-15.6 C
Toronto
Sunday, February 1, 2026
spot_img
Homeਨਜ਼ਰੀਆਜਾਗ ਵੇ ਸੁੱਤਿਆ ਵੀਰਨਾ!

ਜਾਗ ਵੇ ਸੁੱਤਿਆ ਵੀਰਨਾ!

ਡਾ. ਗੁਰਬਖ਼ਸ਼ ਸਿੰਘ ਭੰਡਾਲ
001-216-556-2080
ਜਾਗ ਵੇ ਸੁੱਤਿਆ ਵੀਰਨਾ! ਤੇਰਾ ਗਰਾਂ ਲੁਟੀਂਦਾ ਆ। ਸਾੜਸੱਤੀ ਵਾਪਰ ਰਹੀ ਏ। ਹਰ ਘਰ ਤੇ ਵਿਹੜੇ ਵਿਚ ਸੰਤਾਪ ਅਤੇ ਦੁੱਖਾਂ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਨੇ। ਹਰ ਚੌਂਕੇ ਵਿਚ ਬੇਰੌਣਕੀ, ਬੁੱਝ ਰਹੀ ਚੁੱਲ੍ਹਿਆਂ ਦੀ ਅੱਗ ਅਤੇ ਬੁੱਝਦੀ ਅੱਗ ਚੁਗਲੀਆਂ ਕਰਦੀ, ਆਪਣੀ ਹੀ ਮਕਾਣੇ ਆਈ ਜਾਪਦੀ। ਤੌਣ ਵਿਚ ਆਟਾ ਨਹੀਂ ਰਿਹਾ। ਨਾ ਹੀ ਕਦੇ ਪਰਾਤ ਵਿਚ ਆਟਾ ਭੁੱੜਕਦਾ ਏ। ਓਟੇ ਦੀਆਂ ਚਿੜੀਆਂ ਬਹੁਤ ਉਦਾਸ ਨੇ ਕਿਉਂਕਿ ਕੋਈ ਨਹੀਂ ਉਹਨਾਂ ਨੂੰ ਚੋਗ ਪਾਉਂਦਾ।
ਜਾਗ ਵੇ ਵੀਰਨਾ! ਦਲਾਨ ਵਿਚ ਪਸਰ ਗਈ ਏ ਸੁੰਨ। ਪੁੱਤਰਾਂ ਦੇ ਚਾਅ ਮਨਾਉਣ ਵਾਲੀਆਂ ਮਾਵਾਂ ਫ਼ਿਕਰ ਵਿਚ ਮਰ ਮੁੱਕ ਚੱਲੀਆਂ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਪਤਾ ਨਹੀਂ ਬਾਹਰ ਗਿਆ ਪੁੱਤ ਘਰ ਪਰਤੇਗਾ ਵੀ ਕਿ ਨਹੀਂ? ਕਿਧਰੇ ਨਸ਼ਿਆਂ ਦਾ ਕਹਿਰ ਉਹਨਾਂ ਦੇ ਪੁੱਤਰ ਨੂੰ ਨਿਗਲ ਹੀ ਨਾ ਜਾਵੇ? ਫਿਰ ਉਹ ਮਰ ਗਏ ਪੁੱਤਰਾਂ ਦੇ ਸਿਵੇ ਸੇਕਦੀਆਂ ਅਜੇਹੀਆਂ ਬਦਕਿਸਮਤ ਕਬਰਾਂ ਬਣ ਜਾਣਗੀਆਂ ਜਿਹਨਾਂ ‘ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਹਿਣਾ।
ਜਾਗ ਵੇ ਲੰਮੀਂ ਨੀਂਦਰੇ ਸੁੱਤਿਆ! ਕੁੱਖਾਂ ਹੁਣ ਔਲਾਦ ਨਹੀਂ ਜੰਮਦੀਆਂ। ਮਾਵਾਂ ਦੀਆਂ ਕੁੱਖਾਂ ਤਾਂ ਬੰਜਰ ਹੋ ਗਈਆਂ ਨੇ। ਉਹਨਾਂ ਵਿਚ ਜਨਮਦੀਆਂ ਨੇ ਹਿੱਚਕੀਆਂ, ਹੌਕੇ, ਦਰਦ ਦੇ ਗੋਲੇਅਤੇ ਸਦਮੇ ਜਿਹਨਾਂ ਵਿਚੋਂ ਉਭਰਨਾ ਹੁਣ ਮਾਵਾਂ ਦੇ ਵੱਸ ਨਹੀਂ ਰਿਹਾ। ਜਾਗ ਵੇ ਵੀਰਨਾ! ਘੇਸਲ ਵੱਟ ਕੇ ਕਿੰਨਾ ਕੁ ਸਮਾਂ ਲੰਘਾਇਆ ਜਾ ਸਕਦਾ। ਹਰ ਬਨੇਰੇ ‘ਤੇ ਜਗਦੇ ਦੀਵੇ ਬੁੱਝ ਗਏ ਨੇ। ਮੰਡਰਾਉਂਦੀ ਹੈ ਫਿਰਨੀਆਂ ਵਿਚ ਮੌਤ। ਇਸਦੀ ਜ਼ੱਦ ਵਿਚ ਆਈ ਪਰਿੰਦਿਆਂ ਦੀ ਹੋਣੀ ਨੂੰ ਕਿੰਨਾ ਕੁ ਚਿਰ ਟਾਲਿਆ ਜਾ ਸਕਦਾ?
ਯਾਦ ਰੱਖ ਵੀਰਨਾ! ਜਦ ਦਰਾਂ ਵਿਚ ਸੁੰਨ ਪਸਰਦੀ, ਘਰ ਦੀ ਕੁੱਖ ਨੂੰ ਮਾਤਮੀ ਜਾਗ ਲੱਗਦਾ ਅਤੇ ਕਮਰਿਆਂ ਵਿਚ ਹੰਝੂਆਂ ਤੇ ਹਾਵਿਆਂ ਦੀ ਸਲਾਬ ਹੋਵੇ ਤਾਂ ਬਹੁਤ ਕਹਿਰਵਾਨ ਹੁੰਦਾ ਹੈ ਕਮਰਿਆਂ ਵਿਚ ਉਗੀਆਂ ਕਬਰਾਂ ਦਾ ਬੋਲਣਾ ਅਤੇ ਕੰਧ ਦੀ ਹਿੱਕ ‘ਤੇ ਉਡੀਕਾਂ ਦੇ ਖੰਡਰ ਫਰੋਲਣੇ। ਬੰਦਾ ਆਪਣੀਆਂ ਆਂਦਰਾਂ ਨੂੰ ਗੰਢ ਮਾਰਦਾ ਅਤੇ ਦੁਹੱਥੜੀਂ ਪਿੱਟਦਾ ਏ।
ਜਾਗ ਵੇ ਸ਼ੋਰਗੁਲ ਤੋਂ ਨਿਰਲੇਪ ਰਹਿਣ ਦਾ ਪਾਖੰਡ ਕਰਨ ਵਾਲਿਆ! ਤੇਰੀ ਸਾਜਸ਼ੀ ਚੁੱਪ ਨੇ ਵੈਰਾਨ ਕਰ ਦਿਤੇ ਨੇ ਘਰ, ਪਿੰਡ ਉਜੜ ਰਹੇ ਨੇ ਅਤੇ ਸ਼ਹਿਰ ਬੇ-ਆਬਾਦ ਹੋ ਰਹੇ ਨੇ। ਇਸ ਬਰਬਾਦੀ ਦਾ ਜਦ ਵੀ ਇਤਿਹਾਸ ਲਿਖਿਆ ਜਾਵੇਗਾ ਤਾਂ ਵੀਰਨਾ ਤੇਰਾ ਨਾਮ ਸਭ ਤੋਂ ਉਪਰ ਹੋਣਾ ਏ। ਬੀਤਿਆ ਵਕਤ ਤੈਨੂੰ ਕਦੇ ਮੁਆਫ਼ ਨਹੀਂ ਕਰੇਗਾ।
ਜਾਗ ਵੇ ਵੀਰਨਾ! ਕੇਹਾ ਵਕਤ ਆਣ ਢੁੱਕਾ ਏ ਇਸ ਨਗਰ-ਦੁਆਰੀਂ ਕਿ ਚਾਵਾਂ ਨਾਲ ਪਾਲੇ ਪੁੱਤਾਂ ਨੂੰ ਵਿਦੇਸ਼ ਭੇਜਣ ਲਈ ਮਾਵਾਂ ਸੁੱਖਾਂ ਸੁੱਖਦੀਆਂ ਨੇ ਕਿ ਸ਼ਾਇਦ ਉਹਨਾਂ ਦਾ ਲਾਡਲਾ ਇਸ ਕਾਲੇ ਸਮਿਆਂ ਵਿਚ ਗਵਾਚਣੋ ਬਚ ਜਾਵੇ। ਹੁਣ ਸਿਰਫ਼ ਜਵਾਨੀ ਹੀ ਪ੍ਰਦੇਸ ਨਹੀਂ ਜਾ ਰਹੀ ਸਗੋਂ ਪੰਜਾਬੀਆਂ ਦਾ ਸਮੁੱਚਾ ਸਰਮਾਇਆ ਹੀ ਵਿਦੇਸ਼ੀ ਉਨਤੀ ਅਤੇ ਪ੍ਰਾਪਤੀ ਦਾ ਹਾਸਲ ਬਣ ਰਿਹਾ ਹੈ। ਭਾਂਵੇਂ ਉਹ ਜਵਾਨੀ ਹੋਵੇ, ਧੰਨ ਹੋਵੇ ਜਾਂ ਨਵੀਆਂ ਬੁਲੰਦੀਆਂ ਸਿਰਜਣ ਵਾਲੀ ਸੋਚ, ਸਮਰੱਥਾ ਅਤੇ ਗਿਆਨ-ਗੰਗਾ ਹੋਵੇ। ਜਦ ਕਿਸੇ ਕੌਮ ਦੀ ਜਵਾਨੀ ਬਦ-ਹਵਾਸ ਹੋ ਕੇ ਵਿਦੇਸ਼ ਵੱਲ ਨੂੰ ਪੈਰ ਪੁੱਟਦੀ ਤਾਂ ਬਹੁਤ ਕੁਝ ਗਵਾਚ ਜਾਂਦਾ ਏ। ਬਿੱਖਰ ਜਾਂਦਾ ਏ ਸਮਾਜਿਕ ਤਾਣਾ-ਬਾਣਾ, ਗਵਾਚ ਜਾਂਦੀ ਹੈ ਦਿੱਖ, ਦ੍ਰਿਸ਼ਟੀ ਅਤੇ ਰੋਹਬੀਲਾ ਅੰਦਾਜ਼। ਗੁੰਮ ਜਾਂਦੀ ਏ ਬੋਲੀ, ਬਾਣਾ ਅਤੇ ਬਾਣੀ। ਮਾਯੂਸ ਹੋ ਜਾਂਦੀ ਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਹਿਮੀਅਤ। ਬਹੁਤ ਕੁਝ ਗਵਾ ਲਿਆ ਏ ਹੁਣ ਤੀਕ। ਜੇ ਇਸਨੂੰ ਰੋਕਣ ਲਈ ਸ਼ੁਰੂਆਤ ਨਾ ਕੀਤੀ ਗਈ ਇਥੇ ਕੁਝ ਨਹੀਂ ਬਚਣਾ।
ਜਾਗ ਵੇ ਵੀਰਨਾ! ਕਦੇ ਸੋਚੀਂ ਕਿ ਤੂੰ ਕਿੰਨੀ ਮਿਹਨਤ ਕੀਤੀ, ਕਿੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਇਹਨਾਂ ਦਾ ਕੀ ਮੁੱਲ ਪਾਇਆ ਗਿਆ? ਕੀ ਤੈਨੂੰ ਮਾਣ-ਸਨਮਾਨ ਮਿਲਿਆ ਏ? ਕੀ ਦੇਸ਼ ਦੇ ਅੰਨ-ਭੰਡਾਰ ਭਰਨ ਵਾਲਿਆਂ ਨੂੰ ਖੁਦਕੁਸ਼ੀਆਂ ਦੀ ਸੌਗਾਤ ਹੀ ਮਿਲਣੀ ਸੀ? ਕੀ ਕੀਟਨਾਸ਼ਕ, ਖਾਦਾਂ ਅਤੇ ਦਵਾਈਆਂ ਪਾ ਕੇ ਪੰਜਾਬ ਨੇ ਸਿਰਫ਼ ਬਿਮਾਰਾਂ ਦੀ ਨਗਰੀ ਹੀ ਬਣਨਾ ਸੀ? ਕੀ ਹੁਣ ਸਿਰਫ਼ ਹਸਪਤਾਲਾਂ ਵਿਚੋਂ ਹੀ ਔ ਨੂੰ ਭਾਲਣ, ਜ਼ਿੰਦਗੀ ਦੀ ਤਾਮੀਰਦਾਰੀ ਕਰਨ ਅਤੇ ਸਾਹਾਂ ਦੀ ਸਲਾਮਤੀ ਨੂੰ ਹੀ ਕਿਆਸਿਆ ਜਾਵੇਗਾ?
ਵੇ ਵੀਰਨਾ! ਕਦੇ ਸਾਝਰੇ ਜਹੇ ਉਠ ਧਿਆਨ ਕਰੀਂ ਕਿ ਕਿਉਂ ਸਰਕਾਰੀ ਸਕੂਲ, ਕਾਲਜ਼, ਹਸਪਤਾਲ ਅਤੇ ਹੋਰ ਅਦਾਰੇ ਬੰਦ ਹੋਣ ਦੀ ਕਗਾਰ ‘ਤੇ ਨੇ? ਕੀ ਕਾਰਨ ਹੈ ਕਿ ਪ੍ਰਾਈਵੇਟ ਅਦਾਰੇ ਹਰ ਖੇਤਰ ਵਿਚ ਹੀ ਕਾਬਜ਼ ਹੋ ਰਹੇ ਨੇ? ਕਿੰਨੀਆਂ ਜ਼ਿੰਦਗੀਆਂ ਨੂੰ ਰੁਜ਼ਗਾਰ ਭਾਲਦਿਆਂ ਭਾਲਦਿਆਂ, ਆਪਣੇ ਸਾਹਾਂ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪਿਆ?
ਵੇ ਵੀਰਨਾ! ਤੂੰ ਕਿਹੋ ਜਿਹਾ ਵੀਰ ਏ ਜੋ ਸਿਰਫ਼ ਚਿੱਕੜ ਉਛਾਲਣ ਅਤੇ ਦੂਸਰੇ ਭਰਾਵਾਂ ਨੂੰ ਮਾੜਾ ਕਹਿ, ਨੀਵਾਂ ਦਿਖਾ ਅਤੇ ਕੋਹਝਾ ਬਣਾ, ਆਪ ਚੰਗਾ, ਸੁਹਜ ਭਰਪੂਰ ਅਤੇ ਬਿਹਤਰ ਹੋਣ ਦਾ ਭਰਮ ਪਾਲਦਾ ਏਂ। ਚੰਗਾ ਬਣਨਾ ਏ ਤਾਂ ਕੁਝ ਅਜੇਹਾ ਕਰ ਕਿ ਤੂੰ ਦੂਸਰੇ ਭਰਾਵਾਂ ਨਾਲੋਂ ਵਿਕਲੋਤਰਾ ਅਤੇ ਵਿਲੱਖਣ ਹੋਵੇਂ, ਆਪਣੀ ਸੋਚ, ਕਰਮਸ਼ੈਲੀ, ਤਿਆਗ-ਭਾਵਨਾ, ਸਮਾਜ-ਸੇਵਾ ਅਤੇ ਮਨ ਵਿਚ ਕੁਝ ਚੰਗੇਰਾ ਕਰਨ ਦੀ ਤਮੰਨਾ ਨਾਲ। ਬਿਆਨਬਾਜ਼ੀ ਨਾਲ ਭਰਮ-ਭੁਲੇਖੇ ਪਾਉਣ ਅਤੇ ਕੁਝ ਕਰਨ ਵਿਚ ਬਹੁਤ ਅੰਤਰ ਹੁੰਦਾ। ਸੁਪਨੇ ਦਿਖਾਉਣੇ ਅਤੇ ਸੁਪਨ-ਪੂਰਤੀ ਲਈ ਖੁਦ ਨੂੰ ਸਮਰਪਿੱਤ ਕਰਨਾ, ਵੱਖੋ-ਵੱਖਰੀ ਗੱਲ। ਪੂਰਨ ਸਮਰਪਿਤਾ ਲਈ ਨਿੱਜੀ ਤਰਜ਼ੀਹਾਂ, ਅਰਾਮ, ਐਸ਼ੋ-ਇਸ਼ਰਤ ਜਾਂ ਲੋਭ-ਲਾਲਚ ਨੂੰ ਤਿਆਗ ਕੇ ਹੀ ਕੁਝ ਚੰਗੇਰਾ ਕੀਤਾ ਜਾ ਸਕਦਾ। ਇਤਿਹਾਸ ਵਿਚ ਸਿਰਫ਼ ਉਹਨਾਂ ਦਾ ਨਾਮ ਰਹਿੰਦਾ ਜਿਹਨਾਂ ਦੇ ਮਨਾਂ ਵਿਚ ਲੋਕਾਈ ਪ੍ਰਥਮ ਹੋਵੇ। ਕੰਨੀਂ ਵਲੇਟ ਕੇ ਸੁੱਤਿਆ ਵੀਰਨਾ! ਕੀ ਇਹ ਤੇਰੇ ਹੀ ਸਮਿਆਂ ਵਿਚ ਹੋਣਾ ਸੀ ਜਦ ਤੇਰੇ ਸਾਹਮਣੇ ਅਰਦਾਸ ਤੇ ਅਜ਼ਾਨ ਨੇ ਆਪਸ ਵਿਚ ਉਲਝਣਾ ਸੀ? ਅੱਲ੍ਹਾ ਤੇ ਰਾਮ ਦੀ ਪੀਢੀ ਸਾਂਝ ਨੇ ਤੀਲਾ-ਤੀਲਾ ਹੋਣਾ ਸੀ?ਸਿੰਘ, ਮੁਹੰਮਦ, ਰਾਮ, ਦੇਵ ਜਾਂ ਅਲਾਦੀਨ ਦਰਮਿਆਨ ਨਸਲੀ ਵਿਤਕਰਿਆਂ ਨੇ ਇਕ ਦੂਜੇ ਨੂੰ ਖੂਨ ਦੇ ਪਿਆਸੇ ਬਣਾਉਣਾ ਸੀ? ਧਰਮ, ਜਾਤ, ਰੰਗ, ਨਸਲ ਅਤੇ ਖਿੱਤਿਆਂ ਦੀ ਬਰਬਾਦੀ ਦੇ ਕੀਰਨੇ ਪਾਉਣ ਲਈ ਮਾਂਗਵੀਆਂ ਧਾੜਾਂ ਨੂੰ ਵਰਤਿਆ ਜਾਣਾ ਸੀ? ਧਰਮ ਦੀ ਤੱਕੜੀ ਦੇ ਵੱਟਿਆਂ ਸੰਗ ਵੋਟਾਂ ਨੇ ਤੁੱਲਣਾ ਸੀ? ਜਾਤਾਂ ਦੀਆਂ ਹਿੱਕਾਂ ਨੇ ਕੁਰਸੀਆਂ ਦੇ ਪਾਵੇ ਬਣਨਾ ਸੀ? ਲਿਆਕਤ, ਗਿਆਨ ਅਤੇ ਸੋਝੀ ਦੀ ਨਿਲਾਮੀ ਲਈ ਗਿਆਨਹੀਨਾਂ ਨੇ ਚੌਧਰੀ ਬਣਨਾ ਸੀ? ਅਧਰਮੀਆਂ ਨੇ ਲੋਕਾਂ ਦੀਆਂ ਅੱਖਾਂ ਵਿਚ ਕੁੱਕਰੇ, ਸੋਚ ਵਿਚ ਧੁੰਧਲਕਾ ਅਤੇ ਕਰਮ-ਰੇਖਾਵਾਂ ਵਿਚ ਵਿਨਾਸ਼ ਉਗਾਣਾ ਸੀ? ਕਦੇ ਤਾਂ ਸੋਚ ਵੇ ਵੀਰਨਾ! ਕੀ ਦਾ ਕੀ ਹੋ ਗਿਆ ਪਰ ਤੇਰੀ ਜਾਗ ਹੀ ਨਹੀਂ ਖੁੱਲੀ।
ਜਾਗ ਵੇ ਵੀਰਨਾ! ਤੇਰੇ ਬਾਪ ਦੀ ਲੀਰਾਂ ਹੋਈ ਪੱਗ ਵਿਚੋਂ ਝਾਕਦੀਆਂ ਨੇ ਜਟੂਰੀਆਂ। ਮਾਂ ਦੀ ਪਾਟੀ ਚੁੰਨੀ ਵਿਚੋਂ ਸੁਪਨੇ ਕਿਰ ਕੇ ਮਿੱਟੀ ਵਿਚ ਰੁੱਲ ਗਏ ਨੇ। ਭੈਣ ਦੀ ਰੱਖੜੀ ਵਿਰਲਾਪ ਕਰ ਰਹੀ ਏ। ਧੀ ਦੇ ਹੱਥਾਂ ‘ਤੇ ਲੱਗਣ ਵਾਲੀ ਮਹਿੰਦੀ, ਸਿਰ ‘ਤੇ ਉਗਦੀਆਂ ਚਾਂਦੀ ਦੀਆਂ ਤਾਰਾਂ ਕਾਰਨ, ਕੀਰਨਾ ਬਣ ਗਈ ਏ। ਤਿੱੜਕੇ ਸ਼ਤੀਰਾਂ ਅਤੇ ਤਿੱਪ-ਤਿੱਪ ਚੋਂਦੀਆਂ ਛੱਤਾਂ ਵਿਚੋਂ ਕਿਹੜੇ ਸੁੱਖਨ ਅਤੇ ਸੰਤੁਸ਼ਟੀ ਦਾ ਖਿਆਲ ਆਵੇਗਾ? ਰਾਤਾਂ ਦੀ ਨੀਂਦ ਨੂੰ ਹੰਘਾਲਣ ਦਾ ਕੌਣ ਏ ਜਿੰਮੇਵਾਰ?
ਵੀਰਨਾ! ਕਦੇ ਤੂੰ ਸੋਚਿਆ ਕਿ ਅਜ਼ਾਰੇਦਾਰੀ, ਅਜ਼ਾਦੀ ਨਹੀਂ ਹੁੰਦੀ। ਕਬਜ਼ੇ ਦੀ ਭਾਵਨਾ, ਕ੍ਰਿਪਾਲਤਾ ਨਹੀਂ ਕਹੀ ਜਾ ਸਕਦੀ। ਕਿਸੇ ਦੇ ਰਾਹਾਂ ਵਿਚ ਕੰਡੇ ਬੀਜਣ ਨੂੰ ਭਲਿਆਈ ਦਾ ਨਾਮ ਨਹੀਂ ਦਿਤਾ ਜਾ ਸਕਦਾ। ਜਦ ਸਭ ਕੁਝ ਹੀ, ਕੁਝ ਕੁ ਅਦਾਰਿਆਂ ਦੀ ਮਲਕੀਅਤ ਬਣ ਜਾਵੇ ਤਾਂ ਇਹਨਾਂ ਦੀ ਦਿਸ਼ਾ ਅਤੇ ਦਸ਼ਾ ਨਿੱਜੀ ਲਾਭਾਂ, ਮੁਨਾਫ਼ੇ, ਕੁਰਸੀ ਅਤੇ ਚੌਧਰ ਦੀ ਸਲਾਮਤੀ ਤੀਕ ਹੀ ਸੀਮਤ ਹੋ ਜਾਂਦੀ ਏ। ਅਜੇਹਾ ਹੀ ਅਜੋਕੇ ਹੀ ਸਮਿਆਂ ਵਿਚ ਹੋ ਰਿਹਾ ਏ। ਜਾਗ ਵੇ ਸੁੱਤਿਆ ਵੀਰਨਾ! ਤੇਰੀ ਨੀਂਦ ਨੇ ਬਹੁਤ ਸਾਰੀਆਂ ਜਾਨਾਂ ਲੈ ਲਈਆਂ ਨੇ। ਘਰ ਖੰਡਰ ਬਣ ਗਏ ਨੇ। ਪੰਜਾਬ, ਉਜਾੜੇ ਦੀ ਕਗਾਰ ‘ਤੇ ਹੈ। ਜਦ ਬੋਲੇ ਕੰਨਾਂ ਨੂੰ ਕਿਸੇ ਦੀ ਪੀੜਾ, ਦੁੱਖ ਅਤੇ ਕਸ਼ਟਾਂ ਨੂੰ ਸੁਣਨ ਅਤੇ ਇਹਨਾਂ ਨੂੰ ਨਿਵਾਰਨ ਦੀ ਬਿਰਤੀ ਨਾ ਰਹੇ ਤਾਂ ਉਸ ਗੁੰਗੀ ਬੋਲੀ ਹਕੂਮਤ ਦਾ ਰਾਜ਼ ਕਿੰਨਾ ਕੁ ਚਿਰ ਰਹਿ ਸਕਦਾ?
ਜਾਗ ਵੇ ਸੁੱਤਿਆ ਵੀਰਨਾ ਅਤੇ ਉਠ ਕੇ ਦੇਖ ਕਿ ਇਹ ਕੇਹੀ ਅਮਿੱਟ ਤ੍ਰੇਹ ਹੈ ਕਿ ਜਿਸਨੇ ਅੰਮ੍ਰਿਤ ਵਰਗੇ ਦਰਿਆ ਹੀ ਡੀਕ ਲਏ। ਮਰਦ ਅਗੰਮੜੇ ਜੰਮਣ ਵਾਲੀ ਧਰਤੀ ਦੀ ਔਲਾਦ ਨਾਮਰਦੀ ਦਾ ਸ਼ਿਕਾਰ ਹੋ ਗਈ। ਜੀਵਨ ਦਾਨ ਬਖਸ਼ਣ ਵਾਲੀ ਪੌਣ, ਮੌਤ ਦਾ ਸੱਦਾ-ਪੱਤਰ ਬਣ ਗਈ ਏ। ਕੁਦਰਤੀ ਨਿਆਮਤਾਂ ਨਾਲ ਕੀਤਾ ਗਿਆ ਖਿਲਵਾੜ ਤੈਨੂੰ ਨਜ਼ਰ ਕਿਉਂ ਨਹੀਂ ਆਉਂਦਾ?
ਵਾਸਤਾ ਈ ਜਾਗ ਵੇ! ਮੋਟੇ ਪਰਦਿਆਂ, ਉਚੀਆਂ ਦੀਵਾਰਾਂ ਅਤੇ ਮਹੱਲਾਂ ਵਿਚ ਰਹਿਣ ਵਾਲਿਆਂ ਨੂੰ ਝੁੱਗੀਆਂ ਕਿਵੇਂ ਨਜਰ ਆਉਣਗੀਆਂ? ਕਿਵੇਂ ਪਤਾ ਲੱਗੇਗਾ ਕਿ ਗਰੀਬੀ ਦੇ ਕੀ ਮਾਅਨੇ ਹੁੰਦੇ ਨੇ? ਬੇਰੁਜ਼ਗਾਰੀ ਵਿਚ ਪਿੱਸ ਰਹੀ ਨੌਜ਼ਵਾਨੀ ਜਦ ਨਸ਼ਿਆਂ ਦੀ ਜੱਦ ਵਿਚ ਆਉਂਦੀ ਹੈ ਤਾਂ ਕਿਵੇਂ ਖੇਤ ਵਿੱਕਦੇ ਨੇ? ਕਿਵੇਂ ਮਾਵਾਂ ਦੀਆਂ ਵਾਲੀਆਂ, ਪੁੱਤ ਦੇ ਨਸ਼ੇ ਦੀ ਪੂਰਤੀ ਕਰਦੀਆਂ ਨੇ? ਕਿਵੇਂ ਸੜਕਾਂ, ਰਾਹਾਂ ਅਤੇ ਥਾਵਾਂ ‘ਤੇ ਦਨਦਨਾਉਂਦੀ ਲੁੱਟ-ਖੋਹ, ਗੈਗਾਂ ਦਾ ਰੂਪ ਧਾਰ, ਸਮੁੱਚੇ ਸਮਾਜ ਨੂੰ ਅਰਾਜਕਤਾ ਦੀ ਝੋਲੀ ਪਾ, ਆਮ ਨਾਗਰਿਕ ਦਾ ਜਿਊਣਾ ਮੁਹਾਲ ਕਰਦੀ ਏ? ਕਿਉਂ ਆਪਣੇ ਹੀ ਸਾਹ ਮਾਂਗਵੇਂ ਲੱਗਦੇ ਕਿਉਂਕਿ ਪਤਾ ਕਿ ਕਿਸ ਮੋੜ ‘ਤੇ, ਕਿਸ ਨੇ ਸਾਹ-ਤੰਦੀ ਨੂੰ ਟੋਟੇ ਟੋਟੇ ਕਰ ਦੇਣਾ?
ਵੇ ਸੁੱਤਿਆ ਵੀਰਨਾ! ਬਹੁਤ ਖ਼ਤਰਨਾਕ ਹੁੰਦਾ ਹੈ ਸਫ਼ਰ ਵਿਚ ਸੌਂ ਜਾਣਾ। ਅਜੇਹੇ ਰਾਹਗੀਰ ਅਕਸਰ ਹੀ ਲੁੱਟੇ ਜਾਂਦੇ। ਸੱਸੀ ਦੀ ਕੇਹੀ ਅੱਖ ਲੱਗੀ ਸੀ ਕਿ ਬਲੋਚਾਂ ਨੇ ਉਸਦਾ ਪੁੰਨੂ ਹੀ ਲੁੱਟ ਲਿਆ ਅਤੇ ਥਲ ਵਿਚ ਤੜਫਦੀ ਤੇ ਹਾਕਾਂ ਮਾਰਦੀ ਸੱਸੀ ਦਾ ਜਿੰ ਉਡਾਰੀ ਮਾਰ ਗਿਆ। ਮਿਰਜ਼ੇ ਦਾ ਜਰਾ ਕੁ ਸੌਂ ਜਾਣਾ ਹੀ ਪਿਆਰ ਕਹਾਣੀ ਦਾ ਦਰਦਨਾਕ ਅੰਤ ਹੋ ਨਿੱਬੜਿਆ ਅਤੇ ਸਾਹਿਬਾਂ ਦੀ ਵਿਲਕਣੀ ਬੱਕੀ ਦੀਆਂ ਧਾਹਾਂ ਵਿਚ ਤਬਦੀਲ ਹੋ ਗਈ। ਅਜੇਹਾ ਕਹਿਰ ਵਾਪਰਨ ਤੋਂ ਪਹਿਲਾਂ ਸੁਚੇਤ ਹੋਣਾ ਜਰੂਰੀ ਹੁੰਦਾ ਤਾਂ ਕਿ ਸਫ਼ਰ ਜਾਰੀ ਰਹੇ। ਨੀਂਦ ਵਿਹਾਜਣ ਵਾਲਿਆ! ਕੁਝ ਲੋਕ ਸੁੱਤਿਆਂ ਜਾਗਦੇ ਹੁੰਦੇ। ਪਰ ਕੁਝ ਲੋਕ ਜਾਗਦਿਆਂ ਵੀ ਸੁੱਤੇ ਹੁੰਦੇ । ਅਜੇਹੇ ਲੋਕਾਂ ਤੋਂ ਕੀ ਆਸ ਰੱਖੀ ਜਾ ਸਕਦੀ ਕਿ ਉਹ ਸਮਾਜ ਜਾਂ ਸਮੁੱਚੀ ਮਾਨਵਤਾ ਲਈ ਚੰਗੇਰੇ ਪੱਖ ਨੂੰ ਵਿਚਾਰ ਸਕਣ ਅਤੇ ਮਨੁੱਖਤਾ ਦੀ ਭਲਾਈ ਅਤੇ ਚੰਗਿਆਈ ਲਈ ਅਹਿਮ ਰੋਲ ਅਦਾ ਕਰ ਸਕਣ। ਅਜੇਹੇ ਲੋਕਾਂ ਦਾ ਨਾਮ ਉਹਨਾਂ ਵਿਚ ਲੋਕਾਂ ਵਿਚ ਸ਼ਾਮਲ ਹੁੰਦਾ ਜਿਹਨਾਂ ਨੇ ਆਪਣੀ ਵਿਰਾਸਤ ਨੂੰ ਵਿਨਾਸ਼ ਦੀ ਕਗਾਰ ‘ਤੇ ਲਿਆਂਦਾ। ਉਹਨਾਂ ਦੀਆਂ ਕੁਤਾਹੀਆਂ ਨੂੰ ਭੁੱਗਤਦਿਆਂ, ਕਈ ਨਸਲਾਂ ਆਪਣੀ ਆਉਧ ਗਵਾ ਬਹਿੰਦੀਆਂ। ਵੀਰਨਾ! ਰੱਬ ਮਹਿਰ ਕਰੇ ਕਿ ਅਜੇਹਾ ਕੁਝ ਨਾ ਹੋਵੇ। ਕਦੇ ਕਲਮ ਦੀ ਹਾਕ ਤਾਂ ਸੁਣ
ਜੋ ਕੂਕਦੀ ;
ਜਾਗ ਵੇ ਸੁਤਿਆ ਵੀਰਨਾ
ਨਗਰੀਂ ਮੰਡਰਾਉਂਦੀ ਮੌਤ
ਚਾਅ ਦਾ ਇਕ ਬਚੁੰਗੜਾ
ਵਕਤੋਂ ਪਹਿਲਾਂ ਫੌਤ
ਹਟਕੋਰੇ ਭਰਦੀ ਪੌਣ ਦਾ
ਸੁੱਕਦਾ ਜਾਵੇ ਸਾਹ
ਔਂਤਰੇ ਬੋਲੀਂ ਗੁੱਟਕਦੀ
ਸੁੰਨ ਸੂਤਵੀਂ ਆਹ
ਖੇਤ ਖਲਿਆਣ ਮੌਲਦੀ
ਕੇਹੀ ਕੁਕਰਮੀ ਰੁੱਤ
ਧਰਤੀ ਮਾਂ ਦਾ ਲਾਡਲਾ
ਟਾਹਲੀ ਲਟਕਦਾ ਬੁੱਤ

ਡੂੰਘੀਂ ਨੀਂਦਰੇ ਸੁੱਤਿਆ
ਕਿਉਂ ਨਹੀਂ ਖੁੱਲਦੀ ਜਾਗ
ਗਰਾਂ, ਘਰਾਂ, ਦਰਾਂ ਦੇ
ਰੋਣ ਦੁਹੱਥੜੀਂ ਭਾਗ
ਫਿਰਨੀ ਉਤੇ ਬੈਠ ਗੀ
ਕਬਰਾਂ ਵਰਗੀ ਚੁੱਪ
ਛੱਤ ‘ਤੇ ਉਗਿਆ ਚੰਦਰਮਾ
ਕਿੱਕਰੀਂ ਗਿਆ ਏ ਛੁੱਪ
ਘਰ ਦੀ ਢੱਠੀ ਕੰਧ ‘ਤੇ
ਲਟਕੇ ਇਕ ਤਸਵੀਰ
ਜਿਸਦੇ ਨੈਣੀਂ ਵੱਸਦੀ
ਹੰਝੂਆਂ ਭਰੀ ਤਾਸੀਰ

ਜਾਗ ਕਦੇ ਤੂੰ ਵੀਰਿਆ
ਖੁਦ ਨੂੰ ਕਦੇ ਜਗਾ
ਚਿੰਤਾ, ਚਿੰਤਨ, ਚੇਤਨਾ ਤੋਂ
ਚਾਕਰੀ ਵੱਲ ਨੂੰ ਜਾ
ਹਾਵੇ ਮਣਸਣ ਵਾਲੀਆਂ
ਚਾਲਾਂ ਨੂੰ ਅੱਗ ਲਾ
ਸੋਚ, ਸਮਝ, ਸੰਵੇਦਨਾ ਨੂੰ
ਕਰਮ-ਧਰਮ ਬਣਾ

ਵੇ ਤੂੰ ਕੇਹੀ ਨੀਂਦਰੇ ਸੁੱਤਿਆ
ਕਿਉਂ ਨਹੀਂ ਸੁਣਦੀ ਲੇਰ
ਬਾਜ਼ਾਂ ਨੋਚੇ ਖੰਭ ਵੇ
ਚਿੜੀਆਂ ਕੀਤੀਆਂ ਢੇਰ
ਬਿਰਖ਼ ਦਾ ਹਰ ਪੱਤੜਾ
ਦੁੱਖਾਂ ਦੀ ਤਸਦੀਕ
ਲਗਰਾਂ ਕੋਲੋਂ ਰੁੱਸ ਗੀ
ਫੁੱਲਾਂ ਭਰੀ ਉਡੀਕ

ਕਦੇ ਤਾਂ ਉਠ ਵੇ ਭੈੜਿਆ
ਵਿਹੜੇ ਦਾ ਦਰਦ ਵੰਡਾ
ਕਦੇ ਤਾਂ ਇਸਦੀ ਹੂਕ ਦਾ
ਬਣ ਹੁੰਗਾਰਾ ਹਾਅ

ਜਾਗ ਵੇ ਸੁੱਤਿਆ ਵੀਰਨਾ
ਦੱਸ ਤੂੰ ਬਹਿ ਕੇ ਕੋਲ
ਕਬਰਾਂ ਵਰਗੀਆਂ ਮਾਵਾਂ ਦੇ
ਕੀਹਨੇ ਖੋਹ ਲਏ ਬੋਲ
ਕਿਊਂ ਹੋ ਗਈ ਸੱਖਣੀ
ਅਰਦਾਸਾਂ ਵਾਲੀ ਝੋਲ
ਬਿਨ ਡੰਗੋਰੀ ਨੈਣ ਵਿਹੂਣੀ
ਕੀਹਨੂੰ ਰਹੀ ਟਟੋਲ
ਪਤਾ ਨਹੀਂ ਕੀ ਢੂੰਡਦੀ
ਸਾਹ-ਗੰਠੜੀ ਨੂੰ ਖੋਲ
ਦਰਦ-ਵੰਝੀ, ਦਰਦ-ਹਰਨੀ
ਖੁਦ ਨਹੀਂ ਖੁਦ ਦੇ ਕੋਲ।
ਵੇ ਵੀਰਨਾ! ਸ਼ਾਇਦ ਤੈਨੂੰ ਇਹ ਗੱਲ ਚੰਗੀ ਨਾ ਲੱਗੇ। ਪਰ ਸੱਚ ਏ ਕਿ ਤੂੰ ਤਾਂ ਇਕ ਰੋਲ ਮਾਡਲ ਸੀ। ਪਰ ਹੁਣ ਤੂੰ ਕਿਹੋ ਜਿਹਾ ਰੋਲ਼ ਮਾਡਲ ਏਂ ਇਸਨੂੰ ਤੂੰ ਖੁਦ ਵੀ ਚੰਗੀ ਤਰ੍ਹਾਂ ਜਾਣਦਾ? ਕਿਸੇ ਨੂੰ ਕੁਝ ਪੁੱਛਣ ਜਾਂ ਦੱਸਣ ਦੀ ਲੋੜ ਨਹੀਂ। ਬਹੁਤ ਕੁਝ ਹੁੰਦਾ ਜੋ ਕਿਸੇ ਵਡੇਰੇ ਦੇ ਰਾਹਾਂ ‘ਤੇ ਤੁਰਦਿਆਂ, ਉਹਨਾਂ ਦੀਆਂ ਕੀਰਤੀਆਂ ਨੂੰ ਅਪਣਾ ਕੇ ਪ੍ਰਾਪਤ ਕੀਤਾ ਜਾ ਸਕਦਾ। ਕਦੇ ਸਮੇਂ ਮਿਲੇ ਤਾਂ ਦੱਸੀਂ ਕਿ ਤੇਰੀਆਂ ਕਿਹੜੀਆਂ ਕੀਰਤੀਆਂ ਨੂੰ ਨਗਰ-ਵਾਸੀਆਂ ਦੀ ਸਮੁੱਚਤਾ ਦਾ ਸਰਫ਼ ਹੋਣ ਦਾ ਮਾਣ ਹੋ ਸਕਦਾ?
ਵੇ ਵੀਰਨਾ! ਤੇਰਾ ਪੰਜਾਬ ਵੱਸਦਾ ਉਜੜ ਗਿਆ ਏ ਤੇ ਤੈਂਨੂੰ ਖਬਰ ਤੀਕ ਨਾ ਹੋਈ। ਪਿੰਜਰ ਪਿੰਜਰ ਹੋ ਗਿਆ ਤੇ ਰੂਹ ਅੰਬਰੀਂ ਤੀਕਰ ਰੋਈ। ਉਜਾੜੇ ਬਹੁਤ ਦਰਦੀਲੇ ਹੁੰਦੇ ਅਤੇ ਇਸਦਾ ਦਰਦ ਸਦੀਆਂ ਤੀਕ ਚਸਕਦਾ ਰਹਿੰਦਾ। ਲੇਰਾਂ ਵੱਸਦੀਆਂ ਨੇ ਫਿਜ਼ਾ ਵਿਚ। ਹਾਊਕੇ ਬਿਖਰ ਜਾਂਦੇ ਨੇ ਚਾਰ-ਚੌਫੇਰੇ ਅਤੇ ਹਾਸਿਆਂ ਦੀ ਨੱਪੀ ਜਾਂਦੀ ਏ ਸੰਘੀ। ਕਦੇ ਇਸ ਦਰਦ ਨੂੰ ਆਪਣੀ ਸੰਵੇਦਨਾ ਹਿੱਸਾ ਬਣਾ, ਸ਼ਾਇਦ ਉਜੜੇ ਨੂੰ ਮੁੜ ਤੋਂ ਵਸਾਉਣ ਦਾ ਖਿਆਲ ਤੈਨੂੰ ਆ ਹੀ ਜਾਵੇ।
ਜਾਗ ਵੇ ਵੀਰਨਾ। ਸਮਾਜਿਕ, ਰਾਜਨੀਤਕ ਜਾਂ ਸਰਕਾਰ-ਦਰਬਾਰ ਦੀ ਕਾਰਜਸ਼ੈਲੀ ਅਤੇ ਕਦਰਾਂ-ਕੀਮਤਾਂ ਵਿਚ ਕੇਹਾ ਨਿਘਾਰ ਆ ਗਿਆ ਕਿ ਬਸ਼ਿੰਦੇ ਇਸਦੇ ਮੱਥੇ ਲੱਗਣ ਤੋਂ ਵੀ ਡਰਨ ਲੱਗ ਪਏ ਨੇ। ਕੇਹੀ ਅਰਾਜਕਤਾ ਏ ਕਿ ਕਿਸੇ ਗਲੀ ਜਾਂ ਰਾਹੇ ਜਾਂਦਿਆਂ ਧੀਆਂ, ਭੈਣਾਂ, ਮਾਤਾਵਾਂ ਮਹਿਫੂਜ਼ ਨਹੀਂ। ਕਿਧਰੇ ਵੀ, ਕੋਈ ਵੀ ਉਹਨਾਂ ਦਾ ਚੀਰ-ਹਰਨ ਕਰ ਸਕਦਾ ਕਿਉਂਕਿ ਹੁਣ ਦਰਿੰਦਿਆਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਰਾਜਸੀ ਸਰਪ੍ਰਸਤੀ ਨੇ ਕੁਕਰਮੀਆਂ ਦਾ ਹੌਂਸਲਾ ਇੰਨਾ ਵਧਾ ਦਿਤਾ ਕਿ ਉਹ ਕੁਝ ਵੀ ਕਰ ਸਕਦੇ ਅਤੇ ਉਹਨਾਂ ਦਾ ਕੁਝ ਵੀ ਨਹੀਂ ਵਿਗੜਦਾ ਕਿਉਂਕਿ ਉਹ ਕਿਸੇ ਧਿਰ ਦੀਆਂ ਵੋਟਾਂ ਜੁ ਹੁੰਦੇ। ਇਸਦਾ ਅਹਿਸਾਸ ਸਿਰਫ਼ ਖੁਦ ਨਾਲ ਵਾਪਰਨ ਤੇ ਹੀ ਹੋ ਸਕਦਾ ਕਿ ਕਿਉਂ ਤੇ ਕਿਵੇਂ ਲੋਕਾਂ ਨੂੰ ਆਪਣੀਆਂ ਜ਼ਮੀਰਾਂ, ਜ਼ਮੀਨਾਂ, ਜਿਸਮ, ਜ਼ਜਬਾਤ ਅਤੇ ਜ਼ਰੂਰਤਾਂ ਨੂੰ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ?
ਜਾਗ ਵੇ ਸੁੱਤਿਆ ਵੀਰਨਾ! ਤੇਰੇ ਪਹਿਰਦੇਦਾਰ ਹੀ ਲੁਟੇਰੇ ਬਣ ਗਏ। ਲੁੱਟ ਦਾ ਮਾਲ ਡਾਗਾਂ ਨਾਲ ਮਿਣਿਆ ਜਾਣ ਲੱਗ ਪਿਆ ਏ। ਲੱਠਮਾਰ ਕਦੇ ਹਲੀਮੀ ਰਾਜ਼ ਦੇ ਕਰਿੰਦੇ ਨਹੀਂ ਹੁੰਦੇ। ਜਿਸਮਾਂ ਨੂੰ ਨੋਚਣ ਵਾਲੇ ਵੀ ਕਦੇ ਇਨਸਾਫ਼ ਕਰਦੇ ਆ? ਹੁਣ ਤਾਂ ਖੁਦ ਨੂੰ ਗਿਰਵੀ ਰੱਕਣ ਤੋਂ ਬਗੈਰ ਕੋਈ ਚਾਰਾ ਨਹੀਂ ਬਚਿਆ।
ਵੇ ਸੁੱਤਿਆ ਵੀਰਨਾ! ਕਦੇ ਸੋਚਿਆ ਜੇ ਕਿ ਵਿਦੇਸ਼ਾਂ ਵਿਚ ਵੱਸੇ ਪਰਵਾਸੀ ਆਪਣੀ ਮਿੱਟੀ ਨੂੰ ਸੱਜਦਾ ਕਰਨ ਤੋਂ ਕਿਉਂ ਡਰਨ ਲੱਗ ਪਏ? ਉਹਨਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਤੇ ਕੌਣ ਹੋ ਰਹੇ ਨੇ ਕਾਬਜ਼? ਕਿਉਂ ਪਿੰਡ ਪਰਤਣ ‘ਤੇ ਉਹਨਾਂ ਦੇ ਹੀ ਖੇਤਾਂ ਵਿਚ ਉਹਨਾਂ ਲਈ ਕਬਰਾਂ ਦੀ ਖੁਦਾਈ ਹੁੰਦੀ ਹੈ? ਸ਼ਰੀਕ ਕਿੰਨੇ ਬੇਖ਼ੌਫ਼ ਹੋ ਕੇ ਆਪਣਿਆਂ ਦੇ ਸਾਹਾਂ ਨੂੰ ਆਹ ਬਣਾਉਣ ਲਈ ਹਰ ਹੀਲਾ ਵਰਤ ਰਹੇ ਨੇ? ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਕਿਉਂਕਿ ਸਰਕਾਰੀ ਤੰਤਰ ਨੂੰ ਧਨ ਨਾਲ ਖਰੀਦਿਆ ਜਾ ਰਿਹਾ। ਕਦੇ ਤਾਂ ਆਪਣੇ ਅਹਿਲਕਾਰਾਂ ਨੂੰ ਪੁੱਛ ਕਿ ਕਿਉਂ ਜਾਇਦਾਦਾਂ ਤੇ ਜ਼ਮੀਨਾਂ ਦੀ ਬੇਕਦਰੀ ਹੈ? ਕਿਉਂ ਪੰਜਾਬ ਦਿਨ-ਬਦਿਨ ਕੰਗਾਲ ਹੋ ਰਿਹਾ? ਕਿਊਂ ਹਰ ਸਾਲ ਅੰਦਾਜ਼ਨ ਇਕ ਲੱਖ ਕਰੋੜ ਰੁਪਇਆ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ। ਕੀ ਤੂੰ ਅਜੇਹੇ ਮੱਕੜ-ਜਾਲ ਦਾ ਹਿੱਸਾ ਤੇ ਹਾਸਲ ਤਾਂ ਨਹੀਂ ਜਿਹੜੇ ਆਪਣੇ ਮੁਫ਼ਾਦ ਦੀ ਪੂਰਤੀ ਇਹ ਕੁਝ ਕਰ ਰਹੇ ਨੇ?
ਜਾਗ ਵੇ ਸੁੱਤਿਆ ਵੀਰਨਾ! ਸਰਦਾਰੀਆਂ ਸਦੀਵੀ ਨਹੀਂ ਹੁੰਦੀਆਂ ਸਿਰਫ਼ ਉਹਨਾਂ ਦੀਆਂ ਸਦੀਵ ਹੁੰਦੀਆਂ ਜੋ ਇਸਦੀ ਅਹਿਮੀਅਤ ਸਮਝਦੇ ਅਤੇ ਇਸਨੂੰ ਭਲਿਆਈ ਅਤੇ ਬੰਦਿਆਈ ਲਈ ਵਰਤਦੇ। ਕਈ ਤੁੱਰ ਗਏ ਨੇ ਸਰਦਾਰ। ਸਿਰਫ਼ ਉਹ ਸਰਦਾਰ ਹੀ ਚੇਤਿਆਂ ਵਿਚ ਰਹਿੰਦੇ ਜੋ ਨਵੀਆਂ ਪਹਿਲ-ਕਦਮੀਆਂ, ਪੈੜਾਂ ਅਤੇ ਪ੍ਰਾਪਤੀਆਂ ਵਿਚੋਂ ਸਰਬ-ਸੁਖਨ ਅਤੇ ਸ਼ੁਭ-ਕਰਮਨ ਦਾ ਹੋਕਰਾ ਹੁੰਦੇ। ਚੰਗਾ ਹੋਵੇਗਾ ਜੇ ਇਹ ਸ਼ੁਭ ਵਿਚਾਰ ਤੈਨੂੰ ਜਗਾਵੇ ਅਤੇ ਤੇਰੇ ਪੈਰਾਂ ਵਿਚ ਤੁੱਰਨ ਦਾ ਜੇਰਾ ਅਤੇ ਕਦਮਾਂ ਵਿਚ ਮੰਜ਼ਲਾਂ ਦੀ ਦੱਸ ਪਾਵੇ।
ਜਾਗ ਵੇ ਵੀਰਨਾ! ਕਿ ਇਸਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਅਤੇ ਸਮੁੱਚਾ ਪਿੰਡ ਹੀ ਉਜੜ ਜਾਵੇ। ਕੁਝ ਤਾਂ ਹੋਸ਼ ਕਰ, ਹੌਂਸਲਾ ਕਰ ਅਤੇ ਕੁਝ ਉਦਮ ਕਰ ਕਿਉਂਕਿ ਉਦਮ ਕਰੇਂਦਿਆਂ ਹੀ ਸਫ਼ਲਤਾਵਾਂ ਨੂੰ ਜਾਗ ਲੱਗਦਾ। ਨੈਣਾਂ ਨੂੰ ਸੁਪਨਿਆਂ ਅਤੇ ਇਹਨਾਂ ਨੂੰ ਪੂਰਾ ਕਰਨ ਦਾ ਧਰਵਾਸ ਪੈਦਾ ਹੁੰਦਾ। ਜਦ ਸੁਪਨੇ ਦੁੱਬਕ ਜਾਣ ਅਤੇ ਦੀਦਿਆਂ ਨੂੰ ਇਸਦਾ ਅਹਿਸਾਸ ਹੀ ਨਾ ਰਹੇ ਤਾਂ ਸੁਪਨਿਆਂ ਨੂੰ ਰਾਖ਼ ਬਣਦਿਆਂ ਦੇਰ ਨਹੀਂ ਲੱਗਦੀ। ਅਜੇਹੇ ਵਕਤ ਵਿਚ ਹੁਣ ਬਹੁਤੀ ਦੇਰ ਨਹੀਂ।
ਜਾਗ ਵੇ ਵੀਰਨਾ। ਸੁੱਤਿਆਂ ਬਹੁਤ ਦੇਰ ਹੋ ਗਈ ਏ। ਹੋਰ ਦੇਰ ਨਾ ਕਰ ਕਿਉਂਕਿਮੌਤ, ਮਰਸੀਆ ਤੇ ਮਾਤਮ ਦਾ ਕੋਈ ਵਸਾਹ ਨਹੀਂ। ਪੁੱਲਾਂ ਹੇਠੋਂ ਬਹੁਤ ਪਾਣੀ ਲੰਘ ਚੁੱਕਾ। ਹੁਣ ਹੀ ਕੁਝ ਅਜਿਹਾ ਕਰਕੇ ਤੇਰਾ ਨਾਮ, ਇਤਿਹਾਸ ਦੇ ਵਰਕਿਆਂ ‘ਤੇ ਸੂਰਜ ਵਾਂਗ ਚਮਕਦਾ ਰਹੇ।
ੲੲੲ

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS