਬੀ ਪ੍ਰਤੀ ‘ਮੈਨੂੰ ਕੀ’ ਦੇ ਰਵਈਏ ‘ਤੇ ਵੀ ਚੋਟ ਕੀਤੀ ਹੈ।
ਕਹਾਣੀ ਹੱਕ: ਇਸ ਕਹਾਣੀ ਦਾ ਲੋਕੇਲ ਕਾਨਪੁਰ ਹੈ। ਓਥੇ ਮਛੇਰਿਆਂ ਵੱਲੋਂ, ਗੰਗਾ ਦਰਿਆ ਵਿਚੋਂ ਫੜੀ ਪੰਜ-ਛੇ ਕੁਇੰਟਲ ਦੀ ਮੱਛੀ ਵੇਖੀ ਸੀ। ਕਹਾਣੀ ਦੇ ਬੀਜ-ਰੂਪ ਵਜੋਂ ਉਸ ਘਟਨਾ ਦੇ ਕੁਝ ਅੰਸ਼ ਮੈਂ ਆਗਰਾ ਵਾਲ਼ੇ ਚੈਪਟਰ ਵਿਚ ਲਿਖ ਆਇਆ ਹਾਂ। ਕਲਪਨਾ ਰਾਹੀਂ ਉਸਾਰੇ ਕਹਾਣੀ ਦੇ ਅਗਲੇ ਹਿੱਸੇ ਵਿਚ, ਸ਼ਿਕਾਰ ਖੇਡ ਰਿਹਾ ਇਕ ਉੱਚ ਪੁਲਿਸ ਅਧਿਕਾਰੀ ਉਸ ਸਥਾਨ ‘ਤੇ ਆ ਧਮਕਦੈ। ਭੋਲ਼ੇ-ਭਾਲ਼ੇ ਮਛੇਰਿਆਂ ਨਾਲ਼ ਚਾਲ ਖੇਡ ਕੇ ਉਹ ਮੱਛੀ ਨੂੰ ਸ਼ਹਿਰ ‘ਚ ਚੱਲ ਰਹੀ ਨੁਮਾਇਸ਼ ‘ਚ ਲੈ ਜਾਂਦਾ ਹੈ ਅਤੇ ਨੁਮਾਇਸ਼ ਦੇ ਪ੍ਰਬੰਧਕਾਂ ਕੋਲੋਂ ਇਨਾਮ ਬਟੋਰ ਲੈਂਦਾ ਹੈਂ ਅਖੇ ਮੈਂ ਵੱਡੀਆਂ ਮੱਛੀਆਂ ਦਾ ਰਾਈਫਲ ਨਾਲ਼ ਸ਼ਿਕਾਰ ਕਰਦਾ ਹਾਂ, ਇਹ ਮੱਛੀ ਮੈਂ ਮਾਰੀ ਹੈ। ਉਹ ਮੱਛੀ ਦੇ ਪਿੰਜਰ ਨੂੰ ਸ਼ਹਿਰ ਦੇ ਅਜਾਇਬ ਘਰ ਵਿਚ ਲਿਜਾਣ ਦੀਆਂ ਸਕੀਮਾਂ ਵੀ ਲਾ ਰਿਹਾ ਹੈ। ਕਹਾਣੀ ਦਾ ਥੀਮ ‘ਵੱਡੀ ਮੱਛੀ, ਛੋਟੀ ਮੱਛੀ’ ਹੈ।
ਕਹਾਣੀ ‘ਸੁਆਹ ਦੀ ਢੇਰੀ’: ਇਸ ਕਹਾਣੀ ਦਾ ਸੰਬੰਧ ਉੱਤਰਲਾਏ ‘ਚ ਵਾਪਰੀ ਘਟਨਾ ਨਾਲ਼ ਹੈ। 1971 ਦੀ ਭਾਰਤ-ਪਾਕਿ ਜੰਗ’ਚ ਸਾਡੇ ਤਕਨੀਸ਼ਨ ਸਾਥੀ ਪਵਨ ਸ਼ਰਮਾ ਦੀ ਮੌਤ ਹੋ ਗਈ ਸੀ। ਉਹ ਦਰਦਨਾਕ ਘਟਨਾ ਮੈਂ ਜੋਧਪੁਰ ਵਾਲ਼ੇ ਚੈਪਟਰ ਵਿਚ ਬਿਆਨ ਕੀਤੀ ਹੋਈ ਏ। ਇਸ ਕਹਾਣੀ ਵਿਚ ਮੈਂ ਫੌਜੀ ਦੀ ਅੱਧਵਾਟਿਓਂ ਮੁੱਕੀ ਜ਼ਿੰਦਗੀ ਦੇ ਦੁੱਖ-ਸੰਤਾਪ ਅਤੇ ਉਸਦੇ ਪਰਿਵਾਰ ਵਿਚ ਪਏ ਹਨ੍ਹੇਰੇ ਨੂੰ ਪੇਸ਼ ਕੀਤਾ ਹੈ।
(ਚਲਦਾ)