ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਦਾ ਉਦਘਾਟਨ; ਜੰਗੀ ਨਾਇਕਾਂ ਦੀ ਸ਼ਲਾਘਾ
ਅੰਮ੍ਰਿਤਸਰ/ਬਿਊਰੋ ਨਿਊਜ਼
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਐਤਵਾਰ ਨੂੰ ਇਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਫੌਜੀਆਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਜਲਦੀ ਹੀ ਹੈਲਪਲਾਈਨ ਸ਼ੁਰੂ ਕਰੇਗੀ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਹਰੇਕ ਫੌਜੀ ਅਤੇ ਸਾਬਕਾ ਫੌਜੀ ਨੂੰ ਢੁਕਵਾਂ ਸਨਮਾਨ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਸਲੂਟ ਮਾਰਿਆ ਜਾਵੇ। ਉਹ ਇਥੇ 130 ਕਰੋੜ ਰੁਪਏ ਨਾਲ ਬਣਾਈ ਗਈ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਦਾ ਉਦਘਾਟਨ ਕਰਨ ਲਈ ਆਏ ਸਨ।
ਲੋਕਾਂ ਦੇ ਇਕੱਠ ਵਿੱਚ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੇ ਸ਼ੁਰੂ ਤੋਂ ਧਾੜਵੀਆਂ ਨੂੰ ਰੋਕਿਆ ਹੈ। ਉਨ੍ਹਾਂ ਇਸ ਮੌਕੇ ਬਹਾਦਰ ਫੌਜੀ ਅਧਿਕਾਰੀਆਂ ਨਾਇਕ ਕਰਮ ਸਿੰਘ, ਮੇਜਰ ਸੋਮਨਾਥ ਸ਼ਰਮਾ, ਏਅਰ ਕਮਾਂਡਰ ਬਾਬਾ ਮੇਹਰ ਸਿੰਘ, ਜਨਰਲ ਹਰਬਖਸ਼ ਸਿੰਘ, ਏਅਰ ਚੀਫ ਮਾਰਸ਼ਲ ਅਰਜਨ ਸਿੰਘ ਤੇ ਕੈਪਟਨ ਬਾਨਾ ਸਿੰਘ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਆਖਿਆ ਕਿ ਕਰਤਾਰਪੁਰ ਨੇੜੇ ਜੰਗ-ਏ-ਆਜ਼ਾਦੀ ਯਾਦਗਾਰ ਬਣਾਈ ਗਈ ਹੈ, ਜੋ 6 ਨਵੰਬਰ ਨੂੰ ਕੌਮ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਕੁੱਝ ਸਮੇਂ ਤੋਂ ਪੰਜਾਬੀਆਂ ਦੀ ਫੌਜ ਤੇ ਨੀਮ ਫੌਜੀ ਬਲਾਂ ਵਿੱਚ ਭਰਤੀ ਵਿੱਚ ਕਮੀ ਆਈ ਹੈ, ਜਿਸ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਕੈਡਮੀਆਂ ਸਥਾਪਤ ਕੀਤੀਆਂ ਗਈਆਂ ਹਨ।ਉਨ੍ਹਾਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਰਾਜ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬੀ ਨੌਜਵਾਨਾਂ ਨੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਕੁੱਝ ਪੰਜਾਬ ਵਿਰੋਧੀ ਤਾਕਤਾਂ ਇਨ੍ਹਾਂ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰ ਰਹੀਆਂ ਹਨ। ਸਮਾਗਮ ਨੂੰ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਨੇ 15 ਸਖਸ਼ੀਅਤਾਂ, ਜਿਨ੍ਹਾਂ ਵਿੱਚ ਜਨਰਲ ਜੇਜੇ ਸਿੰਘ, ਏਅਰ ਚੀਫ ਮਾਰਸ਼ਲ ਐਸਕੇ ਸਰੀਨ, ਜਨਰਲ ਦੀਪਕ ਕਪੂਰ, ਆਨਰੇਰੀ ਕੈਪਟਨ ਬਾਨਾ ਸਿੰਘ, ਦੂਜੇ ਵਿਸ਼ਵ ਯੁੱਧ ਦੇ ਮੇਜਰ ਥਾਮਸ ਕਾਨਵੇ, ਸਿੱਖ ਲਾਈਟ ਇਨਫੈਂਟਰੀ ਐਸੋਸੀਏਸ਼ਨ ਯੂਕੇ ਦੇ ਤਾਲਮੇਲ ਅਫਸਰ ਹੱਗ ਮੈਕੇ, ਰਿਚਰਡ ਹਿੱਲ, ਦਵਿੰਦਰ ਸਿੰਘ ਢਿੱਲੋਂ, ਬ੍ਰਿਗੇਡੀਅਰ ਕੇਐਸ ਚਾਂਦਪੁਰੀ ਤੋਂ ਇਲਾਵਾ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ, ਕੈਪਟਨ ਕਰਮ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਕੈਪਟਨ ਵਿਕਰਮ ਬੱਤਰਾ, ਲਾਂਸ ਨਾਇਕ ਸ਼ਿੰਗਾਰਾ ਸਿੰਘ ਅਤੇ ਸੂਬੇਦਾਰ ਮਲਕੀਤ ਸਿੰਘ ਦੇ ਪਰਿਵਾਰਾਂ ਨੂੰ ਲੋਈ ਤੇ ਤਲਵਾਰ ਨਾਲ ਸਨਮਾਨਤ ਕੀਤਾ। ਉਪ ਮੁੱਖ ਮੰਤਰੀ ਨੇ ਸਮਾਗਮ ਵਿਚ ਆਈਆਂ ਫੌਜੀ ਵਿਧਵਾਵਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਤਿੰਨ ਪੰਡਾਲ ਬਣਾਏ ਗਏ ਸਨ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …