ਅਸੀ ਰੇਤਿਆਂ ਨੂੰ ਹੀ ਨਿਚੋੜਦੇ ਰਹੇ,
ਓਹ ਸਮੁੰਦਰ ਹੱਥੋ ਜਾਂਦਾ ਰਿਹਾ।
ਅਸੀ ਸਿਖ ਗਏ ਹਨ੍ਹੇਰਿਆਂ ਦੇ ਵਿਚ ਜੀਣਾਂ,
ਓਹ ਅਪਨੇ ਹੀ ਸਾਏ ਤੋਂ ਡਰਦਾ ਰਿਹਾ।
ਸੂਰਜ ਅਪਣੀ ਤਲਖੀ ਵਿਚ ਤਪਦੇ ਰਹੇ,
ਬਿਰਖ ਜਰਦਾ ਰਿਹਾ, ਛਾਵਾਂ ਕਰਦਾ ਰਿਹਾ।
ਹਵਾ ਅਪਣੇ ਤੇਵਰ ਬਦਲਦੀ ਰਹੀ,
ਬੋਟ ਨਵੇ ਆਲ੍ਹਣੇ ਬਣਾਂਦਾ ਰਿਹਾ।
ਤੂਫਾਨ ਅਪਣੀ ਧੁੰਨ ਵਿਚ ਝੁੱਲਦੇ ਰਹੇ,
ਬਿਰਖ ਰੋਂਦਾ ਰਿਹਾ, ਸਮਝਾਂਦਾ ਰਿਹਾ।
ਅਸੀ ਪਿਆਸੇ ਹੀ ਬੁੱਲਾਂ ਨੂੰ ਚਿੱਥਦੇ ਰਹੇ,
ਦਰਿਆ ਠਾਠਾਂ ਮਾਰਦਾ ਵਗਦਾ ਰਿਹਾ।
ਅਸੀਂ ਸਲੀਬਾਂ ‘ਤੇ ਟੰਗੇ ਵੀ ਹੱਸਦੇ ਰਹੇ,
ਵਿਚ ਮਹਿਲਾਂ ਦੇ ਓਹ ਹੱਥ ਮਲਦਾ ਰਿਹਾ।
ਅਸੀ ਪਲਕਾਂ ਨਾਲ ਕੰਡਿਆਂ ਨੂੰ ਚੁਗਦੇ ਰਹੇ,
ਮਾਲੀ ਹੋਰਾਂ ਨੂੰ ਕਲੀਆਂ ਵੰਡਦਾ ਰਿਹਾ।
ਅਸੀ ਰੇਤਿਆਂ ਨੂੰ ਹੀ ਨਿਚੋੜਦੇ ਰਹੇ,
ਓਹ ਸਮੁੰਦਰ ਹੱਥੋਂ ਜਾਂਦਾ ਰਿਹਾ।
– ਡਾ. ਰਾਜੇਸ਼ ਕੇ ਪੱਲਣ