Breaking News
Home / ਮੁੱਖ ਲੇਖ / ਧਾਰਮਿਕ ਸੰਸਥਾ ਦਾ ਵਿੱਤੀ ਸੰਕਟ : ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਸੇਵਾ-ਸੰਭਾਲ ਲਈ ਨਵੇਂ ਵਿੱਤੀ ਸਾਧਨ ਜੁਟਾਉਣ ਦੀ ਲੋੜ

ਧਾਰਮਿਕ ਸੰਸਥਾ ਦਾ ਵਿੱਤੀ ਸੰਕਟ : ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਸੇਵਾ-ਸੰਭਾਲ ਲਈ ਨਵੇਂ ਵਿੱਤੀ ਸਾਧਨ ਜੁਟਾਉਣ ਦੀ ਲੋੜ

ਤਲਵਿੰਦਰ ਸਿੰਘ ਬੁੱਟਰ
ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਲੁਧਿਆਣਾ ਵਰਗੇ ਸ਼ਹਿਰ ਦੀ ਨਗਰ ਨਿਗਮ ਦੇ ਬਜਟ ਤੋਂ ਵੀ ਘੱਟ ਹੋਣ ਦੇ ਬਾਵਜੂਦ ਮਿੱਥ ਬਣੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਦੇ ਬਰਾਬਰ ਵਿੱਤੀ ਸਮਰੱਥਾ ਰੱਖਦੀ ਹੈ। ਇਸੇ ਕਾਰਨ ਅਕਸਰ ਆਮ ਸਿੱਖ ਉਸ ਕੋਲੋਂ ਜਿੰਨੀ ਆਸ ਰੱਖਦੇ ਹਨ, ਉਸ ਵਿਚ ਪੂਰਾ ਨਾ ਉਤਰਨ ਕਾਰਨ ਸ੍ਰੋਮਣੀ ਕਮੇਟੀ ਅਲੋਚਨਾ ਦਾ ਕਾਰਨ ਬਣਦੀ ਹੈ। ਪਰ ਪਿਛਲੇ ਸਾਲ ਤੋਂ ਸ੍ਰੋਮਣੀ ਕਮੇਟੀ ਇਕ ਅਦਿੱਖ ਵਿੱਤੀ ਸੰਕਟ ਵਿਚੋਂ ਗੁਜਰ ਰਹੀ ਹੈ ਜਿਸ ਪਾਸੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ।
ਸ਼੍ਰੋਮਣੀ ਕਮੇਟੀ ਦੀ ਆਮਦਨ ਤੇ ਖਰਚੇ : ਸ਼੍ਰੋਮਣੀ ਕਮੇਟੀ ਗੁਰਦੁਆਰਾ ਸੇਵਾ-ਸੰਭਾਲ ਵਾਲੀ ਕਿਸੇ ਧਰਮ ਦੀ ਇਕੋ-ਇਕ ਅਜਿਹੀ ਸੰਵਿਧਾਨਿਕ ਸੰਸਥਾ ਹੈ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਆਪਣੇ ਸਿੱਧੇ ਪ੍ਰਬੰਧ ਹੇਠਲੇ 78 ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ, ਸਰਬੱਤ ਦੇ ਭਲੇ ਦੇ ਕਾਰਜਾਂ, ਸਿਹਤ, ਸਿੱਖਿਆ ਸੰਸਥਾਵਾਂ ਅਤੇ ਸਿੱਖ ਇਤਿਹਾਸ ਤੇ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਲਗਪਗ 20 ਹਜ਼ਾਰ ਮੁਲਾਜ਼ਮਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੀ ਹੈ, ਜਿਨ੍ਹਾਂ ਦੀ ਮਾਸਿਕ ਤਨਖ਼ਾਹ ਹੀ ਤਕਰੀਬਨ 46 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ਦੇ ਉਲਟ ਸ਼੍ਰੋਮਣੀ ਕਮੇਟੀ ਕੋਲ ਆਮਦਨ ਦਾ ਮੁੱਖ ਵਸੀਲਾ ਗੁਰਦੁਆਰਿਆਂ ਵਿਚ ਹੁੰਦੀ ਚੜ੍ਹਤ ਹੈ। ਇਨ੍ਹਾਂ ਵਿਚੋਂ ਵੀ ਮੁੱਖ ਤੌਰ ‘ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਚੜ੍ਹਾਵਾ ਹੈ, ਜੋ ਕਿ ਲਗਪਗ 9 ਕਰੋੜ ਮਹੀਨਾ ਬਣਦਾ ਹੈ। ਪਰ ਪਿਛਲੇ ਸਾਲ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੌਰਾਨ ਚਾਰ-ਪੰਜ ਮਹੀਨੇ ਤਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਚੜ੍ਹਾਵਾ ਸਿਰਫ਼ ਪੰਜ ਫ਼ੀਸਦੀ ਰਹਿ ਗਿਆ ਸੀ। ਹੁਣ ਤੱਕ ਵੀ ਸ੍ਰੀ ਦਰਬਾਰ ਸਾਹਿਬ ਦੇ ਚੜ੍ਹਾਵੇ ਦਾ ਅੰਕੜਾ 50 ਫੀਸਦੀ ਤੋਂ ਵੱਧ ਨਹੀਂ ਸਕਿਆ। ਇਸ ਤੋਂ ਇਲਾਵਾ ਚੜ੍ਹਤ ਰਾਸ਼ਨ, ਜ਼ਮੀਨਾਂ ਦੇ ਠੇਕੇ ਤੇ ਦੁਕਾਨਾਂ ਦੇ ਕਿਰਾਏ ਆਦਿ ਸ਼੍ਰੋਮਣੀ ਕਮੇਟੀ ਦੀ ਆਮਦਨ ਦੇ ਦੂਜੇ ਸਰੋਤ ਹਨ। ਕਰੋਨਾ ਕਾਲ ਕਾਰਨ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਆਮਦਨ ਦੇ ਅਸਾਸੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਸ਼੍ਰੋਮਣੀ ਕਮੇਟੀ ਦੇ ਬਜਟ ਦਾ ਕੱਚ-ਸੱਚ : ਜਿੱਥੋਂ ਤੱਕ ਗੱਲ ਹੈ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਰਾਬਰ ਹੋਣ ਸਬੰਧੀ ਬਣੀ ਮਿੱਥ ਦੀ ਤਾਂ, ਪੰਜਾਬ ਸਰਕਾਰ ਦਾ ਸਾਲ 2021-22 ਦਾ ਸਾਲਾਨਾ ਬਜਟ 1 ਲੱਖ 68 ਹਜਾਰ 15 ਕਰੋੜ ਹੈ। ਜਦੋਂਕਿ ਸ਼੍ਰੋਮਣੀ ਕਮੇਟੀ ਦਾ ਇਸ ਚਾਲੂ ਵਿੱਤੀ ਵਰ੍ਹੇ ਦਾ ਬਜਟ 912 ਕਰੋੜ 59 ਲੱਖ ਦੇ ਲਗਪਗ ਬਣਦਾ ਹੈ। ਇਹ ਤਾਂ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 2021-22 ਲਈ ਪਾਸ ਹੋਏ 1064 ਕਰੋੜ ਰੁਪਏ ਦਾ ਸਾਲਾਨਾ ਬਜਟ ਤੋਂ ਵੀ ਘੱਟ ਹੈ। ਪੰਜਾਬ ਸਰਕਾਰ ਦੇ ਮੁਕਾਬਲੇ ਤਾਂ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਮਸਾਂ .50 (ਅੱਧਾ ਫੀਸਦੀ) ਹੀ ਬਣਦਾ ਹੈ। ਪੰਜਾਬ ਸਰਕਾਰ ਦਾ ਬਜਟ ਤਾਂ ਉਸ ਦੀ ਆਮਦਨ ਦੇ ਵਸੀਲਿਆਂ, ਟੈਕਸਾਂ ਦੀ ਆਮਦਨ ਨੂੰ ਮਿਲਾ ਕੇ ਤਿਆਰ ਹੁੰਦਾ ਹੈ। ਇਸ ਦੇ ਉਲਟ ਸ਼੍ਰੋਮਣੀ ਕਮੇਟੀ ਦਾ ਬਜਟ ਹਰੇਕ ਗੁਰਦੁਆਰੇ ਵਲੋਂ ਆਪਣੀ ਸਾਲਾਨਾ ਆਮਦਨ ਦੇ ਹਿਸਾਬ ਨਾਲ ਬਣਾ ਕੇ ਸ਼੍ਰੋਮਣੀ ਕਮੇਟੀ ਦਫਤਰ ਨੂੰ ਭੇਜੇ ਜਾਂਦੇ ਬਜਟ ਮੁਤਾਬਕ ਤੈਅ ਹੁੰਦਾ ਹੈ। ਜਿਸ ਵਿਚੋਂ ਵੀ 65 ਫੀਸਦੀ ਗੁਰਦੁਆਰੇ ਦੇ ਸਾਰੇ ਖਰਚਿਆਂ ਲਈ ਰਾਖਵਾਂ ਹੁੰਦਾ ਤੇ 35 ਫੀਸਦੀ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਜਾਂਦਾ ਹੈ। ਪਿਛਲੇ ਸਾਲ ਦੀ ਆਮਦਨ ਦੇ ਹਿਸਾਬ ਨਾਲ ਅਗਲੇ ਸਾਲ ਦਾ ਅਨੁਮਾਨਤ ਬਜਟ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਸੰਭਾਵੀ ਚੜ੍ਹਾਵੇ ਦੇ ਵਧਣ-ਘਟਣ ਅਨੁਸਾਰ ਘਾਟੇ-ਵਾਧੇ ‘ਚ ਜਾਣ ਦੀ ਸੰਭਾਵਨਾ ਤੈਅ ਹੁੰਦੀ ਹੈ। ਇਸ ਤਰ੍ਹਾਂ ਅਸਲੀਅਤ ਵਿਚ ਅਗਲੇ ਸਾਲ ਤਿਆਰ ਕੀਤੇ ਜਾਣ ਵਾਲੇ ਬਜਟ ਵਿਚ ਪਿਛਲੇ ਸਾਲ ਦਾ ਸਪਲੀਮੈਂਟਰੀ ਬਜਟ ਪਾਸ ਹੁੰਦਾ ਹੈ।
ਸ਼੍ਰੋਮਣੀ ਕਮੇਟੀ ਨੇ ਕਰੋਨਾ ਵਾਇਰਸ ਦੇ ਹਾਲਾਤਾਂ ‘ਚ ਤਾਲਾਬੰਦੀ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਗਰੀਬ ਕਿਰਤੀ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਉਣ ‘ਚ ਜੋ ਭੂਮਿਕਾ ਨਿਭਾਈ ਹੈ, ਉਹ ਸਭ ਨੇ ਵੇਖੀ ਹੈ। ਇਸ ਦੇ ਉਲਟ ਗੁਰਦੁਆਰਿਆਂ ‘ਚ ਜੋ ਪਹਿਲਾਂ ਨਿਰੰਤਰ ਚੜ੍ਹਾਵਾ ਚੜ੍ਹਦਾ ਸੀ, ਉਹ ਕਰੋਨਾ ਕਾਲ ਦੌਰਾਨ ਬਿਲਕੁਲ ਨਾਂ-ਮਾਤਰ ਰਹਿ ਗਿਆ। ਹਾਲਾਤ ਇਹ ਬਣ ਗਏ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੇ ਮੁਲਾਜ਼ਮਾਂ ਨੂੰ ਕਈ-ਕਈ ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ। ਗੁਰਦੁਆਰਾ ਮੁਲਾਜ਼ਮਾਂ ਨੂੰ ਵੀ ਪਿਛਲੇ ਦੋ ਸਾਲਾਂ ਤੋਂ ਤਨਖਾਹ ਵਿਚ ਕੋਈ ਸਾਲਾਨਾ ਵਾਧਾ ਨਹੀਂ ਮਿਲ ਸਕਿਆ।
ਕੀ ਹੋਵੇ ਵਿੱਤੀ ਵਿਉਂਤਬੰਦੀ : ਅਠਾਰ੍ਹਵੀਂ ਸਦੀ ‘ਚ ਮਿਸਲ ਰਾਜ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਅਤੇ ਪੰਗਤ-ਸੰਗਤ ਦੀ ਮਰਯਾਦਾ ਦੇ ਨਿਰਬਾਹ ਨੂੰ ਮੁੱਖ ਰੱਖਦਿਆਂ ਗੁਰਦੁਆਰਿਆਂ ਦੇ ਨਾਂਅ ‘ਤੇ ਜ਼ਮੀਨਾਂ ਅਤੇ ਖਰਚੇ ਲਈ ਜਗੀਰਾਂ ਲਾਈਆਂ ਗਈਆਂ ਸਨ। ਸਿੱਖ ਰਾਜ ਦੇ ਅੰਤ ਤੋਂ ਬਾਅਦ ਜਗੀਰਾਂ ਤਾਂ ਬੰਦ ਹੋ ਗਈਆਂ ਪਰ ਗੁਰਦੁਆਰਿਆਂ ਦੇ ਨਾਂਅ ‘ਤੇ ਲੱਗੀਆਂ ਜ਼ਮੀਨਾਂ ਨੂੰ ਮਹੰਤ ਆਪਣੀ ਐਸ਼ਪ੍ਰਸਤੀ ਲਈ ਵਰਤਣ ਲੱਗੇ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੀ ਛੁਡਵਾ ਕੇ ਪੰਥਕ ਪ੍ਰਬੰਧ ਹਵਾਲੇ ਕੀਤੀਆਂ ਗਈਆਂ। ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ 14 ਹਜ਼ਾਰ ਏਕੜ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਹੈ, ਜਿਸ ਵਿਚੋਂ 3 ਹਜ਼ਾਰ ਏਕੜ ਦੇ ਲਗਪਗ ਜ਼ਮੀਨ ‘ਚ ਹੀ ਸ਼੍ਰੋਮਣੀ ਕਮੇਟੀ ਖ਼ੁਦ ਕਾਸ਼ਤ ਕਰ ਰਹੀ ਹੈ, ਜਦੋਂਕਿ 8 ਹਜ਼ਾਰ ਏਕੜ ਤੋਂ ਜ਼ਿਆਦਾ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ ਅਤੇ ਲਗਪਗ 300 ਏਕੜ ਜ਼ਮੀਨ ਲੋਕਾਂ ਦੇ ਨਜਾਇਜ਼ ਕਬਜ਼ੇ ਹੇਠ ਹੈ। ਕੁਝ ਜ਼ਮੀਨਾਂ ‘ਤੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲਾਂ ਦੌਰਾਨ ਵਿੱਦਿਅਕ ਅਤੇ ਸਿਹਤ ਸੰਸਥਾਵਾਂ ਖੋਲ੍ਹ ਦਿੱਤੀਆਂ। ਇਹ ਬਹੁਤੀਆਂ ਸੰਸਥਾਵਾਂ ਮਾਲੀ ਤੌਰ ‘ਤੇ ਘਾਟੇ ਵਿਚ ਜਾਣ ਕਾਰਨ ਇਹ ਜ਼ਮੀਨਾਂ ਵੀ ਸ਼੍ਰੋਮਣੀ ਕਮੇਟੀ ਲਈ ਮਾਲੀ ਵਸੀਲੇ ਜੁਟਾਉਣ ਦੀ ਵਰਤੋਂ ‘ਚ ਨਹੀਂ ਆ ਸਕੀਆਂ।
ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸੇਵਾਵਾਂ ਅਤੇ ਪ੍ਰਬੰਧਾਂ ਨੂੰ ਨਿਰੰਤਰ ਜਾਰੀ ਰੱਖਣ ਲਈ ‘ਗੋਲਕ’ ਉੱਤੇ ਨਿਰਭਰਤਾ ਦੀ ਬਜਾਇ ਬਦਲਵੇਂ ਆਰਥਿਕ ਵਸੀਲੇ ਪੈਦਾ ਕਰਨ ਬਾਰੇ ਸੋਚਣਾ ਚਾਹੀਦਾ ਹੈ। ਸਥਾਈ ਵਿੱਤੀ ਸਰੋਤਾਂ ਦੀ ਭਾਲ ਲਈ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਦੀ ਤਿਜਾਰਤੀ ਵਿਉਂਤਬੰਦੀ ਨਾਲ ਵਰਤੋਂ ਕਰਨ, ਸਿੱਖ ਧਾਰਮਿਕ ਜੀਵਨ ਦੀ ਵਰਤੋਂ ਵਾਲੀਆਂ ਅਤੇ ਗੁਰੂ-ਘਰਾਂ ਲਈ ਲੋੜੀਂਦੀਆਂ ਵਸਤਾਂ ਤਿਆਰ ਕਰਨ ਦੇ ਰਾਹ ਮੌਜੂਦ ਹਨ, ਜਿਨ੍ਹਾਂ ਰਾਹੀਂ ਜਿੱਥੇ ਸਿੱਖ ਸੰਸਥਾਵਾਂ ਆਪਣੇ ਮਜ਼ਬੂਤ ਵਿੱਤੀ ਸਰੋਤ ਸਥਾਪਿਤ ਕਰ ਸਕਦੀਆਂ ਹਨ, ਉੱਥੇ ਸਿੱਖ ਨੌਜਵਾਨੀ ਲਈ ਰੁਜ਼ਗਾਰ ਦਾ ਇਕ ਵੱਡਾ ਰਾਹ ਵੀ ਖੁੱਲ੍ਹੇਗਾ।
ਜੇਕਰ ਸ਼੍ਰੋਮਣੀ ਕਮੇਟੀ ਆਪਣੀ ਜ਼ਮੀਨ ਠੇਕੇ ‘ਤੇ ਦੇਣ ਦੀ ਬਜਾਇ 14 ਹਜ਼ਾਰ ਏਕੜ ਜ਼ਮੀਨ ਦੀ ਵਰਤੋਂ ਕੁਦਰਤੀ ਖੇਤੀ ਅਤੇ ਖੇਤੀ ਆਧਾਰਿਤ ਉਦਯੋਗ ਲਗਾਉਣ ਲਈ ਕਰੇ ਤਾਂ ਇਹ ਸ਼੍ਰੋਮਣੀ ਕਮੇਟੀ ਲਈ ਵੱਡਾ ਆਰਥਿਕ ਸਾਧਨ ਬਣ ਸਕਦੀ ਹੈ। ਕੁਦਰਤੀ ਖੇਤੀ ਅਤੇ ਫਲਾਂ-ਸਬਜ਼ੀਆਂ ਦੇ ਨਵੇਂ-ਨਵੇਂ ਬੀਜਾਂ ਦੀ ਖੋਜ ਅਤੇ ਸੁਧਾਈ ਦੇ ਖੇਤਰ ‘ਚ ਨਾਮਧਾਰੀ ਸੰਪਰਦਾ, ਪਿੰਗਲਵਾੜਾ ਸੁਸਾਇਟੀ ਅਤੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਕਾਰਜਾਂ ਤੋਂ ਸੇਧ ਲਈ ਜਾ ਸਕਦੀ ਹੈ।
ਕੁਝ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਸਥਿਤ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ, ਜਿੱਥੇ ਕਿ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰ ਬਣਾਉਣ ਦਾ ਕਾਰਖ਼ਾਨਾ ਹੁੰਦਾ ਸੀ, ਉੱਥੇ ਮੁੜ ਰਵਾਇਤੀ ਸਿੱਖ ਸ਼ਸਤਰ ਤਿਆਰ ਕਰਨ ਦਾ ਕਾਰਖ਼ਾਨਾ ਲਾਉਣ ਅਤੇ ਦੂਜੇ ਰਾਜਾਂ ‘ਚ ਬੇਹੱਦ ਗ਼ੁਰਬਤ ਭਰੀ ਜ਼ਿੰਦਗੀ ਜੀਅ ਰਹੇ ਸਿਕਲੀਗਰ ਸਿੱਖ ਕਾਰੀਗਰਾਂ ਨੂੰ ਇੱਥੇ ਲਿਆ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ। ਇਹ ਐਲਾਨ ਸਿਰਫ਼ ਐਲਾਨ ਬਣ ਕੇ ਹੀ ਰਹਿ ਗਿਆ। ਸਿਕਲੀਗਰ ਸਿੱਖ ਭਾਈਚਾਰਾ ਗੁਰੂ ਸਾਹਿਬਾਨ ਵੇਲੇ ਵੀ ਸਰਬਲੋਹ ਦੇ ਸ਼ਸਤਰ ਤਿਆਰ ਕਰਨ ਦੀ ਸੇਵਾ ਕਰਦਾ ਸੀ, ਜਿਨ੍ਹਾਂ ਦੇ ਹੱਥਾਂ ‘ਚ ਅਜੇ ਵੀ ਲਾਜਵਾਬ ਕਲਾਤਮਿਕ ਹੁਨਰ ਮੌਜੂਦ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਵਲੋਂ 1947 ਤੋਂ ਪਹਿਲਾਂ ਦਾ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਦਸਤਕਾਰੀ ਸਕੂਲ ਚਲਾਇਆ ਜਾਂਦਾ ਸੀ, ਜਿੱਥੇ ਕਿ ਸਰਬਲੋਹ ਦੀਆਂ ਕਿਰਪਾਨਾਂ ਤਿਆਰ ਕੀਤੀਆਂ ਜਾਂਦੀਆਂ ਸਨ। ਬਦਲਦੇ ਸਮੇਂ ਮੁਤਾਬਿਕ ਢੁਕਵੀਂ ਕਾਰੋਬਾਰੀ ਵਿਉਂਤਬੰਦੀ ਦੀ ਘਾਟ ਕਾਰਨ ਇਹ ਕਾਰਖ਼ਾਨਾ 1997 ‘ਚ ਬੰਦ ਹੋ ਗਿਆ। ਸਿੱਖੀ ਦੇ ਸ਼ਸਤਰ ਅਤੇ ਕਕਾਰ ਤਿਆਰ ਕਰਨ ਲਈ ਜੇਕਰ ਸ਼੍ਰੋਮਣੀ ਕਮੇਟੀ ਆਪਣੇ ਕਾਰਖ਼ਾਨੇ ਲਗਾਉਣ ਦਾ ਉਦਮ ਕਰੇ ਤਾਂ ਇਸ ਨਾਲ ਵੱਡੀ ਗਿਣਤੀ ‘ਚ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਨਾਲ ਹੀ ਪਰੰਪਰਾਗਤ ਤਰੀਕੇ ਨਾਲ ਤਿਆਰ ਕੀਤੇ ਗਏ ਮਿਆਰੀ ਸ਼ਸਤਰ ਅਤੇ ਕਕਾਰ ਵੀ ਵਾਜਬ ਮੁੱਲ ‘ਤੇ ਸੰਗਤਾਂ ਨੂੰ ਮੁਹੱਈਆ ਕਰਵਾਏ ਜਾ ਸਕਣਗੇ। ਇਸੇ ਤਰ੍ਹਾਂ ਦਸਤਾਰਾਂ ਦੀ ਰੰਗਾਈ, ਕੰਘੇ ਬਣਾਉਣ, ਗਾਤਰੇ, ਕਛਹਿਰੇ, ਚੋਲੇ ਤਿਆਰ ਕਰਨ, ਲੰਗਰਾਂ ‘ਚ ਵਰਤੇ ਜਾਣ ਲਈ ਘਿਉ, ਮਸਾਲੇ, ਤੇਲ ਆਦਿ ਬਣਾਉਣ ਦੀਆਂ ਫ਼ੈਕਟਰੀਆਂ, ਕਾਗ਼ਜ਼ ਬਣਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ, ਚੰਦੋਏ, ਚੌਰ ਅਤੇ ਹੋਰ ਸਿੱਖੀ ਸਾਮਾਨ ਆਦਿ ਤਿਆਰ ਕਰਨ ਲਈ ਵੱਖ-ਵੱਖ ਕਿਸਮਾਂ ਦੇ ਸਿੱਖ ਕਿੱਤੇਕਾਰਾਂ ਤੇ ਕਾਰੀਗਰਾਂ ਨੂੰ ਵੱਡੀ ਗਿਣਤੀ ‘ਚ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਸੇਵਾ-ਸੰਭਾਲ ਦੇ ਵਿਆਪਕ ਪ੍ਰਬੰਧਾਂ ਅਤੇ ਮਨੁੱਖਤਾ ਦੀ ਭਲਾਈ ਦੇ ਬਹੁਪੱਖੀ ਕਾਰਜਾਂ ਨੂੰ ਸੁਚਾਰੂ ਅਤੇ ਨਿਰਵਿਘਨ ਚਲਦੇ ਰੱਖਣ ਲਈ ਵਿੱਤੀ ਖ਼ੁਦਮੁਖ਼ਤਿਆਰੀ ਵਾਲੇ ਅਜਿਹੇ ਵਸੀਲੇ ਪੈਦਾ ਕਰਨ ਵੱਲ ਤੁਰੰਤ ਤਵੱਜੋ ਦੇਣੀ ਚਾਹੀਦੀ ਹੈ, ਜਿਹੜੇ ਸਿੱਖਾਂ ਨੂੰ ਬਹੁਪੱਖੀ ਫ਼ਾਇਦੇਮੰਦ ਹੋਣ ਵਾਲੇ ਹਨ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …