Breaking News
Home / ਰੈਗੂਲਰ ਕਾਲਮ / ਚੋਣ ਜ਼ਾਬਤੇ ਤੋਂ ਬਾਅਦ!

ਚੋਣ ਜ਼ਾਬਤੇ ਤੋਂ ਬਾਅਦ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਇੱਕ ਜ਼ਿਲੇ ਦਾ ਡਿਪਟੀ ਕਮਿਸ਼ਨਰ  ਆਪਣੇ ਦਫ਼ਤਰ ਵਿਚ ਬੈਠਾ ਫਾਈਲਾਂ ਦੀ ਫੋਲਾ-ਫਾਲੀ ਕਰਦਾ ਦਸਖਤ ਕਰੀ ਜਾ ਰਿਹਾ ਸੀ। ਕੋਲ ਉਸਦਾ ਨਿੱਜੀ ਸਹਾਇਕ ਖੜਾ ਜ਼ਰੂਰੀ ਕਾਗਜ਼ਾਂ ਉਤੇ ਦਸਖਤ ਕਰਵਾ ਰਿਹਾ ਸੀ ਤੇ ਸਾਹਬ ਦੇ ਦਸਖਤ ਹੋਣ ਮਗਰੋਂ ਉਹ ਕਾਗਜ਼ਾਂ ਨੂੰ ‘ਕੀਮਤੀ ਸ਼ੈਅ’ ਸਮਝ ਕੇ ਹੱਥਾਂ ਵਿਚ ਬੋਚ ਲੈਂਦਾ। ਡਿਪਟੀ ਕਮਿਸ਼ਨਰ ਦੀ ਬਾਜ ਅੱਖ ਸਾਹਮਣੇ ਚੱਲ ਰਹੇ ਟੀ.ਵੀ ਉਤੇ ਵੀ ਜਾਂਦੀ ਕਿ  ਚੋਣ ਕਮਿਸ਼ਨਰ  ਚੋਣ ਜ਼ਾਬਤਾ ਲੱਗਣ ਦਾ ਕਦੋਂ ਐਲਾਨ ਕਰਦਾ ਹੈ, ਉਹ ਬੜੀ ਬੇਸਭਰੀ ਨਾਲ  ਉਡੀਕ ਰਿਹਾ ਸੀ। ਚੋਣ ਕਮਿਸ਼ਨਰ ਦੀ ਪ੍ਰੈਸ-ਕਾਨਫਰੰਸ ਚੱਲ ਰਹੀ ਸੀ। ਬਾਰਾਂ ਵੱਜ ਕੇ ਪੰਜ ਮਿੰਟ ਉਤੇ ਚੋਣ ਜ਼ਾਬਤਾ ਲੱਗ ਗਿਆ। ਡੀ.ਸੀ ਆਪਣੇ ਸਹਾਇਕ ਵੱਲ ਦੇਖ ਨਿੰਮਾ ਜਿਹਾ ਮੁਸਕਰਾਇਆ ਤੇ ਬੋਲਿਆ, ”ਚਲੋ, ਆਹ ਤਾਂ ਠੀਕ ਹੋਇਆ।” ਨਾਲ ਹੀ ਉਸਨੇ ਘੰਟੀ ਮਾਰੀ। ਸੇਵਾਦਾਰ ਹਾਜ਼ਰ ਹੋਇਆ। ਸਾਹਬ ਦਾ ਅਦੇਸ਼ ਸੀ, ”ਅਹੁ ਫੋਟੋ ਲਾਹ ਕੇ ਕਿਤੇ ਪਰ੍ਹੇ ਰੱਖ ਦੇ ਹੁਣ…।”  ਸਾਹਬ ਦੇ ਹੁਕਮ ਦੀ ਤਾਮੀਲ ਕਰਦਾ ਹੋਇਆ ਸੇਵਾਦਾਰ ਪਲ ਵਿਚ ਹੀ ਮੁੱਖ-ਮੰਤਰੀ ਦੀ ਫੋਟੋ ਲਾਹ ਕੇ ਕਮਰਿਓਂ ਬਾਹਰ ਹੋ ਗਿਆ।  ਇਹਨੂੰ ਕਹਿੰਦੇ ਨੇ ਸਮਾਂ! ਇਹ ਸਮਾਂ ਕਿਸੇ ਦਾ ਮਿੱਤ ਨਹੀਂ, ਲਾਗੇ ਬੈਠਾ ਮੈਂ ਸੋਚਣ ਲੱਗਿਆ।
ਫਿਰ ਮੇਰੇ ਦਿਮਾਗ ਦੀ ਫਿਰਕੀ ਘੁੰਮੀ ਕਿ ਸੇਵਦਾਰ ਨੇ ਇਹ ਫੋਟੋ ਕਿੱਥੇ ਲਿਜਾ ਕੇ ਰੱਖੀ ਹੋਵੇਗੀ?ਦਫ਼ਤਰ ਵਿਚ ਤਾਂ ਹੁਣ ਇਸ ਫੋਟੋ ਦੀ ਕੋਈ ਮਹੱਤਤਾ ਨਹੀਂ ਰਹੀ। ਹੁਣ ਤਾਂ ਸਾਰਾ ਕੁਝ ਚੋਣ ਕਮਿਸ਼ਨ ਦੇ ਅਧੀਨ ਆ ਗਿਆ ਹੈ।  ਹੋ ਸਕਦੈ, ਕਿਸੇ ਮੇਜ ਦੇ ਦਰਾਜ ਵਿੱਚ ਹੀ ਰੱਖ ਦਿੱਤੀ ਹੋਵੇ! ਪਰ ਮੇਜ ਦੇ ਦਰਾਜ ਵਿੱਚ ਇਹ ਫੋਟੋ ਕਿੰਨਾ ਕੁ ਚਿਰ ਪਈ ਰਵ੍ਹੇਗੀ? ਮੈਂ ਆਪਣੇ ਆਪ ਨੂੰ ਪੁਛਦਾ ਹਾਂ। ਸਰਕਾਰੀ ਦਫਤਰਾਂ ਦੀਆਂ ਮੇਜਾਂ ਦੇ ਦਰਾਜ ਤਾਂ ਪਹਿਲਾਂ ਹੀ ਕਾਗਜਾਂ-ਮਿਸਲਾਂ  ਨਾਲ ਤੂੜੇ ਪਏ ਹੁੰਦੇ ਹਨ। ਕੀ ਹੁਣ ਇਹ ਫੋਟੋ ਸਾਰੇ ਜ਼ਿਲਿਆਂ ਦੇ ਦਫਤਰਾਂ ਵਿਚੋਂ ਲੱਥ ਗਈ ਹੋਣੀ ਹੈ? ਇੱਕ ਨਵਾਂ ਸਵਾਲ ਆਣ ਟਪਕਿਆਂ ਮਨ ਦੇ ਕੋਨੇ ਵਿਚ।
ਏਨੇ ਚਿਰ ਨੂੰ ਡਿਪਟੀ ਕਮਿਸ਼ਨਰ ਕੋਲ ਉਸਦਾ ਨਵਾਂ-ਨਵਾਂ ਆਈ.ਏ.ਐੱਸ ਬਣਿਆ ਪੰਜਾਬੀ ਮੁੰਡਾ ਏ.ਡੀ.ਸੀ ਆ ਗਿਆ, ”ਨਮਸਤੇ ਸਰ, ਸਰ ਕੋਡ ਆਫ ਕੰਡਕਟ ਲਾਗੂ ਹੋ ਗਿਆ।” ”ਹਾਂ, ਹੋ ਗਿਆ, ਮੈਂ ਉਤਰਵਾ ਦਿੱਤੀ ਫੋਟੋ, ਤੁਸੀਂ ਵੀ ਉਤਰਵਾ ਦਿਓ।” ਡੀ.ਸੀ ਨੇ ਕੋਲ ਖੜ੍ਹੇ ਏ.ਡੀ.ਸੀ ਨੂੰ ਮੁਸਕਰਾ ਕੇ ਆਖਿਆ। ”ਓ ਕੇ ਸਰ, ਮੈਂ ਆਇਆ ਜੀ…।” ਆਖਦਾ ਹੋਇਆ ਏ.ਡੀ.ਸੀ ਕਮਰਿਓਂ ਬਾਹਰ ਹੋ ਗਿਆ।
ਮੇਰਾ ਸਾਹਿਤਕਾਰ ਮਨ ਦਿਲ-ਲਗੀਆਂ ਕਰ ਰਿਹਾ ਸੀ, ”ਵਾਹ ਨੀ ਤਸਵੀਰ ਦੀਏ ਤਕਦੀਰੇ…! ਕਿਤਨਾ ਬਲਵਾਨ ਹੈ ਤੂੰ ਸਮਿਆਂ! ਤਸਵੀਰਾਂ ਨੂੰ ਕੰਧਾਂ ਉਤੇ ਟੰਗਣ ਲੱਗਿਆ ਵੀ ਪਲ ਹੀ ਲਾਉਂਦਾ ਏਂ ਤੇ ਲਾਹੁੰਣ ਲੱਗਿਆਂ ਵੀ ਪਲ! ਭਾਈ ਵੀਰ ਸਿੰਘ ਤੇਰੇ ਬਾਬਤ ਕਿੰਨਾ ਸੁਹਣਾ ਲਿਖ ਗਿਆ, ਤੂੰ ਕਿਸੇ ਦੀ ਇੱਕ ਨਹੀਂ ਮੰਨਦਾ, ਚਾਹੇ ਕੋਈ ਫੜ-ਫੜ ਧਰੀਕੀ ਤੁਰਿਆ ਜਾਵੇ। ਕੰਨੀਂ ਖਿਸਕਾਣ ਲੱਗਿਆਂ ਪਲ ਵੀ ਨਹੀਂ ਲਾਉਂਦਾ ਤੂੰ, ਤੇਰੀਆਂ ਤੂੰ ਹੀ ਜਾਣੇ! ਜਦ ਸੇਵਾਦਾਰ ਤਸਵੀਰ ਨੂੰ ਇੱਕ ਹੱਥ ਨਾਲ ਫੜੀ ਬਾਹਰ ਲਿਜਾ ਰਿਹਾ ਸੀ ਤਾਂ ਮੈਨੂੰ ਤਸਵੀਰ ਉਤੇ ਤਰਸ ਜਿਹਾ ਆਇਆ ਸੀ ਤੇ ਫਿਰ ਪਤਾ ਨਹੀਂ ਕਿਉਂ ਮਨ ਇਕ ਪਲ ਵਿਚ ਹੀ ਬਦਲ ਗਿਆ ਤੇ ਸਾਹਬ ਦੀ ਕੁਰਸੀ ਪਿਛਲੀ ਕੰਧ ਉਤੇ ਤਸਵੀਰ ਤੋਂ ਵੱਖ ਹੋਈ ਮੇਖ ਵੱਲ ਵੇਖ ਕੇ ਸੁਖਦ ਜਿਹਾ ਅਹਿਸਾਸ ਹੋਇਆ ਕਿ ਮੇਖ ਵੀ ਤਸਵੀਰ ਦੇ ਭਾਰ ਤੋਂ ਸੌਖੀ ਹੋ ਗਈ ਹੈ!
ਏਨੇ ਨੂੰ ਏ.ਡੀ.ਸੀ ਫਿਰ ਆ ਗਿਆ, ”ਸਰ, ਮੈਂ ਵੀ ਉਤਰਵਾ ਦਿੱਤੀ ਐ ਤਸਵੀਰ।” ਡੀ. ਸੀ ਬੋਲਿਆ, ”ਜਿਹੜਾ ਕੰਮ ਸਮੇਂ ਸਿਰ ਹੋਜੇ ਉਸਦੀ ਰੀਸ ਨਹੀਂ, ਮੈਨੂੰ ਅੱਜ ਵੀ ਯਾਦ ਐ ਜਦ ਮੈਂ ਐਸ.ਡੀ.ਐੱਮ ਹੁੰਦਾ ਸੀ ਤਾਂ ਉਦੋਂ ਚੋਣਾਂ ਹੋਈਆਂ, ਸਾਡੇ ਡੀ.ਸੀ ਸਾਹਬ ਮੁੱਖ ਮੰਤਰੀ ਦੀ ਫੋਟੋ ਉਤਰਵਾਉਣੀ ਭੁੱਲਗੇ ਸੀ ਤੇ ਚੋਣ ਅਬਜ਼ਰਵਰ ਨੇ ਚੰਗੀ ਕਲਾਸ ਲਾਈ ਸੀ ਸਭ ਦੀ, ਸੋ…ਕਲਾਸ ਲਵਾਉਣ ਤੋਂ ਪਹਿਲਾਂ ਈ ਅਜਿਹੇ ਕੰਮ ਨਿਪਟਾ ਲੈਣੇ ਚਾਹੀਦੇ ਨੇ, ਤੁਸੀਂ ਹੁਣੇ ਤੋਂ ਇਹ ਗੱਲਾਂ ਸਿੱਖ ਰੱਖੋ, ਜ਼ਿੰਦਗੀ ਵਿਚ ਕੰਮ ਆਉਣਗੀਆਂ ਤੁਹਾਡੇ…।” ਹਲਕਾ ਜਿਹਾ ਹਾਸਾ ਉਭਰਿਆ, ਜੋ ਫਿਰ ਖਾਮੋਸ਼ੀ ਵਿਚ ਬਦਲ ਗਿਆ।
‘ਸਰ’ ਤੋਂ ‘ਜਥੇਦਾਰ’!
ਚੋਣ ਜਾਬਤਾ ਲੱਗਣ ਬਾਅਦ। ਹਲਕਾ ਇੰਚਾਰਜ ਜਥੇਦਾਰ ਜੀ ਦਾ ਥਾਣੇ ਦੇ ਐਸ.ਐਚ.ਓ .ਨੂੰ ਫੋਨ ਆਉਂਦਾ ਹੈ। ਅਕਸਰ ਹੀ ਇਹ ਐਸ.ਐਚ.ਓ.ਜਥੇਦਾਰ ਜੀ ਨੂੰ ‘ਸਰ ਜੀ’ ਆਖਿਆ ਕਰਦਾ ਸੀ। ਕਹਿੰਦੇ ਹਨ ਕਿ ਐਸ.ਐਚ.ਓ. ਨੂੰ ਜਥੇਦਾਰ ਜੀ ਨੇ ਹੀ ਆਪਣੀ ਮਨ-ਮਰਜ਼ੀ ਦੀ ਥਾਵੇਂ ਲਗਵਾਇਆ ਸੀ। ਹੁਣ ਲੱਗ ਗਿਆ ਸੀ ਚੋਣ ਜ਼ਾਬਤਾ ਤੇ ਨਵੀਂ ਉਮਰ ਦਾ ਐਸ.ਐਚ.ਓ ਮੁੰਡਾ ਲੱਖਾਂ ਵਾਰ ਜਥੇਦਾਰ ਜੀ ਨੂੰ ‘ਸਰ ਸਰ’ ਆਖ ਆਖ ਕੇ ਅੱਕ-ਥੱਕ ਚੁੱਕਾ ਸੀ। ਉਸਦੀ ਮਜਬੂਰੀ ਸੀ ਸਰ ਆਖਣਾ। ਅਜ ਚੋਣ ਜਾਬਤਾ ਲੱਗਣ ਦੇ ਬਾਅਦ ਜਥੇਦਾਰ ਜੀ ਦਾ ਆਪਣੇ ਫੋਨ ਦੀ ਸਕਰੀਨ ਉਤੇ ਨਾਂ ਦੇਖ  ਕੇ ਐਸ.ਐਚ.ਓ ਨੇ ‘ਸਰ’ ਨਹੀਂ ਆਖਿਆ ਤੇ ਫੋਨ ਆਨ ਕਰ ਕੇ ਬੋਲਿਆ, ”ਦੱਸੋ, ਜਥੇਦਾਰ ਜੀ”।
ਜਥੇਦਾਰ ਨੇ ਆਪਣੀ ਗੱਲ ਸਮਝਾਈ ਤੇ ਫੋਨ ਕੱਟ ਹੋ ਗਿਆ। ਭਰਿਆ ਪਿਆ ਐਸ.ਐਚ.ਓ ਮੁੰਡਾ ਬੋਲਣ ਲੱਗਿਆ, ”ਅਸੀਂ ਆਪਣੇ ਅਫਸਰਾਂ ਨੂੰ ਤਾਂ ‘ਸਰ ਸਰ’ ਕਹੀਏ, ਏਨ੍ਹਾਂ ਅਣਪੜਾਂ ਨੂੰ ਵੀ ਮਜਬੂਰੀ ਕਾਰਣ ‘ਸਰ ਸਰ’ ਕਹਿੰਦੇ ਰਹੇ ਆਂ, ਹੁਣ ਨੀ ‘ਸਰ’ ਕਹਿਣਾ, ਹੁਣ ਤਾਂ ਸਾਡਾ ਖਸਮ ਚੋਣ ਕਮਿਸ਼ਨ ਆਂ, ਓ ਕਾਕਾ, ਪਾਣੀ ਲਿਆ ਜਰਾ।” ਐਸ.ਐਚ.ਓ ਨੇ ਗਲਾ ਗਿੱਲਾ ਕਰਨ ਲਈ ਆਪਣੇ ਅਰਦਲੀ ਨੂੰ  ਆਖਿਆ।
ਜੌਹਰ ਦੀ ਉਦਾਸੀ
ਜਗਦੇਵ ਸਿੰਘ ਜੱਸੋਵਾਲ ਆਖਿਆ ਕਰਦੇ ਸਨ ਕਿ ਸਿਆਸਤਦਾਨ ਜਦ ਘਰੇ ਬਹਿ ਗਿਆ, ਸਮਝੋ ਉਹ ਖਤਮ ਐਂ, ਸਿਆਸਤਦਾਨ ਦਾ ਤੋਰਾ-ਫੇਰਾ ਤੇ ਲੋਕਾਂ ਨਾਲ ਮੇਲ-ਮਿਲਾਪ ਹੀ ਉਸਨੂੰ ਜੀਂਦਾ ਰੱਖ ਸਕਦੈ। ਜੱਸੋਵਾਲ ਦੇ ਜਹਾਨੋਂ ਤੁਰਨ ਤੋਂ ਸਾਲ ਕੁ ਪਹਿਲਾਂ ਦੀ ਗੱਲ ਯਾਦ ਆ ਰਹੀ ਹੈ। ਕ੍ਰਿਸ਼ਨ ਕੁਮਾਰ ਬਾਵਾ ਵੀ ਸਾਡੇ ਨਾਲ ਸੀ, ਲੁਧਿਆਣੇ ਸ਼ਹੀਦ ਸੁਖਦੇਵ ਦੀ ਸਮਾਧੀ ਤੋਂ ਮੁੜ ਰਹੇ ਸਾਂ। ਜੱਸੋਵਾਲ ਕਹਿਣ ਲੱਗਿਆ,”ਬਾਵਾ ਜੀ, ਜਾਂਦੇ-ਜਾਂਦੇ ਪੁਰਾਣੇ ਸਾਥੀ ਹਰਨਾਮ ਦਾਸ ਜੌਹਰ ਦਾ ਹਾਲ-ਚਾਲ ਪੁਛਦੇ ਜਾਈਏ…ਜਗ ਜਿਊਂਦਿਆਂ ਦੇ ਮੇਲੇ ਨੇ।” ਗੱਡੀ ਜੌਹਰ ਸਾਹਬ ਦੇ ਬੰਦ ਦਰਵਾਜੇ ਮੂਹਰੇ ਜਾ ਖਲੋਈ। ਬਾਵਾ ਜੀ ਨੇ ਬੂਹਾ ਖੜਕਾਇਆ, ਅੰਦਰੋਂ ਇੱਕ ਨਿੱਕੀ ਬਾਲੜੀ ਆਈ, ਉਹਦੇ ਹੱਥ ਵਿੱਚ ਝਾੜੂ ਸੀ, ਸਪੱਸ਼ਟ ਸੀ ਕਿ ਉਹ ਕੰਮ ਵਾਲੀ ਕੁੜੀ ਸੀ। ਉਸਨੂੰ ਪੁੱਛਿਆ ਕਿ ਜੌਹਰ ਸਾਹਬ ਘਰ ਹਨ? ਉਸਨੇ ‘ਹਾਂਜੀ’ ਆਖ ਕੇ   ਬੂਹਾ ਖੋਲ੍ਹ ਦਿੱਤਾ। ਅੱਗੇ ਗਏ ਤਾਂ ਜੌਹਰ ਸਾਹਬ ਕੁਰਸੀ ਉਤੇ ਬੈਠੇ ਸਨ ਤੇ ਉਹਨਾਂ ਦਾ ਪੁੱਤਰ  ਉਹਨਾਂ ਦੇ ਪੈਰਾਂ ਉਤੇ ਮਾਲਸ਼ ਕਰ ਰਿਹਾ ਸੀ। ਜੱਸੋਵਾਲ ਤੇ ਬਾਵਾ ਨੂੰ ਦੇਖ ਜੌਹਰ ਸਾਹਬ ਇੱਕ ਪਲ ਮੁਸਕਰਾਏ ਤੇ ਕੁਰਸੀ ਉਤੋਂ ਉਠਣ ਦਾ ਯਤਨ ਕਰਨ ਲੱਗੇ, ਮੁੰਡੇ ਨੇ ਆਸਰਾ ਦਿੱਤਾ ਤੇ ਮਸੀਂ ਉੱਠੇ। ਜੱਸੋਵਾਲ ਨੂੰ ਜੱਫੀ ਪਾਉਂਦਿਆਂ ਉਹਨਾਂ ਦੀ ਧਾਹ ਨਿਕਲ ਗਈ ਤੇ ਬੋਲੇ, ”ਓ ਜੱਸੋਵਾਲ ਸਰਦਾਰਾ, ਤੇਰਾ ਕਿਵੇਂ ਦਿਲ ਕਰ ਆਇਆ ਮੈਨੂੰ ਮੋਏ ਨੂੰ ਮਿਲਣ ਨੂੰ? ਅੱਜ ਘਰਾਂ ਵਿੱਚ ਕੱਲ-ਮਕੱਲੇ ਰਹਿ ਗਏ ਆਂ, ਕਿਸੇ ਵੇਲੇ ਆਪਣਾ ਰਾਜ ਹੁੰਦਾ ਸੀ, ਸ੍ਰ ਬੇਅੰਤ ਸਿੰਓ ਵੇਲੇ ਆਪਣੀ ਤੂਤੀ ਬੋਲਦੀ ਸੀ…ਭਾਈ ਜੱਸੋਵਾਲ ਸਮਾਂ ਕਿਸੇ ਦਾ ਲਿਹਾਜ਼ ਨੀ ਕਰਦਾ, ਘਰ ‘ਚ ਬੈਠੇ ਉਦਾਸ ਹੋਈ ਜਾਨੈ।” ਮੈਨੂੰ ਉਥੇ ਬੈਠੇ-ਬੈਠੇ ਯਾਦ ਆਇਆ ਕਿ ਜੌਹਰ ਸਾਹਬ ਨੇ ਭਾਸ਼ਾ ਤੇ ਸਿੱਖਿਆ ਵਿਭਾਗ ਦੇ ਮੰਤਰੀ ਹੁੰਦਿਆਂ ਮੁੱਖ-ਮੰਤਰੀ ਸ੍ਰ ਬੇਅੰਤ ਸਿੰਘ ਨੂੰ ਆਖ ਕੇ ਪਟਿਆਲਾ ਭਾਸ਼ਾ ਵਿਭਾਗ ਵਿੱਚ ‘ਲੇਖਕ ਸਦਨ’ ਬਣਾਇਆ ਸੀ। ਜਦ ਮੈਂ ਏਹ ਯਾਦ ਛੇੜੀ ਤਾਂ ਜੌਹਰ ਸਾਹਬ ਦੀਆਂ ਅੱਖਾਂ ਵਿੱਚ ਚਮਕ ਆ ਗਈ, ”ਓ ਬੇਟਾ, ਉਹ ਕੰਮ ਤਾਂ ਅਸੀਂ ਬੜੇ ਚਾਅ ਨਾਲ ਕੀਤਾ ਸੀ ਪੰਜਾਬ ਦੇ ਲੇਖਕਾਂ ਵਾਸਤੇ।”
ਕੰਮ ਵਾਲੀ ਕੁੜੀ ਝਾੜੂ ਸੁੱਟ੍ਹ ਕੇ ਚਾਹ ਬਣਾਉਣ ਤੁਰੀ ਤਾਂ ਅਸੀਂ ਰੋਕ ਦਿੱਤੀ। ਕਾਰ ਵਿੱਚ ਵਾਧੂ ਪਿਆ ਹਾਰ ਮੰਗਵਾਇਆ ਗਿਆ। ਜੌਹਰ ਸਾਹਬ ਨੂੰ ਹੌਸਲਾ ਦੇ ਕੇ ਤੇ ਹਾਰ ਪਹਿਨਾ ਕੇ ਅਸੀਂ ਘਰੋਂ ਬਾਹਰ ਆਏ।  ਗੰਨਮੈਨਾਂ ਦੇ ਬੈਠਣ ਲਈ ਕਈ ਸਾਲ ਪਹਿਲਾਂ ਬਣਾਇਆ ਗਿਆ ਟੀਨ ਦਾ ਖੋਖਾ ਟੁੱਟਿਆ-ਖਿੰਡਿਆ ਪਿਆ ਬੀਤ ਗਏ ਵੇਲੇ ਦੀ ਸ਼ਾਹਦੀ ਭਰ ਰਿਹਾ ਸੀ। ਉਸ ਮਿਲਣੀ ਦੇ ਜਲਦੀ ਹੀ ਬਾਅਦ  ਜੌਹਰ ਸਾਹਬ ਵੀ ਤੁਰ ਗਏ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …