ਹਰ ਸੋਮਵਾਰ ਇਕ ਘੰਟਾ ਕੋਈ ਵੀ ਮੁੱਖ ਮੰਤਰੀ ਨੂੰ ਦੱਸ ਸਕੇਗਾ ਦੁੱਖ
ਲੰਬੀ/ਬਿਊਰੋ ਨਿਊਜ਼
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਛੇਤੀ ਹੀ ਹਰ ਹਫ਼ਤੇ ਦੋ ਘੰਟੇ ਟੈਲੀਫੋਨ ‘ਤੇ ਪੰਜਾਬ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਰਿਆ ਕਰਨਗੇ। ਇਸ ਮੁਹਿੰਮ ਤਹਿਤ ਹਰ ਸੋਮਵਾਰ ਇਕ ਘੰਟਾ ਕੋਈ ਵੀ ਮੁੱਖ ਮੰਤਰੀ ਨਾਲ ਫੋਨ ‘ਤੇ ਸੰਪਰਕ ਕਰਕੇ ਆਪਣਾ ਦੁੱਖ ਦੱਸ ਸਕੇਗਾ ਅਤੇ ਅਗਲਾ ਇਕ ਘੰਟਾ ਮੁੱਖ ਮੰਤਰੀ ਖ਼ੁਦ ਪੰਜਾਬ ਵਾਸੀਆਂ ਨੂੰ ਟੈਲੀਫੋਨ ਕਰਕੇ ਉਨ੍ਹਾਂ ਤੋਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਕੀਮਾਂ ਦੀ ਸਾਰਥਿਕਤਾ ਬਾਰੇ ਜਾਣਕਾਰੀ ਹਾਸਲ ਕਰਨਗੇ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਅਖੀਰਲੇ ਵਰ੍ਹੇ ਅਕਾਲੀ ਸਰਕਾਰ ਪ੍ਰਤੀ ਆਮ ਜਨਤਾ ‘ਚ ਨਾਰਾਜ਼ਗੀ ਦਾ ਰੁਖ਼ ਬਦਲਣ ਲਈ ਘਾਗ ਸਿਆਸਤਦਾਨ ਬਾਦਲ ਦੇ ਜਨਤਾ ਨਾਲ ਟੈਲੀਫੋਨ ਰਾਬਤੇ ਨੂੰ ਨਵਾਂ ‘ਸਿਆਸੀ ਤੀਰ’ ਮੰਨਿਆ ਜਾ ਰਿਹਾ ਹੈ।
ਅਕਾਲੀ ਦਲ ਆਪਣੀ ਕਾਰਜ ਪ੍ਰਣਾਲੀ ‘ਚ ਬਦਲਾਅ ਲਿਆ ਕੇ ਹੈਟ੍ਰਿਕ ਮਾਰਨ ਲਈ ਵਾਹ ਲਗਾ ਰਿਹਾ ਹੈ। ਸੂਤਰਾਂ ਅਨੁਸਾਰ ਅਗਲੇ ਕੁਝ ਹਫ਼ਤਿਆਂ ਵਿਚ ਅਕਾਲੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਫੈਸਲਿਆਂ ਵਿਚ ਅਜਿਹਾ ਲੋਕ-ਪੱਖੀ ਅਕਸ ਝਲਕਣ ਦੇ ਆਸਾਰ ਹਨ।
ਮੁੱਖ ਮੰਤਰੀ ਨੇ ਲੰਬੀ ਹਲਕੇ ਦੇ ਪਿੰਡਾਂ ਦਿਓਣ ਖੇੜਾ, ਡੱਬਵਾਲੀ ਮਲਕੋਕੀ, ਕੰਗਣ ਖੇੜਾ, ਭਾਈ ਕਾ ਕੇਰਾ, ਰਸੂਲਪੁਰਾ ਕੇਰਾ ਅਤੇ ਮਾਹਣੀ ਖੇੜਾ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਲਈ ਗਰਾਂਟਾਂ ਵੰਡੀਆਂ। ਕੇਂਦਰ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਬਣਾਈਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਦੋਸ਼ੀ ਦੱਸਿਆ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਨੂੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਮਾਹਿਰਾਂ ਦੀ ਉਚ ਪੱਧਰੀ ਕਮੇਟੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਸੰਕਟ ‘ਚੋਂ ਕੱਢਿਆ ਜਾ ਸਕੇ। ਕਿਸਾਨ ਖ਼ੁਦਕੁਸ਼ੀਆਂ ਬਾਰੇ ਉਨ੍ਹਾਂ ਕਿਹਾ ਕਿ ਡੀਜ਼ਲ, ਕੀਟਨਾਸ਼ਕਾਂ, ਖਾਦਾਂ, ਜਿਣਸਾਂ ਦਾ ਭਾਅ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੇਤੀ ਸੰਕਟ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਤੋਂ ਇਲਾਵਾ ਉਨ੍ਹਾਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰਾਂ ਦੀਆਂ ਨੀਤੀਆਂ ਕਾਰਨ ਹੀ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ, ਜਿਸ ਕਾਰਨ ਆਮਦਨ ਤੇ ਖਰਚ ‘ਚ ਪਾੜਾ ਵਧ ਗਿਆ ਹੈ ਅਤੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਕਟ ‘ਚੋਂ ਕੱਢਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਹਨ, ਜਿਸ ਵਾਸਤੇ ਪੰਜਾਬ ਸਰਕਾਰ ਵੱਲੋਂ ਹਰ ਸਾਲ 5000 ਕਰੋੜ ઠਰੁਪਏ ਤੋਂ ਵੱਧ ਸਬਸਿਡੀ ਦਿੱਤੀ ਜਾ ਰਹੀ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …