Breaking News
Home / ਪੰਜਾਬ / ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ

ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਹਿਰ ਦੇ ਕੋਟ ਖਾਲਸਾ ਇਲਾਕੇ ਦੇ ਇੱਕ ਮੁਹੱਲੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਿਆਂ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਵਾਹਨ ਦੇ ਡਰਾਈਵਰ ਗੁਰਦੀਪ ਸਿੰਘ ਨੇ ਇਸ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਸੀ।
ਜਾਣਕਾਰੀ ਮਿਲਣ ‘ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾਂ ਘਟਨਾ ਸਥਾਨ ‘ਤੇ ਪੁੱਜੇ। ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਕਮੇਟੀ ਨੂੰ ਕੂੜਾ ਚੁੱਕਣ ਵਾਲੀ ਇੱਕ ਗੱਡੀ ਵਿੱਚੋਂ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕੇ ਮਿਲਣ ਦੀ ਸੂਚਨਾ ਮਿਲੀ ਸੀ। ਡਰਾਈਵਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕੋਟ ਖਾਲਸਾ ਇਲਾਕੇ ਵਿੱਚੋਂ ਕੂੜਾ ਇਕੱਠਾ ਕਰਨ ਵੇਲੇ ਇਕ ਘਰ ਦੇ ਬਾਹਰੋਂ ਬੋਰੀ ਮਿਲੀ ਸੀ। ਡੰਪ ‘ਤੇ ਕੂੜਾ ਸੁੱਟਣ ਤੋਂ ਪਹਿਲਾਂ ਜਦੋਂ ਬੋਰੀ ਨੂੰ ਖੋਲ ਕੇ ਵੇਖਿਆ ਤਾਂ ਇਸ ਵਿੱਚ ਪੋਥੀਆਂ ਅਤੇ ਗੁਟਕੇ ਸਨ। ਉਹ ਇਨਾਂ ਨੂੰ ਸੰਭਾਲ ਕੇ ਵਾਹਨ ਸਮੇਤ ਕੋਟ ਖਾਲਸਾ ਦੇ ਗੁਰਦੁਆਰੇ ਪੁੱਜ ਗਿਆ, ਜਿਥੋਂ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਮਦਦ ਨਾਲ ਬੋਰੀ ਸੁੱਟਣ ਵਾਲਿਆਂ ਦੇ ਘਰ ਗਏ। ਡਰਾਈਵਰ ਨੇ ਦੱਸਿਆ ਕਿ ਘਰ ਵਾਲਿਆਂ ਨੇ ਇਹ ਸਭ ਕੁਝ ਵਾਧੂ ਸਮਾਨ ਵਜੋਂ ਬਾਹਰ ਸੁੱਟਿਆ ਸੀ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ‘ਤੇ ਪੁਲੀਸ ਦੇ ਏਸੀਪੀ ਨਰਿੰਦਰ ਸਿੰਘ ਅਤੇ ਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਜਾਂਚ ਦੇ ਆਦੇਸ਼ ਦਿੱਤੇ।
ਬੇਅਦਬੀ ਮਾਮਲੇ ‘ਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਸ਼ਾਮਲ
ਅੰਮ੍ਰਿਤਸਰ : ਗੁਰਬਾਣੀ ਦੇ ਗੁਟਕਿਆਂ ਤੇ ਪੋਥੀ ਦੀ ਬੇਅਦਬੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਮੁਲਜ਼ਮਾਂ ‘ਚ ਇਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਸ਼ਾਮਲ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਇਹ ਮੁਲਾਜ਼ਮ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਸੇਵਾਦਾਰ ਵਜੋਂ ਤਾਇਨਾਤ ਹੈ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …