Breaking News
Home / ਰੈਗੂਲਰ ਕਾਲਮ / ਸ਼ਾਂਤੀ ਤੇ ਸੇਵਾ ਦੇ ਪੁੰਜ-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਸ਼ਾਂਤੀ ਤੇ ਸੇਵਾ ਦੇ ਪੁੰਜ-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਰਿਵਿਊ ਕਰਤਾ
ਡਾ. ਡੀ ਪੀ ਸਿੰਘ 416-859-1856
ਉੱਤਰੀ ਭਾਰਤ ਦੇ ਪੰਜਾਬ ਖਿੱਤੇ ਵਿਖੇ, ਰਮਣੀਕ ਸ਼ਿਵਾਲਿਕ ਪਹਾੜ੍ਹੀਆਂ ਦੀ ਗੋਦ ਵਿਚ ਵਸਿਆ ਬਾਗਾਂ-ਬਗੀਚਿਆਂ ਵਾਲਾ ਨਗਰ ਹੈ ਕੀਰਤਪੁਰ। ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਨੂੰ, ਕੀਰਤਪੁਰ ਵਿਖੇ, ਸਿੱਖ ਸਮੁਦਾਇ ਦੇ ਸੱਤਵੇਂ ਗੁਰੂ ਸ੍ਰੀ ਹਰਿ ਰਾਏ ਜੀ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਕ੍ਰਿਸ਼ਨ ਕੌਰ ਦੇ ਘਰ ਹੋਇਆ। ਅਕਤੂਬਰ 1661 ਵਿਚ ਗੁਰੂ ਹਰਿ ਰਾਏ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਬੇਟੇ ਬਾਲਕ ਹਰਕ੍ਰਿਸ਼ਨ ਨੂੰ ਗੁਰਗੱਦੀ ਸੌਂਪ ਕੇ ਸਿੱਖਾਂ ਦੇ ਅੱਠਵੇਂ ਗੁਰੂ ਵਜੋਂ ਥਾਪਿਆ। ਬਾਲਕ ਹਰਿਕ੍ਰਿਸ਼ਨ ਕੇਵਲ ਪੰਜ ਸਾਲ ਦੇ ਹੀ ਸਨ ਜਦੋਂ ਉਨ੍ਹਾਂ ਨੂੰ ਗੁਰਗੱਦੀ ਦੀ ਜੁੰਮੇਵਾਰੀ ਸੰਭਾਲਣੀ ਪਈ।
ਗੁਰੂ ਹਰਿ ਰਾਏ ਜੀ ਦਾ ਵੱਡਾ ਬੇਟਾ ਰਾਮ ਰਾਏ, ਜੋ ਹੁਣ ਤਕ ਮੁਗਲ ਬਾਦਸ਼ਾਹ ਦਾ ਹੱਥ ਠੋਕਾ ਬਣ ਚੁੱਕਾ ਸੀ, ਨੇ ਬਾਲਕ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਮਿਲਣ ਦਾ ਸਖ਼ਤ ਵਿਰੋਧ ਕੀਤਾ ਕਿਉਂਕਿ ਉਹ ਖੁਦ ਪਰਿਵਾਰ ਵਿਚ ਵੱਡਾ ਬੇਟਾ ਹੋਣ ਕਾਰਣ ਗੁਰਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ। ਰਾਮ ਰਾਏ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਦਿੱਲੀ ਵਿਖੇ ਸ਼ਿਕਾਇਤ ਜਾ ਕੀਤੀ ਕਿ ਉਸ ਨਾਲ ਬਾਦਸ਼ਾਹ ਪ੍ਰਤੀ ਆਪਣੀ ਵਫ਼ਾਦਾਰੀ ਕਾਰਨ ਵਿਤਕਰਾ ਕੀਤਾ ਗਿਆ ਸੀ ਅਤੇ ਉਸਨੂੰ ਆਪਣੇ ਪਿਤਾ ਗੁਰੂ ਹਰਿ ਰਾਏ ਦੀ ਜਾਇਦਾਦ ਦਾ ਬਣਦਾ ਹਿੱਸਾ ਨਹੀਂ ਮਿਲਿਆ। ਰਾਮ ਰਾਏ ਇਹ ਵੀ ਜਾਣਦਾ ਸੀ ਕਿ ਆਪਣੀ ਮੌਤ ਤੋਂ ਪਹਿਲਾਂ ਗੁਰੂ ਹਰਿ ਰਾਏ ਜੀ ਨੇ ਗੁਰੂ ਹਰਿਕ੍ਰਿਸ਼ਨ ਨੂੰ ਹਦਾਇਤ ਕੀਤੀ ਸੀ ਕਿ ਉਹ ਕਦੇ ਔਰੰਗਜ਼ੇਬ ਨੂੰ ਨਾ ਮਿਲਣ।
ਰਾਮ ਰਾਏ ਦਾ ਯਕੀਨ ਸੀ ਕਿ ਜੇ ਗੁਰੂ ਹਰਿਕ੍ਰਿਸ਼ਨ ਜੀ ਬਾਦਸ਼ਾਹ ਨੂੰ ਮਿਲੇ ਤਾਂ ਉਹ ਆਪਣੇ ਗੁਰੂ ਪਿਤਾ ਦੀ ਇੱਛਾ ਦੇ ਵਿਰੁੱਧ ਜਾ ਰਹੇ ਹੋਣਗੇ ਅਤੇ ਸਿੱਖ ਸੰਗਤ ਗੁਰੂ ਹਰਿਕ੍ਰਿਸ਼ਨ ਤੋਂ ਨਾਰਾਜ਼ ਹੋ ਜਾਣਗੇ। ਇਸ ਦੇ ਉਲਟ ਜੇ ਗੁਰੂ ਹਰਿਕ੍ਰਿਸ਼ਨ ਨੇ ਦਿੱਲੀ ਆਉਣ ਤੋਂ ਨਾਂਹ ਕਰ ਦਿੱਤੀ, ਤਾਂ ਬਾਦਸ਼ਾਹੀ ਫੌਜਾਂ ਉਨ੍ਹਾਂ ਉੱਤੇ ਹਮਲਾਵਰ ਹੋ ਜਾਣਗੀਆਂ। ਕਿਉਂਕਿ ਰਾਮ ਰਾਏ ਦਾ ਬਾਦਸ਼ਾਹ ਔਰੰਗਜੇਥਬ ਨਾਲ ਰਸੂਖ ਕਾਫ਼ੀ ਚੰਗਾ ਸੀ, ਬਾਦਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆ ਕੇ ਮਿਲਣ ਦਾ ਸੱਦਾ ਭੇਜ ਦਿੱਤਾ। ਸਿੱਖ ਸੰਗਤ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਪੁੱਜਣ ਦੇ ਸੱਦੇ ਬਾਰੇ ਜਾਣ ਕੇ ਚਿੰਤਤ ਹੋ ਉੱਠੀ। ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦਾ ਇਕ ਉੱਚ ਅਧਿਕਾਰੀ ਸੀ ਰਾਜਾ ਜੈ ਸਿੰਘ । ਬਾਦਸ਼ਾਹ ਨੇ ਗੁਰੂ ਜੀ ਨੂੰ ਦਿੱਲੀ ਲਿਆਉਣ ਲਈ ਰਾਜਾ ਜੈ ਸਿੰਘ ਦੀ ਡਿਊਟੀ ਲਗਾ ਦਿੱਤੀ। ਚੰਗੀ ਗੱਲ ਇਹ ਸੀ ਕਿ ਰਾਜਾ ਜੈ ਸਿੰਘ ਗੁਰੂ ਘਰ ਪ੍ਰਤਿ ਸ਼ਰਧਾ ਭਾਵਨਾ ਰੱਖਦਾ ਸੀ। ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਦਿੱਲੀ ਵਿਚ ਆਪ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਨ ਜੋ ਆਪ ਦੇ ਦਰਸ਼ਨ ਕਰਨ ਅਤੇ ਆਪ ਦੇ ਬਚਨ-ਬਿਲਾਸ ਸੁਣਨ ਲਈ ਬਹੁਤ ਹੀ ਤਾਂਘਵਾਨ ਹਨ । ਉਸ ਨੇ ਗਰੂ ਸਾਹਿਬ ਤੇ ਸਿੱਖ ਸੰਗਤ ਨੂੰ ਇਹ ਵੀ ਭਰੋਸਾ ਦਵਾਇਆ ਕਿ ਦਿੱਲੀ ਫੇਰੀ ਦੌਰਾਨ ਗੁਰੂ ਸਾਹਿਬ ਨੂੰ ਬਾਦਸ਼ਾਹ ਨਾਲ ਸਿੱਧੀ ਮੁਲਾਕਾਤ ਨਹੀਂ ਕਰਨੀ ਹੋਵੇਗੀ। ਰਾਜਾ ਜੈ ਸਿੰਘ ਦੀ ਲਗਾਤਾਰ ਯਾਚਨਾ ਨੂੰ ਮੱਦੇ-ਨਜ਼ਰ ਰੱਖਦੇ ਹੋਏ, ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖ ਸੰਗਤ ਦੀ ਸਹਿਮਤੀ ਨਾਲ, ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਫਲਸਰੂਪ ਗੁਰੂ ਹਰਿਕ੍ਰਿਸ਼ਨ ਜੀ, ਮਾਤਾ ਕ੍ਰਿਸ਼ਨ ਕੌਰ ਜੀ ਅਤੇ ਕਈ ਸ਼ਰਧਾਲੂਆਂ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ।
ਯਾਤਰਾ ਦੌਰਾਨ ਜਦੋਂ ਗੁਰੂ ਹਰਿ ਕ੍ਰਿਸ਼ਨ ਜੀ ਤੇ ਸੰਗਤਾਂ ਦਾ ਇਕੱਠ ਅੰਬਾਲਾ ਜ਼ਿਲ੍ਹੇ ਦੇ ਨਗਰ ਪੰਜੋਖੜਾ ਵਿਖੇ ਪੁੱਜਿਆ ਤਾਂ ਸੰਗਤਾਂ ਦੇ ਭਾਰੀ ਇਕੱਠ ਨੂੰ ਦੇਖਦੇ ਹੋਏ ਸਥਾਨਕ ਇਕ ਜਾਤ ਅਭਿਮਾਨੀ ਤੇ ਈਰਖਾਵਾਨ ਪੰਡਿਤ ਲਾਲ ਚੰਦ, ਜੋ ਕਿ ਵੇਦਾਂ ਦਾ ਵੱਡਾ ਗਿਆਤਾ ਸੀ, ਨੇ ਤਾਅਨਾ ਮਾਰਦੇ ਹੋਏ ਕਿਹਾ, ”ਤੁਹਾਡੇ ਗੁਰੂ ਜੀ ਨੂੰ ਹਰਿਕ੍ਰਿਸ਼ਨ ਕਿਹਾ ਜਾਂਦਾ ਹੈ, ਸੱਤ ਸਾਲ ਦਾ ਬੱਚਾ ਹੈ ਉਹ! ਕ੍ਰਿਸ਼ਨ ਜੀ, ਵਿਸ਼ਨੂੰ ਦੇ ਅਵਤਾਰ ਸਨ ਅਤੇ ਉਨ੍ਹਾਂ ਨੇ ਗੀਤਾ ਦਾ ਉਚਾਰਣ ਕੀਤਾ, ਜੋ ਕਿ ਸਦੀਵੀ ਸੱਚ ਦਾ ਭੰਡਾਰ ਹੈ। ਜੇ ਤੁਹਾਡੇ ਗੁਰੂ ਦਾ ਨਾਮ ਵੀ ਕ੍ਰਿਸ਼ਨ ਹੈ, ਤਾਂ ਉਹ ਸਾਨੂੰ ਗੀਤਾ ਦੇ ਅਰਥ ਸਮਝਾ ਦੇਵੇ।”
ਪ੍ਰਚਲਿਤ ਗਾਥਾ ਅਨੁਸਾਰ, ਜਦੋਂ ਇਸ ਗੱਲ ਦਾ ਪਤਾ ਗੁਰੂ ਜੀ ਨੂੰ ਚਲਿਆ ਤਾਂ ਉਨ੍ਹਾਂ ਨੇ ਉਸ ਸਮੇਂ ਕੋਲੋਂ ਲੰਘ ਰਹੇ ਛੱਜੂ ਰਾਮ ਨਾਮ ਦੇ ਇਕ ਸਧਾਰਨ ਅਨਪੜ੍ਹ ਮਾਸ਼ਕੀ ਨੂੰ ਆਪਣੀ ਸੋਟੀ ਨਾਲ ਛੂੰਹਦਿਆਂ ਗੀਤਾ ਦੇ ਅਰਥ ਦੱਸਣ ਦਾ ਹੁਕਮ ਕਰ ਦਿੱਤਾ। ਗੁਰੂ ਸਾਹਿਬ ਦੀ ਨਿਗਾਹੇ-ਮਿਹਰ ਸਦਕਾ ਅਨਪੜ੍ਹ ਛੱਜੂ ਰਾਮ ਨੇ ਗੀਤਾ ਦੇ ਫ਼ਲਸਫ਼ੇ ਦੀ ਅਜਿਹੀ ਭਾਵਪੂਰਨ ਵਿਆਖਿਆ ਕੀਤੀ ਕਿ ਪੰਡਿਤ ਲਾਲ ਚੰਦ ਦੰਗ ਰਹਿ ਗਿਆ। ਫਲਸਰੂਪ ਉਸ ਦਾ ਹੰਕਾਰ ਚਕਨਾਚੂਰ ਹੋ ਗਿਆ ਤੇ ਉਹ ਨਿਮਰ ਹੋ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ।
ਦਿੱਲੀ ਪਹੁੰਚਣ ਉੱਤੇ ਗੁਰੂ ਜੀ ਅਤੇ ਉਨ੍ਹਾਂ ਦੀ ਪਾਰਟੀ ਰਾਜਾ ਜੈ ਸਿੰਘ ਦੇ ਮਹਿਮਾਨ ਸਨ। ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੀਆਂ ਸਨ। ਸੰਨ 1663 ਵਿਚ, ਜਦੋਂ ਗੁਰੂ ਹਰਿਕ੍ਰਿਸ਼ਨ ਦਿੱਲੀ ਵਿਚ ਸਨ, ਤਾਂ ਸ਼ਹਿਰ ਵਿਖੇ ਹੈਜ਼ਾ ਅਤੇ ਚੇਚਕ ਦੀ ਗੰਭੀਰ ਮਹਾਂਮਾਰੀ ਫੈਲ ਰਹੀ ਸੀ। ਸੱਤ ਸਾਲਾ ਗੁਰੂ ਜੀ ਨੇ, ਬਿਨ੍ਹਾ ਕਿਸੇ ਭੇਦ ਭਾਵ ਨਾਲ, ਸਭ ਧਰਮਾਂ ਦੇ ਬੀਮਾਰ ਤੇ ਦੁਖੀ ਲੋਕਾਂ ਨੂੰ ਚੰਗਾ ਕਰਨ ਵਿੱਚ ਪੂਰੀ ਤਨਦੇਹੀ ਨਾਲ ਸਹਾਇਤਾ ਕੀਤੀ। ਉਨ੍ਹਾਂ ਦੀ ਕਿਰਪਾ ਨਾਲ ਬੰਗਲਾ ਸਾਹਿਬ (ਮੌਜੂਦਾ ਗੁਰਦੁਆਰੇ ਦੇ ਸਥਾਨ ਨੇੜੇ) ਵਿਖੇ ਮੌਜੂਦ ਝੀਲ ਦੇ ਜਲ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੀ। ਸਥਾਨਕ ਮੁਸਲਿਮ ਲੋਕ ਗੁਰੂ ਜੀ ਦੀ ਮਾਨਵ-ਸੇਵਾ ਭਾਵਨਾ ਤੋਂ ਇੰਨ੍ਹੇ ਪ੍ਰਭਾਵਿਤ ਹੋਏ ਕਿ ਪਿਆਰ ਨਾਲ ਉਨ੍ਹਾਂ ਨੂੰ ਬਾਲਾ ਪੀਰ ਸੱਦਣ ਲਗ ਪਏ।
ਬੀਮਾਰ ਲੋਕਾਂ ਦੀ ਸੇਵਾ ਕਰਦਿਆਂ, ਗੁਰੂ ਜੀ ਵੀ ਚੇਚਕ ਦੀ ਬੀਮਾਰੀ ਦੀ ਲਾਗ ਲਗਣ ਕਾਰਣ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਮਾਰਚ 1664 ਦੌਰਾਨ ਗੁਰੂ ਹਰਿਕ੍ਰਿਸ਼ਨ ਨੇ ਆਪਣੇ ਉੱਤਰਾਧਿਕਾਰੀ ਦੀ ਘੋਸ਼ਣਾ ਕਰਨ ਦਾ ਫੈਸਲਾ ਕੀਤਾ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਨੇ ਕਿਹਾ, ”ਬਾਬਾ ਬਕਾਲੇ।” ਸਿੱਖ ਧਾਰਮਿਕ ਸੰਗਠਨ ਨੇ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਕੀਤੀ ਕਿ ਅਗਲਾ ਗੁਰੂ ਬਕਾਲੇ ਪਿੰਡ ਵਿਚ ਪਾਇਆ ਜਾਣਾ ਸੀ, ਜਿਸ ਦੀ ਪਹਿਚਾਣ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਵਜੋਂ ਕੀਤੀ ਗਈ। ਆਪ 30 ਮਾਰਚ, 1664 ਨੂੰ ਅਕਾਲ ਚਲਾਣਾ ਕਰ ਗਏ, ਉਸ ਸਮੇਂ ਆਪ ਦੀ ਉਮਰ ਸਿਰਫ਼ ਅੱਠ ਸਾਲ ਦੇ ਲਗਭਗ ਸੀ।
ਅੰਤਮ ਸਮੇਂ ਗੁਰੂ ਜੀ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਕੋਈ ਵੀ ਉਨ੍ਹਾਂ ਦੀ ਮੌਤ ‘ਤੇ ਸੋਗ ਨਾ ਕਰੇ, ਬਲਕਿ ਗੁਰਬਾਣੀ ਗਾਇਨ ਕੀਤਾ ਜਾਵੇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ”ਵਾਰ ਸ੍ਰੀ ਭਗੌਤੀ ਜੀ ਕੀ” ਵਿਚ ਗੁਰੂ ਹਰਿਕ੍ਰਿਸ਼ਨ ਜੀ ਨੂੰ ਇਨ੍ਹਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਹੈ ਕਿ; ”ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸੁ ਡਿਠੇ ਸਭੁ ਦੁਖੁ ਜਾਏ।” ਜੋ ਹੁਣ ਰੋਜ਼ਾਨਾ ਸਿੱਖ ਅਰਦਾਸ ਦਾ ਹਿੱਸਾ ਬਣ ਚੁੱਕੀ ਹੈ। ਮਨੁੱਖੀ ਇਤਿਹਾਸ ਵਿਚ, ਪਰਮਾਤਮਾ ਦੇ ਬਹੁਤ ਹੀ ਘੱਟ ਭਗਤ ਹੋਏ ਹਨ ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਜੀ ਦੀ ਤਰ੍ਹਾਂ ਬਾਲ ਉਮਰ ਵਿਚ ਹੀ ਅਧਿਆਤਮਿਕਤਾ ਦਾ ਸਰਵਉੱਚ ਪੱਧਰ ਪ੍ਰਾਪਤ ਕੀਤਾ ਹੋਵੇ।
…………….
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।
email: [email protected]
website: c4usikhism.com

Check Also

ਮੇਰਾ ਪਿੰਡ

ਜਰਨੈਲ ਸਿੰਘ (ਕਿਸ਼ਤ : ਕਿਸ਼ਤ ਪਹਿਲੀ) ਸਾਡਾ ਪਿੰਡ ਮੇਘੋਵਾਲ ਗੰਜਿਆਂ ਹੀਰ ਗੋਤ ਦੇ ਜੱਟਾਂ ਦੇ …