-4.1 C
Toronto
Wednesday, December 31, 2025
spot_img
Homeਭਾਰਤਕਰਨਾਟਕ ਹਾਰ ਤੋਂ ਬਾਅਦ ਭਾਜਪਾ ਵੱਲੋਂ ਵਿਆਪਕ ਲਾਮਬੰਦੀ ਦੀ ਤਿਆਰੀ

ਕਰਨਾਟਕ ਹਾਰ ਤੋਂ ਬਾਅਦ ਭਾਜਪਾ ਵੱਲੋਂ ਵਿਆਪਕ ਲਾਮਬੰਦੀ ਦੀ ਤਿਆਰੀ

ਸਾਰੇ 545 ਲੋਕ ਸਭਾ ਹਲਕਿਆਂ ਤੱਕ ਪਹੁੰਚ ਬਣਾਏਗੀ ਭਗਵਾ ਪਾਰਟੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ਵਿੱਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਸਾਰੇ 545 ਲੋਕ ਸਭਾ ਹਲਕਿਆਂ ਤੱਕ ਪਹੁੰਚ ਬਣਾਏਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਹੇਠ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਏਗੀ।
ਸਿਖਰਲੇ ਕੇਂਦਰੀ ਮੰਤਰੀਆਂ, ਭਾਜਪਾ ਦੇ ਅਹੁਦੇਦਾਰਾਂ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਸਾਰੇ ਸੰਸਦੀ ਹਲਕਿਆਂ ਦੇ ਇਕ ਲੱਖ ਦੇ ਕਰੀਬ ਉੱਘੇ ਪਰਿਵਾਰਾਂ ਨਾਲ ਰਲ ਕੇ ਲੋਕ ਸਭ ਹਲਕੇ ਦੇ 250 ਪਰਿਵਾਰਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਦੌਰਾਨ ਭਾਜਪਾ ਸਰਕਾਰ ਦੀਆਂ ਨੌਂ ਵਰ੍ਹਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾਵੇਗਾ।
ਮਹੀਨਾ ਚੱਲਣ ਵਾਲਾ ਇਹ ‘ਮਹਾ ਜਨਸੰਪਰਕ ਅਭਿਆਨ’ 30 ਮਈ, ਜਿਸ ਦਿਨ ਮੋਦੀ ਸਰਕਾਰ ਦੇ ਨੌਂ ਵਰ੍ਹੇ ਮੁਕੰਮਲ ਹੋ ਜਾਣਗੇ, ਤੋਂ ਸ਼ੁਰੂ ਹੋ ਕੇ 30 ਜੂਨ ਤੱਕ ਚੱਲੇਗਾ। ਪਤਾ ਲੱਗਿਆ ਹੈ ਕਿ ਇਸ ਕੌਮੀ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਈ ਦੇ ਅਖੀਰ ਵਿੱਚ ਵਿਸ਼ਾਲ ਰੈਲੀ ਰਾਹੀਂ ਕੀਤੀ ਜਾਵੇਗੀ।
ਇਸ ਅਭਿਆਨ ਦਾ ਉਦੇਸ਼ ਸਰਕਾਰੀ ਪ੍ਰਾਪਤੀਆਂ ਦਾ ਸੁਨੇਹਾ ਹਰ ਨਾਗਰਿਕ ਤੱਕ ਪਹੁੰਚਾਉਣਾ ਹੈ। ਕੇਂਦਰੀ ਮੰਤਰੀ ਤੇ ਭਾਜਪਾ ਦੇ ਕੌਮੀ ਅਹੁਦੇਦਾਰ ‘ਤੇ ਆਧਾਰਿਤ ਦੋ ਮੈਂਬਰੀ ਕੇਂਦਰੀ ਟੀਮ ਹਰੇਕ ਲੋਕ ਸਭਾ ਹਲਕੇ ਤੱਕ ਪਹੁੰਚ ਕਰੇਗੀ ਜਦੋਂ ਕਿ ਭਾਜਪਾ ਦੀ 14 ਮੈਂਬਰੀ ਕੇਂਦਰੀ ਟੀਮ ਯੋਜਨਾ ਦੀ ਪ੍ਰਗਤੀ ਦੀ ਨਿਗਰਾਨੀ ਕਰੇਗੀ। ਇਸ ਮੁਹਿੰਮ ਦੇ ਤਿੰਨ ਪੜਾਅ ਹੋਣਗੇ। ਪਹਿਲਾ ਪੜਾਅ 25 ਮਈ ਤੱਕ ਹੋਵੇਗਾ। ਸਾਰੇ ਸੂਬਿਆਂ ਨੂੰ ਹਰ ਸੰਸਦੀ ਹਲਕੇ ਵਿੱਚੋਂ 250 ਪ੍ਰਭਾਵਸ਼ਾਲੀ ਪਰਿਵਾਰਾਂ ਦੀ ਸ਼ਨਾਖ਼ਤ ਅਤੇ ਸੋਸ਼ਲ ਮੀਡੀਆ ‘ਤੇ ਸਰਗਰਮ ਵਿਅਕਤੀਆਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਦੂਜਾ ਪੜਾਅ 29 ਮਈ ਤੋਂ 20 ਜੂਨ ਤੱਕ ਹੋਵੇਗਾ, ਜਿਸ ਦੌਰਾਨ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਵਿੱਚ 51 ਰੈਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਕਾਡਰਾਂ ਵਿੱਚ ਨਵੀਂ ਰੂਹ ਫੂਕੀ ਜਾ ਸਕੇ ਅਤੇ ਵੋਟਰਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਸਕਾਰਾਤਮਕ ਸੁਨੇਹਾ ਦਿੱਤਾ ਜਾ ਸਕੇ। ਇੰਜ ਹੀ ਤੀਜਾ ਪੜਾਅ 20 ਜੂਨ ਤੋਂ 30 ਜੂਨ ਤਕ ਮੁਕੰਮਲ ਹੋਵੇਗਾ।
ਇਸ ਦੌਰਾਨ ਸਾਰੇ ਲੋਕ ਸਭਾ ਹਲਕਿਆਂ ‘ਚ 16 ਲੱਖ ਭਾਜਪਾ ਵਰਕਰ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ। ਜ਼ਿਕਰਯੋਗ ਹੈ ਕਿ ਇਹ ਮੁਹਿੰਮ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿੱਢੀ ਜਾ ਰਹੀ ਹੈ।

 

 

RELATED ARTICLES
POPULAR POSTS