2.4 C
Toronto
Thursday, November 27, 2025
spot_img
Homeਪੰਜਾਬਸ਼੍ਰੋਮਣੀ ਕਮੇਟੀ ਵੱਲੋਂ ਬੇਗਮ ਮੁਨੱਵਰ-ਉਲ-ਨਿਸਾ ਦਾ ਸਨਮਾਨ

ਸ਼੍ਰੋਮਣੀ ਕਮੇਟੀ ਵੱਲੋਂ ਬੇਗਮ ਮੁਨੱਵਰ-ਉਲ-ਨਿਸਾ ਦਾ ਸਨਮਾਨ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼ੇਰ ਮੁਹੰਮਦ ਖਾਂ ਨਵਾਬ ਮਾਲੇਰਕੋਟਲਾ ਦੇ ਵੰਸ਼ਜ ਬੇਗਮ ਮੁਨੱਵਰ-ਉਲ-ਨਿਸਾ ਅਤੇ ਮਹਾਰਾਜਾ ਨਾਭਾ ਪਰਿਵਾਰ ਦੇ ਵੰਸ਼ਜ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਅਤੇ ਪੰਜਾਬ, ਕੈਨੇਡਾ, ਆਸਟਰੇਲੀਆ, ਇੰਗਲੈਂਡ ਤੇ ਜਰਮਨੀ ਦੀ ਸਿੱਖ ਸੰਗਤ ਅਤੇ ਅਹੁਦੇਦਾਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਵੰਸ਼ਜ ਨੂੰ ਭੇਟ ਕੀਤੀ ਗਈ ਸ੍ਰੀ ਸਾਹਿਬ ਨੂੰ ਖੁਦ ਬੇਗਮ ਮੁਨੱਵਰ-ਉਲ-ਨਿਸਾ ਲੈ ਕੇ ਪਹੁੰਚੇ।
ਹੈੱਡ ਗ੍ਰੰਥੀ ਹਰਪਾਲ ਸਿੰਘ ਵੱਲੋਂ ਸਨਮਾਨ ਸਮਾਰੋਹ ਦੌਰਾਨ ਸ੍ਰੀ ਸਾਹਿਬ ਨੂੰ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਅੰਤ੍ਰਿਮ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਰਵਿੰਦਰ ਸਿੰਘ ਖਾਲਸਾ ਅਤੇ ਬਾਬਾ ਟੇਕ ਸਿੰਘ ਧਨੋਲਾ ਆਦਿ ਹਾਜ਼ਰ ਸਨ।
ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ‘ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਹੈ ਜੋ ਸਮੁੱਚੇ ਸੰਸਾਰ ਨੂੰ ਜਬਰ-ਜ਼ੁਲਮ ਖਿਲਾਫ ਲੜਨ ਦੀ ਜਿੱਥੇ ਜੀਵਨ ਜਾਚ ਸਿਖਾਉਂਦੀ ਹੈ ਉੱਥੇ ਧਰਮ ਵਿੱਚ ਦ੍ਰਿੜ ਰਹਿਣ ਦਾ ਸੰਕਲਪ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਜਦ ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਢਾਹਿਆ ਜਾ ਰਿਹਾ ਸੀ ਤਾਂ ਨਵਾਬ ਸ਼ੇਰ ਮੁਹੰਮਦ ਖਾਂ ਇਕੋ ਇਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਧਰਮ, ਜਾਤ ਅਤੇ ਮਜ਼ਹਬ ਤੋਂ ਉਪਰ ਉਠ ਕੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੌਜੂਦਾ ਦੌਰ ‘ਚ ਸਰਕਾਰਾਂ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਨਵਾਬ ਸ਼ੇਰ ਮੁਹੰਮਦ ਖਾਂ ਦੇ ਵੰਸ਼ਜ ਬੇਗਮ ਮੁਨੱਵਰ-ਉਲ-ਨਿਸਾ ਤੇ ਮਹਾਰਾਜਾ ਰਿਪੁਦਮਨ ਦੇ ਪਰਿਵਾਰ ਦਾ ਸਨਮਾਨ ਕਰ ਕੇ ਸਿਰਮੌਰ ਸੰਸਥਾ ਮਾਣ ਮਹਿਸੂਸ ਕਰ ਰਹੀ ਹੈ।

RELATED ARTICLES
POPULAR POSTS