ਹਾਏ ਰੱਬਾ ਨਾ ਬਚਪਨ ਕਿਸੇ ਦਾ ਰੁਲ਼ ਜਾਵੇ।
ਹਰ ਬੱਚਾ ਜਾਏ ਸਕੂਲੇ ਖੁਸ਼ੀਆਂ ਵਿੱਚ ਗਾਵੇ।
ਬਾਲ ਮਜ਼ਦੂਰੀ ਕਰਨੀ ਨਾ ਪਏ ਬੱਚਿਆਂ ਨੂੰ,
ਹਿਰਦੇ ਕੋਮਲ ਹੁੰਦੇ ਭੁੱਖ ਕਿਉਂ ਸਤਾਵੇ।
ਕਿਉਂ ਖੋਹਵੇ ਕੋਈ ਪਿਆਰ ਇਨ੍ਹਾਂ ਦੇ ਹਿੱਸੇ ਦਾ,
ਇਹ ਵੀ ਮਾਨਣ ਲੋਰੀਆਂ ਤੇ ਲਾਡ ਲਡਾਵੇ।
ਰੱਖਿਆ ਪਿਆਰਾ ਨਾਂ ਵੀ ਹੁੰਦਾ ਮਾਪਿਆਂ ਨੇ,
ਕਹਿ ਕੇ ਕਿਉਂ ਹਰ ਕੋਈ ਮੁੰਡੂ ਹੀ ਬੁਲਾਵੇ।
ਨੇੜੇ ਕਦੇ ਨਾ ਆਵੇ ਦੁੱਖ, ਸੁੱਖ ਦੀ ਚਿੰਤਾ,
ਨਾ ਕੋਈ ਫ਼ਿਕਰ ਮਨਾਂ ‘ਚ ਖੇਡੇ ਤੇ ਗਾਵੇ।
ਨੰਨੇ ਮੁੰਨੇ ਦਿਲਾਂ ਤੋਂ ਪਾਕ ਪਵਿੱਤਰ ਨੇ,
ਪਿਆਰ ਦੇ ਭੁੱਖੇ ਚਾਹੁੰਦੇ ਕੋਈ ਗਲੇ ਲਾਵੇ।
ਕਿਉਂ ਰਹੇ ਕੋਈ ਵਾਂਝਾ ਮੁੱਢਲੇ ਹੱਕਾਂ ਤੋਂ,
ਕੱਟੇ ਕੇਕ ਤੇ ਉਹ ਵੀ ਜਨਮ ਦਿਨ ਮਨਾਵੇ।
ਕਾਲ਼ੀਆਂ ਇੱਟਾਂ ਕਾਲ਼ੇ ਰੋੜ ਗਾਉਣ ਕਿਵੇਂ,
ਡਰ ਸਤਾਵੇ ਮੀਂਹ ਦਾ ਕੱਚਿਆਂ ਨੂੰ ਢਾਹਵੇ।
ਅੰਮੀਏਂ ਲੈ ਚਲ ਛਾਵੇਂ ਝੋਲੀ ਵਿੱਚ ਆਖੇ,
ਕਿਉਂ ਰੋਵੇ ਵਿੱਚ ਧੁੱਪਾਂ ਤੇ ਕੁਰਲਾਵੇ।
ਰੱਬਾ ਦੇਖ ਨਾ ਹੁੰਦਾ ਪਾੜਾ ਬਹੁਤ ਵੱਡਾ,
ਬਿਨਾਂ ਕਸੂਰੋਂ ਹੀ ਸਜ਼ਾਵਾਂ ਕਿਉਂ ਪਾਵੇ।
ਬੱਚੇ ਹੀ ਦੇਸ਼ ਦਾ ਕਹਿਣ ਭਵਿੱਖ ਹੁੰਦੇ,
ਕੋਈ ਤਾਂ ਹੱਕ ‘ਚ ਖੜ੍ਹ, ਅਵਾਜ਼ ਨੂੰ ਉਠਾਵੇ।
– ਸੁਲੱਖਣ ਮਹਿਮੀ
+647-786-6329