Breaking News
Home / ਰੈਗੂਲਰ ਕਾਲਮ / ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ

ਡਾ. ਦੇਵਿੰਦਰ ਪਾਲ ਸਿੰਘ
(ਆਖਰੀ ਕਿਸ਼ਤ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਸ ਸਮੇਂ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਦੇ ਦੁੱਖਾਂ ਨਾਲ ਗਹਿਰੀ ਸਾਂਝ ਬਣਾ ਲਈ।
ਸੰਨ 1672 ਵਿਚ, ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵੱਲ ਧਾਰਮਿਕ ਯਾਤਰਾ ਲਈ ਚਲ ਪਏ। ਇਹ ਇਲਾਕਾ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਪੱਛੜਿਆ ਹੋਇਆ ਖੇਤਰ ਸੀ। ਬੇਸ਼ਕ ਇਥੋਂ ਦੇ ਲੋਕ ਸਖਤ ਮਿਹਨਤੀ ਸਨ ਪਰ ਉਹ ਕਾਫ਼ੀ ਗਰੀਬ ਸਨ। ਉਹ ਮੁੱਢਲੀਆਂ ਸਹੂਲਤਾਂ ਜਿਵੇਂ ਤਾਜ਼ਾ ਪੀਣ ਵਾਲਾ ਪਾਣੀ, ਦੁੱਧ ਅਤੇ ਸਧਾਰਣ ਭੋਜਨ ਤੋਂ ਵੀ ਵਾਂਝੇ ਸਨ। ਗੁਰੂ ਜੀ ਨੇ ਲਗਭਗ ਡੇਢ ਸਾਲ ਤਕ ਇਸ ਖੇਤਰ ਦਾ ਦੌਰਾ ਕੀਤਾ।
ਉਨ੍ਹਾਂ ਨੇ ਕਈ ਢੰਗਾਂ ਨਾਲ ਪਿੰਡ ਵਾਸੀਆਂ ਦੀ ਸਹਾਇਤਾ ਕੀਤੀ। ਗੁਰੂ ਜੀ ਤੇ ਉਨ੍ਹਾਂ ਦੀ ਸਾਥੀ ਸਿੱਖ ਸੰਗਤ ਨੇ ਇਥੋਂ ਦੀ ਬੰਜਰ ਜ਼ਮੀਨ ਵਿਚ ਰੁੱਖ ਲਗਾਉਣ ਵਿੱਚ ਮਦਦ ਕੀਤੀ। ਸਥਾਨਕ ਲੋਕਾਂ ਨੂੰ ਡੇਅਰੀ ਫਾਰਮਿੰਗ ਸ਼ੁਰੂ ਕਰਨ ਦੀ ਸਲਾਹ ਦਿੱਤੀ ਅਤੇ ਕਈ ਗਰੀਬ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਬਹੁਤ ਸਾਰੇ ਪਸ਼ੂ ਵੀ ਮੁਫਤ ਵਿਚ ਵੰਡੇ। ਪਾਣੀ ਦੀ ਘਾਟ ਨੂੰ ਹੱਲ ਕਰਨ ਲਈ, ਗੁਰੂ ਜੀ ਨੇ ਕਾਰ ਸੇਵਾ (ਮੁਫਤ ਸੇਵਾ) ਰਾਹੀਂ ਬਹੁਤ ਸਾਰੇ ਜਨਤਕ ਖੂਹ ਲੁਆਏ। ਲੋਕ ਭਲਾਈ ਦੇ ਇਨ੍ਹਾਂ ਕਾਰਜਾਂ ਕਾਰਣ ਗੁਰੂ ਜੀ ਆਮ ਲੋਕਾਂ ਵਿਚ ਹਰਮਨ ਪਿਆਰੇ ਹੋ ਗਏ। ਇਸ ਖੇਤਰ ਵਿਖੇ ਸਖੀ ਸਰਵਰ (ਇਕ ਮੁਸਲਮਾਨ ਸੰਗਠਨ) ਦੇ ਅਨੇਕ ਪੈਰੋਕਾਰ ਸਿੱਖ ਧਰਮ ਵਿਚ ਪ੍ਰਵੇਸ਼ ਕਰ ਗਏ। ਗੁਰੂ ਜੀ ਨੇ ਇਸ ਖੇਤਰ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਸਾਰੇ ਨਵੇਂ ਪ੍ਰਚਾਰ ਕੇਂਦਰ ਵੀ ਸਥਾਪਤ ਕੀਤ। ਗੁਰੂ ਜੀ ਪਟਿਆਲਾ (ਦੂਖਨਿਵਾਰਨ ਸਾਹਿਬ), ਸਮਾਣਾ, ਭੀਖੀ, ਟਾਹਲਾ ਸਾਹਿਬ, ਬਠਿੰਡਾ ਵਿਖੇ ਤਲਵੰਡੀ, ਗੋਬਿੰਦਪੁਰਾ, ਮਕਰੋੜਾ, ਬੰਗੜ ਅਤੇ ਧਮਧਾਨ ਨਗਰਾਂ ਵਿਖੇ ਵੀ ਰੁਕੇ। ਇਨ੍ਹਾਂ ਇਲਾਕਿਆਂ ਦੀ ਲਗਭਗ ਡੇਢ ਸਾਲ ਦੀ ਲੰਮੀ ਯਾਤਰਾ ਪਿਛੋਂ ਗੁਰੂ ਜੀ ਸੰਨ 1675 ਵਿਚ ਅਨੰਦਪੁਰ ਸਾਹਿਬ ਵਾਪਸ ਆ ਗਏ। ਇਨ੍ਹਾਂ ਧਰਮ ਪ੍ਰਚਾਰ ਦੌਰਿਆਂ ਅਤੇ ਸਮਾਜ ਸੇਵੀ ਕਾਰਜਾਂ ਨੇ ਮੁਸਲਿਮ ਕੱਟੜਪੰਥੀਆਂ ਨੂੰ ਗੁੱਸੇ ਨਾਲ ਭਰ ਦਿੱਤਾ। ਮੁਸਲਿਮ ਉੱਚ ਅਧਿਕਾਰੀਆਂ ਵਿਚ ਡਰ ਦੀ ਭਾਵਨਾ ਪੈਦਾ ਹੋ ਗਈ। ਮੁਗਲ ਸਾਮਰਾਜ ਦੇ ਗੁਪਤਚਰਾਂ ਨੇ ਵੀ ਗੁਰੂ ਜੀ ਦੀਆਂ ਧਾਰਮਿਕ ਗਤੀਵਿਧੀਆਂ ਬਾਰੇ ਮਨਆਈਆਂ ਰਿਪੋਰਟਾਂ ਵਧਾਅ-ਚੜ੍ਹਾਅ ਕੇ ਦਿੱਲੀ ਨੂੰ ਭੇਜੀਆਂ।
ਕਿਉਂਕਿ ਦੇਸ਼ ਵਿਚ ਕੱਟੜਵਾਦੀ ਇਸਲਾਮਿਕ ਸ਼ਾਸਨ ਸੀ। ਮੁਗਲ ਬਾਦਸ਼ਾਹ ਭਾਰਤ ਨੂੰ ਜਲਦ ਤੋਂ ਜਲਦ ਦਰ-ਉਲ-ਇਸਲਾਮ ਬਣਾਉਣ ਲਈ ਤਤਪਰ ਸੀ। ਇਸ ਟੀਚੇ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨ ਲਈ ਉਸ ਨੇ ਕਾਸ਼ੀ, ਪ੍ਰਯਾਗ, ਕੁਰੂਕਸ਼ੇਤਰ ਹਰਿਦੁਆਰ ਅਤੇ ਕਸ਼ਮੀਰ ਦੇ ਬ੍ਰਾਹਮਣਾਂ ਤੇ ਹਿੰਦੂ ਪੰਡਤਾਂ ਦਾ ਧਰਮ ਪਰਿਵਰਤਨ ਕਰਨ ਦਾ ਟੀਚਾ ਬੰਨ ਲਿਆ। ਉਨ੍ਹਾਂ ‘ਤੇ ਹਰ ਤਰ੍ਹਾਂ ਦੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਜਾਂ ਤਾਂ ਇਸਲਾਮ ਅਪਣਾਉਣ ਜਾਂ ਮੌਤ ਲਈ ਤਿਆਰ ਰਹਿਣ ਦਾ ਅਲਟੀਮੇਟਮ ਦੇ ਦਿੱਤਾ ਗਿਆ। ਇਹ ਬੜੇ ਹੀ ਅਫ਼ਸੋਸ ਵਾਲੀ ਗੱਲ ਸੀ ਕਿ ਇਹ ਸਭ ਕੁਝ ਬਹੁਤ ਸਾਰੇ ਅਖੌਤੀ ਬਹਾਦਰ ਹਿੰਦੂ ਅਤੇ ਰਾਜਪੂਤ ਰਾਜਿਆਂ ਅਤੇ ਮੁੱਖੀਆਂ, ਜੋ ਕਿ ਮੁਗਲ ਬਾਦਸ਼ਾਹ ਦੇ ਅਧੀਨ ਸਨ, ਦੀਆਂ ਨਜ਼ਰਾਂ ਦੇ ਸਾਹਮਣੇ ਹੀ ਵਾਪਰ ਰਿਹਾ ਸੀ। ਉਹ ਤਾਂ ਸਿਰਫ ਆਪਣੇ ਅਹੁਦਿਆਂ ਦੇ ਲਾਲਚ ਵਿਚ ਫਸੇ ਚੁੱਪਚਾਪ ਇਹ ਸੱਭ ਕੁਝ ਦੇਖ ਰਹੇ ਸਨ। ਇਥੋਂ ਤਕ ਕਿ ਉਨ੍ਹਾਂ ਨੇ ਔਰੰਗਜ਼ੇਬ ਦੀਆਂ ਅਨਿਆਂਪੂਰਨ ਵਧੀਕੀਆਂ ਦੇ ਵਿਰੋਧ ਵਿੱਚ ਮਾਮੂਲੀ ਆਵਾਜ਼ ਵੀ ਨਹੀਂ ਉਠਾਈ। ਭਾਰਤ ਵਿੱਚ ਧਰਮ ਪਰਿਵਰਤਨ ਦੀ ਲਹਿਰ ਵੱਡੇ ਪੱਧਰ ਉੱਤੇ ਜਾਰੀ ਸੀ। ਕਸ਼ਮੀਰ ਦੇ ਮੁਗਲ ਗਵਰਨਰ ਸ਼ੇਰ ਅਫਗਾਨ ਖਾਨ ਨੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਖੇ ਧਰਮ ਪਰਿਵਰਤਨ ਲਹਿਰ ਚਲਾਈ। ਹਜ਼ਾਰਾਂ ਕਸ਼ਮੀਰੀ ਪੰਡਤਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀ ਜਾਇਦਾਦ ਲੁੱਟ ਲਈ ਗਈ।
ਅਜਿਹੇ ਹਾਲਾਤਾਂ ਵਿਚ ਕਸ਼ਮੀਰੀ ਪੰਡਤਾਂ ਦਾ ਇਕ ਗਰੁੱਪ, ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਮਈ 1675 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦੁਰ ਜੀ ਕੋਲ ਪਹੁੰਚਿਆ। ਉਨ੍ਹਾਂ ਨੇ ਆਪਣੀ ਮੁਸੀਬਤ ਭਰੇ ਹਾਲਾਤ ਗੁਰੂ ਜੀ ਨਾਲ ਸਾਂਝੇ ਕੀਤੇ ਅਤੇ ਗੁਰੂ ਜੀ ਨੂੰ ਹਿੰਦੂ ਧਰਮ ਰੱਖਿਆ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਦੇ ਹਾਲਾਤ ਤੇ ਬੇਨਤੀ ਸੁਨਣ ਪਿੱਛੋਂ ਗੁਰੂ ਜੀ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਘਿਨਾਉਣੇ ਕੰਮ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕਰਨ ਲਈ ਸਹਿਮਤ ਹੋ ਗਏ। ਗੁਰੂ ਤੇਗ ਬਹਾਦਰ ਜੀ ਨੇ ਪ੍ਰਮੁੱਖ ਸਿੱਖਾਂ ਅਤੇ ਕਸ਼ਮੀਰੀ ਪੰਡਤਾਂ ਨਾਲ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ, ਕਸ਼ਮੀਰ ਦੇ ਪੰਡਿਤਾਂ ਦੇ ਕੇਸ ਨੂੰ ਨਵੀਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਪੇਸ਼ ਕਰਨ ਦਾ ਫੈਸਲਾ ਕੀਤਾ। ਜਾਪਦਾ ਸੀ ਕਿ ਗੁਰੂ ਜੀ ਨੇ ਨੈਤਿਕਤਾ ਅਤੇ ਧਰਮ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਦਾ ਮਨ ਬਣਾ ਲਿਆ ਸੀ। ਗੁਰੂ ਜੀ ਦੀ ਸਲਾਹ ਅਨੁਸਾਰ ਕਸ਼ਮੀਰੀ ਪੰਡਤਾਂ ਨੇ ਬਾਦਸ਼ਾਹ ਨੂੰ ਇੱਕ ਬੇਨਤੀ ਪੱਤਰ ਭੇਜਿਆ ਜਿਸ ਵਿਚ ਸੂਚਿਤ ਕੀਤਾ ਗਿਆ ਸੀ ਕਿ ਜੇ ਗੁਰੂ ਤੇਗ ਬਹਾਦਰ ਇਸਲਾਮ ਧਰਮ ਧਾਰਨ ਕਰ ਲੈਣਗੇ ਤਾਂ ਉਹ ਸਾਰੇ ਵੀ ਅਜਿਹਾ ਕਰਨਗੇ। ਔਰੰਗਜ਼ੇਬ ਪਹਿਲਾਂ ਹੀ ਗੁਰੂ ਜੀ ਦੇ ਵਿਰੁੱਧ ਕਾਫ਼ੀ ਤਪਿਆ ਹੋਇਆ ਸੀ। ਉਹ ਗੁਰੂ ਦੀ ਮੀਰੀ ਵਾਲੀ ਰਵਾਇਤ ਤੋਂ ਚਿੜ੍ਹਿਆ ਬੈਠਾ ਸੀ ਤੇ ਉਨ੍ਹਾਂ ਵਲੋਂ ਆਪਣੇ ਨਾਮ ਨਾਲ ”ਬਹਾਦਰ” ਸ਼ਬਦ ਦੀ ਵਰਤੋਂ ਨੂੰ ਨਾਪਸੰਦ ਕਰਦਾ ਸੀ। ਉਸਨੇ ਗੁਰੂ ਜੀ ਦੁਆਰਾ ਕਸ਼ਮੀਰ ਦੇ ਪੰਡਿਤਾਂ ਦੇ ਸਮਰਥਨ ਨੂੰ ਆਪਣੇ ਸ਼ਾਹੀ ਅਧਿਕਾਰ ਉੱਤੇ ਸਿੱਧਾ ਹਮਲਾ ਸਮਝਿਆ। ਉਸਨੇ ਤੁਰੰਤ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦੇ ਦਿੱਤਾ। ਪਰ ਅਜੇ, ਸ਼ਾਹੀ ਸੰਮਨ ਅਨੰਦਪੁਰ ਸਾਹਿਬ ਨਹੀਂ ਸਨ ਪਹੁੰਚੇ, ਜਦੋਂ ਗੁਰੂ ਜੀ ਨੇ ਜੁਲਾਈ 1675 ਵਿਚ ਆਪਣੇ ਸਪੁੱਤਰ ਬਾਲ ਗੋਬਿੰਦ ਰਾਏ ਨੂੰ ਸਿੱਖਾਂ ਦਾ ਦਸਵਾਂ ਗੁਰੂ ਥਾਪ, ਦਿੱਲੀ ਵੱਲ ਚੱਲ ਪਏ। ਇਸ ਸਫ਼ਰ ਵਿਚ ਭਾਈ ਦਿਆਲ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਸਿੱਖ ਗੁਰੂ ਜੀ ਨਾਲ ਸਨ। ਜਦੋਂ ਗੁਰੂ ਜੀ ਰੋਪੜ ਦੇ ਨਜ਼ਦੀਕ ਪਿੰਡ ਮਲਿਕਪੁਰ ਰੰਘੜਾਂ ਨੇੜੇ ਪਹੁੰਚੇ ਤਾਂ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਅਗਵਾਈ ਵਾਲੀ ਇੱਕ ਸ਼ਾਹੀ ਹਥਿਆਰਬੰਦ ਟੁਕੜੀ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਕੁਝ ਪ੍ਰਮੁੱਖ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਉਨ੍ਹਾਂ ਨੂੰ ਬੱਸੀ ਪਠਾਣਾਂ ਦੀ ਇੱਕ ਜੇਲ੍ਹ ਵਿੱਚ ਰੱਖਿਆ ਅਤੇ ਹਰ ਰੋਜ਼ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਅਜਿਹੇ ਹਾਲਾਤਾਂ ਵਿਚ ਵੀ ਗੁਰੁ ਜੀ ਅਡੋਲ ਤੇ ਸ਼ਾਂਤ ਚਿੱਤ ਰਹੇ।
ਗੁਰੂ ਜੀ ਨੂੰ ਧਮਕਾਉਣ ਦੀਆਂ ਅਨੇਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕੋਈ ਵੀ ਕੋਸ਼ਿਸ਼ ਸਫਲ ਨਾ ਹੋ ਸਕੀ। ਸਰਹਿੰਦ ਵਿਚ ਚਾਰ ਮਹੀਨਿਆਂ ਲਈ ਨਜ਼ਰਬੰਦ ਕਰਨ ਤੋਂ ਬਾਅਦ, ਨਵੰਬਰ 1975 ਵਿਚ ਆਪ ਅਤੇ ਆਪ ਦੇ ਸਾਥੀਆਂ ਨੂੰ ਦਿੱਲੀ ਲਿਜਾਇਆ ਗਿਆ। ਦਿੱਲੀ ਵਿਖੇ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਨੂੰ ਤਿੰਨ ਵਿਕਲਪ ਪੇਸ਼ ਕੀਤੇ : (1) ਚਮਤਕਾਰ ਦਿਖਾਓ , ਜਾਂ (2) ਇਸਲਾਮ ਨੂੰ ਕਬੂਲ ਕਰ ਲਓ (3) ਨਹੀਂ ਤਾਂ ਮਰਨ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਅੰਤਲਾ ਵਿਕਲਪ ਸਵੀਕਾਰ ਕੀਤਾ।
ਜਿਸ ਤਰੀਕੇ ਨਾਲ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਇਹ ਮੁਗ਼ਲ ਢੰਗਾਂ ਅਨੁਸਾਰ ਵੀ ਬਹੁਤ ਹੀ ਜ਼ਾਲਮਾਨਾ ਸੀ। ਪਹਿਲਾਂ ਗੁਰੂ ਜੀ ਦੇ ਤਿੰਨ ਸਾਥੀ ਸਿੱਖ ਉਨ੍ਹਾਂ ਦੀ ਹਾਜ਼ਰੀ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ ਗਏ। ਭਾਈ ਮਤੀ ਦਾਸ ਨੂੰ ਸਿੱਧਿਆਂ ਖੜ੍ਹੇ ਕਰ ਕੇ ਉਸ ਦੇ ਸਿਰ ਉੱਤੇ ਆਰਾ ਚਲਾ ਉਸ ਨੂੰ ਦੋਫਾੜ ਕਰ ਦਿੱਤਾ ਗਿਆ। ਭਾਈ ਦਿਆਲ ਦਾਸ ਨੂੰ ਉਬਲਦੇ ਤੇਲ ਦੇ ਕੜਾਹੇ ਵਿਚ ਸੁੱਟ ਦਿੱਤਾ ਗਿਆ। ਭਾਈ ਸਤੀ ਦਾਸ ਨੂੰ ਇੱਕ ਖੰਭੇ ਨਾਲ ਬੰਨ ਕੇ ਰੂੰ ਵਿੱਚ ਲਪੇਟ ਦਿੱਤਾ ਗਿਆ ਤੇ ਫਿਰ ਅੱਗ ਲਗਾ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਸਾਰੇ ਜ਼ਾਲਮਾਨਾ ਵਰਤਾਰੇ ਵਿਚ ਵੀ ਗੁਰੂ ਜੀ ਅਡੋਲ ਰਹੇ। ਉਨ੍ਹਾਂ ਨੇ ਆਪਣਾ ਦ੍ਰਿੜ ਨਿਸ਼ਚਾ ਕਾਇਮ ਰੱਖਿਆ। ਗੁਰੂ ਜੀ ਨੂੰ ਆਪਣੇ ਇਰਾਦੇ ਉੱਤੇ ਅਟੱਲ ਵੇਖਦਿਆਂ, ਅਗਲੀ ਸਵੇਰ, 11 ਨਵੰਬਰ, 1675 ਨੂੰ, ਮੁਗਲ ਅਧਿਕਾਰੀਆਂ ਨੇ ਜੱਲਾਦ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਹੁਕਮਾਂ ਅਨੁਸਾਰ ਗੁਰੂ ਜੀ ਦਾ ਸਿਰ ਉਨ੍ਹਾਂ ਦੇ ਧੜ ਨਾਲੋਂ ਅਲੱਗ ਕਰ ਦੇਵੇ। ਤਦ ਜਲਾਲ-ਉਦ-ਦੀਨ ਨਾਮੀ ਜੱਲਾਦ ਨੇ ਗੁਰੂ ਜੀ ਦਾ ਸਿਰ ਕਲਮ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰਦੁਆਰਾ ਸੀਸ ਗੰਜ ਉਸੇ ਜਗ੍ਹਾ ਉੱਤੇ ਸੁਸ਼ੋਭਿਤ ਹੈ ਜਿਥੇ ਗੁਰੂ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪ੍ਰਚਲਿਤ ਗਾਥਾ ਅਨੁਸਾਰ ਇਸ ਬੇਰਹਿਮ ਕਾਰਵਾਈ ਪਿੱਛੋਂ ਇਕ ਤੂਫਾਨ ਆਇਆ। ਇਹ ਸਥਾਨਕ ਖੇਤਰ ਵਿਖੇ ਕਾਫ਼ੀ ਗੜਬੜੀ ਤੇ ਤਬਾਹੀ ਦਾ ਕਾਰਨ ਬਣਿਆ। ਅਜਿਹੇ ਹਫੜਾ-ਦਫੜੀ ਵਾਲੇ ਹਾਲਾਤਾਂ ਵਿੱਚ ਭਾਈ ਜੈਤਾ ਜੀ, ਗੁਰੂ ਸਾਹਿਬ ਦੇ ਪਵਿੱਤਰ ਸੀਸ ਨੂੰ ਉਠਾ ਕੇ ਬਹੁਤ ਹੀ ਸਾਵਧਾਨੀ ਨਾਲ ਅਨੰਦਪੁਰ ਸਾਹਿਬ ਲਈ ਚੱਲ ਪਏ। ਉਹ 15 ਨਵੰਬਰ ਨੂੰ ਅਨੰਦਪੁਰ ਸਾਹਿਬ ਨੇੜੇ ਸਥਿਤ ਕੀਰਤਪੁਰ ਸਾਹਿਬ ਪਹੁੰਚੇ। ਜਿਥੇ ਬਾਲ ਗੁਰੂ ਗੋਬਿੰਦ ਰਾਏ ਤੇ ਸਿੱਖ ਸੰਗਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਈ ਜੈਤਾ ਨੂੰ ਬਾਲ ਗੁਰੂ ਗੋਬਿੰਦ ਰਾਏ ਨੇ ”ਰੰਗਰੇਟਾ ਗੁਰੂ ਕਾ ਬੇਟਾ” ਵਜੋਂ ਸਨਮਾਨਿਆ। ਗੁਰੂ ਜੀ ਦੇ ਸੀਸ ਦਾ ਸਸਕਾਰ ਅਗਲੇ ਦਿਨ ਪੂਰੇ ਸਨਮਾਨ ਅਤੇ ਰਸਮਾਂ ਅਨੁਸਾਰ ਕੀਤਾ ਗਿਆ। (ਅਨੰਦਪੁਰ ਸਾਹਿਬ ਵਿਖੇ, ਜਿਥੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ, ਉੱਥੇ ਅੱਜ ਕਲ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।)
ਗੁਰੂ ਜੀ ਦੀ ਸ਼ਹਾਦਤ ਪਿੱਛੋਂ ਆਏ ਤੂਫਾਨੀ ਹਾਲਾਤਾਂ ਦਾ ਲਾਭ ਲੈਂਦਿਆਂ ਗੁਰੂ ਦਾ ਧੜ, ਮਸ਼ਹੂਰ ਵਪਾਰੀ ਅਤੇ ਠੇਕੇਦਾਰ ਸਿੱਖ ਲੱਖੀ ਸ਼ਾਹ ਲੁਬਾਣਾ ਨੇ ਉਠਵਾ ਲਿਆ। ਤੁਰੰਤ ਹੀ ਉਸ ਨੇ ਆਪਣੇ ਘਰ ਦੇ ਅੰਦਰ ਇਕ ਚਿਖਾ ਤਿਆਰ ਕੀਤੀ ਅਤੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤਰ੍ਹਾਂ ਉਸ ਨੇ ਗੁਰੂ ਜੀ ਦੀ ਦੇਹ ਦਾ ਸੰਸਕਾਰ ਆਪਣਾ ਘਰ ਜਲਾ ਕੇ ਕੀਤਾ। (ਨਵੀਂ ਦਿੱਲੀ ਵਿਖੇ ਗੁਰਦੁਆਰਾ ਰਕਾਬ ਗੰਜ ਸਾਹਿਬ ਇਸੇ ਸਥਾਨ ਵਿਖੇ ਸੁਸ਼ੋਭਿਤ ਹੈ।)
ਗੁਰੂ ਸਾਹਿਬ ਦੀ ਸ਼ਹਾਦਤ ਦੇ ਨਤੀਜੇ ਬਹੁਤ ਹੀ ਪ੍ਰਭਾਵਸ਼ਾਲੀ ਸਨ। ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਉੱਤੇ ਗਹਿਰਾ ਪ੍ਰਭਾਵ ਪਾਇਆ। ਗੁਰੂ ਜੀ ਦੀ ਸ਼ਹਾਦਤ ਨੇ ਮੁਗਲ ਰਾਜ ਦੇ ਇਸਲਾਮੀ ਕੱਟੜਵਾਦ ਦਾ ਪਰਦਾਫਾਸ਼ ਕੀਤਾ। ਸਮਕਾਲੀ ਰਾਜਸੱਤਾ ਦੇ ਜ਼ੁਲਮ ਅਤੇ ਬੇਇਨਸਾਫੀ ਨੂੰ ਉਜਾਗਰ ਕੀਤਾ। ਇਸ ਨਾਲ ਭਾਰਤ ਦੇ ਲੋਕਾਂ ਵਿਚ ਔਰੰਗਜ਼ੇਬ ਤੇ ਉਸਦੀ ਸਰਕਾਰ ਵਿਰੁੱਧ ਨਫ਼ਰਤ ਦੀ ਲਹਿਰ ਪੈਦਾ ਹੋ ਗਈ। ਮਨੁੱਖਤਾ ਨਾਲ ਹੋ ਰਹੇ ਅਨਿਆਂ ਦੇ ਵਿਰੋਧ ਵਿੱਚ ਆਪਣੀ ਜਾਨ ਕੁਰਬਾਨ ਕਰਕੇ, ਗੁਰੂ ਜੀ ਨੇ ਸਚਾਈ ਅਤੇ ਧਾਰਮਿਕਤਾ ਦੀ ਸਥਾਈ ਮਿਸਾਲ ਕਾਇਮ ਕੀਤੀ। ਇਸ ਉਦਾਹਰਣ ਤੋਂ ਹੀ ਸਿੱਖ ਕੌਮ ਨੇ ਕਮਜ਼ੋਰ ਅਤੇ ਦੱਬੇ-ਕੁਚਲੇ ਲੋਕਾਂ ਲਈ ਖੜੇ ਹੋਣਾ ਸਿੱਖਿਆ। ਇਸ ਸ਼ਹਾਦਤ ਨੇ ਸਿੱਖ ਕੌਮ ਵਿਚ ਅਜਿਹੀ ਸੋਚ ਨੂੰ ਜਨਮ ਦਿੱਤਾ ਕਿ ਉਹ ਆਪਣੇ ਧਰਮ ਦੀ ਰਾਖੀ ਸਿਰਫ਼ ਹਥਿਆਰਬੰਦ ਹੋ ਕੇ ਹੀ ਕਰ ਸਕਦੇ ਹਨ। ਇਹ ਸੋਚ ਸਮੇਂ ਨਾਲ ਖ਼ਾਲਸੇ ਦੀ ਸਿਰਜਣਾ ਦੇ ਰੂਪ ਵਿਚ ਸਾਹਮਣੇ ਆਈ। ਜਿਸ ਨੇ ਅੱਗੇ ਚਲ ਕੇ ਭਾਰਤ ਦੇ ਇਤਹਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਗੁਰੂ ਸਾਹਿਬ ਇਕ ਮਹਾਨ ਕਵੀ ਅਤੇ ਚਿੰਤਕ ਵੀ ਸਨ। ਗੁਰੂ ਸਾਹਿਬ ਨੇ 57 ਸਲੋਕਾਂ ਤੋਂ ਇਲਾਵਾ ਪੰਦਰਾਂ ਰਾਗਾਂ ਵਿੱਚ ਗੁਰਬਾਣੀ ਲਿਖੀ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਬਾਣੀ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ। ਇਸੇ ਗਰੰਥ ਨੂੰ ਸਮੇਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਪ੍ਰਾਪਤ ਹੋਇਆ। ਗੁਰੂ ਜੀ ਦੀ ਬਾਣੀ ਸਾਨੂੰ ਹਰ ਜ਼ੋਖਮਮਈ ਹਾਲਤ ਵਿਚ ਵੀ ਨਿਡਰ ਹੋਣ ਦਾ ਸਬਕ ਸਿਖਾਉਂਦੀ ਹੈ। ਆਪ ਦਾ ਕਥਨ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ
ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰਹੇ ਮਨਾ ਗਿਆਨੀ ਤਾਹਿ ਬਖਾਨਿ॥
(ਮ.9, ਸਗਗਸ, ਪੰਨਾ 1427)
ਭਾਵ: ਨਾ ਕਿਸੇ ਨੂੰ ਡਰਾਓ ਤੇ ਨਾ ਹੀ ਕਿਸੇ ਤੋਂ ਡਰੋ। (ਗੁਰੂ) ਨਾਨਕ ਦਾ ਕਥਨ ਹੈ ਕਿ ਅਜਿਹਾ ਹੀ ਵਿਅਕਤੀ ਅਸਲ ਵਿਚ ਸਿਆਣਾ ਹੈ ਜੋ ਇਸ ਤੱਥ ਨੂੰ ਜਾਣ ਲੈਂਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੰਦੂ ਧਰਮ ਦੀ ਰੱਖਿਆ ਲਈ ਬਲੀਦਾਨ ਕਾਰਣ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਵਰਨਣਯੋਗ ਹੈ ਕਿ ਗੁਰੂ ਜੀ ਨੇ ਸਮੁੱਚੀ ਮਨੁੱਖ਼ਤਾ ਦੇ ਮਾਨਵੀ ਹੱਕਾਂ (ਜਿਵੇਂ ਕਿ ਧਰਮਿਕ ਆਜ਼ਾਦੀ, ਨਿਆਂ, ਸੱਚ ਅਤੇ ਸਮਾਨਤਾ) ਦੀ ਪ੍ਰਾਪਤੀ ਲਈ ਆਪਣਾ ਜੀਵਨ ਕੁਰਬਾਨ ਕੀਤਾ।
(ਸਮਾਪਤ)
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …