
ਕਰੋਨਾ ਦੇ ਮੱਦੇਨਜ਼ਰ 8 ਦਿਨ ਪਹਿਲਾਂ ਹੀ ਮੁਲਤਵੀ ਕੀਤੀ ਰਾਜ ਸਭਾ ਦੀ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਮੌਨਸੂਨ ਸੈਸ਼ਨ ਨਿਰਧਾਰਤ ਸਮੇਂ ਤੋਂ ਅੱਠ ਦਿਨ ਪਹਿਲਾਂ ਹੀ ਰਾਜ ਸਭਾ ਸੰਸਦ ਮੈਂਬਰਾਂ ਦਰਮਿਆਨ ਕਰੋਨਾ ਵਾਇਰਸ ਫੈਲਣ ਦੀ ਚਿੰਤਾ ਦੇ ਮੱਦੇਨਜ਼ਰ ਅੱਜ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਦਨ ਵਿਚ 18 ਬੈਠਕਾਂ ਹੋਣੀਆਂ ਸਨ ਪਰ ਇਹ ਸਿਰਫ 10 ਬੈਠਕਾਂ ਹੀ ਹੋਈਆਂ ਹਨ। ਇਨ੍ਹਾਂ 10 ਦਿਨਾਂ ਦੇ ਸੈਸ਼ਨ ਵਿੱਚ ਤਕਰੀਬਨ 25 ਬਿੱਲ ਪਾਸ ਕੀਤੇ ਗਏ ਅਤੇ ਛੇ ਬਿੱਲ ਪੇਸ਼ ਕੀਤੇ ਗਏ। ਐਤਵਾਰ ਨੂੰ ਖੇਤੀ ਬਿੱਲਾਂ ਨੂੰ ਪਾਸ ਕਰਨ ਸਮੇਂ ਸਦਨ ਵਿੱਚ ਹੰਗਾਮੇ ਤੋਂ ਬਾਅਦ ਅੱਠ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦਾ ਬਾਈਕਾਟ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 1 ਅਕਤੂਬਰ ਤੱਕ ਚੱਲਣ ਵਾਲੀ ਰਾਜ ਸਭਾ ਦੀ ਕਾਰਵਾਈ ਨੂੰ 8 ਦਿਨ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ।