56 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਤਸਕਰਾਂ ਨੂੰ ਕੀਤਾ ਕਾਬੂ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਅਤੇ ਲੁਧਿਆਣਾ ਜਿਲ੍ਹੇ ’ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਗਿ੍ਰਫ਼ਤਾਰ ਕੀਤੇ ਗਏ ਤਸਕਰਾਂ ਕੋਲੋਂ ਅੱਠ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ’ਚ ਅਨਮੋਲ ਸਿੰਘ ਅਤੇ ਹੀਰਾ ਸਿੰਘ ਉਰਫ਼ ਰਾਜਵੀਰ ਸ਼ਾਮਿਲ ਹਨ। ਇਹ ਦੋਵੇਂ ਅੰਮਿ੍ਰਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਇਨ੍ਹਾਂ ਕਥਿਤ ਦੋਸ਼ੀਆਂ ਨੇ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਵੇਂ ਆਰੋਪੀ ਪੁਲਿਸ ਤੋਂ ਭੱਜਦੇ ਹੋਏ ਚੋਗਾਵਾਂ ਰੋਡ ’ਤੇ ਪਿੰਡ ਰਣੀਕੇ ਦੇ ਕੋਲ ਭੈਰੋਵਾਲ ਤੱਕ ਪਹੁੰਚ ਗਏ ਸਨ। ਪੁਲਿਸ ਨੇ ਦੋਵਾਂ ਨੂੰ ਘੇਰ ਲਿਆ ਅਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 8 ਕਿਲੋ ਹੈਰੋਇਨ ਬਰਾਮਦ ਹੋਈ। ਉਧਰ ਅੰਮਿ੍ਰਤਸਰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਗੈਂਗਸਟਰਾਂ ਵੱਲੋਂ ਅੰਮਿ੍ਰਤਸਰ ਦੇ ਇਕ ਵਪਾਰੀ ਨੂੰ ਲਗਾਤਾਰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਆਰੋਪੀਆਂ ਨੇ 20 ਦਸੰਬਰ ਨੂੰ ਵਪਾਰੀ ਦੇ ਘਰ ਬਾਹਰ ਫਾਈਰਿੰਗ ਵੀ ਕੀਤੀ ਸੀ, ਜਿਸ ਰਿਕਾਰਡਿੰਗ ਇਕ ਸੀਸੀਟੀਵੀ ਕੈਮਰੇ ਤੋਂ ਪ੍ਰਾਪਤ ਹੋਈ ਹੈ।