Breaking News
Home / ਮੁੱਖ ਲੇਖ / ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਵਿਸਾਖੀ

ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਵਿਸਾਖੀ

ਸੁਖਦੇਵ ਮਾਦਪੁਰੀ
ਵਿਸਾਖੀ ਦਾ ਤਿਉਹਾਰ ਮੁੱਢ ਕਦੀਮ ਤੋਂ” ਹੀ ਅਸੰਪ੍ਰਦਾਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਰਿਹਾ ਹੈ। ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਧਾਰਮਿਕ ਭਿੰਨ-ਭੇਦ ਮਿਟਾ ਕੇ ਸ਼ਾਮਲ ਹੁੰਦੇ ਰਹੇ ਹਨ। ਖ਼ੁਸ਼ੀਆਂ ਵੰਡਦਾ ਵਿਸਾਖੀ ਦਾ ਤਿਉਹਾਰ ਸਮੂਹ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਤਿਉਹਾਰ ਨਾਲ਼ ਕਈ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ। ਇਸ ਕਰਕੇ ਇਸ ਦੀ ਵਿਸ਼ੇਸ਼ਤਾ ਉਘੜਵੇਂ ਰੂਪ ਵਿੱਚ ਉਜਾਗਰ ਹੁੰਦੀ ਹੈ। ਖ਼ਾਲਸਾ ਪੰਥ
ਦੀ ਸਾਜਨਾ ਅਤੇ ਜਲ੍ਹਿਆਂਵਾਲ਼ੇ ਬਾਗ਼ ਦਾ ਖ਼ੂਨੀ ਸਾਕਾ ਵਿਸਾਖੀ ਨਾਲ਼ ਸਬੰਧਿਤ ਇਤਿਹਾਸਕ ਘਟਨਾਵਾਂ ਹਨ ਜਿਨ੍ਹਾਂ ਦੀ ਭਾਰਤੀ ਇਤਿਹਾਸ ਉੱਤੇ ਡੂੰਘੀ ਛਾਪ ਹੈ।
ਵਿਸਾਖੀ ਦੇ ਤਿਉਹਾਰ ਦੀ ਸ਼ੁਰੂਆਤ ਕਦੋਂ” ਹੋਈ? ਇਸ ਬਾਰੇ ਨਿਸ਼ਚਿਤ ਰੂਪ ਵਿੱਚ ਕੋਈ ਨਿਰਣਾ ਨਹੀਂ ਲਿਆ ਜਾ ਸਕਦਾ। ਸੂਰਜ ਦੇ ਹਿਸਾਬ ਵਿਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆਉਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਮੁਤਾਬਕ ਇਸ ਦਿਨ ਦੇਸ਼-ਦੇਸ਼ਾਂਤਰਾਂ ਤੋਂ “ਸੰਗਤ ਗੁਰਦਰਸ਼ਨਾਂ ਲਈ ਇਕੱਤਰ ਹੁੰਦੀਆਂ ਸਨ। ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋਂ ਪਰਮਹੰਸ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ਼ ਵਿਸਾਖੀ ਦਾ ਮੇਲਾ ਲਾਉਣਾ ਸ਼ੁਰੂ ਕੀਤਾ ਸੀ।
ਵਿਸਾਖੀ ਦਾ ਮੇਲਾ ਆਮ ਕਰਕੇ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ ‘ਤੇ ਲੱਗਦਾ ਹੈ। ਇਸ ਪਾਵਨ ਤਿਉਹਾਰ ਮੌਕੇ ਸ਼ਰਧਾਲੂ ਅਪਾਰ ਸ਼ਰਧਾ ਨਾਲ਼ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਅਹਿਮੀਅਤ ਦਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਹਰਿਦੁਆਰ ਵਿਖੇ ਗੰਗਾ ਦਾ ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਇਸੇ ਦਿਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਰਵਾਲਸਰ ਵਿੱਚ ਰੋਗੀਆਂ ਨੂੰ ਇਸ਼ਨਾਨ ਕਰਵਾਉਣ ਦੀ ਪਿਰਤ ਹੈ। ਇਨ੍ਹਾਂ ਸਥਾਨਾਂ ‘ਤੇ ਇਸ਼ਨਾਨ ਕਰਕੇ ਜਨਸਮੂਹ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ।
ਵਿਸਾਖੀ ਮੇਲੇ ਦੇ ਕਿਰਦਾਰ ਵੱਲ ਝਾਤ ਮਾਰਨ ‘ਤੇ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਇਹ ਅਸਲ ਵਿੱਚ ਕਿਸਾਨਾਂ ਦਾ ਤਿਉਹਾਰ ਹੈ। ਇਸ ਨੂੰ ਉੱਤਰੀ ਭਾਰਤ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੜੇ ਉਤਸ਼ਾਹ ਅਤੇ ਉਮਾਹ ਨਾਲ਼ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ ‘ਤੇ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਵਿੂਚ ਹਾੜ੍ਹੀ ਦੀ ਫ਼ਸਲ ਕਣਕ, ਜੋ ਇਸ ਖਿੱਤੇ ਦੀ ਮੁੱਖ ਫ਼ਸਲ ਹੈ, ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਫ਼ਸਲ ਨਾਲ਼ ਕਿਸਾਨਾਂ ਦੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਲੋੜਾਂ ਜੁੜੀਆਂ ਹੋਈਆਂ ਹਨ। ਜਦੋਂ ਜੋਬਨ ‘ਤੇ ਆਈ ਕਣਕ ਦੀ ਫ਼ਸਲ ਦੇ ਸੁਨਹਿਰੀ ਸਿੱਟੇ ਹਵਾ ਵਿੱਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਵਜਦ ਵਿੱਚ ਆ ਜਾਂਦਾ ਹੈ। ਮਿਹਨਤ ਨਾਲ਼ ਪਾਲੀ ਫ਼ਸਲ ਉਹ ਦੇ ਸਾਹਮਣੇ ਝੂਮਦੀ ਉਸ ਨੂੰ ਅਕਹਿ ਖ਼ੁਸ਼ੀ ਪ੍ਰਦਾਨ ਕਰਦੀ ਹੈ ਜਿਸ ਕਰਕੇ ਉਹ ਆਪ ਮੁਹਾਰਾ ਹੀ ਨੱਚ ਉੱਠਦਾ ਹੈ। ਉਸ ਦੇ ਨੈਣਾਂ ਵਿੱਚ ਅਨੇਕਾਂ ਸੁਪਨੇ ਹੁੰਦੇ ਹਨ। ਭਰਪੂਰ ਫ਼ਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ” ਕਿਸਾਨ ਵਿਸਾਖੀ ਮਨਾਉਂਦੇ ਹਨ। ਕਿਸਾਨ ਪਰਿਵਾਰ ਤੋਂ ਬਿਨਾਂ ਪਿੰਡਾਂ ਵਿੱਚ ਵਸਦੀਆਂ ਹੋਰਨਾਂ ਧੰਦਿਆਂ ਨਾਲ਼ ਜੁੜੀਆਂ ਜਾਤੀਆਂ ਦੇ ਲੋਕ ਵੀ ਇਹ ਤਿਉਹਾਰ ਉਸੇ ਉਤਸ਼ਾਹ ਨਾਲ਼ ਮਨਾਉਂਦੇ ਹਨ, ਜਿਸ ਨਾਲ਼ ਕਿਸਾਨ ਮਨਾਉਂਦਾ ਹੈ। ਔਰਤਾਂ, ਮਰਦ, ਬੱਚੇ ਬੈਲ ਗੱਡੀਆਂ, ਘੋੜਿਆਂ ਅਤੇ ਊਠਾਂ ‘ਤੇ ਸਵਾਰ ਹੋ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹਨ। ਮੇਲਾ ਦੇਖਣ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਵੰਨ-ਸੁਵੰਨੇ ਪਹਿਰਾਵੇ ਪਹਿਨੀਂ ਮੇਲੇ ਦੀ ਰੌਣਕ ਵਧਾਉਂਦੇ ਹਨ। ਮੇਲੇ ਵਿੱਚ ਲੋਕਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੁੰਦਾ ਹੈ। ਇੱਥੇ ਪੰਜਾਬ ਦਾ ਨੱਚਦਾ-ਗਾਉਂਦਾ ਸੱਭਿਆਚਾਰ ਪ੍ਰਤੱਖ ਦਿਸਦਾ ਹੈ। ਮੇਲੇ ਵਿੱਚ ਲੋਕ ਸਾਹਿਤ ਦੀਆਂ ਕੂਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ ਹਨ। ਕਿਧਰੇ ਕਵੀਸ਼ਰਾਂ ਦੇ ਗਾਉਣ, ਕਿਧਰੇ ਢੱਡ ਸਾਰੰਗੀ ਵਾਲ਼ਿਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਆਪਣਾ ਜਲੌਅ ਦਿਖਾ ਰਹੇ ਹੁੰਦੇ ਹਨ। ਆਸਮਾਨ ਛੂੰਹਦੇ ਸਰਕਸਾਂ ਦੇ ਸਾਇਬਾਨ ਜਨ-ਸਮੂਹ ਨੂੰ ਆਪਣੇ ਵੱਲ ਖਿੱਚਦੇ ਹਨ। ਰੱਸਾਕਸ਼ੀ, ਨੇਜ਼ਾਬਾਜ਼ੀ, ਗੱਤਕਾ, ਮੂੰਗਲੀਆਂ ਫੇਰਨ, ਮੁਦਗਰ ਚੁੱਕਣ, ਵੀਣੀ ਫੜਨ ਅਤੇ ਪਹਿਲਵਾਨਾਂ ਦੇ ਘੋਲ਼ਾਂ ਦੇ ਅਖਾੜੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਕਿਸੇ ਪਾਸੇ ਗੱਭਰੂ ਟੋਲੀਆਂ ਵਿੱਚ ਢੋਲ ਦੇ ਡੱਗੇ ਦੀ ਤਾਲ ‘ਤੇ ਪੰਜਾਬ ਦਾ ਲੋਕ ਨਾਚ ਭੰਗੜਾ ਪਾਉਂਦੇ ਹੋਏ ਹਾਲੋਂ-ਬੇਹਾਲ ਹੋ ਜਾਂਦੇ ਹਨ। ਇੰਝ ਖ਼ੁਸ਼ੀਆਂ ਮਨਾਉਂਦੇ ਹੋਏ ਕਿਸਾਨ ਭੰਗੜਾ ਪਾਉਂਦੇ ਆਪਣੇ ਪਿੰਡਾਂ ਅਤੇ ਘਰਾਂ ਨੂੰ ਪਰਤ ਆਉਂਦੇ ਹਨ। ਵਿਸਾਖੀ ਤੋਂ ਅਗਲੇ ਦਿਨ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਢੋਲੀ, ਢੋਲ ‘ਤੇ ਡੱਗਾ ਮਾਰਦਾ ਹੈ।
ਜੱਟਾ ਆਈ ਵਿਸਾਖੀ, ਹਈ ਸ਼ਾ
ਮੁੱਕ ਗਈ ਕਣਕਾਂ ਦੀ ਰਾਖੀ, ਹਈਸ਼ਾ
ਜੱਟਾ ਆਈ ਵਿਸਾਖੀ।
ਸਿੱਖ ਜਗਤ ਲਈ ਇਹ ਦਿਹਾੜਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਖ਼ਾਲਸੇ ਦਾ ਜਨਮ ਦਿਹਾੜਾ ਹੈ। ਇੱਕ ਵਿਸਾਖ ਸੰਮਤ 1756 ਭਾਵ 1699 ਈਸਵੀ ਦੀ ਵਿਸਾਖੀ ਵਾਲ਼ੇ ਦਿਨ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ‘ਚ ਜੁੜੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਲਹਿਰਾ ਕੇ ਸੰਗਤ ਵਿੱਚੋਂ ਸਿੱਖਾਂ ਦੇ ਸੀਸ ਦੀ ਮੰਗ ਕੀਤੀ, ਜਿਹੜੇ ਉਨ੍ਹਾਂ ਲਈ ਕੁਰਬਾਨੀ ਦੇ ਸਕਣ। ਸੰਗਤ ਵਿੱਚ ਸਹਿਮ ਛਾ ਗਿਆ। ਪੰਜ ਸਿੱਖ ਲਾਹੌਰ ਦਾ ਖੱਤਰੀ ਦਿਆ ਰਾਮ, ਹਸਤਨਾਪੁਰ ਦਾ ਜੱਟ ਧਰਮਦਾਸ, ਨੰਗਲ ਸ਼ਹੀਦਾਂ ਦਾ ਨਾਈ ਸਾਹਿਬ, ਸੰਗਤਪੁਰੇ ਦਾ ਹਿੰਮਤ ਝਿਊਰ ਅਤੇ ਦਵਾਰਕਾ ਦਾ ਛੀਂਬਾ ਮੁਹਕਮ ਚੰਦ ਨਿੱਤਰੇ। ਗੁਰੂ ਜੀ ਨੇ ਉਨ੍ਹਾਂ ਮਰਜੀਵੜਿਆਂ ਨੂੰ ਪੰਜ ਪਿਆਰੇ ਆਖਿਆ ਤੇ ਆਪਣੀ ਹਿੱਕ ਨਾਲ਼ ਲਾ ਲਿਆ। ਪੰਜਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਗਿਆ ਤੇ ਉਨ੍ਹਾਂ ਦੇ ਨਾਂ ਕ੍ਰਮਵਾਰ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮੋਹਕਮ ਸਿੰਘ ਰੱਖ ਦਿੱਤੇ। ਇਸ ਤੋਂ ਮਗਰੋਂ” ਗੁਰੂ ਜੀ ਨੇ ਇਨ੍ਹਾਂ ਪੰਜਾਂ ਪਿਆਰਿਆਂ ਹੱਥੋਂ “ਆਪ ਅੰਮ੍ਰਿਤ ਛਕਿਆ ਤੇ ਇੰਜ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਨਿਤਾਣਿਆਂ ਨੂੰ ਆਤਮਕ ਬਲ ਬਖ਼ਸ਼ ਕੇ ਸਾਂਝੀਵਾਲਤਾ ਦੀ ਨੀਂਹ ਰੱਖੀ। ਪੰਜਾਬ ਦੇ ਪ੍ਰਮੁੱਖ ਗੁਰਦੁਆਰਿਆਂ ਵਿਸ਼ੇਸ਼ ਕਰਕੇ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਪੁਰਬ ਖ਼ਾਲਸੇ ਦੇ ਜਨਮ ਦਿਹਾੜੇ ਵਜੋਂ “ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਧਾਰਮਿਕ ਦੀਵਾਨਾਂ ਵਿੱਚ ਸ਼ਾਮਲ ਹੁੰਦੀਆਂ ਹਨ।
ਵਿਸਾਖੀ ਦਾ ਤਿਉਹਾਰ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲ਼ੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਤੇ ਸੂਰਬੀਰ ਮਰਜੀਵੜਿਆਂ ਦੀ ਯਾਦ ਵੀ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਸੰਨ 1919 ਦੀ ਵਿਸਾਖੀ ਵਾਲ਼ੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲ਼ੇ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਨੂੰ ਅਸੀਂ ਕਿਵੇਂ” ਭੁੱਲ ਸਕਦੇ ਹਾਂ? ਉਸ ਦਿਨ ਦੇਸ਼ ਦੀ ਆਜ਼ਾਦੀ ਲਈ ਕਾਮਨਾ ਕਰਨ ਵਾਲੇ ਹਜ਼ਾਰਾਂ ਨਿਹੱਥੇ ਪੰਜਾਬੀਆਂ ਉੱਤੇ ਅੰਗਰੇਜ਼ ਸਾਮਰਾਜ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਂਕੜਿਆਂ ਨੂੰ ਸ਼ਹਾਦਤ ਦਾ ਜਾਮ ਪਿਲਾ ਦਿੱਤਾ ਤੇ ਹਜ਼ਾਰਾਂ ਮਰਜੀਵੜੇ ਜ਼ਖ਼ਮੀ ਹੋ ਗਏ। ਇਨ੍ਹਾਂ ਮਰਜੀਵੜਿਆਂ ਵਿੱਚ ਹਰ ਧਰਮ ਦੇ ਬੱਚੇ, ਬੁੱਢੇ, ਔਰਤਾਂ ਅਤੇ ਮਰਦ ਸਨ। ਵਿਸਾਖੀ ਵਾਲੇ ਦਿਨ ਸਾਰਾ ਮੁਲਕ ਇਨ੍ਹਾਂ ਮਰਜੀਵੜਿਆਂ ਦੀ ਯਾਦ ਵਿੱਚ ਸਿਰ ਝੁਕਾਉਂਦਾ ਤੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਣਾਮ ਕਰਦਾ ਹੈ। ਭਾਰਤ ਦੇ ਹੋਰ ਸੂਬਿਆਂ ਵਿੱਚ ਵਸੇ ਲੋਕ ਵੀ ਵਿਸਾਖੀ ਦਾ ਤਿਉਹਾਰ ਰਵਾਇਤੀ ਰੂਪ ਵਿੱਚ ਮਨਾਉਂਦੇ ਹਨ। ਤਾਮਿਲ ਲੋਕ ਵਿਸਾਖੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ। ਮਨੀਪੁਰੀ ਲੋਕ, ਨੇਪਾਲੀ ਅਤੇ ਬੰਗਾਲੀ ਵੀ ਵਿਸਾਖੀ ਤੋਂ ਅਗਲੇ ਦਿਨ ਭਾਵ 14 ਅਪਰੈਲ ਤੋਂ ਨਵਾਂ-ਸਾਲ ਆਰੰਭਦੇ ਹਨ।

Check Also

16 ਨਵੰਬਰ : ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਆਜ਼ਾਦੀ ਘੁਲਾਟੀਆਂ ਦੀ ਦਾਸਤਾਨ-ਏ-ਸ਼ਹਾਦਤ

ਅਸਲੀ ਨਾਇਕਾਂ ਗ਼ਦਰੀ ਸ਼ੇਰਾਂ ਦੀਆਂ ਮਾਰਾਂ ਅਤੇ ਅਜੋਕੇ ਖਲਨਾਇਕਾਂ ਫਾਸ਼ੀਵਾਦੀ ਗਿੱਦੜਾਂ ਦੀਆਂ ਕਲੋਲਾਂ ਡਾ. ਗੁਰਵਿੰਦਰ …