Breaking News
Home / ਮੁੱਖ ਲੇਖ / ਜਲਵਾਯੂ ਤਬਦੀਲੀ : ਜੀਵ-ਜੰਤੂਆਂ ਤੇ ਮਨੁੱਖਤਾ ਲਈ ਵੱਡੇ ਖ਼ਤਰੇ ਦੀ ਆਹਟ

ਜਲਵਾਯੂ ਤਬਦੀਲੀ : ਜੀਵ-ਜੰਤੂਆਂ ਤੇ ਮਨੁੱਖਤਾ ਲਈ ਵੱਡੇ ਖ਼ਤਰੇ ਦੀ ਆਹਟ

ਤਰਲੋਚਨ ਸਿੰਘ ਭੱਟੀ
ਆਲਮੀ ਪੱਧਰ ‘ਤੇ ਵਾਯੂਮੰਡਲ ਵਿਚ ਗਰਮੀ ਦਾ ਵਧਣਾ ਅਤੇ ਜਲਵਾਯੂ ਵਿਚ ਹੋ ਰਹੀਆਂ ਅਸਾਧਾਰਨ ਤਬਦੀਲੀਆਂ ਨੇ ਸਰਕਾਰਾਂ ਅਤੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਜਲਵਾਯੂ ਤਬਦੀਲੀ ਦੇ ਮਾਰੂ ਪ੍ਰਭਾਵਾਂ ਤੋਂ ਕਿਵੇਂ ਬਚਿਆ ਜਾਵੇ। ਸਿੱਖ ਧਰਮ ਦੇ ਨਾਲ-ਨਾਲ ਹੋਰ ਧਰਮਾਂ ‘ਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਦੇ ਭਾਗ 4 (ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ) ਦੇ ਆਰਟੀਕਲ 48(ੳ) ਰਾਹੀਂ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਦੇਸ਼ ਦੇ ਵਾਤਾਵਰਨ ਦੀ ਹਿਫ਼ਾਜ਼ਤ ਅਤੇ ਬਿਹਤਰੀ ਅਤੇ ਵਣ ਤੇ ਵਣ ਜੀਵਨ ਦੀ ਸੁਰੱਖਿਆ ਕਰਨ ਲਈ ਉਪਰਾਲੇ ਕਰਨਗੀਆਂ।
ਇਸੇ ਤਰ੍ਹਾਂ ਸੰਵਿਧਾਨ ਦੇ ਭਾਗ ਚਾਰ (ੳ) ਦੇ ਆਰਟੀਕਲ 51(ੳ) ਰਾਹੀਂ ਕੁਦਰਤੀ ਵਾਤਾਵਰਨ ਜਿਸ ਵਿਚ ਵਣ, ਝੀਲਾਂ, ਦਰਿਆ ਅਤੇ ਵਣ ਜੀਵਨ ਸ਼ਾਮਲ ਹੈ, ਦੀ ਰੱਖਿਆ ਅਤੇ ਬਿਹਤਰੀ ਅਤੇ ਜਾਨਦਾਰ ਜੰਤੂਆਂ ‘ਤੇ ਦਇਆ ਰੱਖਣ, ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਵਾਦੀ ਅਤੇ ਜਾਂਚ ਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ ਭਾਰਤ ਦੇ ਹਰੇਕ ਨਾਗਰਿਕ ਦਾ ਮੂਲ ਕਰਤੱਵ ਦੱਸਿਆ ਗਿਆ ਹੈ। ਮੈਕ ਆਰਥਰ ਫਾਊਂਡੇਸ਼ਨ, ਯੈਲ ਪ੍ਰੋਗਰਾਮ ਦੀ ਖੋਜ ਟੀਮ ਅਤੇ ਫੇਸਬੁੱਕ ਵੱਲੋਂ ਸਾਂਝੇ ਤੌਰ ‘ਤੇ 17 ਫਰਵਰੀ 2021 ਤੋਂ 3 ਮਾਰਚ 2021 ਤਕ 31 ਦੇਸ਼ਾਂ ਦੇ 76328 ਫੇਸਬੁੱਕ ਵਰਤਣ ਵਾਲੇ ਲੋਕਾਂ ਪਾਸੋਂ ਜਲਵਾਯੂ ਤਬਦੀਲੀ, ਜਨਤਕ ਗਿਆਨ ਅਤੇ ਰਾਇ ਬਾਰੇ ਸਰਵੇ ਕੀਤਾ ਗਿਆ ਜਿਸ ਦੀ ਰਿਪੋਰਟ ਅਪ੍ਰੈਲ 2021 ਨੂੰ ਪ੍ਰਕਾਸ਼ਿਤ ਕੀਤੀ ਗਈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਧੀਨ ਜਨਵਰੀ 2021 ਵਿਚ ਸਭ ਤੋਂ ਵੱਡਾ ਜਲਵਾਯੂ ਤਬਦੀਲੀ ਸਰਵੇਖਣ ਕੀਤਾ ਗਿਆ ਜਿਸ ਵਿਚ 50 ਦੇਸ਼ਾਂ ਦੇ 1.5 ਮਿਲੀਅਨ ਲੋਕਾਂ ਵੱਲੋਂ ਮਿਲੇ ਪ੍ਰਤੀਕਰਮਾਂ ਦੇ ਆਧਾਰ ‘ਤੇ ਤਿਆਰ ਕੀਤੀ ਰਿਪੋਰਟ ਅਨੁਸਾਰ 64% ਉੱਤਰਦਾਤਾਵਾਂ ਨੇ ਜਲਵਾਯੂ ਤਬਦੀਲੀ ਨੂੰ ਇਕ ਐਮਰਜੈਂਸੀ ਤੇ ਗੰਭੀਰ ਸਥਿਤੀ ਮੰਨਿਆ ਹੈ।
ਲੋਇਡਜ਼ ਰਜਿਸਟਰ ਫਾਊਂਡੇਸ਼ਨ ਦੇ 2021 ਦੇ ਗੈਲਪ ਵਰਲਡ ਰਿਸਕ ਪੋਲ ਨੇ ਦੱਸਿਆ ਹੈ ਕਿ 67% ਲੋਕਾਂ ਨੇ ਜਲਵਾਯੂ ਤਬਦੀਲੀ ਨੂੰ ਆਪਣੇ ਦੇਸ਼ ਲਈ ਖ਼ਤਰੇ ਵਜੋਂ ਵੇਖਿਆ ਹੈ। ਇਹੀ ਨਹੀਂ, 127 ਦੇਸ਼ਾਂ ਦੇ ਲਗਪਗ 62% ਲੋਕ ਆਲਮੀ ਤਪਸ਼ ਬਾਰੇ ਜਾਣਦੇ ਹਨ। ਉੱਤਰੀ ਅਮਰੀਕਾ, ਯੂਰਪ, ਜਾਪਾਨ ਦੇ 67% ਤੋਂ ਵਧੇਰੇ ਲੋਕ ਇਸ ਬਾਰੇ ਜਾਣੂ ਹਨ ਜਦਕਿ ਵਿਕਾਸਸ਼ੀਲ ਦੇਸ਼ਾਂ ਖ਼ਾਸ ਤੌਰ ‘ਤੇ ਅਫ਼ਰੀਕੀ ਦੇਸ਼ਾਂ ਦੇ 25% ਲੋਕਾਂ ਨੂੰ ਹੀ ਇਸ ਬਾਰੇ ਜਾਣਕਾਰੀ ਹੈ।
ਚੀਨ, ਸੰਯੁਕਤ ਰਾਜ ਅਮਰੀਕਾ, ਭਾਰਤ, ਰੂਸ ਅਤੇ ਜਾਪਾਨ ਦੁਨੀਆ ਦੀਆਂ ਅੱਧੀਆਂ ਗਰੀਨ ਹਾਊਸ ਗੈਸਾਂ ਦਾ ਨਿਕਾਸ ਕਰਦੇ ਹਨ। ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਜਾਪਾਨ ਦੀ 85% ਤੋਂ ਵੱਧ ਆਬਾਦੀ ਇਸ ਬਾਰੇ ਜਾਗਰੂਕ ਹੈ ਜਦਕਿ ਚੀਨ ਦੀ 2/3 ਅਤੇ ਭਾਰਤ ਦੀ 1/3 ਆਬਾਦੀ ਹੀ ਜਾਗਰੂਕ ਹੈ। ਭਾਰਤ ਲਈ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਜਨਤਕ ਰਾਇ ਬਣਾਉਣ ਦੀ ਬੇਹੱਦ ਲੋੜ ਹੈ ਕਿਉਂਕਿ ਭਵਿੱਖ ਵਿਚ ਊਰਜਾ ਦੀ ਸਭ ਤੋਂ ਵੱਧ ਵਰਤੋਂ ਭਾਰਤ ਵਿਚ ਹੋਵੇਗੀ।
ਜਿਨ੍ਹਾਂ ਦੇਸ਼ਾਂ ਵਿਚ ਇੰਟਰਨੈੱਟ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਉੱਥੇ ਵਧੇਰੇ ਲੋੜ ਹੈ ਕਿ ਲੋਕ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਜਾਣੂ ਹੋਣ। ਵੇਖਿਆ ਗਿਆ ਹੈ ਕਿ ਦੇਸ਼ ਦੀ ਜਨਸੰਖਿਆ ਦੀ ਉਮਰ, ਲਿੰਗ, ਇਲਾਕਾ, ਜੀਵਨ ਪੱਧਰ ਆਦਿ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਨਿਰਧਾਰਤ ਕਰਦੇ ਹਨ। ਪੇਂਡੂ ਖੇਤਰ ਦੀ ਬਜਾਏ ਸ਼ਹਿਰੀ ਲੋਕ ਵਧੇਰੇ ਜਾਗਰੂਕ ਮੰਨੇ ਜਾਂਦੇ ਹਨ। ਜਲਵਾਯੂ ਤਬਦੀਲੀ ਵਿਚ ਨੀਤੀਆਂ ਤੇ ਸੋਸ਼ਲ ਮੀਡੀਆ ਦਾ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਨਤਕ ਰਾਇ ਬਣਾਉਣ ਵਿਚ ਬਹੁਤ ਯੋਗਦਾਨ ਹੈ। ਸੰਨ 2020-21 ਦੇ ਯੂਰਪੀ ਇਨਵੈਸਟਮੈਂਟ ਬੈਂਕ ਦੇ ਜਲਵਾਯੂ ਸਰਵੇਖਣ ਦੌਰਾਨ ਚੀਨ, ਅਮਰੀਕਾ ਅਤੇ ਯੂਰਪ ਦੇ 72% ਉਤਰਦਾਤਿਆਂ ਨੇ ਕਿਹਾ ਹੈ ਕਿ ਜਲਵਾਯੂ ਤਬਦੀਲੀ ਨੇ ਉਨ੍ਹਾਂ ਦੇ ਰੋਜ਼ਾਨਾ ਜੀਵਨ ‘ਤੇ ਅਸਰ ਪਾਇਆ ਹੈ। ਯੇਲ ਯੂਨੀਵਰਸਿਟੀ ਦੀ ਰਿਪੋਰਟ 2011 ‘ਗਲੋਬਲ ਵਾਰਮਿੰਗਜ਼ ਸਿਕਸ ਇੰਡੀਆ’ ਦੇ ਅੰਕੜਿਆਂ ਅਨੁਸਾਰ ਜਲਵਾਯੂ ਤਬਦੀਲੀ ਦੇ ਵਿਸ਼ਵਾਸਾਂ, ਰਵੱਈਆਂ, ਜੋਖ਼ਮ ਧਾਰਨਾਵਾਂ ਅਤੇ ਨੀਤੀਆਂ ਦੀਆਂ ਤਰਜੀਹਾਂ ਦੇ ਆਧਾਰ ‘ਤੇ ਭਾਰਤ ਦੇ 19% ਲੋਕ ਸੂਚਿਤ, 24% ਅਨੁਭਵੀ, 15% ਅਣਡਿੱਠ, 15% ਬੇਫ਼ਿਕਰ ਅਤੇ 11% ਉਦਾਸੀਨ ਹਨ।
41 ਫ਼ੀਸਦੀ ਲੋਕ ਆਲਮੀ ਤਪਸ਼ ਬਾਰੇ ਅਨਜਾਣ ਹਨ ਤੇ 56% ਉੱਤਰਦਾਤਾਵਾਂ ਨੇ ਮੰਨਿਆ ਹੈ ਕਿ ਗਲੋਬਲ ਵਾਰਮਿੰਗ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ, 21% ਉੱਤਰਦਾਤਾ ਗੰਭੀਰ ਤੂਫਾਨਾਂ ਦੇ ਪ੍ਰਭਾਵਾਂ ਤੋਂ ਵਾਕਿਫ ਹਨ। 65 ਪ੍ਰਤੀਸ਼ਤ ਉੱਤਰਦਾਤਾ ਗੰਭੀਰ ਸੋਕੇ ਜਾਂ ਹੜ੍ਹਾਂ ਦੇ ਪ੍ਰਭਾਵਾਂ ਨੂੰ ਸਮਝਦੇ ਹਨ। ਇਨ੍ਹਾਂ ਪ੍ਰਭਾਵਾਂ ਵਿਚ ਪੀਣ ਵਾਲਾ ਪਾਣੀ, ਭੋਜਨ ਦੀ ਸਪਲਾਈ, ਸਿਹਤ ਸਹੂਲਤਾਂ, ਆਮਦਨ ਦੇ ਸਰੋਤ ਅਤੇ ਉਨ੍ਹਾਂ ਦੇ ਭਾਈਚਾਰੇ ਦਾ ਯੋਗਦਾਨ ਸ਼ਾਮਲ ਹੈ। 41 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਵਾਯੂ ਤਬਦੀਲੀ ਤੋਂ ਪੈਦਾ ਹੋਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਤੁਰੰਤ ਉਪਰਾਲੇ ਕਰਨੇ ਚਾਹੀਦੇ ਹਨ। ਜਲਵਾਯੂ ਤਬਦੀਲੀ ਦੇ ਕਾਰਨਾਂ ਬਾਰੇ ਬਹੁਤ ਸਾਰੇ ਅਧਿਐਨ ਹੋਏ ਹਨ ਜਿਨ੍ਹਾਂ ਅਨੁਸਾਰ ਕਾਰਨਾਂ ਵਿਚ ਮਾਨਵੀ ਗਤੀਵਿਧੀਆਂ, ਕੁਦਰਤੀ, ਗਰੀਨ ਹਾਊਸ ਗੈਸਾਂ ਦਾ ਨਿਕਾਸ, ਮਾਨਵੀ ਅਤੇ ਕੁਦਰਤੀ ਗਤੀਵਿਧੀਆਂ ਦੋਵੇਂ ਸ਼ਾਮਲ ਹਨ। ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਵਿਚ ਸ਼ਾਮਲ ਹਨ ਹੜ੍ਹ, ਸੋਕੇ, ਜੰਗਲ ਦੀ ਅੱਗ, ਸਮੁੰਦਰ ਦਾ ਤੇਜ਼ਾਬੀਪਣ ਆਦਿ ਦੀਆਂ ਘਟਨਾਵਾਂ ਵਿਚ ਲਗਤਾਰ ਹੋ ਰਿਹਾ ਵਾਧਾ।
ਇਸਦੇ ਨਾਲ ਹੀ ਕੁਦਰਤੀ ਸਰੋਤਾਂ ਦੀ ਦੁਰਵਰਤੋਂ, ਹਵਾ/ਪਾਣੀ ਦਾ ਵਧ ਰਿਹਾ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਮਾਰੂਥਲਾਂ ਦਾ ਵਧਣਾ, ਜੀਵ ਪ੍ਰਜਾਤੀਆਂ ਦਾ ਲੋਪ ਹੋਣਾ, ਸਮੁੰਦਰੀ ਖੇਤਰ ਦਾ ਵਧਣਾ, ਮਨੁੱਖੀ ਪਰਵਾਸ ਅਤੇ ਭਿਆਨਕ ਬਿਮਾਰੀਆਂ ਦਾ ਵਧਣਾ, ਸਮਾਜ ਵਿਚ ਜਲਵਾਯੂ ਨਾਲ ਸਬੰਧਤ ਜੁਰਮਾਂ ਵਿਚ ਵਾਧਾ ਹੋਣਾ। ਅਧਿਐਨ ਦੱਸਦੇ ਹਨ ਕਿ ਸੂਰਜ ਨੂੰ ਆਲਮੀ ਤਪਸ਼ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ।
ਸੂਰਜ ਦੁਨੀਆ ਨੂੰ ਜੀਵਨ ਦੇਣ ਵਾਲਾ ਹੈ ਜਦਕਿ ਮੁੱਖ ਗਰੀਨ ਹਾਊਸ ਗੈਸਾਂ-ਕਾਰਬਨ ਡਾਈਆਕਸਾਈਡ, ਨਾਈਟਰਸ ਆਕਸਾਈਡ, ਮੀਥੇਨ, ਕਲੋਰੋਫਲੋਰੋਕਾਰਬਨ ਅਤੇ ਪਾਣੀ ਦਾ ਵਾਸ਼ਪੀਕਰਨ ਮੁੱਖ ਤੌਰ ‘ਤੇ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਦੇ ਮੁੱਖ ਕਾਰਨ ਹਨ। ਭਾਰਤ ਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਅਨੁਸਾਰ ਜਲਵਾਯੂ ਤਬਦੀਲੀ ਕਾਰਨ ਔਸਤ ਤਾਪਮਾਨ ਵਧਣ ਨਾਲ 2050 ਤਕ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਫ਼ਸਲਾਂ ਦੇ ਝਾੜ ਵਿਚ ਕਮੀ ਆਉਣ ਦੀ ਸੰਭਾਵਨਾ ਹੈ।
ਪੰਜਾਬ ਦਾ ਮੌਸਮ ਅਸਾਧਾਰਨ ਰੂਪ ਵਿਚ ਬਦਲ ਰਿਹਾ ਹੈ। ਕੁਦਰਤੀ ਸਰੋਤਾਂ ਦੀ ਦੁਰਵਰਤੋਂ, ਧਰਤੀ ਹੇਠਲੇ ਪਾਣੀ ਦਾ ਬੇਲੋੜਾ ਨਿਕਾਸ, ਦਰਖਤਾਂ ਦੀ ਕਟਾਈ, ਹਵਾ ਅਤੇ ਜਲ ਪ੍ਰਦੂਸ਼ਣ ਕਾਰਨ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੁਕਸਾਨ ਦੇ ਰਹੇ ਹਨ। ਇਹ ਨੁਕਸਾਨ ਹਨ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣਾ ਅਤੇ ਪਾਣੀ ਦਾ ਗੰਧਲਾ ਹੋਣਾ, ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦਾ ਘਟਣਾ, ਵੈੱਟਲੈਂਡ ਅਤੇ ਜੰਗਲਾਤ ਦਾ ਰਕਬਾ ਘਟਦੇ ਜਾਣਾ, ਈਂਧਨ ਦੇ ਤੌਰ ‘ਤੇ ਡੀਜ਼ਲ ਅਤੇ ਪੈਟਰੋਲ ਦੀ ਮੰਗ ਵਧਣਾ ਆਦਿ।
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਵੱਲੋਂ ਤਿਆਰ ਦਸਤਾਵੇਜ਼ ‘ਪੰਜਾਬ ਸਟੇਟ ਐਕਸ਼ਨ ਪਲਾਨ ਆਨ ਕਲੀਮੇਟ ਚੇਂਜ’ ਅਤੇ ਪੰਜਾਬ ਜਲਵਾਯੂ ਤਬਦੀਲੀ ਗਿਆਨ ਕੇਂਦਰ ਰਾਹੀਂ ਜਲਵਾਯੂ ਤਬਦੀਲੀ ਦੀਆਂ ਚਿੰਤਾਵਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਸੰਪੂਰਨ ਪਹੁੰਚ ਅਪਨਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ।
ਸਰਕਾਰੀ ਅਧਿਕਾਰੀਆਂ, ਅਕਾਦਮਿਕ ਸੰਸਥਾਵਾਂ, ਕਿਸਾਨਾਂ, ਪੇਂਡੂ ਔਰਤਾਂ, ਕਮਿਉਨਿਟੀ ਆਧਾਰਤ ਸੰਸਥਾਵਾਂ, ਗ਼ੈਰ ਸਰਕਾਰੀ ਸੰਗਠਨ ਲਈ ਵਰਕਸ਼ਾਪ, ਸੈਮੀਨਾਰ, ਕਾਨਫੰਰਸ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਦੀ ਲੋੜ ਹੈ ਤਾਂ ਕਿ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਜਨਤਕ ਰਾਇ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਸੋਚ ਅਤੇ ਜੀਵਨਸ਼ੈਲੀ ਵਿਚ ਵੀ ਬਦਲਾਅ ਲਿਆਂਦਾ ਜਾ ਸਕੇ। ਪੌਣ-ਪਾਣੀ ਬਦਲ ਰਿਹਾ ਹੈ ਤਾਂ ਸਾਨੂੰ ਵੀ ਬਦਲਣ ਦੀ ਲੋੜ ਹੈ।
ਭਾਵੇਂ ਕੌਮਾਂਤਰੀ ਪੱਧਰ ‘ਤੇ ਇਸ ਮੁੱਦੇ ਨੂੰ ਵੱਡੇ ਪੱਧਰ ‘ਤੇ ਚੁੱਕਿਆ ਜਾ ਰਿਹਾ ਹੈ ਪਰ ਅਮਰੀਕਾ ਤੇ ਚੀਨ ਸਮੇਤ ਕਈ ਵੱਡੇ ਦੇਸ਼ ਆਪਣੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਲਵਾਯੂ ਪਰਿਵਰਤਨ ਦੇ ਮੁੱਦੇ ਦੀ ਨਿਰੰਤਰ ਅਣਦੇਖੀ ਕਰਦੇ ਆ ਰਹੇ ਹਨ। ਵਾਤਾਵਰਨ ਪ੍ਰੇਮੀ ਭਾਵੇਂ ਇਸ ਮੁੱਦੇ ਨੂੰ ਬੜੀ ਸੰਜੀਦਗੀ ਨਾਲ ਚੁੱਕ ਰਹੇ ਹਨ ਪਰ ਸਭ ਮੁਲਕਾਂ ਨੂੰ ਇਸ ਮਹੱਤਵਪੂਰਨ ਮੁੱਦੇ ‘ਤੇ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …