ਦਰਸ਼ਨ ਸਿੰਘ ਕਿੰਗਰਾ
(ਕਿਸ਼ਤ-14)
ਇਤਰ ਛਿੜਕ ਕੇ ਤੁਰ ਪਈ ਪਾਣੀ ਨੂੰ
ਇਤਰ ਫਾਰਸੀ ਦੇ ਸ਼ਬਦ ਅਤਰ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਸੁਗੰਧ, ਖ਼ੁਸ਼ਬੂ, ਮਹਿਕ। ਇਤਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਦੁਨੀਆ ਵਿਚ ਸਭ ਤੋਂ ਪਹਿਲਾਂ ਮੈਸੋਪੋਟੇਮੀਆ ਅਤੇ ਮਿਸਰ ਵਾਸੀਆਂ ਨੇ ਇਤਰ ਬਣਾਉਣਾ ਸ਼ੁਰੂ ਕੀਤਾ। ਬਾਅਦ ਵਿਚ ਰੋਮਨ ਤੇ ਈਰਾਨੀ ਲੋਕਾਂ ਨੇ ਇਤਰ ਬਣਾਉਣ ਦੇ ਢੰਗ ਵਿਚ ਹੋਰ ਸੁਧਾਰ ਕਰਕੇ ਵਧੀਆ ਕਿਸਮ ਦਾ ਇਤਰ ਬਣਾਉਣਾ ਸਿੱਖ ਲਿਆ। ਪੁਰਾਤੱਤਵ ਵਿਗਿਆਨੀਆਂ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਇਤਰ ਸਾਈਪਰਸ ਦੇ ਪਾਇਰਗੋਸ ਸਥਾਨ ਤੋਂ ਖੁਦਾਈ ਸਮੇਂ ਇਕ ਪੁਰਾਤਨ ਇਤਰ ਬਣਾਉਣ ਵਾਲੀ ਫੈਕਟਰੀ ਵਿਚੋਂ ਮਿਲਿਆ ਹੈ, ਜੋ ਚਾਰ ਹਜ਼ਾਰ ਸਾਲ ਪੁਰਾਣਾ ਹੈ। ਚਾਰ ਹਜ਼ਾਰ ਵਰਗ ਮੀਟਰ ਵਿਚ ਫੈਲੀ ਇਸ ਫੈਕਟਰੀ ਵਿਚੋਂ ਇਤਰ ਬਣਾਉਣ ਲਈ ਵਰਤੇ ਜਾਂਦੇ ਬਰਤਨ ਤੇ ਉਪਕਰਨ ਵੀ ਮਿਲੇ ਹਨ। ਉਨ੍ਹਾਂ ਸਮਿਆਂ ਵਿਚ ਕਈ ਪ੍ਰਕਾਰ ਦੀਆਂ ਜੜ੍ਹੀਆਂ-ਬੂਟੀਆਂ, ਮਸਾਲਿਆਂ, ਫਲਾਂ ਅਤੇ ਫੁੱਲਾਂ ਦੇ ਸਤ ਤੋਂ ਇਤਰ ਤਿਆਰ ਕੀਤਾ ਜਾਂਦਾ ਸੀ।
ਪੁਰਾਤੱਤਵ ਵਿਗਿਆਨੀਆਂ ਨੂੰ ਖੋਜ ਸਮੇਂ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਭਾਰਤ ਵਾਸੀ ਵੀ ਹਜ਼ਾਰਾਂ ਸਾਲ ਪਹਿਲਾਂ ਇਤਰ ਬਣਾਉਣਾ ਜਾਣਦੇ ਸਨ। ਖੋਜੀਆਂ ਨੂੰ ਖੁਦਾਈ ਸਮੇਂ ਸਿੰਧ ਘਾਟੀ ਦੀ ਸਭਿਅਤਾ ਸਮੇਂ ਦੇ ਇਤਰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਦੇਗੇ ਮਿਲੇ ਹਨ, ਜੋ ਪੰਜ ਹਜ਼ਾਰ ਸਾਲ ਪੁਰਾਣੇ ਹਨ। ਕੁਝ ਮਰਤਬਾਨ ਅਤੇ ਚੀਨੀ ਮਿੱਟੀ ਦੀਆਂ ਬਣੀਆਂ ਸ਼ੀਸ਼ੀਆਂ ਵੀ ਲੱਭੀਆਂ ਹਨ, ਜਿਨ੍ਹਾਂ ਵਿਚ ਇਤਰ ਸਾਂਭ ਕੇ ਰੱਖਿਆ ਜਾਂਦਾ ਸੀ।
ਬਾਈਬਲ ਵਿਚ ਲਿਖਿਆ ਮਿਲਦਾ ਹੈ ਕਿ ਪੁਰਾਤਨ ਕਾਲ ਸਮੇਂ ਉਚ ਵਰਗ ਦੇ ਅਮੀਰ ਲੋਕ ਆਪਣੇ ਘਰਾਂ, ਪਹਿਨਣ ਵਾਲੇ ਕੱਪੜਿਆਂ, ਬਿਸਤਰਿਆਂ ਅਤੇ ਆਪਣੇ ਤਨ ਨੂੰ ਮਹਿਕਾਉਣ ਲਈ ਇਤਰ ਦੀ ਵਰਤੋਂ ਕਰਦੇ ਸਨ। ਇਤਰ ਬਣਾਉਣ ਲਈ ਉਨ੍ਹਾਂ ਸਮਿਆਂ ਵਿਚ ਕੁਆਰ ਗੰਦਲ, ਕਈ ਤਰ੍ਹਾਂ ਦੇ ਸੁਗੰਧਿਤ, ਖੁਸ਼ਬੂਦਾਰ ਤੇਲ, ਦਾਲ ਚੀਨੀ, ਸੌਂਫ ਅਤੇ ਹੋਰ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ।
ਆਈਨੇ ਅਕਬਰੀ ਵਿਚ ਅਬਲ ਫਜ਼ਲ ਲਿਖਦਾ ਹੈ ਕਿ ਅਕਬਰ ਨੂੰ ਇਤਰ ਬਹੁਤ ਪਸੰਦ ਸੀ ਤੇ ਉਹ ਹਰ ਰੋਜ਼ ਇਤਰ ਦੀ ਵਰਤੋਂ ਕਰਦਾ ਸੀ। ਸ਼ਾਹੀ ਹਰਮ ਦੀਆਂ ਬੇਗਮਾਂ ਤੇ ਸ਼ਹਿਜ਼ਾਦੀਆਂ ਵਿਚ ਅਸਾਮ ਦਾ ਬਣਿਆ ‘ਊਦ’ ਨਾਂ ਦਾ ਇਤਰ ਬਹੁਤ ਹੀ ਹਰਮਨ ਪਿਆਰਾ ਸੀ। ਹੈਦਰਾਬਾਦ ਦੇ ਨਿਜ਼ਾਮ ਜਾਸਮੀਨ ਇਤਰ ਦੇ ਬਹੁਤ ਸ਼ੁਕੀਨ ਸਨ। ਇਤਰ ਨੂੰ ਬਲੌਰੀ ਸ਼ੀਸ਼ੇ ਦੀਆਂ ਖੂਬਸੂਰਤ ਸ਼ੀਸ਼ੀਆਂ ਵਿਚ ਪਾ ਕੇ ਰੱਖਿਆ ਜਾਂਦਾ ਸੀ, ਜਿਨ੍ਹਾਂ ਨੂੰ ਇਤਰਦਾਨੀ ਜਾਂ ਇਤਰਦਾਨ ਕਿਹਾ ਜਾਂਦਾ ਸੀ। ਇਤਰ ਵੇਚਣ ਵਾਲਿਆਂ ਨੂੰ ਇਤਰ ਫਰੋਸ਼, ਗਾਂਧੀ ਜਾਂ ਅਤਾਰ ਕਹਿੰਦੇ ਸਨ। ਵਾਰਿਸ ਸ਼ਾਹ ਆਪਣੇ ਪ੍ਰਸਿੱਧ ਕਿੱਸੇ ਹੀਰ ਵਿਚ ਲਿਖਦਾ ਹੈ :
ਅਤਰ ਲੱਗਸੀ ਉਨ੍ਹਾਂ ਦੇ ਲੀੜਿਆਂ ਨੂੰ,
ਜੋ ਸੋਹਬਤੀ ਹੋਣ ਅਤਾਰ ਦੇ ਸੀ…
ਉਨ੍ਹਾਂ ਸਮਿਆਂ ਵਿਚ ਮੋਤੀਆ, ਗੇਂਦਾ, ਕੇਵੜਾ, ਮਹਿੰਦੀ ਦੇ ਫੁੱਲ, ਕੰਵਲ ਦੇ ਗੁਲਾਬੀ, ਨੀਲੇ ਅਤੇ ਚਿੱਟੇ ਫੁੱਲਾਂ ਤੋਂ ਇਤਰ ਤਿਆਰ ਕੀਤਾ ਜਾਂਦਾ ਸੀ। ਫੁੱਲਾਂ ਤੋਂ ਤਿਆਰ ਕੀਤੇ ਇਸ ਇਤਰ ਨੂੰ ਫੁਲੇਲ ਵੀ ਕਿਹਾ ਜਾਂਦਾ ਸੀ। ਦੌਲਤ ਰਾਮ ਆਪਣੇ ਕਿੱਸੇ ਰੂਪ ਬਸੰਤ ਵਿਚ ਲਿਖਦਾ ਹੈ :
ਵਹਿਦਤ ਫੁੱਲ ਦੀ ਜਿਨ੍ਹਾਂ ਨੂੰ ਹੁੱਲ ਆਈ,
ਉਨ੍ਹਾਂ ਅਤਰ-ਫੁਲੇਲ ਲਗਾਵਣਾ ਕੀ…
ਜਿਹੜਾ ਇਤਰ ਮੁਸਲਮਾਨ ਵਰਤਦੇ ਸਨ ਉਸ ਵਿਚ ਅਲਕੋਹਲ ਨਹੀਂ ਸੀ ਹੁੰਦੀ। ਕੇਸਰ ਤੇ ਅਗਰ ਦੀ ਲੱਕੜੀ ਤੋਂ ਵਿਸ਼ੇਸ਼ ਪ੍ਰਕਾਰ ਦਾ ਕੀਮਤੀ ਇਤਰ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਉਚ ਵਰਗ ਦੇ ਅਮੀਰ ਲੋਕ ਵਰਤਦੇ ਸਨ।
ਗੁਲਾਬ ਦਾ ਇਤਰ ਪੁਰਾਣੇ ਸਮਿਆਂ ਤੋਂ ਹੀ ਹਰਮਨ ਪਿਆਰਾ ਰਿਹਾ ਹੈ। ਭਾਰਤ ਵਿਚ ਗੁਲਾਬ ਦੇ ਇਤਰ ਦੀ ਖੋਜ ਦਾ ਸਿਹਰਾ ਨੂਰ ਜਹਾਂ ਦੇ ਸਿਰ ਬੰਨ੍ਹਿਆ ਜਾਂਦਾ ਹੈ। ਨੂਰ ਜਹਾਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਚਹੇਤੀ ਬੇਗਮ ਸੀ ਜੋ ਅਤਿਅੰਤ ਸੋਹਣੀ ਸੀ। ਉਹ ਹਰ ਰੋਜ਼ ਦਿਲਕੁਸ਼ਾ ਬਾਗ ਵਿਚ ਬਣੇ ਸ਼ਾਹੀ ਹੌਜਾਂ ਵਿਚ ਗੁਲਾਬ ਦਾ ਅਰਕ ਭਰਵਾ ਕੇ ਬਾਦਸ਼ਾਹ ਦੇ ਨਾਲ ਨਹਾਉਂਦੀ ਤੇ ਅਠਖੇਲੀਆਂ ਕਰਦੀ। ਇਕ ਦਿਨ ਜਹਾਂਗੀਰ ਤੇ ਨੂਰ ਜਹਾਂ ਹੌਜ ਦੇ ਕਿਨਾਰੇ ਉਤੇ ਖੜ੍ਹੇ ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਹੇ ਸਨ, ਅਸਮਾਨ ਨਿੱਖਰਿਆ ਹੋਇਆ ਸੀ ਤੇ ਮੱਠੀ-ਮੱਠੀ ਧੁੱਪ ਵਾਤਾਵਰਨ ਨੂੰ ਨਿੱਘਾ ਕਰਕੇ ਖੁਸ਼ਗਵਾਰ ਬਣਾ ਰਹੀ ਸੀ। ਅਚਾਨਕ ਨੂਰ ਜਹਾਂ ਨੇ ਹੌਜ ਦੇ ਪਾਣੀ ਵੱਲ ਦੇਖਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਹੌਜ ਦੇ ਕਿਨਾਰਿਆਂ ‘ਤੇ ਧੁੱਪ ਦੀ ਗਰਮੀ ਨਾਲ ਪਾਣੀ ਵਿਚੋਂ ਝੱਗ ਦੇ ਦਿਲਕਸ਼ ਬੁਲਬੁਲੇ ਬਣ-ਬਣ ਕੇ ਨਿਕਲ ਰਹੇ ਸਨ। ਨੂਰ ਜਹਾਂ ਅੱਗੇ ਵਧੀ ਤੇ ਉਸ ਨੇ ਆਪਣੀ ਨਾਜ਼ੁਕ ਉਂਗਲ ਨੂੰ ਇਨ੍ਹਾਂ ਬੁਲਬੁਲਿਆ ਨਾਲ ਛੂਹ ਕੇ ਸੁੰਘਿਆ ਤਾਂ ਇਕ ਮਨਮੋਹਕ ਸੁਗੰਧੀ ਨੇ ਉਸ ਨੂੰ ਮਧਹੋਸ਼ ਕਰ ਦਿੱਤਾ। ਇਸ ਤਰ੍ਹਾਂ ਅਚਾਨਕ ਹੀ ਉਹ ਗੁਲਾਬ ਦੇ ਇਤਰ ਤੋਂ ਜਾਣੂ ਹੋ ਗਈ। ਫਿਰ ਉਸ ਨੇ ਗੁਲਾਬ ਦੀਆਂ ਪੱਤੀਆਂ ਤੋਂ ਗੁਲਾਬ ਦਾ ਇਤਰ ਬਣਾਉਣ ਦੀ ਵਿਧੀ ਵੀ ਸਿੱਖ ਲਈ। ਹੌਲੀ-ਹੌਲੀ ਭਾਰਤ ਵਿਚ ਵੱਡੇ ਪੈਮਾਨੇ ‘ਤੇ ਗੁਲਾਬ ਦਾ ਇਤਰ ਤਿਆਰ ਹੋਣ ਲੱਗਾ।
ਅੱਜਕੱਲ੍ਹ ਬੁਲਗਾਰੀਆ ਦੁਨੀਆ ਭਰ ਵਿਚ ਵਧੀਆ ਕਿਸਮ ਦੇ ਗੁਲਾਬ ਦੇ ਇਤਰ ਲਈ ਮਸ਼ਹੂਰ ਹੈ। ਇਸ ਦੀਆਂ ਪਹਾੜੀਆਂ ਦੇ ਵਿਚਕਾਰ ਵਿਸ਼ਾਲ ਕੁਦਰਤੀ ਘਾਟੀਆਂ ਵਿਚ ਰੋਸਾ ਦਮਾਸਸੇਨਾ ਨਾਂ ਦੇ ਖਾਸ ਕਿਸਮ ਦੇ ਫੁੱਲਾਂ ਦੀ ਵੱਡੇ ਪੱਧਰ ‘ਤੇ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਘਾਟੀਆਂ ਦਾ ਵਾਤਾਵਰਨ ਗੁਲਾਬ ਦੀ ਪੈਦਾਵਾਰ ਲਈ ਬੇਹੱਦ ਢੁਕਵਾਂ ਤੇ ਅਨੁਕੂਲ ਹੈ। ਇਸ ਇਲਾਕੇ ਵਿਚ ਬਣੀਆਂ ਅਰਕ ਕੱਢਣ ਵਾਲੀਆਂ ਭੱਠੀਆਂ ਰਵਾਇਤੀ ਵਿਧੀ ਨਾਲ ਤਾਂਬੇ ਦੇ ਵੱਡੇ-ਵੱਡੇ ਭਾਂਡਿਆਂ ਦੀ ਵਰਤੋਂ ਕਰਕੇ ਗੁਲਾਬ ਦੀਆਂ ਪੱਤੀਆਂ ਵਿਚੋਂ ਅਰਕ ਕੱਢਦੀਆਂ ਹਨ। ਗੁਲਾਬ ਦੇ ਇਸ ਅਰਕ ਨੂੰ ‘ਤਰਲ ਸੋਨਾ’ ਕਿਹਾ ਜਾਂਦਾ ਹੈ, ਜੋ ਸੋਨੇ ਤੋਂ ਤਿੰਨ ਗੁਣਾ ਮਹਿੰਗਾ ਵਿਕਦਾ ਹੈ। ਇਸ ਅਰਕ ਦੀ ਦੁਨੀਆ ਦੇ ਸਾਰੇ ਮਸ਼ਹੂਰ ਤੇ ਹਰਮਨ ਪਿਆਰੇ ਇਤਰਾਂ ਵਿਚ ਵਰਤੋਂ ਕੀਤੀ ਜਾਂਦੀ ਹੈ। ਲਗਭਗ ਪੌਣੇ ਦੋ ਸੌ ਗੁਲਾਬ ਦੇ ਫੁੱਲਾਂ ਵਿਚੋਂ ਹਲਕੇ, ਪੀਲੇ, ਸੁਨਹਿਰੀ ਅਰਕ ਦੀ ਸਿਰਫ ਇਕ ਬੂੰਦ ਨਿਕਲਦੀ ਹੈ। ਅਠਾਈ ਗਰਾਮ ਅਰਕ ਪ੍ਰਾਪਤ ਕਰਨ ਲਈ ਇਕ ਸੌ ਤੋਰਾਂ ਕਿਲੋਗਰਾਮ ਗੁਲਾਬ ਦੀਆਂ ਪੱਤੀਆਂ ਨੂੰ ਕਸ਼ੀਦ ਕਰਨਾ ਪੈਂਦਾ ਹੈ। ਇਸ ਕੀਮਤੀ ਅਰਕ ਨੂੰ ਬੜੀ ਹਿਫਾਜ਼ਤ ਨਾਲ ਸਾਂਭਿਆ ਜਾਂਦਾ ਹੈ।
ਪਹਿਲੇ ਸਮਿਆਂ ਵਿਚ ਉਤਰ ਪ੍ਰਦੇਸ਼ ਦਾ ਸ਼ਹਿਰ ਕਨੌਜ ਚੰਦਨ ਦੀ ਲੱਕੜੀ ਤੋਂ ਤਿਆਰ ਕੀਤੇ ਜਾਣ ਵਾਲੇ ਇਤਰ ਲਈ ਦੁਨੀਆ ਭਰ ਵਿਚ ਪ੍ਰਸਿੱਧ ਸੀ। ਲੋਕ ਕਨੌਜ ਦੇ ਬਣੇ ਇਤਰ ਦੇ ਦੀਵਾਨੇ ਸਨ। ਹੌਲੀ-ਹੌਲੀ ਸਮੇਂ ਨੇ ਕਰਵਟ ਬਦਲੀ ਤੇ ਕਨੌਜ ਦਾ ਇਤਰ ਉਦਯੋਗ ਢਹਿੰਦੀਆਂ ਕਲਾਂ ਵੱਲ ਜਾਣ ਲੱਗਾ। ਕੇਂਦਰ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਤਰ ਦਾ ਵਪਾਰ ਘਟ ਕੇ ਤੀਜਾ ਹਿੱਸਾ ਰਹਿ ਗਿਆ। ਇਤਰ ਤਿਆਰ ਕਰਨ ਵਾਲੀਆਂ ਲਗਭਗ ਨੱਬੇ ਪ੍ਰਤੀਸ਼ਤ ਫੈਕਟਰੀਆਂ ਨੂੰ ਤਾਲੇ ਲੱਗ ਪਏ ਹਨ ਪਰ ਹੁਕਮਰਾਨਾਂ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ।
ਆਧੁਨਿਕ ਇਤਰ ਉਨੀਵੀਂ ਸਦੀ ਦੇ ਅਖੀਰ ਤੋਂ ਹੀ ਬਣਨੇ ਤੇ ਵਰਤਣੇ ਸ਼ੁਰੂ ਹੋਏ ਹਨ। ਅੱਜ ਕੱਲ੍ਹ ਅਨੇਕਾਂ ਕਿਸਮਾਂ ਦੇ ਇਤਰ ਬਜ਼ਾਰ ਵਿਚ ਵਿਕ ਰਹੇ ਹਨ। ਇਤਰ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਉਤਪਾਦ ਬਣਾਉਣ ਦੇ ਢੰਗ ਤਰੀਕਿਆਂ ਨੂੂੰ ਬਹੁਤ ਹੀ ਗੁਪਤ ਰੱਖਦੀਆਂ ਹਨ ਤੇ ਭਾਫ ਨਹੀਂ ਨਿਕਲਣ ਦਿੰਦੀਆਂ। ਇਹ ਕੰਪਨੀਆਂ ਆਪੋ ਆਪਣੇ ਉਤਪਾਦਾਂ ਨੂੰ ਵੱਧ ਤੋਂ ਵੱਧ ਹਰਮਨ ਪਿਆਰਾ ਤੇ ਆਕਰਸ਼ਕ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੀਆਂ ਹਨ। ਉਹ ਆਪਣੇ ਤਿਆਰ ਕੀਤੇ ਹੋਏ ਇਤਰਾਂ ਦੀ ਇਸ਼ਤਿਹਾਰਬਾਜ਼ੀ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੀਆਂ ਹਨ ਕਿ ਗਾਹਕ ਧੜਾ ਧੜ ਉਨ੍ਹਾਂ ਦੇ ਉਤਪਾਦ ਨੂੰ ਖਰੀਦ ਲੈਂਦੇ ਹਨ। ਔਰਤਾਂ ਵਿਚ ਇਤਰ ਪ੍ਰਤੀ ਕੁਝ ਜ਼ਿਆਦਾ ਹੀ ਖਿੱਚ ਹੁੰਦੀ ਹੈ ਤੇ ਉਹ ਮਰਦਾਂ ਦੇ ਮੁਕਾਬਲੇ ਇਤਰ ਦਾ ਵੱਧ ਉਪਯੋਗ ਕਰਦੀਆਂ ਹਨ।
ਅੱਜ ਕੱਲ੍ਹ ਇਤਰ ਬਣਾਉਣ ਲਈ ਪੌਦਿਆਂ ਤੇ ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਵੱਡੇ ਪੈਮਾਨੇ ‘ਤੇ ਵਰਤਿਆ ਜਾਂਦਾ ਹੈ :
(ੳ) ਛਿਲਕਾ ਜਾਂ ਸੱਕ : ਜਿਵੇਂ : ਇਲਾਇਚੀ, ਕਾਸਕਾਰਿਲਾ ਸੈਂਸਾਫਰਾਸ ਦੀ ਜੜ੍ਹ ਦਾ ਛਿਲਕਾ।
(ਅ) ਫੁੱਲ, ਕਲੀਆਂ ਤੇ ਡੋਡੀਆਂ : ਜਿਵੇਂ : ਗੁਲਾਬ, ਜਾਸਮੀਨ, ਪਲੱਮੇਰੀਆ ਮੀਮੋਸਾ, ਲੌਂਗ।
(ੲ) ਫਲ : ਸੰਤਰਾ, ਨਿੰਬੂ, ਗਰੇਪ ਫਰੂਟ, ਬਰਗਾਮੋਟ ਆਦਿ। ਔਰਤਾਂ ਵਲੋਂ ਵਰਤੇ ਜਾਂਦੇ ਇਕ ਤਿਹਾਈ ਇਤਰਾਂ ਵਿਚ ਤੇ ਮਰਦਾਂ ਦੇ ਅੱਧੇ ਇਤਰਾਂ ਨੂੰ ਬਣਾਉਣ ਲਈ ਬਰਗਾਮੋਟ ਦਾ ਸਤ ਵਰਤਿਆ ਜਾਂਦਾ ਹੈ। ਇਤਰ ਬਣਾਉਣ ਲਈ ਬਰਗਾਮੋਟ ਦੇ ਫਲ ਦੇ ਸਤ ਦੀ ਸਾਰੇ ਫੁੱਲਾਂ ਦੇ ਸਤਾਂ ਨਾਲੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ :
(ਸ) ਪੱਤੇ : ਜਿਵੇਂ ਲਵੇਂਡਰ ਦੇ ਪੱਤੇ।
(ਹ) ਜੜ੍ਹਾਂ : ਜਿਵੇਂ ਅਦਰਕ ਪਰਿਵਾਰ ਦੇ ਪੌਦਿਆਂ ਦੀਆਂ ਜੜ੍ਹਾਂ, ਵਿਟੀਵਰ ਦੀਆਂ ਜੜ੍ਹਾਂ।
(ਕ) ਬੀਜ : ਜਿਵੇਂ ਗਾਜਰਾਂ, ਧਨੀਆਂ, ਇਲਾਇਚੀ, ਸੌਂਫ, ਜਵੈਣ, ਜਾਇਫਲ, ਕੋਕੋਆ ਆਦਿ ਦੇ ਬੀਜ।
(ਖ) ਲੱਕੜੀ : ਜਿਵੇਂ ਸੰਦਲ, ਗੁਲਾਬ, ਅਗਰ, ਭੋਜ ਪੱਤਰ, ਦਿਓਦਾਰ, ਚੀਲ ਆਦਿ ਦੀ ਲੱਕੜੀ।
ਪਸ਼ੂਆਂ ਅਤੇ ਜਾਨਵਰਾਂ ਤੋਂ ਵੀ ਵਧੀਆ ਕਿਸਮ ਦਾ ਇਤਰ ਤਿਆਰ ਕੀਤਾ ਜਾਂਦਾ ਹੈ ਜਿਵੇਂ ਉਤਰੀ ਅਮਰੀਕਾ ਦਾ ਬੀਵਰ, ਸਪਰਮ ਵੇਲ ਤੋਂ ਐਮਬਰਗਰਿਸ ਦਾ ਪਦਾਰਥ ਪ੍ਰਾਪਤ ਕੀਤਾ ਜਾਂਦਾ ਹੈ। ਅਫਰੀਕਾ ਵਿਚ ਮਿਲਣ ਵਾਲੇ ਬਿੱਲੀ ਦੀ ਸ਼ਕਲ ਵਾਲੇ ਸਵਿਟ ਨਾਂ ਦੇ ਥਣਧਾਰੀ ਜੀਵ ਦੇ ਗਲੈਂਡ ਤੋਂ ਵਧੀਆ ਕਿਸਮ ਦਾ ਇਤਰ ਤਿਆਰ ਕੀਤਾ ਜਾਂਦਾ ਹੈ।
ਸਮੁੰਦਰ ਵਿਚੋਂ ਮਿਲਣ ਵਾਲੀਆਂ ਅਨੇਕਾਂ ਪ੍ਰਕਾਰ ਦੀਆਂ ਜੜ੍ਹੀਆਂ ਬੂਟੀਆਂ ਨੂੰ ਵੀ ਇਤਰ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।
ਪੁਰਾਣੇ ਸਮਿਆਂ ਵਿਚ ਵਿਆਹੀ ਹੋਈ ਉਸ ਮੁਟਿਆਰ ਨੂੰ ਸੰਪੂਰਨ ਮੰਨਿਆ ਜਾਂਦਾ ਸੀ, ਜਿਸ ਨੇ ਸੋਲ੍ਹਾਂ ਸ਼ਿੰਗਾਰ ਕੀਤੇ ਹੋਣ। ਸੋਲ੍ਹਾਂ ਸ਼ਿੰਗਾਰ ਕਰਨ ਲਈ ਸੁਹਾਗਣ ਮੁਟਿਆਰਾਂ ਪੈਰਾਂ ਦੇ ਨਹੁੰਆਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਸਭ ਅੰਗਾਂ ਦੀ ਸਜਾਵਟ ਕਰਦੀਆਂ ਸਨ। ਇਨ੍ਹਾਂ ਸੋਲ੍ਹਾਂ ਸ਼ਿੰਗਾਰਾਂ ਵਿਚ ਇਤਰ-ਫੁਲੇਲ ਨੂੰ ਵੀ ਮਹੱਤਵਪੂਰਨ ਸਥਾਨ ਪ੍ਰਾਪਤ ਸੀ। ਆਪਣੇ ਤਨ ਨੂੰ ਮਹਿਕਾਉਣ ਲਈ ਉਹ ਇਤਰ-ਫੁਲੇਲ ਦੀ ਵਰਤੋਂ ਕਰਦੀਆਂ ਸਨ :
ਰਾਜ ਦੁਆਰੇ ਬਹਿ ਗਈ ਰਾਜੋ, ਰੱਤਾ ਪੀੜ੍ਹਾ ਡਾਹ ਕੇ,
ਕਿਉੜਾ ਛਿੜਕ ਲਿਆ ਆਸੇ ਪਾਸੇ, ਅਤਰ ਫੁਲੇਲ ਰਮਾ ਕੇ,
ਸੱਗੀ ਤੇ ਫੁੱਲ ਬਘਿਆੜੀ ਸੋਂਹਦੇ, ਰਖੇ ਬਿੰਦੀ ਚਮਕਾ ਕੇ,
ਕੰਨਾਂ ਦੇ ਵਿਚ ਸਜਣ ਕੋਕਰੂ, ਰੱਖੇ ਵਾਲਿਆਂ ਨੂੰ ਲਿਸ਼ਕਾ ਕੇ,
ਬਾਹਾਂ ਦੇ ਵਿਚ ਸਜਦਾ ਚੂੜਾ, ਛਾਪਾਂ ਰੱਖੇ ਸਜਾ ਕੇ,
ਪੈਰਾਂ ਦੇ ਵਿਚ ਸਜਣ ਪਟੜੀਆਂ, ਵੇਖ ਲਓ ਮਨ ਚਿੱਤ ਲਾ ਕੇ, ਨਮੀਂ ਵਿਆਹੁਲੀ ਨੂੰ ਸਭ ਦੇਖਣ ਘੁੰਡ ਚੁਕਾ ਕੇ …
ਕੋਈ ਸ਼ੁਕੀਨ ਤੇ ਆਸ਼ਕ ਮਿਜਾਜ਼ ਮੁਟਿਆਰ ਹਮੇਸ਼ਾ ਆਪਣੇ ਕੋਲ ਇਤਰ ਦੀ ਸ਼ੀਸ਼ੀ ਰੱਖਦੀ :
ਘਰੋਂ ਤਾਂ ਆਈ ਕੁੜੀ ਕੱਤਣ ਤੁੰਬਣ,
ਕੰਧਾਂ ਕੋਠੇ ਟੱਪਦੀ,
ਹੱਥ ਵਿਚ ਉਹਦੇ ਸ਼ੀਸ਼ਾ ਕੰਘੀ,
ਅਤਰ ਜੇਬ ਵਿਚ ਰੱਖਦੀ,
ਆਵਦੇ ਮਾਪਿਆਂ ਦੀ,
ਨਿੱਤ ਬਦਨਾਮੀ ਖੱਟਦੀ…
ਕੋਈ ਕੁੜੀ ਬਣ ਠਣ ਕੇ, ਇਤਰ ਲਾ ਕੇ ਖੂਹ ਤੋਂ ਪਾਣੀ ਭਰਨ ਜਾਂਦੀ ਤਾਂ ਇਤਰ ਦੀ ਖੁਸ਼ਬੂ ਨਾਲ ਪਿੰਡ ਦੀਆਂ ਗਲੀਆਂ ਮਹਿਕ ਉਠਦੀਆਂ :
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਗੜ੍ਹਦੀ,
ਗੜ੍ਹਦੀ ਦੀ ਇਕ ਕੁੜੀ ਸੁਣੀਂਦੀ,
ਖੂਹ ਤੋਂ ਪਾਣੀ ਭਰਦੀ,
ਇਤਰ ਛਿੜਕ ਕੇ ਤੁਰ ਪਈ ਪਾਣੀ ਨੂੰ,
ਪਾ ਕੇ ਸੁਨਹਿਰੀ ਵਰਦੀ,
ਤੁਰਦੀ ਦਾ ਲੱਕ ਝੂਟੇ ਖਾਵੇ,
ਬੋਚ-ਬੋਚ ਪੱਬ ਧਰਦੀ,
ਜੁੱਤੀ ਉਹਦੀ ਮਖਮਲ ਦੀ,
ਦਾਗ ਲੱਗਣ ਤੋਂ ਡਰਦੀ…
ਪਹਿਲੇ ਸਮਿਆਂ ਵਿਚ ਕੁੜੀ ਦੇ ਵਿਆਹ ਸਮੇਂ ਅਨੰਦ-ਕਾਰਜ ਹੋ ਜਾਣ ਪਿੱਛੋਂ ਦੁਪਹਿਰ ਦੀ ਰੋਟੀ ਸਮੇਂ ‘ਜੰਨ-ਬੰਨਣ’ ਦੀ ਰਸਮ ਕੀਤੀ ਜਾਂਦੀ ਸੀ। ਜਦੋਂ ਭੋਜਨ ਪਰੋਸ ਦਿੱਤਾ ਜਾਂਦਾ ਤਾਂ ਕੋਈ ਮੇਲਣ ਕੁਝ ਕਾਵਿ-ਸਤਰਾਂ ਗਾ ਕੇ ਬਰਾਤੀਆਂ ਨੂੰ ਰੋਟੀ ਖਾਣ ਤੋਂ ਵਰਜ ਦਿੰਦੀ, ਜਿਸ ਨੂੰ ‘ਜੰਨ ਬੰਨ੍ਹਣੀ’ ਕਿਹਾ ਜਾਂਦਾ ਸੀ। ਇਸ ਬਰਾਤ ਨਾਲ ਆਇਆ ਕੋਈ ਕਵੀਸ਼ਰ ਖੜ੍ਹਾ ਹੋ ਜਾਂਦਾ ਤੇ ਜੰਨ ਗਾ ਕੇ ਜੰਨ ਛੁਡਾਉਣ ਦੀ ਰਸਮ ਨਿਭਾਉਂਦਾ :
ਛੁੱਟ ਗਏ ਤਵੀਤ ਵਿਚ ਡੋਰਾਂ ਕਾਲੀਆਂ,
ਛੁੱਟ ਗਈਆਂ ਸ਼ੀਸ਼ੀਆਂ ਫੁਲੇਲ ਵਾਲੀਆਂ…
ਜੰਨ ਛੁਡਾਉਣ ਉਪਰੰਤ ਜਿਉਂ ਹੀ ਜਾਨੀ ਰੋਟੀ ਖਾਣ ਲੱਗਦੇ ਤਾਂ ਔਰਤਾਂ ਕਰਾਰੀਆਂ-ਕਰਾਰੀਆਂ ਸਿੱਠਣੀਆਂ ਦੇ ਕੇ ਉਨ੍ਹਾਂ ਨੂੰ ਠਿੱਠ ਕਰਨਾ ਸ਼ੁਰੂ ਕਰ ਦਿੰਦੀਆਂ :
ਲਾ-ਲਾ ਅਤਰ ਫੁਲੇਲ ਰਕਾਨਾ,
ਖੜ੍ਹੀਆਂ ਬੰਨ੍ਹ-ਬੰਨ੍ਹ ਟੋਲੇ।
ਸਿੱਠਣੀਆਂ ਦੇ ਵਾਰ ਕਰਦੀਆਂ,
ਘੁੰਡ ਦੇ ਕਰ ਕਰ ਉਹਲੇ। (ਬਚਨ ਬੇਦਿਲ)
ਮੁੰਡੇ ਜਾਂ ਕੁੜੀ ਦੇ ਵਿਆਹ ਸਮੇਂ ਪਾਏ ਜਾਣ ਵਾਲੇ ਗਿੱਧੇ ਨੂੰ ਵਿਆਹੁਲਾ ਗਿੱਧਾ ਕਿਹਾ ਜਾਂਦਾ ਹੈ। ਕਿਸੇ ਵਿਆਹ ਵਿਚ ਆਈਆਂ ਮੇਲਣਾਂ ਹਾਰ-ਸ਼ਿੰਗਾਰ ਕਰਕੇ, ਇਤਰ-ਫੁਲੇਲ ਲਾ ਕੇ ਗਿੱਧੇ ਵਿਚ ਨੱਚਣ ਲਈ ਤਿਆਰ ਹੋ ਜਾਂਦੀਆਂ। ਲਾਲ ਸਿੰਘ ਆਪਣੀ ਪੱਤਲ ਵਿਚ ਲਿਖਦਾ ਹੈ :
ਗੁਰਦਿਆਲ ਕੌਰ ਤੇ ਜੰਗੀਰ ਕੌਰ, ਹਰਨਾਮੀ,
ਹਰਮੇਲ ਕੌਰ ਅੱਖੀਂ ਸੁਰਮੇ ਨੂੰ ਪਾਉਂਦੀਆਂ,
ਤਨ ਉਤੇ ਅਤਰ ਫੁਲੇਲ ਮਲ ਲਾਲ ਸਿੰਘਾ,
ਗੁਰਦੇਵ ਕੌਰ ਕੋਲ ਬੈਠ ਮਤਾ ਇਹ ਪਕਾਉਂਦੀਆਂ …
ਕੋਈ ਛੈਲ ਛਬੀਲੀ, ਰੂਪਮਤੀ, ਹਸਮੁੱਖ ਮੇਲਣ ਸਜ-ਧਜ ਕੇ ਗਿੱਧੇ ਵਿਚ ਸ਼ਾਮਲ ਹੁੰਦੀ ਤੇ ਦਿਲ ਖੋਲ੍ਹ ਕੇ ਨੱਚਦੀ :
ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ,
ਅਤਰ-ਫਲੇਲ ਲਗਾਵੇ,
ਗਿੱਧੇ ਵਿਚ ਉਹ ਹੱਸ-ਹੱਸ ਆਵੇ,
ਮਹੀਂਵਾਲ, ਮਹੀਂਵਾਲ ਗਾਵੇ,
ਸੋਹਣੀ ਦੀ ਠੋਡੀ ਤੇ, ਮੱਛਲੀ ਹੁਲਾਰੇ ਖਾਵੇ…
ਕੋਈ ਸ਼ੁਕੀਨ ਮੁਟਿਆਰ ਪੂਰੀ ਤਿਆਰੀ ਖਿੱਚ ਕੇ ਬੜੇ ਚਾਅ ਨਾਲ ਗਿੱਧੇ ਵਿਚ ਨੱਚਣ ਲਈ ਆਉਂਦੀ : ਸਿਰ ਗੁੰਦ ਕੇ ਕੀਤੀ ਤਿਆਰੀ,
ਅਤਰ ਫੁਲੇਲ ਲਗਾਵੇ,
ਪਹਿਨ ਪੁਸ਼ਾਕਾਂ ਆਈ ਗਿੱਧੇ ਵਿਚ,
ਨੱਚਦੀ ਅੱਡੀ ਨਾ ਲਾਵੇ,
ਨੱਚਦੀ ਸ਼ਾਮੋਂ ਤੋਂ, ਚਾਅ ਚੁੱਕਿਆ ਨਾ ਜਾਵੇ…
ਕਿਸੇ ਪੁੱਤ ਵਾਲੇ ਘਰ ਜਦੋਂ ਡੋਲੀ ਪਹੁੰਚਦੀ ਤਾਂ ਮੇਲਣਾਂ ਤੇ ਸ਼ਰੀਕੇ ਕਬੀਲੇ ਦੀਆਂ ਔਰਤਾਂ ਡੋਲੇ ਦੇ ਸੁਆਗਤ ਦੇ ਗੀਤ ਗਾਉਂਦੀਆਂ। ਲਾੜੀ ਬਹੂ ਦੀ ਜਠਾਣੀ ਉਸ ਨੂੰ ਸਹਾਰਾ ਦੇ ਕੇ ਰੱਥ ਵਿਚੋਂ ਉਤਾਰਦੀ ਤਾਂ ਲਾੜੇ ਦੀ ਭੈਣ ਆਪਣੀ ਸੁਰੀਲੀ ਆਵਾਜ਼ ਵਿਚ ਲੰਮੀ ਹੇਠ ਲਾ ਕੇ ਹੇਅਰਾ ਗਾਉਂਦੀ :
ਨੀ ਡੱਬੀਏ ਚਿੱਤਮ ਚਿੱਤੀਏ,
ਨੀ ਕੋਈ ਭਰੀਏ ਅਤਰ ਫੁਲੇਲ,
ਸਾਡਾ ਵੀਰਨ ਫੁੱਲ ਗੁਲਾਬ ਦਾ,
ਨੀ ਕੋਈ ਭਾਬੋ ਨਾਗਰ ਦੀ,
ਵੇ ਅਨਤੋ ਪਿਆਰਿਆ ਵੇ-ਵੇਲ…
ਪੰਜਾਬੀ ਲੋਕ ਸਾਹਿਤ ਵਿਚ ਅਨੇਕਾਂ ਲੋਕ ਅਖਾਣ ਪ੍ਰਚਲਿਤ ਹਨ। ਇਨ੍ਹਾਂ ਵਿਚ ਕੁਝ ਅਜਿਹੇ ਅਖਾਣ ਵੀ ਹਨ ਜੋ ਪੰਜਾਬ ਦੇ ਇਤਿਹਾਸਕ ਪੱਖ ਨੂੰ ਉਜਾਗਰ ਕਰਦੇ ਹਨ।
ਅਜਿਹਾ ਹੀ ਨਿਮਨ ਲਿਖਤ ਅਖਾਣ ਹੈ ਜਿਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਹੈ :
ਬੁੱਧ ਸਿੰਘ ਦੀ ਬੁੱਧ ਗਈ, ਅਤਰ ਦੀ ਗਈ ਖੁਸ਼ਬੋ।
ਲਹਿਣਿਓਂ ਹੁਣ ਦੇਣਾ ਆਇਆ, ਅੱਲਾ ਕਰੇ ਸੋ ਹੋ।
ਸੁਪਾਰੀ, ਪਾਨ ਮਸਾਲਾ ਅਤੇ ਗੁਟਕਾ ਬਨਾਉਣ ਵਾਲੇ ਕਾਰਖਾਨਿਆਂ ਵਿਚ ਇਤਰ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾਂਦੀ ਹੈ।
ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਵੀ ਇਤਰ ਦੀ ਕਾਫੀ ਵਰਤੋਂ ਹੁੰਦੀ ਹੈ। ਕੇਵੜੇ ਤੇ ਗੁਲਾਬ ਦੇ ਇਤਰ ਨੂੂੰ ਭਾਰਤੀ ਮਠਿਆਈਆਂ ਨੂੰ ਖੁਸ਼ਬੂਦਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਚੋਰੀ ਛੁਪੇ ਸ਼ਰਾਬ ਪੀਣ ਦੇ ਸ਼ੁਕੀਨ ਵਿਅਕਤੀ ਸ਼ਰਾਬ ਦੀ ਗੰਧ ਨੂੰ ਲੁਕਾਉਣ ਲਈ ਇਤਰ ਦੀ ਵਰਤੋਂ ਕਰਦੇ ਹਨ।
ਜਾਦੂ-ਟੂਣਿਆਂ, ਧਾਗੇ-ਤਵੀਤਾਂ ਵਿਚ ਯਕੀਨ ਰੱਖਣ ਵਾਲੇ ਕਈ ਅੰਧ ਵਿਸ਼ਵਾਸੀ ਆਸ਼ਕ ਕਿਸੇ ਕੁੜੀ ਨੂੰ ਆਪਣੇ ਵੱਸ ਵਿਚ ਕਰਨ ਲਈ ਕਿਸੇ ਸਿਆਣੇ ਤੋਂ ਉੱਲੂ ਦੇ ਲਹੂ ਨਾਲ ਤਵੀਤ ਲਿਖਵਾ ਕੇ, ਉਸ ਉਤੇ ਇਤਰ ਛਿੜਕ ਕੇ ਫਲਾਹੀ ਦੇ ਦਰੱਖਤ ਦੀ ਟੀਸੀ ਉਤੇ ਬੰਨ੍ਹ ਦਿੰਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਉਂ-ਜਿਉਂ ਹਵਾ ਵਗਦੀ ਹੈ, ਤਿਉਂ-ਤਿਉਂ ਕੁੜੀ ਦੇ ਕਾਲਜੇ ਹੌਲ ਪੈਣ ਲੱਗਦੇ ਹਨ ਤੇ ਉਹ ਅਲਕ ਵਛੇਰੀ ਵਾਂਗ ਦੌੜੀ ਆਸ਼ਕ ਕੋਲ ਆ ਜਾਂਦੀ ਹੈ।
ਮਹਿਕਾਂ ਵੰਡਣ ਵਾਲੇ ਇਤਰ ਦੇ ਅਨੇਕਾਂ ਬੂਰੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ। ਇਤਰ ਬਣਾਉਣ ਲਈ ਵਰਤੀਆਂ ਜਾਂਦੀਆਂ ਕੁਝ ਸੁਗੰਧੀਆਂ ਮਨੁੱਖੀ ਸਰੀਰ ਨੂੰ ਕਈ ਪ੍ਰਕਾਰ ਦੇ ਘਾਤਕ ਤੇ ਦੁਖਦਾਈ ਰੋਗਾਂ ਦਾ ਘਰ ਬਣਾ ਦਿੰਦੀਆਂ ਹਨ। ਕੁਝ ਇਤਰ ਦਮੇ ਦੇ ਰੋਗੀਆਂ ਦੀ ਸਾਹ ਨਾਲੀ ਵਿਚ ਸੋਜ ਵਧਾ ਕੇ ਆਕਸੀਜਨ ਦੇ ਵਹਾ ਵਿਚ ਰੁਕਾਵਟ ਖੜ੍ਹੀ ਕਰ ਦਿੰਦੇ ਹਨ, ਜਿਸ ਕਾਰਨ ਦਮੇ ਦੇ ਦੌਰੇ ਤੇਜ਼ ਹੋ ਜਾਂਦੇ ਹਨ। ਕੁਝ ਇਤਰ ਕੈਂਸਰ ਵਰਗੇ ਭਿਆਨਕ ਰੋਗ ਦਾ ਕਾਰਨ ਬਣ ਜਾਂਦੇ ਹਨ। ਕੁਝ ਇਤਰ ਦੇ ਉਪਯੋਗ ਕਰਨ ਨਾਲ ਚਮੜੀ ਤੇ ਤੇਜ਼ ਖਾਰਸ਼ ਹੋਣ ਲੱਗਦੀ ਹੈ।
ਕਈ ਵਾਰ ਸਰੀਰ ‘ਤੇ ਇਤਰ ਛਿੜਕਣ ਪਿੱਛੋਂ ਕੁਝ ਦੇਰ ਬਾਅਦ ਤੇਜ਼ ਸਿਰਦਰਦ ਹੋਣ ਲੱਗਦਾ ਹੈ ਤਾਂ ਉਲਟੀਆਂ ਆਉਣ ਲੱਗਦੀਆਂ ਹਨ। ਜਿਹੜੀਆਂ ਔਰਤਾਂ ਇਤਰ ਦੀ ਜ਼ਿਆਦਾ ਵਰਤੋਂ ਕਰਦੀਆਂ ਹਨ, ਉਨ੍ਹਾਂ ਦੀ ਸੁੰਘਣ ਸ਼ਕਤੀ ਘਟਦੀ ਘਟਦੀ ਜਵਾਬ ਦੇ ਜਾਂਦੀ ਹੈ। ਅਜਿਹੀਆਂ ਔਰਤਾਂ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਕੁਝ ਇਤਰਾਂ ਦੀਆਂ ਸੁਗੰਧੀਆਂ ਹਾਰਮੋਨਾਂ ਦੇ ਸੰਤੁਲਨ ਨੂੂੰ ਵਿਗਾੜ ਕੇ ਮਨੁੱਖੀ ਜੀਵਨ ਵਿਚ ਗੜਬੜੀ ਪੈਦਾ ਕਰ ਦਿੰਦੀਆਂ ਹਨ। ਇਤਰ ਬਣਾਉਣ ਲਈ ਕੁਝ ਰੁੱਖਾਂ ਦੀ ਸੁਗੰਧਤ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸੰਦਲ, ਅਗਰ ਦੀ ਲੱਕੜੀ। ਇਨ੍ਹਾਂ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀ ਹੈ ਜਿਸ ਕਾਰਨ ਇਨ੍ਹਾਂ ਰੁੱਖਾਂ ਦੀ ਹੋਂਦ ਖਤਰੇ ਵਿਚ ਪੈ ਗਈ ਹੈ।