ਚੰਗੀ ਖ਼ਬਰ ਹੈ ਨਹੀਂ
ਕੋਈ ਮਾਰਦਾ ਕੋਈ ਹੈ ਮਰੀ ਜਾਂਦਾ,
ਕਿਸੇ ਪਾਸੇ ਤੋਂ ਆਉਂਦੀ ਚੰਗੀ ਖ਼ਬਰ ਹੈ ਨਹੀਂ ।
ਡਾਕੇ, ਚੋਰੀਆਂ ਹੁੰਦੇ ਨੇ ਕਤਲ਼ ਹਰ ਥਾਂ,
ਮਾਨਸ ਜਾਤ ਦੀ ਬਹੁਤੀ ਹੁਣ ਕਦਰ ਹੈ ਨਹੀਂ ।
ਵਿਰਲ੍ਹਾ-ਟਾਂਵਾਂ ਹੀ ਧਰਤ ਤੇ ਦੇਸ਼ ਹੋਣਾ,
ਜਿਹੜੇ ਮੁਲਕ ਵਿੱਚ ਮੱਚਿਆ ਗ਼ਦਰ ਹੈ ਨਹੀਂ ।
ਧਨ, ਦੌਲ਼ਤ ਤੇ ਬੇਗ਼ਾਨਾ ਹੀ ਰੂਪ ਵੇਖਣ,
ਲਿਖੀ-ਪੜ੍ਹੀ ਹੁਣ ਸੰਗਦੀ ਨਜ਼ਰ ਹੈ ਨਹੀਂ ।
ਸਿਆਣੇ ਕਹਿੰਦੇ ਸੀ, ਰਿਹਾ ਨਾ ਯਾਦ ਸਾਨੂੰ,
ਕਿਸੇ ਨੂੰ ਡੇਗਣ ਲਈ ਪੁੱਟੀਦੀ ਕਬਰ ਹੈ ਨਹੀਂ ।
ਪਿੱਛੇ-ਪਿੱਛੇ ਜਿਨਾਂ ਦੇ ਰਾਤ ਦਿਨ ਦੌੜਦਾ ਏਂ,
ਡਾਲਰਾਂ ਪੌਡਾਂ ਨੇ ਆਉਣਾ ਤੇਰੇ ਮਗਰ ਹੈ ਨਹੀਂ ।
ਸ਼ਨੀ, ਐਤਵਾਰ ਵੀ ਓਵਰ ਟਾਇਮ ਕਰੀ ਜਾਵੇਂ,
ਗਿੱਲ ਬਲਵਿੰਦਰਾ ਤੈਨੂੰ ਵੀ ਸਬਰ ਹੈ ਨਹੀਂ ।
ਗਿੱਲ ਬਲਵਿੰਦਰ
CANADA +1.416.558.5530
([email protected] )