Breaking News
Home / ਮੁੱਖ ਲੇਖ / ਸਮਾਜਿਕ ਵਿਤਕਰਿਆਂ ਨਾਲ ਵਿੰਨਿਆਂ ਭਾਰਤੀ ਸਮਾਜ

ਸਮਾਜਿਕ ਵਿਤਕਰਿਆਂ ਨਾਲ ਵਿੰਨਿਆਂ ਭਾਰਤੀ ਸਮਾਜ

ਰਾਜਿੰਦਰ ਕੌਰ ਚੋਹਕਾ
ਭਾਵੇਂ! ਅਸੀਂ 21ਵੀਂ ਸਦੀ ‘ਚ ਵਿਚਰਨ ਦੀਆਂ ਡੀਗਾਂ ਮਾਰ ਰਹੇ ਹਾਂ, ਪ੍ਰਤੂੰ ਅਜੇ ਤੱਕ ਵੀ ਅਨਪੜ੍ਹਤਾ, ਗਰੀਬੀ-ਗੁਰਬਤ ਅਤੇ ਪੱਛੜਾਪਣ ਸਾਡਾ ਪਿੱਛਾ ਨਹੀਂ ਛੱਡ ਰਿਹਾ ਹੈ। ਸਾਡੇ ਦੇਸ਼ ਦੀ ਅੱਧੀ ਅਬਾਦੀ ਤੋਂ ਵੱਧ ਲੋਕ ਗਰੀਬੀ-ਅਮੀਰੀ ਦੇ ਪਾੜੇ ਨੂੰ ਕਿਸਮਤ ਨਾਲ ਜੋੜ ਕੇ ਹੀ ਦੇਖ ਰਹੇ ਹਨ। ਸਮੁਚੇ ਦੇਸ਼ ਭਰ ਵਿੱਚ ਅੱਜ ਵੀ ਜਾਤਾਂ, ਪਾਤਾਂ ਦੇ ਅਧਾਰ ‘ਤੇ ਸਮਾਜ ਅੰਦਰ ਵਿਤਕਰਾ ਘਟਣ ਦੀ ਵਜਾਏ ਵੱਧ ਰਿਹਾ ਹੈ। ਪੱਛੜੇ ਜਾਂ ਛੋਟੀਆਂ ਜਾਤਾਂ ਵਿੱਚ ਪੈਦਾ ਹੋਣ ਵਾਲੇ ਲੋਕਾਂ ਅਤੇ ਉੱਚੀ ਜਾਤ ਵਿੱਚ ਪੈਦਾ ਹੋਏ ਲੋਕਾਂ ਵਿਚਕਾਰ ‘ਜਾਤ-ਪਾਤ, ਬਰਾਦਰੀਬਾਦ’ ਦੀ ਡੂੰਘੀ ਖਾਈ ਦਿਨੋ-ਦਿਨ ਵਧਦੀ ਜਾ ਰਹੀ ਹੈ। ਭਾਵੇਂ ਇਸ ਊੱਚ-ਨੀਚ, ਛੂਆ-ਛਾਤ, ਗਰੀਬੀ-ਗੁਰਬਤ ਨੂੰ ਖੱਤਮ ਕਰਨ ਲਈ ਸਦੀਆਂ ਤੋਂ ਅੰਦੋਲਨ ਵੀ ਹੋਏ ਅਤੇ ਲਹਿਰਾਂ ਵੀ ਚਲੀਆਂ ਹਨ। ਪਰ ਅਜੇ ਤੱਕ ਵੀ ਇਸ ਖਾਈ ਨੂੰ ਪੂਰਿਆ ਨਹੀਂ ਜਾ ਸਕਿਆ ਹੈ।
ਸਾਡਾ ਦੇਸ਼ ਬਹੁ-ਕੌਮੀ, ਬਹੁ-ਭਾਸ਼ਾਈ, ਜਨਜਾਤੀਆਂ, ਆਦਿਵਾਸੀਆਂ, ਦਲਿਤਾਂ ਤੇ ਹੋਰ ਅਨੇਕਾਂ ਧਰਮਾਂ-ਜਾਤਾਂ-ਪਾਤਾਂ, ਖਿੱਤਿਆਂ ਦੇ ਵਿੱਚ ਵੰਡਿਆ ਹੋਇਆ ਬਹੁਲਤਾਵਾਦੀ ਦੇਸ਼ ਹੈ। ਇੱਕ ਰਿਪੋਰਟ ਮੁਤਾਬਿਕ ਦੁਨੀਆਂ ਭਰ ਵਿਚੋ ਇਨ੍ਹਾਂ ਸਮਾਜਿਕ ਵਿਤਕਰਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਵਿਚ ਭਾਰਤ ਦਾ ਨਾਂ ਪਹਿਲੇ ਨੰਬਰਾਂ ‘ਤੇ ਆਉਂਦਾ ਹੈ। 2014 ਤੋਂ ਬਾਅਦ ਸਮਾਜਿਕ ਵਿਤਕਰੇ, ਜਾਤਾਂ ਦੇ ਨਾਂ ‘ਤੇ ਅਤੇ ਧਰਮਾਂ ਦੇ ਵਿਚਕਾਰ ਹੋ ਰਹੇ ਝਗੜਿਆਂ ਤੇ ਫਸਾਦਾਂ ਨੇ ਮਨੁੱਖਤਾ ਦੇ ਹੋ ਰਹੇ ਘਾਣ ਨੂੰ ਖਤਮ ਕਰਨ ਦੀ ਵਜਾਏ ਇਸ ਵਿਚ ਤੇਜ਼ੀ ਨਾਲ ਹੋਰ ਵਾਧਾ ਹੀ ਕੀਤਾ ਹੈ। ‘ਸੰਯੁਕਤ-ਰਾਸ਼ਟਰ’ ਦੀ ਇਕ ਰਿਪੋਰਟ ਮੁਤਾਬਿਕ 26 ਕਰੋੜ ਤੋਂ ਵੱਧ ਲੋਕ ਅਲੱਗ-ਅਲੱਗ ਕਾਰਨਾਂ ਕਰਕੇ ਸਮਾਜਿਕ ਵਿਤਕਿਰਿਆਂ ਦੇ ਸ਼ਿਕਾਰ ਹਨ। ਜਿਸ ਦਾ ਕਾਰਨ ਜਾਤੀ, ਭੇਦ-ਭਾਵ, ਛੂਆ-ਛਾਤ ਤੇ ਊੱਚ-ਨੀਚ, ਭਾਵ ਬ੍ਰਾਹਮਣਵਾਦ, ਕਸ਼ਤਰੀ ਵੈਸ਼ ਤੇ ਸ਼ੂਦਰਾਂ ਦੇ ਵਿਚਕਾਰ ਖਾਈ ਘੱਟਣ ਵਜਾਏ ਵਧਦੀ ਹੀ ਜਾ ਰਹੀ ਹੈ। ਭਾਰਤ ਵਿੱਚ ਜਾਤੀ, ਭੇਦ-ਭਾਵ ਦੀ ‘ਜ਼ਹਿਰ’ ਪੁਰਾਣੀ ਚਲੀ ਆ ਰਹੀ ਹੈ। ਪਰ ਅਫਸੋਸ ਹੈ ਕਿ ਸਾਡਾ ਸਮਾਜ ਅਜੇ ਤੱਕ ਵੀ ਇਸ ‘ਜਾਤੀ-ਪ੍ਰਥਾ’ ਤੋਂ ਮੁਕਤ ਨਹੀਂ ਹੋ ਸਕਿਆ ਹੈ। ਭਾਵੇ, ਇਸ ਜਾਤੀ, ਭੇਦ-ਭਾਵ, ਛੂਆ-ਛਾਤ, ਨੀਵੀਆਂ ਤੇ ਸਵਰਨ ਜਾਤੀਆਂ ਦੀ ਖਾਈ ਨੂੰ ਖਤਮ ਕਰਨ ਲਈ ਸਮੇਂ-ਸਮੇਂ ‘ਤੇ ਬਹੁਤ ਸਾਰੇ ਅੰਦੋਲਨ ਵੀ ਹੋਏ ਤੇ ਲੋਕਾਂ ਨੂੰ ਜਾਗਰਿਤ ਕਰਨ ਲਈ ਕਈ ਲਹਿਰਾਂ ਵੀ ਚਲੀਆਂ। ਪਰ ਦੇਸ਼ ਭਰ ਵਿੱਚ ਇਸ ਜਾਤ-ਪਾਤ ਦੀ ਗੈਰ ਬਰਾਬਰੀ ਦੀਆਂ ਜੜ੍ਹਾਂ ਏਨੀਆਂ ਮਜ਼ਬੂਤ ਹਨ ਕਿ ਉਨ੍ਹਾਂ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ ਹੈ। ਕਿਉਂਕਿ ਇਹ ਜਾਤ-ਪਾਤ ਦੇਸ਼ ਦੀ ਰਾਜ ਸਤਾ ਦਾ ਅੰਗ ਹੋਣ ਕਰਕੇ ਦਿਨੋ-ਦਿਨ ਵੱਧ ਫੁੱਲ ਰਿਹਾ ਹੈ।
ਇਸ ਜਾਤੀ ਪਾਤੀ ਸਮਾਜਿਕ ਵਿਤਕਰੇ ਦੇ ਵਿਰੁੱਧ ਭਾਵੇਂ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵੀ ਪ੍ਰੈਸ ਅਤੇ ਮੀਡੀਆ ਵਲੋਂ ਵੀ ਸਮੇਂ-ਸਮੇਂ ਤੇ ਛਪੇ ਲੇਖ, ਜਾਗਰੂਕਤਾ ਸਮੱਗਰੀ ਰਾਹੀਂ ਵੀ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਸਫਲਤਾ ਨਹੀਂ ਮਿਲ ਸਕੀ। ਦੇਸ਼ ਭਰ ਵਿੱਚ ਭਾਵੇਂ ਦਰਜਨ ਤੋਂ ਵੱਧ ਕਾਨੂੰਨ ਵੀ ਬਣੇ ਹੋਏ ਹਨ ਕਿ ਜਾਤ, ਧਰਮ ਕਾਰਨ ਕਿਸੇ ਵੀ ਫਿਰਕੇ ਦੇ ਵਿਰੁੱਧ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਵੇਗਾ? ਪਰ ਇਸ ‘ਤੇ ਨਾ ਤਾਂ ਅਮਲ ਹੋ ਰਿਹਾ ਹੈ ਤੇ ਨਾ ਹੀ ਆਰੋਪੀਆਂ ਨੂੰ ਇਨ੍ਹਾਂ ਕਾਨੂੰਨਾਂ ਤਹਿਤ ਕੋਈ ਸਜ਼ਾ ਹੀ ਦਿੱਤੀ ਜਾ ਰਹੀ ਹੈ ? ਸਗੋਂ ਤੇ ਜਾਤ-ਪਾਤ ਦੀ ਆਸਥਾ ਨੂੰ ਰਾਜ ਸਤਾ ਤੇ ਕਾਬਜ਼ ਹਾਕਮਾਂ ਨੇ ਵੀ ਖਤਮ ਕਰਨ ਦੀ ਥਾਂ ਵੋਟ-ਰਾਜਨੀਤੀ ਲਈ ਉਤਸ਼ਾਹਿਤ ਹੀ ਕੀਤਾ ਹੈ। ਪਿੰਡਾਂ ਦੀਆਂ ਪੰਚਾਇਤਾਂ, ਨਗਰ ਕਮੇਟੀ, ਨਗਰ ਕਾਰਪੋਰੇਸ਼ਨ, ਵਿਧਾਨ ਸਭਾਵਾਂ ਤੇ ਸੰਸਦ ਵਿੱਚ ਵੀ ਜਾਤ-ਪਾਤ ਦੀ ਆੜ ਹੇਠ ਅੱਜ ਵੀ ਸ਼ੋਸ਼ਤ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਵੀ ਰਿਜ਼ਰਵੇਸ਼ਨ ਦੇ ਕੋਟੇ ਵਿੱਚ ਪਾ ਕੇ ਇਸ ਖਾਈ ਨੂੰ ਹੋਰ ਡੂੰਘੀ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਵੱਖ-ਵੱਖ ਜਾਤਾਂ ਦੇ ਗੁਰਦੁਆਰੇ, ਧਰਮਸ਼ਾਲਾ, ਇਥੋਂ ਤੱਕ ਕਿ ਉਨ੍ਹਾਂ ਦੇ ਮੁਰਦਾ ਸਰੀਰ ਨੂੰ ਜਲਾਉਣ ਲਈ ਬਣੇ ‘ਸਿਵੇ’ (ਸੰਸਕਾਰ ਸਥਾਨ) ਵੀ ਅਲੱਗ-ਅਲੱਗ ਬਣਾਏ ਗਏ ਹਨ। ਅਜੇ ਤੱਕ ਵੀ ਦੂਰ-ਦੁਰੇਡੇ ਇਲਾਕਿਆਂ ਵਿੱਚ ਵਸਦੇ ਲੋਕਾਂ ਨੂੰ ਪਾਣੀ ਖੂਹਾਂ ਤੋਂ ਹੀ ਲੈਣ ਜਾਣਾ ਪੈਂਦਾ ਹੈ। ਖੂਹ ਵੀ ਜਾਤ-ਪਾਤ ਅਤੇ ਬਰਾਦਰੀ ਦੇ ਨਾ ‘ਤੇ ਹੀ ਬਣੇ ਹੋਏ ਹਨ, ਧਰਮਸ਼ਾਲਾ ਪਿੰਡਾਂ ਵਿੱਚ ਪਛੜੇ ਵਰਗ ਦੇ ਲੋਕਾਂ ਲਈ ਬਣਾਈਆਂ, ਵੱਖਰੀਆਂ ਕਲੋਨੀਆਂ ਵੀ ਪਾੜੇ ਪੈਦਾ ਕਰ ਰਹੀਆਂ ਹਨ। ਗੱਲ ਕੀ ਸਰਕਾਰ ਆਪ ਵੀ ਇਸ ਖਾਈ ਨੂੰ ਖਤੱਮ ਕਰਨ ਦੀ ਜਗ੍ਹਾ ਡੂੰਘੀ ਕਰ ਰਹੀ ਹੈ। ਦੇਸ਼ ਭਰ ਵਿੱਚ ਪਿੰਡਾਂ ਵਿੱਚ ਦਲਿਤਾਂ ਤੇ ਪਛੜੇ ਵਰਗ ਦੀਆਂ ਜਾਤਾਂ ਦੇ ਰਹਿ ਰਹੇ ਲੋਕਾਂ ਨਾਲ ਸਵਰਨ ਜਾਤਾਂ ਵਾਲੇ ਲੋਕ ਇਕ ”ਮਨੁੱਖੀ ਭਾਈਚਾਰੇ” ਵਜੋਂ ਨਹੀਂ ਸਗੋਂ ਇਕ ”ਸ਼ੂਦਰ” ਵਜੋਂ ਉਨਾਂ ਨਾਲ ਵਿਵਹਾਰ ਕਰ ਰਹੇ ਹਨ। ਸਰਕਾਰਾਂ ਵੱਲੋਂ ਇਨ੍ਹਾਂ ਵਿਤਕਿਰਿਆਂ ਨੂੰ ਖਤਮ ਕਰਾਉਣ ਲਈ ਵੀ ਕੋਈ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਹੈ।
ਦੇਸ਼ ਭਰ ਵਿੱਚ ਖਾਸ ਕਰਕੇ ਯੂ.ਪੀ., ਮੱਧ ਪ੍ਰਦੇਸ਼ ਜਿਥੇ ਬੀ.ਜੇ.ਪੀ. ਦੀਆਂ ਸਰਕਾਰਾਂ ਹਨ, ਨੀਵੀਆਂ ਜਾਤਾਂ ਦੀਆਂ ਲੜਕੀਆਂ ਨਾਲ ਛੇੜ-ਛਾੜ, ਉਧਾਲਾ, ਯੌਨ ਸ਼ੋਸ਼ਣ, ਕੁੱਟ-ਮਾਰ, ਗਰੀਬ ਜਾਂ ਦੱਲਿਤ ਪਰਿਵਾਰਾਂ ਨਾਲ ਅਣ-ਵਿਵਹਾਰਕ ਵਿਵਹਾਰ ਦੀਆਂ ਸ਼ਿਕਾਇਤਾਂ ਪੁਲਿਸ ਕੋਲ ਕਰਨ ਦੇ ਬਾਵਜੂਦ ਵੀ ਪੁਲਿਸ ਦਾ ਪੱਖਪਾਤੀ ਰਵੱਈਆ ਵੀ ਉੱਚ ਜਾਤੀ ਦੇ ਹੱਕ ਵਿਚ ਹੀ ਭੁਗਤਦਾ ਹੈ। ਦੇਸ਼ ਭਰ ਵਿੱਚ ਅਖਵਾਰਾਂ, ਟੈਲੀਵੀਜ਼ਨ ਤੇ ਚੈਨਲਾਂ ਤੇ ਦਲਿਤ, ਕਬਾਇਲੀ ਤੇ ਪਛੜੇ-ਵਰਗ ਦੇ ਲੋਕਾਂ ਨਾਲ ਹੋ ਰਹੇ ਸਮਾਜਿਕ ਵਿਤਕਿਰਿਆਂ ਨੂੰ ਦੇਖਿਆ ਜਾ ਸਕਦਾ ਹੈ। ਛੂਆ-ਛਾਤ, ਛੋਟੀਆਂ ਜਾਤਾਂ, ਬਰਾਦਰੀਆਂ ਤੇ ਦਲਿਤ ਪਰਿਵਾਰਾਂ ਨਾਲ ਹੋ ਰਹੇ ਵਿਤਕਰੇ ਤੇ ਅਣਮਨੁੱਖੀ ਘਟਨਾਵਾਂ ਵਾਲੇ ਤਸੀਹਿਆਂ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ। ਸਮੇਂ-ਸਮੇਂ ‘ਤੇ ਇਨ੍ਹਾਂ ਖਿਲਾਫ ਭਗਤੀ ਲਹਿਰ ਵੇਲੇ ਸੰਤਾਂ, ਗੁਰੂਆਂ ਫਕੀਰਾਂ ਨੇ ਆਵਾਜ ਉਠਾਈ। ਕੌਮੀ ਅੰਦੋਲਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਜਾਤ-ਪਾਤ ਵਿਰੁੱਧ ਡਾ: ਭੀਮ ਰਾਓ ਅੰਬੇਦਕਰ, ਸਵਿਤਰੀ ਬਾਈ ਫੂਲੇ, ਜੋਤਿਬਾ ਫੂਲੇ, ਕੈਪਟਨ ਲਕਛਮੀ ਸਹਿਗਲ ਆਦਿ ਬਹੁਤ ਸਾਰੇ ਹੋਰ ਵਿਦਵਾਨਾਂ, ਸਿਧਾਂਤਕਾਰਾਂ ਤੇ ਯੁੱਗ ਪਲਟਾਊ ਬੁੱਧੀਜੀਵੀਆਂ ਨੇ ਇਸ ਜਾਤੀ ਪ੍ਰਥਾ ਦੇ ਵਿਰੁੱਧ ਅਵਾਜ਼ ਹੀ ਨਹੀਂ ਉਠਾਈ, ਸਗੋਂ ਇਸ ਤਰਾਸਦੀ ਨੂੰ ਆਪ ਵੀ ਭੋਗਿਆ ਅਤੇ ਕਈ ਲੇਖ ਲਿਖੇ, ਲੋਕਾਂ ਤੱਕ ਪਹੁੰਚ ਕੀਤੀ ਅਤੇ ਆਪ ਵੀ ਉਸ ਜੰਗ-ਏ-ਮੈਦਾਨ ਵਿੱਚ ਕੁੱਦ ਕੇ ਸੰਘਰਸ਼ ਕੀਤੇ। ਸਵਿਤਰੀ ਬਾਈ ਫੂਲੇ ਤੇ ਉਨ੍ਹਾਂ ਦੇ ਪਤੀ ਜੋਤਿਬਾ ਫੂਲੇ ਨੇ ਵੀ ਆਪ ਸਵਰਨ ਜਾਤੀਆ ਵਲੋਂ ਇਹ ਸੰਤਾਪ ਹੰਢਾਊਦਿਆਂ ਅਛੂਤ ਲੋਕਾਂ ਨੂੰ 18ਵੀਂ ਸਦੀ ਵਿੱਚ ਵੀ ਲਾਮਬੰਦ ਕੀਤਾ। ਉਨ੍ਹਾਂ ਕਰਕੇ ਹੀ ਉਨ੍ਹਾਂ ਅਛੂਤ ਲੋਕਾਂ ਵਿੱਚ ਕੁਝ ਜਾਗਰਿਤੀ ਆਈ ਹੈ ਤੇ ਉਨ੍ਹਾਂ ਵਲੋਂ ਦਰਸਾਏ ਰਾਹਾਂ ‘ਤੇ ਚੱਲ ਕੇ ਸਫਲਤਾ ਦੀ ਪੌੜੀ ‘ਤੇ ਚੜ੍ਹ ਕੇ ਅੱਗੇ ਵਧੇ ਹਨ। ਪਰ ਅਫਸੋਸ ਹੈ ਕਿ 18ਵੀਂ ਸਦੀ ਤੋਂ ਬਾਅਦ ਵੀ ਤੇ ਅਜ਼ਾਦੀ ਦੇ 75 ਸਾਲਾਂ ਬਾਅਦ ਵੀ ਇਹ ਖਾਈ ਬੰਦ ਹੋਣ ਦੀ ਥਾਂ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਅਜ਼ਾਦੀ ਤੋਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਹੋਵੇ ਜਾਂ ਸੂਬਿਆਂ ਦੀਆਂ ਹੋਣ, ਇਸ ਜਾਤ-ਪਾਤ ਦੀ ਖਾਈ ਦੀ ਆੜ ਹੇਠ ਹੀ ਗੂੜ੍ਹੀ ਨੀਂਦ ਸਤਾ ਦਾ ਸੁੱਖ ਭੋਗ ਰਹੀਆਂ ਹਨ। ਬਿਹਾਰ ਹੋਵੇ ਜਾਂ ਯੂ.ਪੀ. ਜਾਂ ਕੋਈ ਹੋਰ ਸੂਬਾ ਬਹੁਤ ਸਾਲਾਂ ਤੋਂ ਇਨ੍ਹਾਂ ਸਰਕਾਰਾਂ ਦੇ ਨੱਕ ਹੇਠ ਕਾਲਾ ਗੋਰਖ ਧੰਦਾ ਚੱਲ ਰਿਹਾ ਸੀ ਤੇ ਹੁਣ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਨ੍ਹਾਂ ਵਿੱਚ ਲਾਲ ਸੈਨਾ, ਰਣਵੀਰ ਸੈਨਾ ਤੇ ਹੋਰ ਜਾਤਾਂ ਦੀ ਸੈਨਾਵਾਂ ਜਿਹੜੀਆਂ ਸਵਰਨ ਜਾਤੀਆਂ ਨਾਲ ਸਬੰਧ ਰੱਖਦੀਆਂ ਹਨ, ਹਿੰਸਕ ਵਾਰਦਾਤਾਂ ਕਰਕੇ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ, ਬੱਚਿਆਂ ਤੇ ਗਰੀਬ ਲੋਕਾਂ ਦੀ ਕੁੱਟ ਮਾਰ ਕਰ ਕੇ ਬੇਇਜ਼ਤੀ, ਇੱਥੋਂ ਤੱਕ ਇਸਤਰੀਆਂ ਤੇ ਬੱਚੀਆਂ ਨਾਲ ਕੁਕਰਮ, ਯੌਨ ਸ਼ੋਸ਼ਣ ਕਰਕੇ ਮਾਰ ਕੇ ਲਾਸ਼ਾਂ ਨੂੰ ਖੁਰਦ-ਬੁਰਦ ਕਰ ਕੇ ਸਾੜ ਦਿੱਤੀਆਂ ਜਾਂਦੀਆਂ ਹਨ। ਪਰ ਸਰਕਾਰਾਂ ਚੁੱਪ ਹਨ। ਕਿਉਕਿ ਉਨ੍ਹਾਂ ਨੂੰ ਆਪਣੇ ਵੋਟ ਬੈਂਕ ਦੀ ਫਿਕਰ ਹੈ? ਨਾ ਕਿ ਮਨੁੱਖਤਾ ਨੂੰ ਬਚਾਉਣ ਦੀ?
ਮੌਜੂਦਾ ਕੇਂਦਰ ਵਿਚ ਭਾਜਪਾ ਦੀ ਮੋਦੀ ਸਰਕਾਰ ਵੀ ਇਸ ਸਚਾਈ ਤੋਂ ਪੂਰੀ ਤਰਾਂ ਜਾਣੂ ਹੁੰਦੀ ਹੋਈ, ਕਿ ਹੁੰੜਦੁੰਗ ਮਚਾਉਣ ਵਾਲੀਆਂ ਬਣੀਆਂ ਸੈਨਾਵਾਂ ਨਾਲ ਭਾਰਤ ਵਿੱਚ 90 ਫੀਸਦ ਸਮਾਜਿਕ ਵਿਤਕਰੇ ਛੂਆ-ਛਾਤ ਤੇ ਇਸਤਰੀਆਂ ਨਾਲ ਹੋ ਰਹੀਆਂ ਛੇੜ-ਛਾੜ ਦੀਆਂ ਘਟਨਾਵਾਂ ਲਈ ਇਹ ਜਥੇਬੰਦੀਆਂ ਜ਼ਿੰਮੇਵਾਰ ਹਨ। ਪਰ ਇਨ੍ਹਾਂ ਦੀ ਵੋਟ ਬੈਂਕ ਕਿਤੇ ਟੁੱਟ ਨਾ ਜਾਵੇ ਤਾਂ ਹੀ ਹਾਕਮ ਇਨਾ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ ਹਨ। ਜਾਤ-ਪਾਤ ਨੂੰ ਜਿੰਦਾ ਰੱਖ ਕੇ ਹਰ ਇਕ ਨੂੰ ਵਿਧਾਨਿਕ ਰੁਜਗਾਰ ਦਾ ਹੱਕ ਦੇਣ ਦੀ ਥਾਂ ਸੰਸਦੀ ਅਦਾਰਿਆਂ ਰਾਹੀ ਰਾਖਵਾਂਕਰਨ ਨੂੰ ਜਰੂਰੀ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਅਫਸੋਸ ਹੈ ਕਿ, ਜੇਕਰ ਸਰਕਾਰਾਂ ਹੀ ਜਨਮ ਤੋਂ ਲੈ ਕੇ ਜਾਤ-ਪਾਤ, ਊੱਚ ਨੀਚ, ਭਿੰਨ-ਭੇਦ ਤੇ ਵਿਤਕਿਰਿਆਂ ਨੂੰ ਜਿਊਂ ਦਾ ਤਿਉਂ ਰੱਖਣ ਦਾ ਉਪਰਾਲਾ ਕਰਦੀਆਂ ਰਹਿਣਗੀਆਂ, ਤਾਂ ਮਨੁੱਖਤਾ ਨਾਲ ਹੋ ਰਿਹਾ ਇਹ ਵਿਤਕਰਾ ਅੱਗੇ ਤੋਂ ਅੱਗੇ ਵੱਧਦਾ ਹੀ ਜਾਵੇਗਾ।
ਇਕ ਇਹ ਵੀ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਕਿ ਸਮਾਜਿਕ ਵਿਤਕਰੇ ਦਾ ਦੰਡ ਕੇਵਲ ਦੱਲਿਤ ਤੇ ਪੱਛੜੀ ਜਾਤੀਆਂ ਹੀ ਕਿਉ ਇਹ ਦੁੱਖ ਝੱਲ ਰਹੀਆਂ ਹਨ? ਬਾਕੀ ਸਵਰਨ ਜਾਤੀਆਂ ਜਾਂ ਹੋਰ ਇਸ ਦਾ ਸ਼ਿਕਾਰ ਕਿਉਂ ਨਹੀਂ ਹੁੰਦੀਆਂ? ਇਸ ਸਵਾਲ ਦਾ ਜਵਾਬ ਸਰਵ ਉੱਚ ਸੁਪਰੀਮ ਕੋਰਟ ਦੀ ਉਸ ਟਿਪਣੀ ਤੋਂ ਮਿਲੇਗਾ, ਜੋ ਕੋਰਟ ਨੇ ‘ਹਰਿਆਣਾ ਦੇ ਮਿਰਚਪੁਰ ਕਾਂਡ’ ਦੇ ਮਾਮਲੇ ਵਿੱਚ ਦਿੱਤੀ ਸੀ। ਕੋਰਟ ਨੇ ਕਿਹਾ ਸੀ, ਕਿ ਇਨ੍ਹਾਂ ਲੋਕਾਂ (ਭਾਵ! ਦੱਲਿਤ ਜਾਤੀਆਂ) ਦਾ ਇਕੋ ਇਕ ਕਸੂਰ ਇਹੋ ਹੈ, ਕਿ ਇਹ ਗਰੀਬ ਤੇ ਦਲਿਤ ਹਨ।” ਭਾਵੇਂ ਡਾ: ਭੀਮ ਰਾਓ ਅੰਬੇਦਕਰ ਨੇ ਕਿਹਾ ਸੀ, ”ਕਿ ਪੜ੍ਹੋ, ਲਿਖੋ, ਸੰਘਰਸ਼ ਕਰੋ, ਅੱਗੇ ਵਧੋ ਤੇ ਹੱਕ ਲਈ ਲੜਾਈ ਲੜੋ।” ਪਰ ਸਵਾਲ ਇਹ ਹੈ ਕਿ ਕੀ ਪੜ੍ਹੇ ਲਿਖੇ ਦੱਲਿਤ ਮਰਦ ਤੇ ਇਸਤਰੀਆਂ ਦਾ ਉਤਪੀੜਨ ਨਹੀਂ ਹੋ ਰਿਹਾ ਹੈ? ਸਿਰਫ਼ ਪੜ੍ਹਨ ਲਿਖਣ ਜਾਂ ਸੰਘਰਸ਼ ਕਰਨ ਨਾਲ ਗੱਲ ਨਹੀਂ ਬਣਦੀ। ਜਿੰਨੀ ਦੇਰ ਰਾਜ ਸੱਤਾ ਅੰਦਰ ਹਾਕਮ ਜਮਾਤਾਂ ਜਾਤ-ਪਾਤ, ਖਿੱਤਿਆਂ ਤੇ ਛੂਆ-ਛਾਤ ਨੂੰ ਜੜ੍ਹ ਤੋਂ ਨਹੀਂ ਪੁੱਟਦੀਆਂ।
ਭਾਰਤ ਦਾ ਸਮਾਜਿਕ ਢਾਚਾਂ ਹੀ ਵਿਤਕਿਰਿਆਂ ਭਰਪੂਰ ਹੈ। ਜਨਮ ਕਿਸ ਜਾਤੀ ਵਿਚ ਹੋਇਆ। ਉਸ ਦੇ ਅਧਾਰ ਤੇ ਹੀ ਊੱਚ-ਨੀਚ ਦੀ ਪ੍ਰਥਾ ਨੂੰ ਉਸ ‘ਤੇ ਲਾਗੂ ਕਰ ਦਿੱਤਾ ਜਾਂਦਾ ਹੈ। ਇਹ ਬ੍ਰਾਹਮਣ ਹੈ, ਕੁਸ਼ਤਰੀ ਹੈ, ਨੀਚ ਨੂੰ ਸ਼ੂਦਰ ਤੇ ਵੈਸ਼ ਜਾਤੀ ਨਾਲ ਜੋੜ ਦਿੱਤਾ ਜਾਂਦਾ ਹੈ। ਨੀਚ ਲੋਕ ਗੋਹਾ-ਕੂੜਾ, ਝਾੜੂ-ਪੋਚਾ, ਨਾਲੀਆਂ, ਗਲੀਆਂ, ਸਾਫ ਕਰਨੀਆਂ, ਚੌਕੀਦਾਰੀ ਕਰਨੀ, ਜੁਤੀਆਂ ਬਣਾਉਣੀਆਂ, ਕੱਪੜੇ ਸੀਣੇ, ਛੀਬੇਂ, ਜੁਲਾਹੇ, ਤਾਣੀ, ਖੇਸ ਤੇ ਹੋਰ ਬੁਣਾਈ/ਖੱਡੀ ਦਾ ਕੰਮ ਕਰਨਾ ਆਦਿ ਇਨ੍ਹਾਂ ਪਛੜੇ ਲੋਕਾਂ ਲਈ ਰਾਖਵੇਂ ਕਰ ਦਿੱਤੇ।
ੲੲੲ

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …