Breaking News
Home / ਪੰਜਾਬ / ਪੰਜਾਬ ਕਾਂਗਰਸ ‘ਚ ਵਧਿਆ ਦਿੱਲੀ ਦਾ ਦਬਦਬਾ

ਪੰਜਾਬ ਕਾਂਗਰਸ ‘ਚ ਵਧਿਆ ਦਿੱਲੀ ਦਾ ਦਬਦਬਾ

ਸਿੱਧੂ ਨਹੀਂ ਹੋਣਗੇ ‘ਵਨ ਮੈਨ ਆਰਮੀ’, ਕਾਂਗਰਸ ਹਾਈਕਮਾਨ ਨੇ 22 ਜ਼ਿਲ੍ਹਾ ਕੋਆਰਡੀਨੇਟਰ ਐਲਾਨੇ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਹੁਣ ਨਵਜੋਤ ਸਿੰਘ ਸਿੱਧੂ ‘ਵਨ ਮੈਨ ਆਰਮੀ’ ਨਹੀਂ ਹੋਣਗੇ ਅਤੇ ਦਿੱਲੀ ਬੈਠੀ ਕਾਂਗਰਸ ਹਾਈਕਮਾਨ ਦਾ ਦਬਦਬਾ ਰਹੇਗਾ। ਕਾਂਗਰਸ ਨੇ ਸਿੱਧੂ ਦੀ ਸਿਫਾਰਸ਼ ‘ਤੇ ਹੁਣ ਤੱਕ ਪੰਜਾਬ ਵਿਚ ਜ਼ਿਲ੍ਹਾ ਪੱਧਰ ‘ਤੇ ਪ੍ਰਧਾਨ ਨਿਯੁਕਤ ਨਹੀਂ ਕੀਤੇ। ਇਸਦੀ ਬਜਾਏ ਕਾਂਗਰਸ ਨੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਨਿਯੁਕਤੀ ਕਰ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਹ ਨਿਯੁਕਤੀਆਂ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖੁਦ ਹਰੀਸ਼ ਚੌਧਰੀ ਵੀ ਪੰਜਾਬ ਵਿਚ ਡਟੇ ਹੋਏ ਹਨ ਅਤੇ ਉਹ ਰਾਜਸਥਾਨ ਸਰਕਾਰ ਵਿਚ ਮੰਤਰੀ ਅਹੁਦਾ ਵੀ ਛੱਡ ਚੁੱਕੇ ਹਨ। ਧਿਆਨ ਰਹੇ ਕਿ ਕਾਂਗਰਸ ਪੰਜਾਬ ਵਿਚ ਜਿੱਤ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਕਿ ਪੰਜਾਬ ਵਿਚ ਜਨਵਰੀ 2020 ਤੋਂ ਕਾਂਗਰਸ ਦੀ ਕਾਰਜਕਾਰਨੀ ਭੰਗ ਹੈ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ਨੂੰ ਲਿਸਟ ਭੇਜੀ, ਪਰ ਉਸ ਨੂੰ ਮਨਜੂਰੀ ਨਹੀਂ ਮਿਲੀ। ਇਸ ਤੋਂ ਬਾਅਦ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਹਰ ਜ਼ਿਲ੍ਹੇ ਵਿਚ ਇਕ ਪ੍ਰਧਾਨ ਅਤੇ ਦੋ ਵਰਕਿੰਗ ਪ੍ਰਧਾਨਾਂ ਦੀ ਲਿਸਟ ਭੇਜੀ ਸੀ। ਇਸ ਲਿਸਟ ਨੂੰ ਵੀ ਹਾਈਕਮਾਨ ਨੇ ਰੋਕ ਲਿਆ ਸੀ।
ਕੁੱਲ ਹਿੰਦ ਕਾਂਗਰਸ ਕਮੇਟੀ ਨੇ ਆਪਸੀ ਤਾਲਮੇਲ ਲਈ 22 ਜ਼ਿਲ੍ਹਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ। ਸੂਚੀ ਅਨੁਸਾਰ ਸ਼ੀਸ਼ਪਾਲ ਕੇਹਰਵਾਲਾ ਨੂੰ ਬਠਿੰਡਾ ਤੇ ਮਾਨਸਾ ਅਤੇ ਵਿਜੈ ਚੌਹਾਨ ਨੂੰ ਮੋਗਾ ਦਾ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰਤਿਭਾ ਨੂੰ ਮੁਹਾਲੀ, ਨਰੇਸ਼ ਕੁਮਾਰ ਨੂੰ ਕਪੂਰਥਲਾ, ਅਮਿਤ ਯਾਦਵ ਨੂੰ ਮੁਕਤਸਰ ਸਾਹਿਬ, ਸੁਸ਼ੀਲ ਪਾਰਿਖ ਨੂੰ ਫਾਜ਼ਿਲਕਾ, ਸੰਜੈ ਠਾਕੁਰ ਨੂੰ ਪਟਿਆਲਾ ਸ਼ਹਿਰੀ, ਅਨਿਲ ਸ਼ਰਮਾ ਨੂੰ ਰੋਪੜ, ਸੁਧੀਰ ਸੁਮਨ ਨੂੰ ਫ਼ਤਹਿਗੜ੍ਹ ਸਾਹਿਬ, ਸੀਤਾ ਰਾਮ ਲਾਂਬਾ ਨੂੰ ਬਰਨਾਲਾ, ਇੰਤਜ਼ਾਰ ਅਲੀ ਨੂੰ ਮਾਲੇਰਕੋਟਲਾ, ਰਾਜਿੰਦਰ ਨੂੰ ਸੰਗਰੂਰ ਅਤੇ ਅਸ਼ੋਕ ਕੁਲਾਰੀਆ ਨੂੰ ਫਰੀਦੋਕਟ ਦਾ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਮਨੋਜ ਪਠਾਨੀਆਂ ਨੂੰ ਪਠਾਨਕੋਟ, ਵਿਜੈ ਇੰਦਰ ਨੂੰ ਗੁਰਦਾਸਪੁਰ, ਸ਼ਾਂਤਨੂ ਚੌਹਾਨ ਨੂੰ ਅੰਮ੍ਰਿਤਸਰ, ਸੁਮੀਤ ਸ਼ਰਮਾ ਨੂੰ ਹੁਸ਼ਿਆਰਪੁਰ, ਗੋਵਿੰਦ ਸ਼ਰਮਾ ਨੂੰ ਜਲੰਧਰ ਸ਼ਹਿਰੀ, ਮਨੀਸ਼ ਠਾਕੁਰ ਨੂੰ ਜਲੰਧਰ ਦਿਹਾਤੀ ਤੇ ਲਛਮਣ ਗੋਦਾਰਾ ਨੂੰ ਲੁਧਿਆਣਾ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।

 

 

Check Also

ਅੰਮਿ੍ਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਸੇਫ਼ ਹਾਊਸ ’ਚ ਅੰਮਿ੍ਰਤਪਾਲ ਸਿੰਘ ਨੇ ਆਪਣੇ ਪਿਤਾ ਅਤੇ ਚਾਚੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ …