ਕਿਸ਼ਤ-1
ਆਖ਼ਰੀ ਮਿਸ਼ਨ
ਉੱਚੇ ਪਹਾੜਾਂ ਵਾਲੀ ਵਾਦੀ ਦੀ ਡੂੰਘੀ ਖੱਡ ਵਿਚ ਉਹ ਫ਼ੌਜੀ ਆਖ਼ਰੀ ਦਮਾਂ ਉੱਤੇ ਸੀ। ਕਿਸੇ ਲਈ ਵੀ ਉਸ ਨੂੰ ਲੱਭ ਸਕਣਾ ਸੰਭਵ ਹੀ ਨਹੀਂ ਸੀ।
***
ਯੂਕਰੇਨ ਵੱਲ ਆਪਣੀ ਯਾਤਰਾ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕਰਦਿਆਂ ਮੈਂ ਖੁਸ਼ ਸਾਂ ਕਿ ਆਪਣੇ ਰਾਕਟ ਦੇ ਸਥਾਨ ਤੇ ਸਮਾਂ ਕੰਟਰੋਲ ਯੰਤਰਾਂ ਨੂੰ ਥੋੜ੍ਹਾ ਲਾਪਰਵਾਹੀ ਨਾਲ ਸੈੱਟ ਕੀਤਾ ਸੀ। ਆਪਣੇ ਦੇਸ਼ ਤੋਂ ਸੈਂਕੜੇ ਮੀਲ ਦੂਰ ਮੈਂ ਇਸ ਅਜੀਬੋ ਗਰੀਬ ਧਰਤੀ ਦੇ ਅਣਜਾਣ ਲੋਕਾਂ ਵਿਚ ਆ ਪੁੱਜਾ ਸਾਂ। ਬਹੁਤ ਮੁਸ਼ਕਲ ਨਾਲ ਜੰਗੀ ਖੇਤਰ ਦੇ ਇਸ ਨੁੱਕਰੇ ਇਹ ਥਾਂ ਲੱਭੀ ਸੀ ਤੇ ਮੈਂ ਆਪਣੇ ਫੌਜੀ ਸਾਜ਼ੋ-ਸਾਮਾਨ ਸਮੇਤ, ਚਾਰੋ ਪਾਸੇ ਫੈਲੇ ਵਿਸ਼ਾਲ ਸਮੁੰਦਰ ਵਿਚ ਮੌਜੂਦ ਇਕ ਉੱਜੜੇ ਜਿਹੇ ਛੋਟੇ ਟਾਪੂ ਉੱਤੇ ਆ ਉੱਤਰਿਆ ਸਾਂ। ਸੁਭਾਗ ਹੀ ਸੀ ਕਿ ਮੈਨੂੰ ਉਹ ਵਿਅਕਤੀ ਮਿਲ ਗਿਆ ਜੋ ਮੈਨੂੰ ਇਥੋਂ ਬਾਰੇ ਲੋੜੀਂਦੀ ਜਾਣਕਾਰੀ, ਸ਼ਨਾਖ਼ਤ ਤੇ ਵਰਦੀ ਦੇ ਕੇ ਮਰ ਜਾਵੇਗਾ ਤੇ ਇਸ ਦੇਸ਼ ਦੇ ਹਾਲਾਤ ਵਿਚ ਗੜਬੜੀ ਦਾ ਮੇਰਾ ਰਿਕਾਰਡ ਵੀ ਨਹੀਂ ਰਹੇਗਾ।
ਮੈਂ ਜਿਵੇਂ ਹੀ ਉਸ ਵੱਲ ਵਧਿਆ, ਉਹ ਬਹੁਤ ਕਮਜ਼ੋਰ ਨਜ਼ਰ ਆ ਰਿਹਾ ਸੀ। ਬੰਦ ਅੱਖਾਂ ਨੂੰ ਹੌਲੇ ਹੌਲੇ ਖੋਲ੍ਹ ਉਸ ਨੇ ਮੇਰੇ ਵੱਲ ਝਾਕਿਆ। ‘ਸ਼ੁਕਰ ਹੈ।’ ਉਹ ਭਾਰੀ ਭਰਕਮ ਤੇ ਭੱਦੀ ਜਿਹੀ ਭਾਸ਼ਾ ਵਿਚ ਫੁਸਫੁਸਾਇਆ। ‘ਜੇ ਤੂੰ ਨਾ ਆਉਂਦਾ ਤਾਂ ਮੈਂ ਬੱਚ ਨਹੀਂ ਸਾਂ ਸਕਦਾ।’ ਮੁਸਕਰਾਂਦੇ ਹੋਏ ਤੇ ਸੁੱਖ ਦਾ ਸਾਹ ਲੈਂਦੇ ਉਸ ਕਿਹਾ। ਇਕ ਪਲ ਮੇਰਾ ਦਿਲ ਤਾਂ ਕੀਤਾ ਕਿ ਮੈਂ ਉਸ ਨੂੰ ਬਚਾ ਲਵਾਂ, ਪਰ ਮੈਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ। ਅਜਿਹਾ ਕਰਨ ਨਾਲ ਮੇਰਾ ਮਿਸ਼ਨ ਵਿਗੜ ਸਕਦਾ ਸੀ ਤੇ ਜਿਸ ਦਾ ਭਾਵ ਸੀ ਮੇਰੀ ਅਸਫਲਤਾ।
ਕੁਝ ਦੇਰ ਬਾਅਦ ਜਦ ਮੈਂ ਉਸ ਟਾਪੂ ਨੂੰ ਛੱਡਿਆ ਉਹ ਮਰ ਚੁੱਕਾ ਸੀ। ਮੈਂ ਉਸ ਦੀ ਵਰਦੀ ਪਹਿਨ ਉਸ ਦਾ ਸ਼ਨਾਖਤ ਧਾਰਨ ਕਰ ਚੁੱਕਾ ਸਾਂ।
***
ਉਸ ਤੋਂ ਮਿਲੀ ਜਾਣਕਾਰੀ ਨਾਲ ਉਸ ਥਾਂ ਨੂੰ ਲੱਭਣਾ ਆਸਾਨ ਹੋ ਗਿਆ ਸੀ ਜਿਥੇ ਮੈਂ ਜਾਣਾ ਚਾਹੁੰਦਾ ਸਾਂ। ਮੈਂ ਲੜਾਈ ਦੇ ਇਸ ਮੁੱਖ-ਕੇਂਦਰ ਤੋਂ ਕੁਝ ਦੂਰੀ ਉੱਤੇ ਰਾਤ ਪੈਣ ਦਾ ਇੰਤਜ਼ਾਰ ਕੀਤਾ। ਆਪਣੀ ਫੌਜੀ ਵਰਦੀ ਨੂੰ ਮੈਂ ਪੁਰਾਣੇ ਰੁੱਖਾਂ ਦੇ ਝੁਰਮਟ ਵਿਚ ਛੁਪਾ ਦਿੱਤਾ। ਹਨੇਰਾ ਹੁੰਦਿਆਂ ਹੀ ਮੈਂ ਮਾਨਵਤਾ ਲਈ ਸੱਭ ਤੋਂ ਘਾਤਕ ਹਥਿਆਰ ਛੁਪਾਈ ਬੈਠੀ ਉਸ ਇਮਾਰਤ ਵੱਲ ਚਲ ਪਿਆ। ਮੇਰੇ ਕਦਮਾਂ ਦੀ ਆਹਟ ਸੁਣ, ਪਹਿਰੇਦਾਰ ਚੁਕੰਨਾ ਹੋ ਗਿਆ ਸੀ।
‘ਕੌਣ ਹੈ ਤੂੰ?’ ਉਸ ਪੁੱਛਿਆ।
‘ਕੈਪਟਨ ਇਵਾਨ ਕੋਵਲ, ਗੁਪਤਚਰ ਵਿਭਾਗ।’ ਕਹਿੰਦਿਆਂ ਮੈਂ ਆਪਣਾ ਨਵਾਂ ਸ਼ਨਾਖਤੀ ਕਾਰਡ ਅੱਗੇ ਕਰ ਦਿੱਤਾ।
ਸ਼ਨਾਖਤੀ ਕਾਰਡ ਉੱਤੇ ਨਜ਼ਰ ਮਾਰ ਪਹਿਰੇਦਾਰ ਨੇ ਆਪਣੀ ਲੇਜ਼ਰ ਗੰਨ ਹੇਠਾਂ ਕਰ ਲਈ ਤੇ ਸਲੂਟ ਮਾਰਦਿਆਂ ਬੋਲਿਆ, ‘ਸਵਾਗਤ ਹੈ, ਸਰ!’
ਇਮਾਰਤ ਦੇ ਅੰਦਰ ਵੜ੍ਹਦਿਆਂ ਹੀ ਮੈਨੂੰ ਨਿਊਕਲੀ-ਮਿਜ਼ਾਇਲ ਨਜ਼ਰ ਆਇਆ। ਜੋ ਇਮਾਰਤ ਦੇ ਮੁੱਖ ਹਾਲ ਵਿਚ ਚੋਪਹੀਆ ਗੱਡੀ ਉੱਤੇ ਰੱਖਿਆ ਹੋਇਆ ਸੀ। ਉਹ ਇਸ ਨੂੰ ਦਾਗਣ ਵਾਲੇ ਸਥਾਨ ਉੱਤੇ ਲਿਜਾਣ ਦੀ ਤਿਆਰੀ ਵਿਚ ਸਨ। ਤਕਨੀਕੀ ਮਾਹਿਰ ਇਸ ਦੀ ਆਖਰੀ ਜਾਂਚ ਵਿਚ ਜੁੱਟੇ ਹੋਏ ਸਨ। ਮੈਂ ਜਾਂਚ-ਨਿਗਰਾਨ ਅਫ਼ਸਰ ਨੂੰ ਸਲਾਮ ਕੀਤੀ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਣ ਲੱਗਾ। ਇਨ੍ਹਾਂ ਘਟਨਾਵਾਂ ਦਾ ਅੰਜ਼ਾਮ ਬਦਲਣ ਲਈ ਹੀ ਤਾਂ ਮੈਂ ਸੈਂਕੜੇ ਮੀਲ ਦੀ ਦੂਰੀ ਨੂੰ ਪਾਰ ਕਰ ਇਥੇ ਪੁੱਜਾ ਸਾਂ।
ਨਿਊਕਲੀ ਮਿਜ਼ਾਇਲ, ਗੂੜ੍ਹੇ ਹਰੇ ਰੰਗ ਵਾਲਾ ਲੰਮਾ ਸਿਲੰਡਰ ਦੀ, ਜਿਸ ਦੇ ਹੇਠਲੇ ਪਾਸੇ ਟਿਊਬਾਂ ਦਾ ਝੁਰਮਟ ਸੀ ਤੇ ਉਤਲੇ ਸਿਰੇ ਕੋਲ ਤਿੱਖੀ ਨੋਕ ਵਾਲਾ ਵਿਸਫ਼ੋਟਕ ਯੰਤਰ ਲੱਗਾ ਹੋਇਆ ਸੀ। ਇਸ ਯੰਤਰ ਦੀ ਵੱਖੀ ਵਿਚ ਮੌਜੂਦ ਇਕ ਖੁੱਲ੍ਹੀ ਤਾਕੀ ਰਾਹੀਂ ਤਕਨੀਕੀ ਮਾਹਿਰ ਕੁਝ ਡਾਇਲਾਂ ਨੂੰ, ਕੋਲ ਖੜ੍ਹੇ ਗੰਜੇ ਅਫ਼ਸਰ ਦੁਆਰਾ ਬੋਲੇ ਜਾ ਰਹੇ ਅੰਕਾਂ ਮੁਤਾਬਕ ਸੈੱਟ ਕਰ ਰਹੇ ਸਨ। ਉਸ ਅਫ਼ਸਰ ਦੇ ਮੋਢੇ ਉੱਤੇ ਫੌਜੀ ਜਰਨੈਲ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ।
***
ਮੈਂ ਇਹ ਸੱਭ ਕੁਝ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸਾਂ। ਹਰ ਚੀਜ਼ ਨੂੰ ਯਾਦ ਰੱਖਣ ਦੀ ਨਿਰੰਤਰ ਕੋਸ਼ਿਸ਼ ਵਿਚ ਸਾਂ। ਮੈਂ ਤੀਸਰੇ ਵਿਸ਼ਵ ਯੁੱਧ ਦੇ ਅਜਿਹੇ ਮੋੜ ਉੱਤੇ ਸਾਂ ਜਿਥੋਂ ਜੰਗ ਦਾ ਭਵਿੱਖ ਬਿਲਕੁਲ ਹੀ ਬਦਲਣ ਵਾਲਾ ਸੀ। ਇਹ ਮੇਰੇ ਜੀਵਨ ਦਾ ਸੱਭ ਤੋਂ ਵੱਧ ਰੋਮਾਂਚਿਕ ਪਲ ਸੀ। ਇਸ ਸਮੇਂ ਮੈਂ ਮੇਰੇ ਸਿਖਲਾਈ ਅਫ਼ਸਰ ਮੇਜਰ ਵਲਾਦੀਮੀਰ ਪਾਵਲੋਵ ਦੀ ਧੋਖਾਧੜੀ ਬਾਰੇ ਲਗਭਗ ਭੁੱਲ ਹੀ ਗਿਆ ਸਾਂ। ਲਗਭਗ ਹੀ … ਪਰ ਪੱਕੇ ਤੌਰ ਉੱਤੇ ਨਹੀਂ। ਉਸ ਦੀ ਧੋਖਾਧੜੀ ਦੀ ਘਟਨਾ ਮੇਰੇ ਦਿਮਾਗ ਵਿਚ ਅਜੇ ਵੀ ਘਰ ਕਰੀ ਬੈਠੀ ਸੀ ਤੇ ਮੈਨੂੰ ਸਪਸ਼ਟ ਹੀ ਸੀ ਕਿ ਮੈਂ ਬਹੁਤ ਵੱਡੇ ਖ਼ਤਰੇ ਵਿਚ ਹਾਂ।
ਇਹ ਘਟਨਾਕ੍ਰਮ ਇਕ ਸਾਧਾਰਣ ਜਿਹੇ ਨੋਟਿਸ ਨਾਲ ਸ਼ੁਰੂ ਹੋਇਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਮੇਰੀ ਮਿਲਟਰੀ ਟ੍ਰੇਨਿੰਗ ਦੀ ਸਫਲਤਾ ਲਈ ਮੈਨੂੰ ਇਕ ਖ਼ਾਸ ਮਿਸ਼ਨ ਪੂਰਾ ਕਰਨਾ ਹੋਵੇਗਾ। ਜੋ ਮੇਰੀ ਟ੍ਰੇਨਿੰਗ ਦਾ ਆਖ਼ਰੀ ਮਿਸ਼ਨ ਹੋਵੇਗਾ। ਜਦ ਮੈਂਨੂੰ ਮਿਸ਼ਨ ਬਾਰੇ ਪਤਾ ਲੱਗਾ ਤਾਂ ਇਕ ਵਾਰ ਤਾਂ ਮੇਰਾ ਦਿਲ ਹੀ ਬੈਠ ਗਿਆ ਸੀ। ਮਿਸ਼ਨ ਸੀ – ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ।
ਮੈਂ ਨੱਠ ਕੇ ਆਪਣੇ ਸਿਖਲਾਈ ਅਫ਼ਸਰ ਮੇਜਰ ਵਲਾਦੀਮੀਰ ਪਾਵਲੋਵ ਕੋਲ ਪੁੱਜਾ। ਮੈਂ ਸੋਚ ਰਿਹਾ ਸਾਂ ਜ਼ਰੂਰ ਕੋਈ ਗਲਤੀ ਹੋਈ ਹੈ।
‘ਮੇਜਰ ਪਾਵਲੋਵ! ਇਹ ਤਾਂ ਅਸੰਭਵ ਕੰਮ ਹੈ।’ ਮੈਂ ਕਿਹਾ। ‘ਸਿਖਲਾਈ ਦੇ ਨਿਯਮਾਂ ਅਨੁਸਾਰ ਤਾਂ ਮੈਨੂੰ ਦੇਸ਼ ਦੇ ਜੰਗੀ ਕਾਰਜਾਂ ਵਿਚ ਸੁਯੋਗ ਮਦਦ ਕਰਨੀ ਹੈ। ਪਰ ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ, ਮੈਂ ਇਕੱਲਾ ਅਜਿਹਾ ਕਿਵੇਂ ਕਰ ਸਕਦਾ ਹੈ? ਅਜਿਹੇ ਵਿਸ਼ਵ ਯੁੱਧ ਵਿਚ, ਜਿਸ ਵਿਚ ਪੂਰਾ ਵਿਸ਼ਵ ਹੀ ਦੋ ਧੜਿਆਂ ਵਿਚ ਵੰਡਿਆ ਹੋਇਆ ਹੈ। ਇਕ ਧੜੇ ਦਾ ਮੁਖੀ ਰੂਸ ਹੈ ਤੇ ਦੂਸਰੇ ਧੜੇ ਦਾ ਮੁਖੀ ਯੂਕਰੇਨ। ਅਤੇ ਹਰ ਧੜਾ ਹੀ ਆਪਣੀ ਜਿੱਤ ਲਈ ਸਿਰਤੋੜ ਯਤਨ ਕਰ ਰਿਹਾ ਹੈ।’
ਉਸ ਨੇ ਹਮੇਸ਼ਾਂ ਵਾਂਗ ਹੀ ਬੇਰੁੱਖੀ ਭਰਿਆ ਹਾਸਾ ਹੱਸਿਆ।
‘ਤਰੀਕਾ ਤਾਂ ਹੈ।’ ਆਪਣੀ ਐਨਕ ਰਾਹੀਂ ਟੀਰਾ ਜਿਹਾ ਝਾਂਕਦਾ ਹੋਏ ਉਹ ਬੋਲਿਆ।
ਅਗਲੇ ਪਲ ਹੀ ਮੈਨੂੰ ਸਮਝ ਆ ਗਈ ਕਿ ਉਸ ਦੇ ਮਨ ਵਿਚ ਕੀ ਚਲ ਰਿਹਾ ਸੀ।
‘ਦੁਸ਼ਮਣ ਦੇ ਨਿਊਕਲੀ ਹਮਲੇ ਨੂੰ ਨਕਾਰਾ ਕਰ ਕੇ’ ਉਸ ਨੇ ਸਿਰ ਹਿਲਾਂਦਿਆਂ ਕਿਹਾ।
ਮੈਂ ਉਸ ਨਾਲ ਤਕਰਾਰ ਤਾਂ ਕੀਤੀ। ਦੁਸ਼ਮਣ ਦੇ ਨਿਊਕਲੀ ਅਸਲੇ-ਖਾਨੇ ਤਕ ਪਹੁੰਚਣਾ ਬਹੁਤ ਹੀ ਖ਼ਤਰਨਾਕ ਕੰਮ ਸੀ। ਇਸੇ ਮਿਸ਼ਨ ਸਬੰਧੀ ਪਹਿਲਾਂ ਭੇਜੇ ਗਏ ਤਿੰਨੋਂ ਹੀ ਵਲੰਟੀਅਰ ਫੌਜੀ ਜ਼ਿੰਦਾ ਵਾਪਿਸ ਨਹੀਂ ਸਨ ਆ ਸਕੇ। ਉਨ੍ਹਾਂ ਵਿਚੋਂ ਦੋ ਤਾਂ ਦੁਸ਼ਮਣ ਦੇ ਇਲਾਕੇ ਵਿਚ ਉੱਤਰਦਿਆਂ ਹੀ ਮਾਰੇ ਗਏ ਸਨ। ਬੇਸ਼ਕ ਤੀਸਰਾ ਵਲੰਟੀਅਰ ਨਿਊਕਲੀ ਅਸਲੇ-ਖਾਨੇ ਤਕ ਪਹੁੰਚ ਤਾਂ ਗਿਆ ਸੀ, ਪਰ ਉਸ ਇਮਾਰਤ ਵਿਚ ਦਾਖ਼ਲੇ ਸਮੇਂ ਫੜਿਆ ਗਿਆ। ਅੱਜ ਤੱਕ ਪਤਾ ਨਹੀਂ ਲੱਗਾ ਕਿ ਉਹ ਜ਼ਿੰਦਾ ਵੀ ਹੈ ਜਾਂ ਮਰ ਗਿਆ।
ਬੇਸ਼ਕ ਦੁਸ਼ਮਣ ਦੇਸ਼ ਵਿਚ ਦਾਖਿਲ ਹੋਣਾ ਮੁਸ਼ਕਲ ਕੰਮ ਨਹੀਂ ਸੀ ਅਤੇ ਰੇਡੀਏਸ਼ਨ-ਰੋਕੂ-ਢਾਲ ਅਤੇ ਟਾਓਨੇਟਰ-ਗੰਨ ਹਰ ਹਾਲਤ ਦਾ ਮੁਕਾਬਲਾ ਕਰਨ ਦੇ ਯੋਗ ਸਨ। ਪਰ ਅਚਨਚੇਤ ਵਾਪਰੇ ਜਾਂ ਮਿੱਥ ਕੇ ਕੀਤੇ ਨਿਊਕਲੀ ਵਿਸਫੋਟ ਤੋਂ ਪੈਦਾ ਹੋਣ ਵਾਲੇ ਅਸਹਿ ਹਾਲਾਤ ਦਾ ਤੋੜ ਤਾਂ ਕੁਝ ਵੀ ਨਹੀਂ ਸੀ। ਅਜਿਹੇ ਹਾਲਾਤ ਦਾ ਸ਼ਿਕਾਰ ਵਿਅਕਤੀ ਤਾਂ ਫਿਰ ਕਦੇ ਦੇਸ਼ ਵਾਪਸੀ ਦਾ ਸੁਪਨਾ ਵੀ ਨਹੀਂ ਲੈ ਸਕਦਾ।
ਇਸ ਮਿਸ਼ਨ ਦੀ ਪੂਰਤੀ ਸੰਬੰਧਤ ਖ਼ਤਰਾ ਇੰਨਾ ਵਧੇਰੇ ਸੀ ਕਿ ਮੇਰਾ ਮਨ ਇਸ ਹੁਕਮ ਨੂੰ ਮੰਨਣ ਤੋਂ ਇਨਕਾਰੀ ਸੀ। ਜਿਸ ਦਾ ਸਿੱਧਾ ਮਤਲਬ ਸੀ ਮੇਰੀ ਫੌਜ ਵਿਚੋਂ ਨਿਰਾਦਰੀ ਭਰੀ ਬਰਖਾਸਤਗੀ।
ਪਰ ਤਦ ਹੀ ਮੈਂਨੂੰ ਸੋਫ਼ੀਆ ਦਾ ਖਿਆਲ ਆਇਆ…ਪਿਆਰੀ ਤੇ ਖੁਬਸੂਰਤ ਸੋਫ਼ੀਆ ਵੋਲਕੋਵਾ….ਤੇ ਮੈਂ ਨਾਂਹ ਨਾ ਕਰ ਸਕਿਆ।
ਤਦ ਹੀ ਮੈਨੂੰ ਸਨਕੀ ਤੇ ਅੱਖੜ ਮੇਜ਼ਰ ਵਲਾਦੀਮੀਰ ਦੀ ਚਾਲ ਵੀ ਸਮਝ ਆ ਗਈ। ਕਿ ਉਸ ਨੇ ਮੈਨੂੰ ਅਜਿਹੇ ਔਖੇ ਕੰਮ ਲਈ ਕਿਉਂ ਚੁਣਿਆ ਸੀ। ਮੈਂ ਜਾਣਦਾ ਸਾਂ ਕਿ ਉਹ ਸਨਕੀ ਗਵਾਰ ਮੇਰੀ ਸੋਫ਼ੀਆ ਉੱਤੇ ਭੈੜੀ ਅੱਖ ਰੱਖਦਾ ਸੀ। ਮੈਂ ਸੋਫ਼ੀਆ ਨੂੰ ਪਿਆਰ ਕਰਦਾ ਹਾਂ, ਨਹੀਂ… ਨਹੀਂ… ਮੇਰੀ ਪਿਆਰੀ ਸੋਫ਼ੀਆ ਕਦੇ ਵੀ ਉਸ ਦੀ ਨਹੀਂ ਹੋ ਸਕਦੀ। ਪਰ ਜੇ ਮੈਂ ਰਸਤੇ ‘ਚੋਂ ਹਟ ਜਾਵਾਂ ਤਾਂ ਵਲਾਦੀਮੀਰ ਦਾ ਮੌਕਾ ਲੱਗ ਵੀ ਸਕਦਾ ਸੀ। ਇਹੋ ਹੀ ਉਸ ਦੀ ਚਾਲ ਸੀ।
ਮੈਂ ਹੁਕਮ ਸਵੀਕਾਰ ਕਰ ਲਿਆ। ਮੇਜ਼ਰ ਵਲਾਦੀਮੀਰ ਨੇ ਮੇਰੇ ਲਈ ਰੇਡੀਏਸ਼ਨ-ਰੋਕੂ-ਢਾਲ ਅਤੇ ਟਾਓਨੇਟਰ ਦਾ ਇੰਤਜ਼ਾਮ ਕਰ ਦਿੱਤਾ। ਮੇਰੀ ਬਲੀ ਦੇਣ ਲਈ ਉਹ ਹਰ ਮਦਦ ਪੂਰੇ ਦਿਲੋ-ਜਾਨ ਨਾਲ ਕਰ ਰਿਹਾ ਸੀ… ਅਤੇ ਮੈਂ ਇਸ ਜੋਖ਼ਮ ਭਰੇ ਸਫ਼ਰ ਉੱਤੇ ਤੁਰ ਪਿਆ ਸਾਂ।
ਇਕ ਝਟਕੇ ਜਿਹੇ ਨਾਲ ਮੈਂ ਵਰਤਮਾਨ ਵਿਚ ਮੁੜ ਆਇਆ। ਕੁਝ ਗੜਬੜ ਨਜ਼ਰ ਆ ਰਹੀ ਸੀ।
ਬੇਸ਼ਕ ਮੇਰਾ ਅਚੇਤ ਮਨ ਨਿਊਕਲੀ ਰਾਕਟ ਉੱਤੇ ਫੋਕਸ ਸੀ, ਪਰ ਝਟਕੇ ਜਿਹੇ ਨਾਲ ਮੌਜੂਦਾ ਹਾਲਾਤ ਵਿਚ ਮੁੜ ਆਉਣ ‘ਤੇ ਮੈਂ ਦੇਖਿਆ ਕਿ ਇਹ ਰਾਕਟ ਤਾਂ ਉਸ ਵਰਗਾ ਨਹੀਂ ਸੀ ਜੋ ਮੈਂਨੂੰ ਦੱਸਿਆ ਗਿਆ ਸੀ।
***
ਮਿਸ਼ਨ ਉੱਤੇ ਭੇਜਣ ਤੋਂ ਪਹਿਲਾਂ ਤਿਆਰੀ ਦੌਰਾਨ ਮੈਨੂੰ ਦੱਸਿਆ ਗਿਆ ਸੀ ਦੁਸ਼ਮਣ ਹਾਈਡ੍ਰੋਜਨ ਬੰਬ ਰਾਹੀਂ ਸਾਡੇ ਦੇਸ਼ ਰੂਸ ਨੂੰ ਤਬਾਹ ਕਰਨ ਦੀ ਤਿਆਰੀ ਵਿੱਚ ਹੈ। ਹਾਈਡ੍ਰੋਜਨ ਬੰਬ ਹੀ ਅਜੋਕੇ ਵਿਸ਼ਵ ਦਾ ਸੱਭ ਤੋਂ ਖ਼ਤਰਨਾਕ ਹਥਿਆਰ ਹੈ। ਜਿਸ ਵਿੱਚ ਹਾਈਡ੍ਰੋਜਨ ਦੇ ਪਰਮਾਣੂ, ਗਾਮਾ ਕਿਰਨਾਂ ਦੇ ਪ੍ਰਭਾਵ ਹੇਠ ਹਿਲੀਅਮ ਦੇ ਪਰਮਾਣੂੰਆਂ ਵਿਚ ਬਦਲਦੇ ਹੋਏ ਅਥਾਹ ਊਰਜਾ ਦਾ ਨਿਕਾਸ ਕਰਦੇ ਹਨ। ਅਤੇ ਇਸ ਊਰਜਾ ਦੇ ਪ੍ਰਭਾਵ ਖੇਤਰ ਵਿਚ ਆਈ ਹਰ ਸ਼ੈਅ ਹੀ ਸੜ੍ਹ ਕੇ ਸੁਆਹ ਹੋ ਜਾਂਦੀ ਹੈ।
ਪਰ ਮੇਰੇ ਸਾਹਮਣੇ ਦਿਖਾਈ ਦੇ ਰਿਹਾ ਨਿਊਕਲੀ-ਰਾਕਟ ਤਾਂ ਸਾਧਾਰਣ ਜਿਹੇ ਐਟਮ-ਬੰਬ ਵਰਗਾ ਜਾਪ ਰਿਹਾ ਸੀ। ਨਾ ਤਾਂ ਇਸ ਨਾਲ ਗਾਮਾ-ਕਿਰਨ ਪੈਦਾ ਕਰਨ ਕਰਨ ਵਾਲਾ ਯੰਤਰ ਹੀ ਲੱਗਾ ਸੀ ਤੇ ਨਾ ਹੀ ਲੇਜ਼ਰ-ਕਿਰਨ ਉਤਪਾਦਨ ਉਪਕਰਣ।
ਪਰ ਇਹ ਵੀ ਸੱਚ ਹੀ ਹੈ ਕਿ ਐਟਮੀ-ਬੰਬ ਵੀ ਵਧੇਰਾ ਨੁਕਸਾਨ ਕਰਨ ਦੇ ਸਮਰਥ ਹੁੰਦੇ ਹਨ। ਵੀਹਵੀਂ ਸਦੀ ਦੌਰਾਨ ਵਾਪਰੇ ਦੂਸਰੇ ਵਿਸ਼ਵ-ਯੁੱਧ ਵਿਚ ਐਟਮੀ-ਬੰਬਾਂ ਨੇ ਹੀ ਤਾਂ ਜਾਪਾਨ ਦੇ ਦੋ ਮੁੱਖ ਸ਼ਹਿਰਾਂ – ਹੀਰੋਸ਼ੀਮਾ ਤੇ ਨਾਗਾਸਾਕੀ ਦਾ ਖ਼ਾਤਮਾ ਕੀਤਾ ਸੀ।
ਕਿਧਰੇ ਮੈਂ ਗਲਤ ਥਾਂ ਤਾਂ ਨਹੀਂ ਆ ਗਿਆ। ਸ਼ੰਕਾ ਦੀ ਲਹਿਰ ਮਨ ਵਿਚ ਅਚਾਨਕ ਉੱਠ ਪਈ ਸੀ।
ਇਸੇ ਚਿੰਤਾ ਵਿਚ ਮੈਂ ਹੋਰਨਾਂ ਨੂੰ ਪਿੱਛੇ ਧੱਕਦਾ ਹੋਇਆ ਰਾਕਟ ਦੇ ਹੋਰ ਨੇੜੇ ਹੋ ਗਿਆ। ਇਹ ਅਣਘੜ੍ਹ ਤੇ ਬੇਢੰਗਾ ਜਿਹਾ ਯੰਤਰ ਸੀ ਜਿਸ ਦੇ ਹਿੱਸਿਆਂ ਨੂੰ ਪਛਾਣਨਾ ਵੀ ਮੇਰੇ ਲਈ ਔਖਾ ਸੀ। ਮੈਂ ਇਹ ਸੱਭ ਕੁਝ ਬਹੁਤ ਹੀ ਉਤਸੁਕਤਾ ਨਾਲ ਦੇਖ ਰਿਹਾ ਸਾਂ… ਕਿ ਅਗਲੇ ਹੀ ਪਲ ਮੈਂ ਬਿਪਤਾ ਵਿਚ ਫਸ ਗਿਆ।
ਇਕ ਤਕਨੀਕੀ ਮਾਹਿਰ ਜਿਸ ਨੂੰ ਮੈਂ ਧੱਕੇ ਨਾਲ ਪਾਸੇ ਕਰ ਅੱਗੇ ਹੋਇਆ ਸਾਂ, ਉਹ ਹੁਣ ਮੈਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਘੂਰ ਰਿਹਾ ਸੀ। ਮੈਂ ਉਸ ਵੱਲ ਦੇਖਿਆ ਤੇ ਮੈਂਨੂੰ ਆਪਣੇ ਉਤਾਵਲੇਪਣ ਉੱਤੇ ਅਫਸੋਸ ਹੋਇਆ। ਮੈਂ ਉਸ ਦੇ ਸ਼ੱਕ ਨੂੰ ਦੂਰ ਕਰਣ ਦਾ ਹੱਲ ਅਜੇ ਸੋਚ ਹੀ ਰਿਹਾ ਸਾਂ ਕਿ ਗੜਬੜ ਹੋ ਗਈ।
‘ਤੂੰ ਕਰ ਕੀ ਰਿਹਾ ਹੈ?’ ਤਕਨੀਕੀ ਮਾਹਿਰ ਨੇ ਗੁੱਸੇ ਭਰੀ ਆਵਾਜ਼ ਵਿਚ ਪੁੱਛਿਆ। ‘ਤੂੰ ਹੈ ਕੌਣ?’
ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ। ‘ਮੇਰਾ ਨਾਮ ਕੈਪਟਨ ਇਵਾਨ ਕੋਵਲ ਹੈ’ ਚੋਰੀ ਕੀਤੇ ਹੋਏ ਸ਼ਨਾਖ਼ਤੀ-ਕਾਰਡ ਵਾਲਾ ਨਾਮ ਬੋਲਦੇ ਹੋਏ ਮੈਂ ਕਿਹਾ। ‘ਮੈਂ ਗੁਪਤਚਰ ਵਿਭਾਗ…।’ ਬੋਲ ਅਜੇ ਮੇਰੇ ਬੁੱਲਾਂ ਉੱਤੇ ਹੀ ਸਨ ਕਿ ਮੇਰੇ ਬੋਲਣ ਦੇ ਲਹਿਜੇ ਨੇ ਮੇਰੀ ਪੋਲ ਖ਼ੋਲ੍ਹ ਦਿੱਤੀ।
‘ਇਹ ਜਾਸੂਸ ਹੈ।’ ਉਹ ਚੀਖ਼ਿਆ। ‘ਫੜੋ, ਫੜੋ।’
ਤਦ ਹੀ ਮੇਰੇ ਆਲੇ ਦੁਆਲੇ ਖੜ੍ਹੇ ਆਦਮੀ ਹਰਕਤ ਵਿਚ ਆ ਗਏ ਤੇ ਅੱਖ ਝਮਕਣ ਜਿੰਨੇ ਸਮੇਂ ਵਿਚ ਹੀ ਲਗਭਗ ਇਕ ਦਰਜਨ ਲੇਜ਼ਰ-ਗੰਨਜ਼ ਮੇਰੇ ਉੇੱਤੇ ਤਣ ਗਈਆਂ।
ਮੇਰਾ ਤਾਂ ਦਿਮਾਗ ਹਿੱਲ ਗਿਆ। ਭੈ ਭੀਤ ਹਾਲਤ ਵਿਚ, ਮੈਂ ਜਲਦੀ ਜਲਦੀ, ਆਪਣੀ ਵਰਦੀ ਹੇਠ ਛੁਪਾਈ ਸੇਫਟੀ ਬੈਲਟ ਉੱਤੇ ਲੱਗਾ ਸਵਿਚ ਦਬਾ ਦਿੱਤਾ। ਮੇਰੇ ਚਾਰੇ ਪਾਸੇ ਰੇਡੀਏਸ਼ਨ-ਰੋਕੂ-ਢਾਲ ਪਸਰ ਗਈ। ਅਗਲੇ ਹੀ ਪਲ ਇਸ ਢਾਲ ਦਾ ਬਾਹਰਲਾ ਪਾਸਾ, ਮੇਰੇ ਵੱਲ ਤਾਣੀਆਂ ਲੇਜ਼ਰ-ਗੰਨਜ਼ ਤੋਂ ਨਿਕਲ ਰਹੇ ਰੇਡੀਏਸ਼ਨ ਨਾਲ ਦਗ ਦਗ ਕਰਨ ਲਗਾ। ਸੁਭਾਗ ਹੀ ਸੀ ਕਿ ਢਾਲ ਦੀ ਵਿਨਾਸ਼ੀ ਤਾਕਤ ਨੇ ਇਸ ਨੂੰ ਤੁਰੰਤ ਹੀ ਨਸ਼ਟ ਕਰ ਦਿੱਤਾ।
ਮੈਂ ਬਚ ਤਾਂ ਗਿਆ ਸਾਂ ਪਰ ਕਦੋਂ ਤੱਕ।
ਅਗਲੇ ਹੀ ਪਲ ਮੈਂਥੋਂ ਇਕ ਹੋਰ ਗਲਤੀ ਹੋ ਗਈ। ਮੈਂ ਨਿਊਕਲੀ-ਮਿਜ਼ਾਇਲ ਦੇ ਬਹੁਤ ਨੇੜੇ ਸਾਂ। ਮੇਰੀ ਰੇਡੀਏਸ਼ਨ-ਰੋਕੂ-ਢਾਲ ਨਿਊਕਲੀ-ਮਿਜ਼ਾਇਲ ਦੇ ਬੰਬ ਵਾਲੇ ਸਿਰੇ ਨਾਲ ਘਿਸਰ ਗਈ।
ਵਿਸਫੋਟਕ ਪਦਾਰਥ ਵਿਚ ਊਰਜਾ ਦੀ ਲਹਿਰ ਪੈਦਾ ਹੋ ਗਈ। ਇਸ ਰੋਲੇ-ਰੱਪੇ ਵਾਲੇ ਮਾਹੌਲ ਵਿਚ ਖ਼ਤਰੇ ਦੀ ਘੰਟੀ ਦੀ ਟਨ ਟਨ ਸੁਣਾਈ ਦਿੱਤੀ। ਮੇਰੇ ਆਲੇ ਦੁਆਲੇ ਮੌਜੂਦ ਹਰ ਕੋਈ, ਹੈਰਾਨੀ ਤੇ ਭੈਅ ਰੱਤੇ ਚਿਹਰਿਆਂ ਨਾਲ ਜਿਵੇਂ ਜੜ੍ਹ ਹੀ ਹੋ ਗਿਆ ਸੀ। ਐਟਮੀ ਬੰਬ ਵਿਚ ਨਿਊਕਲੀ ਤੋੜ-ਫੋੜ ਸ਼ੁਰੂ ਹੋ ਚੁੱਕੀ ਸੀ।
ਹੁਣ ਸਿਰਫ਼ ਇਕ ਹੀ ਰਾਹ ਸੀ ਤੇ ਉਹ ਵੀ ਬਹੁਤ ਗੜਬੜ ਵਾਲਾ ਹੀ ਸੀ।
ਪਲ ਛਿਣ ਦੀ ਗੱਲ ਸੀ ਕਿ ਇਹ ਐਟਮੀ ਬੰਬ ਨੇ ਫਟ ਜਾਣਾ ਸੀ ਤੇ ਫਿਰ ਨਾ ਮੈਂ ਹੋਣਾ ਸੀ ਤੇ ਨਾ ਹੀ ਮੇਰਾ ਮਿਸ਼ਨ। ਨਾ ਤਾਂ ਨਿਊਕਲੀ ਪਲਾਂਟ ਹੀ ਬਚਣਾ ਸੀ ਤੇ ਨਾ ਹੀ ਕੋਈ ਕਾਰਿੰਦਾ। ਸੱਭ ਕੁਝ ਤੱਤੇ ਵਾਸ਼ਪਾਂ ਦਾ ਰੂਪ ਧਾਰ ਗਾਇਬ ਹੋ ਜਾਣਾ ਸੀ।
ਇਹ ਸੋਚ, ਕਿ ਦੁਸ਼ਮਣ ਅਚੰਭੇ ਤੇ ਘਬਰਾਹਟ ਕਾਰਣ ਮੇਰੇ ਉੱਤੇ ਦੁਬਾਰਾ ਹਮਲਾ ਨਹੀਂ ਕਰੇਗਾ, ਮੈਂ ਆਖਰੀ ਦਾਅ ਖੇਲਿਆ। ਮੈਂ ਜਲਦੀ ਜਲਦੀ ਰੇਡੀਏਸ਼ਨ-ਰੋਕੂ-ਢਾਲ ਬੰਦ ਕੀਤੀ ਅਤੇ ਟਾਓਨੇਟਰ ਕੱਢ ਲਿਆ। ਇਸ ਨੂੰ ਐਟਮ-ਬੰਬ ਦੀ ਤਾਕਤ ਚੂਸਣ ਲਈ ਸੈੱਟ ਕਰ, ਨਿਊਕਲੀ ਰਾਕਟ ਦੇ ਐਟਮੀ ਬੰਬ ਵਾਲੇ ਹਿੱਸੇ ਨਾਲ ਜੋੜ ਦਿੱਤਾ।
ਐਟਮੀ-ਬੰਬ ਵਿਚੋਂ ਨੀਲੀ-ਪੀਲੀ ਤੇਜ਼ ਰੋਸ਼ਨੀ ਨਿਕਲੀ ਤੇ ਇਸ ਨੇ ਟਾਓਨੇਟਰ ਦੀ ਚਮਕੀਲੀ ਧਾਂਤ ਨੂੰ ਜਕੜ ਲਿਆ। ਹੁਣ ਐਟਮੀ-ਬੰਬ ਦੀ ਊਰਜਾ ਦਾ ਭੰਡਾਰ ਤੇਜ਼ੀ ਨਾਲ ਟਾਓਨੇਟਰ ਦੇ ਊਰਜਾ ਸੌਖਣ ਯੰਤਰ ਵਿਚ ਜ਼ਜਬ ਹੁੰਦਾ ਜਾ ਰਿਹਾ ਸੀ। ਇਕ ਪਲ ਮੈਨੂੰ ਚਿੰਤਾ ਹੋਈ ਕਿ ਕੀ ਇਹ ਯੰਤਰ ਐਟਮੀ-ਬੰਬ ਦੀ ਸਾਰੀ ਊਰਜਾ ਨੂੰ ਸੰਭਾਲ ਵੀ ਸਕੇਗਾ ਜਾਂ ਨਹੀਂ। ਕਿਧਰੇ ਇਹ ਊਰਜਾ ਉਸ ਯੰਤਰ ਦੀ ਸੰਭਾਲ ਸਮਰਥਾ ਤੋਂ ਵੱਧ ਨਾ ਹੋਵੇ। ਮੈਂ ਉਲਝਣ ਵਿਚ ਸਾਂ। ਪਰ ਕੀਤਾ ਵੀ ਜਾ ਸਕਦਾ ਸੀ।
ਕੁਝ ਦੇਰ ਟਾਓਨੇਟਰ ਦੇ ਉਪਰਲੇ ਸਿਰੇ ਉੱਤੇ ਲਾਲ-ਪੀਲੀਆਂ ਰੌਸ਼ਨੀਆਂ ਦਾ ਨਾਚ ਚਲਦਾ ਰਿਹਾ ਤੇ ਫਿਰ ਅਚਾਨਕ ਇਹ ਬੰਦ ਹੋ ਗਿਆ। ਐਟਮ-ਬੰਬ ਦੀ ਵਿਸਫੋਟਕ ਤਾਕਤ ਖ਼ਤਮ ਹੋ ਚੁੱਕੀ ਸੀ। ਨਿਊਕਲੀ ਰਾਕਟ ਵਿਚਲਾ ਵਿਸਫੋਟਕ ਪਦਾਰਥ ਹੁਣ ਕ੍ਰਿਆ ਮੁਕਤ ਸੀ।
ਮੇਰੇ ਸਾਹਮਣੇ ਹੁਣ ਬੇਜਾਨ ਤੇ ਬੇਕਾਰ ਨਿਊਕਲੀ-ਮਿਜ਼ਾਇਲ ਮੌਜੂਦ ਸੀ।
ਮੈਂ ਖੁਸ਼ ਸਾਂ ਕਿ ਮੈਂ ਯੂਕਰੇਨ ਮਿਲਟਰੀ ਦਾ ਸੱਭ ਤੋਂ ਖ਼ਤਰਨਾਕ ਹਥਿਆਰ ਨਕਾਰਾ ਕਰ ਦਿੱਤਾ ਸੀ।
======
ਮੈਨੂੰ ਯੂਕਰੇਨ ਦੇ ਜਾਂਬਾਜ਼ ਫੌਜੀਆਂ ਦੀ ਦਾਦ ਦੇਣੀ ਬਣਦੀ ਹੈ। ਬੇਸ਼ਕ ਮੈਂ ਕਾਫ਼ੀ ਖ਼ਤਰਨਾਕ ਜਾਪ ਰਿਹਾ ਸਾਂ ਪਰ ਉਨ੍ਹਾਂ ਬਿਨ੍ਹਾਂ ਕੋਈ ਹਥਿਆਰ ਵਰਤੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ। ਡਰਦੇ ਮਾਰੇ ਮੈਂ ਹੱਥ ਖੜ੍ਹੇ ਕਰ ਦਿੱਤੇ। ਗੰਜੇ ਜਰਨੈਲ ਦੀਆਂ ਨਫ਼ਰਤ ਭਰੀਆਂ ਜ਼ਰਦ ਅੱਖਾਂ ਮੈਨੂੰ ਘੂਰ ਰਹੀਆਂ ਸਨ ।
‘ਕੌਣ ਹੈ ਤੂੰ?’ ਉਸ ਦੇ ਗੁੱਸੇ ਭਰੇ ਬੋਲ ਸਨ।
ਮੋਢੇ ਹਿਲਾਂਦੇ ਹੋਏ ਮੈਂ ਜਵਾਬ ਦੇਣ ਲਈ ਯੁਕਰੇਨੀਅਨ ਭਾਸ਼ਾ ਦੇ ਬੋਲ ਢੂੰਡ ਰਿਹਾ ਸਾਂ।
‘ਮੈਂ× … ਮੈਂ ਗੁਪਤਚਰ ਹਾਂ!’ ਮੈਂ ਕਿਹਾ। ‘ਇਥੇ ਹੁਣੇ ਹੁਣੇ ਵਾਪਰੇ ਹਾਦਸੇ ਦਾ ਮੈਨੂੰ ਸਖ਼ਤ ਅਫ਼ਸੋਸ ਹੈ।’
‘ਅਫਸੋਸ?’ ਜਨਰਲ ਦੇ ਗੁੱਸੇ ਨਾਲ ਭਰੇ ਪੀਤੇ ਬੋਲ ਸਨ। ‘ਅਫਸੋਸ ਤਾਂ ਤੈਨੂੰ ਇਸ ਤੋਂ ਵੀ ਬਹੁਤ ਵੱਧ ਹੋਵੇਗਾ ਜਦ ਤੈਨੂੰ ਫਾਇਰਿੰਗ ਸੂਅਕੈਡ ਦਾ ਸਾਹਮਣਾ ਕਰਨਾ ਪਵੇਗਾ।’
(ਬਾਕੀ ਅਗਲੇ ਹਫਤੇ)