Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਕੋਈ ਨਹੀਂ ਜਾਣਦਾ ‘ਬਾਦਲ’ ਦੇ ਦਿਲ ਦੀਆਂ!
ਨਿੰਦਰ ਘੁਗਿਆਣਵੀ
ਪਿਛਲੇ ਦਿਨਾਂ ਦੀ ਹੀ ਗੱਲ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪਰਿਵਾਰ ਉਹਨਾਂ ਦੇ ਪਿੰਡ ਬਾਦਲ ਵਿੱਚ ਮਿਲਿਆ ਤੇ ਬਾਦਲ ਸਾਹਬ ਨੇ ਮਾਣਕ ਪਰਿਵਾਰ ਦਾ ਖੂਬ ਮਾਣ-ਸਤਿਕਾਰ ਕੀਤਾ ਹੈ। ਮੀਡੀਆ ਵਿੱਚ ਇਹ ਖਬਰ ਨਸ਼ਰ ਹੋਈ ਤਾਂ ਮਾਣਕ-ਪ੍ਰੇਮੀਆਂ ਵਿੱਚ ਬਾਦਲ ਸਾਹਬ ਪ੍ਰਤੀ ਸਤਿਕਾਰ ਵਧਣਾ ਕੁਦਰਤੀ ਸੀ। ਇਸ ਤੋਂ ਪਹਿਲਾਂ ਕਿ ਗੱਲ ਨੂੰ ਅੱਗੇ ਤੋਰਾਂ, ਇਹ ਤਾਂ ਸਭ ਜਾਣਦੇ ਹੀ ਨੇ ਕਿ ਸ੍ਰ ਬਾਦਲ ਆਪਣੇ ਦਿਲ ਦਾ ‘ਗੁੱਝਾ ਭੇਤ’ ਕਿਸੇ ਨੂੰ ਵੀ ਨਹੀਂ ਦਿੰਦੇ, ਚਾਹੇ ਕੋਈ ਉਹਨਾਂ ਦਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ! ਉਹ ਐਨ ਮੌਕੇ ਉਤੇ ਹੀ ਸਿਆਸੀ ਪੱਤੇ ਖੋਲ੍ਹਣ ਵਿੱਚ ਪੂਰੇ-ਪੂਰੇ ਮਾਹਰ ਮੰਨੇ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਸਿਆਸੀ ਵਿਰੋਧੀ ਨੂੰ ਅਜਿਹੀ ‘ਪਟਕਣੀ’ ਮਾਰਦੇ ਹਨ ਕਿ ਉਹਨਾਂ ਦੇ ਜੜੋਂ ਪੱਟੇ ਹੋਏ ਵੱਡੇ-ਵੱਡੇ ‘ਸਿਆਸੀ ਰੁੱਖ’ ਅਜੇ ਤੀਕ ਹਰੇ ਨਹੀਂ ਹੋਏ ਤੇ ਸਮੇਂ ਦੀ ਧੂੜ ਵਿੱਚ ਰੁਲ-ਖੁਲ ਗਏ ਹਨ। ਜੇ ਜਥੇਦਾਰ ਟੌਹੜਾ, ਭੂੰਦੜ, ਢੀਂਡਸਾ, ਕਾਹਲੋਂ, ਬ੍ਰਹਮਪੁਰਾ ਤੇ ਹੋਰ ਬਥੇਰੇ ਉਹਨਾਂ ਦੀ ‘ਹਾਂ’ ਵਿੱਚ ‘ਹਾਂ’ ਨਾ ਮਿਲਾਉਂਦੇ ਹੁੰਦੇ ਤਾਂ ਉਹਨਾਂ ਦਾ ਹੁਣ ਨੂੰ ਕੀ ਬਣਦਾ? ਇਹ ਪਾਠਕ ਆਪ ਹੀ ਸੋਚਣ, ਮੈਨੂੰ ਨਾ ਪੁੱਛਣ। ਅੰਗਰੇਜ਼ੀ ਦੇ ਇੱਕ ਕਾਲਮ-ਨਵੀਸ ਨੇ ਕਦੀ ਇਹ ਵੀ ਲਿਖਿਆ ਸੀ ਕਿ ਬਾਦਲ ਸਾਹਬ ਜਦ ਆਪਣੇ ਵਿਰੋਧੀ ‘ਸਿਆਸੀ ਮੁਰਗੇ’ ਦੀ ਧੌਣ ਮਰੋੜਦੇ ਨੇ ਤਾਂ ਲਹੂ ਦਾ ਇੱਕ ਤੁਪਕਾ ਵੀ ਹੇਠਾਂ ਨਹੀਂ ਡਿੱਗਣ ਦਿੰਦੇ। ਖੈਰ, ਇਹ ਤਾਂ ਹਨ ਉਹਨਾਂ ਦੀਆਂ ਅਸਲੋਂ ਅਵੱਲੀਆਂ ਖੂਬੀਆਂ। ਇਹ ਖੂਬੀਆਂ ‘ਰੱਬੀ ਦਾਤ’ ਨਹੀਂ ਤਾਂ ਹੋਰ ਕੀ ਹੁੰਦੀਆਂ ਨੇ? ਕਹਿੰਦੇ-ਕੁਹਾਉਂਦੇ ਪੱਤਰਕਾਰਾਂ ਵੱਲੋਂ ਭਖਦੇ ਤੇ ਅਹਿਮ ਮੁੱਦੇ ਉਤੇ ਕੀਤੇ ਸਵਾਲ ਨੂੰ ਕਿਵੇਂ ਟਾਲਣਾ ਹੈ, ਕੱਟਣਾ ਹੈ ਜਾਂ ਹਾਸੇ-ਹਾਸੇ ਵਿੱਚ ਕਿਵੇਂ ਰੋਲਣਾ ਹੈ, ਇਹ ਸਿਰਫ਼ ਉਹੀ ਜਾਣਦੇ ਨੇ, ਜਿਵੇਂ ”ਇਸ ਬਾਰੇ ਕਾਕਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ।”  ”ਤੁਸੀਂ ਮੀਡੀਏ ਵਾਲੇ ਐਵੈਂ ਬਾਤ ਦਾ ਬਤੰਗੜ ਨਾ ਬਣਾਇਆ ਕਰੋ।” ”ਸੱਚੀ ਦੱਸਾਂ, ਮੈਨੂੰ ਕੋਈ ਪਤਾ ਨੀ ਜੀ, ਮੈਂ ਤਾਂ ਅੱਜ ਅਖਬਾਰਾਂ ‘ਚ ਪੜ੍ਹਿਆ ਐ।” ਇਹ ਦੋ-ਤਿੰਨ ਫਿਕਰੇ ਉਹਨਾਂ ਦੇ ਪੱਕੇ-ਪਕਾਏ ਹੀ ਹਨ। ਗੱਲ ਦੇਰ ਦੀ ਨਹੀਂ, ਹੁਣੇ ਦੀ ਹੈ। ਇੱਕ ਪੱਤਰਕਾਰ ਪੁਛਦਾ ਹੈ, ”ਬਾਦਲ ਸਾਹਬ, ਪੰਜਾਬ ‘ਚ ਏਨੀਆਂ ਘਟਨਾਵਾਂ ਕਿਉਂ ਵਧ ਗਈਆਂ ਨੇ?” ਬਾਦਲ ਸਾਹਬ ਬੋਲੇ, ”ਕੌਣ ਕਹਿੰਦਾ ਐ, ਤੁਸੀਂ ਹੀ ਕਹੀਂ ਜਾਨੇ ਓ, ਪੰਜਾਬ ਵਰਗਾ ਸੁਖੀ ਤੇ ਸ਼ਾਂਤ ਸੂਬਾ ਹੀ ਕੋਈ ਨਹੀਂ, ਭਾਰਤ ਦੇ ਬਾਕੀ ਸੂਬਿਆਂ ਵੱਲ ਦੇਖੋ ਕਿ ਕਿੰਨਾ ਕ੍ਰਾਈਮ ਐਂ ਓਥੇ।” ਪੱਤਰਕਾਰ ਅੱਗੇ ਨਹੀਂ ਬੋਲਿਆ ਤੇ ਕੈਮਰਾ ਸੇਧਕੇ ਬਾਦਲ ਸਾਹਬ ਦੀ ਫੋਟੋ ਖਿੱਚ੍ਹਣ ਲੱਗਿਆ।
ਇਸੇ ਮਹੀਨੇ ਦੀ ਗੱਲ: ਸੰਗਤ ਦਰਸ਼ਨ ਉਹ ਆਪਣੇ ਇਲਾਕੇ ਵਿੱਚ ਕਰ ਰਹੇ ਸਨ। ਅਕਾਲੀ ਕੁਰਸੀ ‘ਤੇ ਬੈਠਣ ਪਿੱਛੇ ਖਹਿਬੜ ਪਏ। ਉਹਨਾਂ ਕੋਲ ਖਲੋਤੇ ਡਿਪਟੀ ਕਮਿਸ਼ਨਰ ਨੂੰ ਪੁੱਛਿਆ, ”ਡੀ.ਸੀ ਸਾਹਬ, ਕੀ ਗੱਲ ਐ?” ਡੀਸੀ ਨੇ ਦੱਸਿਆ, ”ਸਰ, ਜਥੇਦਾਰ ਕੁਰਸੀ ਪਿੱਛੇ ਬਹਿਸ ਰਹੇ ਨੇ।” ਇਹ ਸੁਣ ਉਹ ਸਾਹਮਣੇ ਪਏ ਮਾਇਕ ਵਿਚੋਂ ਦੀ ਬੋਲੇ, ”ਓ ਭਾਈ…ਲੜੋ ਨਾ ਤੁਸੀਂ ਕੁਰਸੀ ਮੇਰੇ ਵਾਲੀ ਲੈ ਲਓ, ਆਜੋ ਬਹਿਜੋ…।” ਇਹ ਸੁਣ ਸਾਰੇ ਅਕਾਲੀ ਹੱਸ ਪਏ ਤੇ ਟਿਕਾਓ ਨਾਲ ਬਹਿ ਗਏ। ਅਜਿਹੀਆਂ ਸ਼ਬਦੀ ‘ਜਾਦੂ ਦੀਆਂ ਛੜੀਆਂ’ ਦੀ ਬਾਦਲ ਸਾਹਬ ਕੋਲ ਕੋਈ ਤੋਟ ਨਹੀਂ ਹੈ।
ਦੱਸਣ ਵਾਲੇ ਦਸਦੇ ਨੇ ਕਿ ਬਾਦਲ ਸਾਹਬ ਤੇ ਗਾਇਕ ਕੁਲਦੀਪ ਮਾਣਕ ਅਕਸਰ ਹੀ ਕਈ ਪ੍ਰੋਗਰਾਮਾਂ ‘ਤੇ ਇਕੱਠੇ ਹੋ ਜਾਂਦੇ ਸਨ। ਮਾਣਕ ਨੇ ਗਾਉਂਦੇ ਹੋਣਾ, ਤੇ ਬਾਦਲ ਸਾਹਬ ਨੇ ਉਸਦਾ ਗਾਣਾ ਅਧ-ਵਿਚਕਾਰੋਂ ਛੱਡ ਕੇ ਤੁਰ ਪੈਣਾ, ਇਸ ਤੋਂ ਮਾਣਕ ਬੜਾ ਖਫ਼ਾ ਹੋਇਆ ਕਰਦਾ ਸੀ। ਕਿਸੇ ਹੋਰ ਬੰਦੇ ਤੋਂ ਤਾਂ ਤਦ ਹੀ ਪੁੱਛੀਏ ਕਿ ਜੇਕਰ ਮੈਂ ਇਸ ਗੱਲ ਦਾ ਖੁਦ ਗਵਾਹ ਨਾ ਹੋਵਾਂ! ਇਹ ਉਦੋਂ ਦੀ ਗੱਲ ਹੈ, ਜਦ ਮਾਣਕ ਨੇ ਸਾਬਕਾ ਮੈਂਬਰ-ਪਾਰਲੀਮੈਂਟ ਜਗਮੀਤ ਸਿੰਘ ਬਰਾੜ ਦੇ ਜ਼ੋਰ ਪਾਉਣ ‘ਤੇ ਕਾਂਗਰਸ (ਐਨ.ਡੀ.ਤਿਵਾੜੀ) ਵੱਲੋਂ ਲੋਕ ਸਭਾਂ ਚੋਣ ਲੜੀ ਤੇ ਹਾਰ ਗਿਆ। ਫਿਰ ਚੋਣਾਂ ਆਈਆਂ, ਸੁਖਬੀਰ ਬਾਦਲ ਤੇ ਜਗਮੀਤ ਬਰਾੜ ਵਿਚਾਲੇ ਟੱਕਰ ਸੀ। ਬਾਦਲ ਸਾਹਬ ਮੰਚਾਂ ਉਤੇ ਆਪਣੇ ਭਾਸ਼ਣਾਂ ਰਾਹੀਂ ਬਰਾੜ ਵੱਲੋਂ ਖੜੇ ਕੀਤੇ ਮਾਣਕ ‘ਤੇ ਖੂਬ ਜੁਮਲੇ ਕਸਦੇ ਸੁਣੀਂਦੇ। ਉਹ ਕਹਿੰਦੇ ਕਿ ਆਹ ਜੇ ਹੁਣ ਭਰਾਓ, ਢੋਲਕੀਆਂ-ਛੈਣੇ ਵਜਾਉਣ ਵਾਲੇ ਵੀ ਚੋਣਾ ਲੜਨ ਲੱਗਪੇ ਤਾਂ ਮੁਲਕ ਦਾ ਭੱਠਾ ਬਹਿਜੂ। ਇਕ ਮੰਚ ਉਤੇ ਉਹ ਆਖ ਰਹੇ ਸਨ ਕਿ ਭਰਾਵੋ, ਮੈਂ ਆਹ ਫਲਾਣੇ ਪਿੰਡ ਗਿਆ, ਸਟੇਜ ਉਤੇ ਬੈਠਾ ਸਾਂ ਕਿ ਮੇਰੇ ਕੋਲ ਆਣ ਕੇ ਇੱਕ ਮਾੜਚੂ ਜਿਹਾ ਬੰਦਾ ਬੋਲਿਆ ਕਿ ਬਾਦਲ ਸਾਹਬ ਸਾਸਰੀ ਅਕਾਲ, ਮੈਂ ਆਖਿਆ ਕਾਕਾ ਜੀ, ਮੈਂ ਤੈਨੂੰ ਪਛਾਣਿਆ ਨੀ। ਆਖਣ ਲੱਗਾ ਜੀ…ਬਾਦਲ ਸਾਹਬ ਮੈਂ ਮਾਣਕ ਆਂ ਕੁਲਦੀਪ ਮਾਣਕ, ਮੈਂ ਪੁੱਛਿਆ ਕਿ ਮਾਣਕਾ ਤੈਨੂੰ ਆਹ ਕੀ ਹੋ ਗਿਆ, ਰੰਗ ਤੇਰਾ ਕਾਲਾ ਪੈ ਗਿਆ, ਅੱਖਾਂ ਅੰਦਰ ਨੂੰ ਧਸ ਗਈਆਂ ਤੇ ਹੱਥ ਤੇਰੇ ਕੰਬੀ ਜਾਂਦੇ ਐ, ਕੀ ਗੱਲ ਹੋਈ ਐ? ਮਾਣਕ ਕਹਿੰਦਾ ਕਿ ਬਾਦਲ ਸਾਹਬ, ਕੁਛ ਨਾ ਪੁੱਛੋ, ਮੈਂ ਸਾਰੀ ਉਮਰ ਗਾ-ਗਾ ਕੇ ਜੱਟਾਂ ਨੂੰ ਲੁੱਟਦਾ ਰਿਹਾ ਤੇ ਆਹ ਥੋਡਾ ਜੱਟ ਇੱਕ ਮੈਨੂੰ ਲੁੱਟ ਗਿਆ, ਭਰਾਓ ਥੁਆਨੂੰ ਪਤਾ ਈ ਐ ਕਿਹੜਾ ਜੱਟ ਮਾਣਕ ਨੂੰ ਲੁੱਟ ਗਿਆ, ਮੈਂ ਕੀ ਦੱਸਾਂ?” ਏਨੀ ਸੁਣਦਿਆਂ ਪੰਡਾਲ ਵਿੱਚ ‘ਬੋਲੋ ਸੋ ਨਿਹਾਲ’ ਦੇ ਜੈਕਾਰੇ ਗੂੰਜਣ ਲਗਦੇ।
ੲੲੲ   ੲੲੲ  ੲੲੲ
ਸਮੇਂ ਬੜੀ ਤੇਜ਼ੀ ਨਾਲ ਗੁਜਰੇ ਹਨ। ਮਾਣਕ ਵੀ ਨਹੀਂ ਰਿਹਾ। ਉਸਦੇ ਪਰਿਵਾਰ ‘ਤੇ ਮਾੜੇ ਦਿਨ ਆਏ ਹਨ ਤੇ ਕਿਸੇ ਮਿਹਰਬਾਨ ਸੱਜਣ ਦੇ ਸਹਿਯੋਗ ਨਾਲ ਮਾਣਕ ਪਰਿਵਾਰ ਨੇ ਪਿੰਡ ਬਾਦਲ ਦੀ ਫੇਰੀ ਪਾਈ ਹੈ। ਬਾਦਲ ਸਾਹਬ ਨੇ ਮਾਣਕ ਦੇ ਬੀਮਾਰ ਬੇਟੇ ਯੁੱਧਵੀਰ, ਪਤਨੀ ਸਰਬਜੀਤ ਕੌਰ ਤੇ ਭਾਣਜੀ ਨਾਲ ਮੁਲਕਾਤ ਕੀਤੀ ਹੈ। ਚਾਹ-ਪਾਣੀ ਵੀ ਕੋਲ ਬਿਠਾ ਕੇ ਪਿਲਾਇਆ ਹੈ।  ਉਸੇ ਵੇਲੇ ਹੀ ਉੱਚ ਅਧਿਕਾਰੀਆਂ ਨੂੰ ਫੋਨ ਕਰ ਕੇ ਹਿਦਾਇਤਾਂ ਦਿੱਤੀਆਂ ਹਨ ਕਿ ਮਾਣਕ ਦੇ ਬੇਟੇ ਦੇ ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ ਤੇ ਲੁਧਿਆਣੇ ਮਾਣਕ ਦਾ ਬੁੱਤ ਲਾਉਣ ਦਾ ਪ੍ਰਬੰਧ ਵੀ ਕੀਤਾ ਜਾਵੇ। ਬਾਦਲ ਨੇ ਇਹ ਵੀ ਕਿਹਾ ਕਿ ਮਾਣਕ ਸਾਡੇ ਸਭਿਆਚਾਰ ਦਾ ਸ਼ਿੰਗਾਰ ਸੀ, ਉਸਦਾ ਮਾਣ ਕਰਨਾ ਸਰਕਾਰ ਦਾ ਫਰਜ਼ ਹੈ। ਜੋ ਵੀ ਹੋਇਆ, ਸੰਗੀਤ ਜਗਤ ਲਈ ਇਹ ਖਬਰ ਤਾਂ ਚੰਗੀ ਹੈ, ਇਸ ਐਲਾਨ ‘ਤੇ ਅਮਲ ਕਦ ਹੋਣਾ ਹੈ, ਇਹ ਬਾਦਲ ਸਾਹਬ  ਹੀ ਜਾਣਦੇ ਹਨ।                                            94174-21700

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …