Breaking News
Home / ਹਫ਼ਤਾਵਾਰੀ ਫੇਰੀ / ਸਿੱਧੂ ਨੂੰ ਕਾਂਗਰਸ ‘ਚ ਮਿਲੇਗੀ ਅਹਿਮ ਜ਼ਿੰਮੇਵਾਰੀ!

ਸਿੱਧੂ ਨੂੰ ਕਾਂਗਰਸ ‘ਚ ਮਿਲੇਗੀ ਅਹਿਮ ਜ਼ਿੰਮੇਵਾਰੀ!

ਡਿਪਟੀ ਸੀਐਮ ਬਣਾਏ ਜਾਣ ਦੇ ਚਰਚੇ
ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੰਘ ਸਿੱਧੂ ਦੀ ਬੁੱਧਵਾਰ ਦੇਰ ਸ਼ਾਮ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਹੈ। ਦੋਵਾਂ ਆਗੂਆਂ ਨੇ ਪੰਜਾਬ ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਚਰਚਾ ਕੀਤੀ। ਇਸ ਤੋਂ ਪਹਿਲਾਂ ਸਿੱਧੂ ਨੇ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਧਿਆਨ ਰਹੇ ਕਿ ਪਹਿਲਾਂ ਰਾਹੁਲ ਗਾਂਧੀ ਵਲੋਂ ਕਿਹਾ ਗਿਆ ਸੀ ਕਿ ਸਿੱਧੂ ਨਾਲ ਮੀਟਿੰਗ ਦਾ ਕੋਈ ਪ੍ਰੋਗਰਾਮ ਨਹੀਂ ਹੈ। ਜਾਣਕਾਰੀ ਮਿਲ ਰਹੀ ਸੀ ਕਿ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਜਾਂ ਫਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲ ਸਕਦੀ ਹੈ, ਪਰ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ। ਰਾਹੁਲ ਗਾਂਧੀ ਨੇ ਪੰਜਾਬ ਸਬੰਧੀ ਬਣਾਏ ਜਾ ਰਹੇ ਨਵੇਂ ਫਾਰਮੂਲੇ ਤੋਂ ਸਿੱਧੂ ਨੂੰ ਜਾਣੂ ਕਰਵਾ ਦਿੱਤਾ ਹੈ। ਇਹ ਵੀ ਦੱਸਿਆ ਕਿ ਸਿੱਧੂ ਦੀ ਰਾਹੁਲ ਨਾਲ ਜਿਹੜੀ ਮੀਟਿੰਗ ਹੋਈ ਹੈ, ਉਸ ਲਈ ਪ੍ਰਿਅੰਕਾ ਨੇ ਅਹਿਮ ਭੂਮਿਕਾ ਨਿਭਾਈ। ਧਿਆਨ ਰਹੇ ਕਿ ਪੰਜਾਬ ਕਾਂਗਰਸ ਵਿਚ ਛਿੜੇ ਕਲੇਸ਼ ਦੌਰਾਨ ਰਾਹੁਲ ਗਾਂਧੀ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਸਿੱਧੀ ਮੀਟਿੰਗ ਕੀਤੀ ਸੀ। ਚਰਚਾ ਤਾਂ ਇਹ ਵੀ ਹੈ ਕਿ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਹਾਈਕਮਾਨ ਤਿਆਰ ਹੈ, ਪਰ ਪ੍ਰਿਅੰਕਾ ਨੇ ਸਿੱਧੂ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੰਗੀ ਹੈ।
ਸਿੱਧੂ ਦਾ ਸੁਖਬੀਰ ‘ਤੇ ਨਿਸ਼ਾਨਾ
ਸੁਖਬੀਰ ਬਾਦਲ ਨੇ ਸਿੱਧੂ ਨੂੰ ‘ਮਿਸ ਗਾਈਡਿਡ’ ਤੇ ਬੇਕਾਬੂ ਮਿਜ਼ਾਈਲ ਆਖਿਆ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਸੁਖਬੀਰ ਸਿੰਘ ਬਾਦਲ ਵੱਲ ਨਿਸ਼ਾਨਾ ਸੇਧਿਆ ਹੈ। ਸਿੱਧੂ ਨੇ ਇਕ ਟਵੀਟ ‘ਚ ਕਿਹਾ, ”ਮੇਰਾ ਨਿਸ਼ਾਨਾ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਤਬਾਹ ਕਰਨਾ ਹੈ ਅਤੇ ਜਦੋਂ ਤਕ ਪੰਜਾਬ ਨੂੰ ਬਰਬਾਦ ਕਰ ਕੇ ਬਣਾਏ ‘ਸੁੱਖ ਵਿਲਾਸ’ ਨੂੰ ਪੰਜਾਬ ਦੇ ਗਰੀਬਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਅਤੇ ਜਨਤਕ ਹਸਪਤਾਲ ਵਿਚ ਤਬਦੀਲ ਨਹੀਂ ਕਰ ਦਿੰਦਾ, ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।”
ਅਮਰਿੰਦਰ ਦੀ ਲੰਚ ਡਿਪਲੋਮੇਸੀ
ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਪਣੇ ਹਮਾਇਤੀ ਕਾਂਗਰਸੀਆਂ ਅਤੇ ਕਈ ਰੁੱਸੇ ਕਾਂਗਰਸੀਆਂ ਨੂੰ ਦੁਪਹਿਰ ਦਾ ਖਾਣਾ ਖਵਾਇਆ। ਪਰ ਇਸ ਦਾਵਤ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਨਹੀਂ ਹੋਏ। ਇਸ ਨੂੰ ਲੈ ਕੇ ਵੀ ਨਵੀਂ ਚਰਚਾ ਛਿੜ ਗਈ ਹੈ। ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਕੈਪਟਨ ਦੇ ਇਸ ਲੰਚ ਪ੍ਰੋਗਰਾਮ ਨੂੰ ਸਿਆਸੀ ਹਲਕੇ ਗਹੁ ਨਾਲ ਦੇਖ ਰਹੇ ਹਨ। ਅਸ਼ਵਨੀ ਸ਼ੇਖੜੀ ਜਿਹੜੇ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਜਾ ਰਹੇ ਸੀ, ਉਹ ਵੀ ਅੱਜ ਕੈਪਟਨ ਦੀ ਦਾਵਤ ਵਿਚ ਸ਼ਾਮਲ ਹੋਏ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿਚ ਲਿਖਿਆ ਕਿ ਮੈਂ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਇਹ ਮੀਟਿੰਗ ਕੀਤੀ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …