(ਕਿਸ਼ਤ ਦੂਜੀ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਕੋਈ ਵੀ ਗੁਰੂ ਉਸ ਦੇ ਮਨ ਦੀ ਗੱਲ ਨੂੰ ਬੁਝ ਨਹੀਂ ਸੀ ਸਕਿਆ। ਜਦ ਉਹ ਵਾਪਸ ਜਾ ਰਿਹਾ ਸੀ ਤਾਂ ਕੁਝ ਪਿੰਡ ਵਾਸੀਆਂ ਤੋਂ ਉਸ ਨੂੰ ਪਤਾ ਲਗਾ ਕਿ ਤੇਗ ਬਹਾਦਰ ਨਾਮ ਦਾ ਇਕ ਹੋਰ ਗੁਰੂ ਵੀ ਹੈ। ਉਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਗਿਆ ਜੋ ਉਸ ਸਮੇਂ ਇਕਾਂਤਵਾਸ ਵਿਚ ਬੈਠੇ ਸਿਮਰਨ ਕਰ ਰਹੇ ਸਨ। ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਦੋ ਮੋਹਰਾਂ ਭੇਟ ਕੀਤੀਆਂ ਤਾ ਗੁਰੂ ਜੀ ਨੇ ਉਸ ਨੂੰ ਪ੍ਰਸ਼ਨ ਕੀਤਾ ਕਿ ਮੱਖਣ ਸ਼ਾਹ ਪੰਜ ਸੌ ਮੋਹਰਾਂ ਦੀ ਬਜਾਏ ਸਿਰਫ ਦੋ ਮੋਹਰਾਂ ਭੇਟ ਕਰਕੇ ਆਪਣਾ ਵਾਅਦਾ ਕਿਉਂ ਤੋੜ ਰਿਹਾ ਹੈ। ਇਸ ਸਮੇਂ ਮੱਖਣ ਸ਼ਾਹ ਖ਼ੁਸ਼ੀ ਨਾਲ ਬਾਗੋ ਬਾਗ ਹੋ ਗਿਆ। ਉਹ ਤੁਰੰਤ ਘਰ ਦੀ ਛੱਤ ਉੱਤੇ ਚੜ੍ਹ ਗਿਆ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗਾ, ”ਗੁਰੂ ਲਾਧੋ ਰੇ ਗੁਰੂ ਲਾਧੋ ਰੇ”। ਇਹ ਸੁਣਦਿਆਂ ਹੀ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਸੱਚੇ ਗੁਰੂ ਜੀ ਨੂੰ ਮੱਥਾ ਟੇਕਿਆ।
ਇਸ ਘਟਨਾ ਨੇ ਧੀਰ ਮੱਲ ਨੂੰ ਬਹੁਤ ਪ੍ਰੇਸਾਨ ਕਰ ਦਿੱਤਾ। ਉਸਨੇ ਭਾੜੇ ਦੇ ਗੁੰਡਿਆਂ ਨਾਲ ਗੁਰੂ ਤੇਗ ਬਹਾਦਰ ਜੀ ਉੱਤੇ ਹਮਲਾ ਕਰ ਦਿੱਤਾ। ਇੱਕ ਗੋਲੀ ਗੁਰੂ ਸਾਹਿਬ ਦੇ ਵੀ ਲੱਗੀ। ਜਦੋਂ ਸਿੱਖਾਂ ਨੂੰ ਇਸ ਹਮਲੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਧੀਰ ਮੱਲ ਕੋਲ ਮੌਜੂਦ ਆਦਿ ਗ੍ਰੰਥ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪਰ ਗੁਰੂ ਸਾਹਿਬ ਨੇ ਧੀਰ ਮੱਲ ਨੂੰ ਮੁਆਫ ਕਰਦੇ ਹੋਏ ਆਦਿ ਗ੍ਰੰਥ ਉਸ ਨੂੰ ਵਾਪਸ ਕਰ ਦਿੱਤਾ।
ਨਵੰਬਰ 1664 ਦੌਰਾਨ ਗੁਰੂ ਤੇਗ ਬਹਾਦੁਰ ਜੀ ਆਪਣੇ ਪੂਰੇ ਪਰਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਪਹੁੰਚੇ। ਪਰ ਇਸ ਪਵਿੱਤਰ ਅਸਥਾਨ ਉੱਤੇ ਕਾਬਜ਼ ਸੌਢੀ ਵੰਸ ਅਤੇ ਬਾਬਾ ਪ੍ਰਿਥੀ ਚੰਦ ਦੇ ਵੰਸਜਾਂ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਖਲ ਹੋਣ ਤੋਂ ਮਨਾਹੀ ਕਰ ਦਿੱਤੀ ਗਈ। ਗੁਰੂ ਜੀ ਨੇ ਨੇੜਲੇ ਸਥਾਨ ਵਿਖੇ ਦਰਸਨਾਂ ਲਈ ਆਗਿਆ ਦਾ ਇੰਤਜ਼ਾਰ ਕੀਤਾ। ਪਰ ਰੁਕਾਵਟ ਹੱਲ ਨਾ ਹੋਈ। ਗੁਰੂ ਤੇਗ ਬਹਾਦੁਰ ਜੀ ਨੇ ਹਰਿਮੰਦਰ ਸਾਹਿਬ ਦੇ ਦਰਸਨ ਕਰਨ ਲਈ ਆਪਣੇ ਦਾਖਲੇ ਵਾਸਤੇ ਕੋਈ ਦਬਾਉ ਨਾ ਪਾਇਆ, ਸਗੋਂ ਸ਼ਾਂਤੀ ਨਾਲ ਵਾਪਸ ਚਲੇ ਗਏ। ਸਮੇਂ ਨਾਲ ਉਹ ਸਥਾਨ, ਜਿਥੇ ਗੁਰੂ ਜੀ ਠਹਿਰੇ ਸਨ, ਦਾ ਨਾਮ ਥੜਾ ਸਾਹਿਬ (ਸਬਰ ਦਾ ਥੰਮ) ਮਸਹੂਰ ਹੋ ਗਿਆ। ਅੰਮ੍ਰਿਤਸਰ ਤੋਂ ਉਹ ਵੱਲਾਹ, ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਖੇਮਕਰਨ ਦੀ ਯਾਤਰਾ ਕਰਦੇ ਹੋਏ ਕੀਰਤਪੁਰ ਸਾਹਿਬ ਪਹੁੰਚ ਗਏ। ਕੀਰਤਪੁਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਤਲਵੰਡੀ ਸਾਬੋਕੇ, ਬਾਂਗਰ ਅਤੇ ਧੰਡੌਰ ਵੀ ਗਏ। ਗੁਰੂ ਸਾਹਿਬ ਜਿੱਥੇ ਵੀ ਗਏ, ਉਥੇ ਉਨ੍ਹਾਂ ਸਿੱਖ ਧਰਮ ਦੇ ਨਵੇਂ ਪ੍ਰਚਾਰ ਕੇਂਦਰ (ਮੰਜੀਆਂ) ਸਥਾਪਿਤ ਕੀਤੇ। ਗੁਰੂ ਜੀ 1665 ਵਿਚ ਕੀਰਤਪੁਰ ਸਾਹਿਬ ਪਹੁੰਚੇ।
ਜੂਨ 1665 ਵਿਚ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਦੇ ਕਿਨਾਰੇ ਮਖੋਵਾਲ ਪਿੰਡ ਨੇੜੇ ਬਿਲਾਸਪੁਰ ਦੇ ਰਾਜੇ ਤੋਂ ਕੁਝ ਜ਼ਮੀਨ ਖਰੀਦੀ। ਉਨ੍ਹਾਂ ਆਪਣੀ ਸਤਿਕਾਰਤ ਮਾਤਾ ਨਾਨਕੀ ਦੇ ਨਾਮ ਉੱਤੇ ਇੱਕ ਨਵਾਂ ਨਗਰ ਚੱਕ-ਨਾਨਕੀ ਸਥਾਪਿਤ ਕੀਤਾ। ਬਾਅਦ ਵਿਚ ਇਸ ਕਸਬੇ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖ ਦਿੱਤਾ ਗਿਆ। ਚੱਕ-ਨਾਨਕੀ ਵਿਖੇ ਥੋੜੇ ਜਿਹੇ ਸਮੇਂ ਲਈ ਠਹਿਰਨ ਤੋਂ ਬਾਅਦ, ਗੁਰੂ ਤੇਗ ਬਹਾਦਰ ਜੀ, ਨਵੇਂ ਪ੍ਰਚਾਰ ਕੇਂਦਰ ਸਥਾਪਤ ਕਰਣ ਲਈ ਤੇ ਪੁਰਾਣੇ ਪ੍ਰਚਾਰ ਕੇਂਦਰਾਂ ਨੂੰ ਮੁੜ-ਮਜ਼ਬੂਤ ਕਰਨ ਲਈ ਪੂਰਬ ਵੱਲ ਦੀ ਲੰਮੀ ਯਾਤਰਾ ਕਰਨ ਦਾ ਫੈਸਲਾ ਕੀਤਾ। ਅਗਸਤ 1665 ਵਿੱਚ ਉਹ ਅਨੰਦਪੁਰ ਸਾਹਿਬ ਤੋਂ ਯਾਤਰਾ ਲਈ ਚਲ ਪਏ। ਇਹ ਉਨ੍ਹਾਂ ਦਾ ਦੂਜਾ ਮਿਸ਼ਨਰੀ ਦੌਰਾ ਸੀ। ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੇ ਸਰਧਾਲੂ ਸਿੱਖ ਜਿਵੇਂ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਸੰਗਤੀਆ ਜੀ, ਭਾਈ ਦਿਆਲ ਦਾਸ ਜੀ ਅਤੇ ਭਾਈ ਜੇਠਾ ਜੀ ਵੀ ਮੌਜੂਦ ਸਨ।
ਇਹ ਮਨੁੱਖਤਾ ਦਾ ਦਰਦ ਸਮਝਣ ਲਈ ਕੀਤੀ ਗਈ ਇਕ ਲੰਮੀ ਯਾਤਰਾ ਸੀ। ਇਸ ਯਾਤਰਾ ਦੌਰਾਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਤੇ ਗੁਰਮਤਿ ਵਿਚਾਰਾਂ ਨੂੰ ਸੁਨਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ, ਜਿਸ ਦੇ ਫਲਸਰੂਪ ਮੁਗਲਾਂ ਦੇ ਕੱਟੜਵਾਦੀ ਵਰਗ ਵਿਚ ਵੱਡੀ ਚਿੰਤਾ ਪੈਦਾ ਹੋ ਗਈ। ਦਸੰਬਰ 1665 ਵਿਚ ਜਦੋਂ ਗੁਰੂ ਤੇਗ ਬਹਾਦੁਰ ਜੀ ਬੰਗੜ ਖੇਤਰ ਦੇ ਧਮਧਾਨ ਨਗਰ ਵਿਖੇ ਪਹੁੰਚੇ ਤਾਂ ਇਕ ਮੁਗਲ ਅਧਿਕਾਰੀ ਆਲਮ ਖਾਨ ਰੋਹਿਲਾ ਨੇ ਸ਼ਾਹੀ ਹੁਕਮਾਂ ਹੇਠ ਉਨ੍ਹਾਂ ਨੂੰ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ ਅਤੇ ਕੁਝ ਹੋਰ ਸਿੱਖ ਪੈਰੋਕਾਰਾਂ ਦੇ ਨਾਲ ਚਿੰਤਾ ਗ੍ਰਿਫਤਾਰ ਕਰ ਲਿਆ। ਇਨ੍ਹਾਂ ਸਾਰਿਆਂ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਉਨ੍ਹਾਂ ਨੂੰ ਰਾਜਾ ਜੈ ਸਿੰਘ ਮਿਰਜ਼ਾ ਦੇ ਪੁੱਤਰ ਕੰਵਰ ਰਾਮ ਸਿੰਘ ਕਛਵਾਹਾ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ। ਰਾਜਾ ਜੈ ਸਿੰਘ ਦਾ ਪੂਰਾ ਪਰਿਵਾਰ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਸੀ। ਇਸ ਲਈ ਉਨ੍ਹਾਂ ਨੇ ਗੁਰੂ ਜੀ ਤੇ ਸਾਥੀ ਸਿੱਖਾਂ ਨਾਲ ਕੈਦੀਆਂ ਵਰਗਾ ਵਰਤਾਓ ਦੀ ਥਾਂ ਬਹੁਤ ਹੀ ਸਤਿਕਾਰ ਕੀਤਾ ਅਤੇ ਸ਼ਾਹੀ ਦਰਬਾਰ ਤੋਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਵੀ ਪ੍ਰਾਪਤ ਕਰ ਲਏ। ਇਸ ਕਾਰਜ ਵਿਚ ਲਗਭਗ ਦੋ ਮਹੀਨਿਆਂ ਦਾ ਸਮਾਂ ਲੱਗਾ। ਤਦ ਆਪਣੇ ਮਿਸ਼ਨ ਨੂੰ ਜਾਰੀ ਰੱਖਦਿਆਂ ਗੁਰੂ ਸਾਹਿਬ ਪਹਿਲਾਂ ਮਥੁਰਾ ਅਤੇ ਫਿਰ ਆਗਰਾ ਪਹੁੰਚੇ। ਇਥੋਂ ਉਹ ਇਟਾਵਾ, ਕਾਨਪੁਰ ਅਤੇ ਫਤਿਹਪੁਰ ਹੁੰਦੇ ਹੋਏ ਇਲਾਹਾਬਾਦ ਪੁੱਜ ਗਏ। ਉਹ ਬਨਾਰਸ ਅਤੇ ਸਾਸਾਰਾਮ ਵੀ ਗਏ ਅਤੇ ਮਈ 1666 ਈਸਵੀ ਨੂੰ ਪਟਨਾ ਵਿਖੇ ਪਹੁੰਚ ਗਏ।
ਆਪਣੀ ਯਾਤਰਾ ਦੇ ਅਗਲੇ ਪੜਾਅ ਵੱਲ ਵੱਧਣ ਤੋਂ ਪਹਿਲਾਂ, ਗੁਰੂ ਜੀ ਨੇ ਅਗਾਮੀ ਬਰਸਾਤ ਦੇ ਮੌਸਮ ਦੌਰਾਨ, ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਤੇ ਰਿਹਾਇਸ਼ ਲਈ, ਇਕ ਬਹੁਤ ਹੀ ਸ਼ਰਧਾਲੂ ਸਿੱਖ ਔਰਤ ਮਾਤਾ ਪੈਂਦਾ ਦੀ ਦੇਖ ਰੇਖ ਵਿਚ ਸੁਯੋਗ ਪ੍ਰਬੰਧ ਕੀਤੇ। ਤਦ ਗੁਰੁ ਜੀ ਦੇ ਮਹਿਲ ਬੀਬੀ ਗੁਜਰੀ ਜੀ ਗਰਭਵਤੀ ਸਨ। ਅਕਤੂਬਰ 1666 ਵਿਚ ਗੁਰੂ ਜੀ ਮੁੰਗੇਰ, ਕਾਲੀਕਟ (ਹੁਣ ਕੋਲਕਾਤਾ), ਸਾਹਿਬ ਗੰਜ ਅਤੇ ਕੰਤ ਨਗਰ ਹੁੰਦੇ ਹੋਏ ਢਾਕਾ ਸ਼ਹਿਰ ਵੱਲ ਚਲ ਪਏ। ਜਿਨ੍ਹਾਂ ਵੀ ਥਾਵਾਂ ਉੱਤੇ ਗੁਰੂ ਜੀ ਰੁਕੇ, ਉਥੇ ਰੋਜ਼ਾਨਾ ਦੀਵਾਨ ਸਜਾਏ ਜਾਂਦੇ ਸਨ। ਸਤਿਸੰਗਤ ਦਾ ਇਕੱਠ ਹੁੰਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਸੀ। ਧਾਰਮਿਕ ਵਿਚਾਰ ਵਟਾਂਦਰੇ ਕੀਤੇ ਜਾਂਦੇ ਸਨ। ਅਨੇਕ ਸਿੱਖਾਂ ਜਿਵੇਂ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਅਤੇ ਬਾਬਾ ਗੁਰਦਿੱਤਾ ਜੀ ਨੇ ਇਨ੍ਹਾਂ ਦੀਵਾਨਾਂ ਦੌਰਾਨ ਗੁਰਬਾਣੀ ਦੀ ਵਿਆਖਿਆ ਤੇ ਪ੍ਰਸਾਰ ਕਾਰਜਾਂ ਵਿਚ ਭਾਗ ਲਿਆ।
ਢਾਕਾ ਵਿਖੇ ਗੁਰੂ ਜੀ ਨੇ ਅਲਮਸਤ ਜੀ ਅਤੇ ਨੱਥਾ ਜੀ ਵਰਗੇ ਉੱਘੇ ਪੈਰੋਕਾਰਾਂ ਦੀ ਮਦਦ ਨਾਲ ਇਕ ਵੱਡੀ ਸੰਗਤ (ਹਜ਼ੂਰੀ ਸੰਗਤ) ਦੀ ਸਥਾਪਨਾ ਕੀਤੀ। ਜਿਸ ਸਥਾਨ ਵਿਖੇ ਆਸਣ ਗ੍ਰਹਿਣ ਕਰਕੇ ਗੁਰੂ ਜੀ ਸਰੋਤਿਆਂ ਨੂੰ ਪਵਿੱਤਰ ਬਚਨ ਸੁਣਾਂਦੇ ਸਨ, ਉਸ ਸਥਾਨ ਵਿਖੇ ਅੱਜ ਕਲ ਗੁਰਦੁਆਰਾ ਸੰਗਤ ਟੋਲਾ ਸੁਸ਼ੋਭਿਤ ਹੈ। ਇਥੇ ਹੀ ਗੁਰੂ ਜੀ ਨੂੰ ਆਪਣੇ ਸਪੁੱਤਰ (ਬਾਲ ਗੋਬਿੰਦ ਰਾਏ) ਦੇ ਜਨਮ ਦੀ ਖ਼ਬਰ ਪੁੱਜੀ। ਬਾਲ ਗੋਬਿੰਦ ਰਾਏ ਦਾ ਜਨਮ ਪੋਹ ਸੁਦੀ ਸਪਤਮੀ (23 ਪੋਹ) ਬਿਕਰਮੀ ਸੰਮਤ 1723 (22 ਦਸੰਬਰ 1666) ਨੂੰ ਪਟਨਾ ਵਿਖੇ ਹੋਇਆ ਸੀ। ਹੁਣ ਗੁਰੂ ਜੀ ਜੈਂਤੀਆ ਪਹਾੜੀਆਂ ਅਤੇ ਸਿਲਹਟ ਵੱਲ ਚਲ ਪਏ ਜਿਥੇ ਉਨ੍ਹਾਂ ਨੇ ਇੱਕ ਪ੍ਰਚਾਰ ਕੇਂਦਰ ਸਥਾਪਤ ਕੀਤਾ ਅਤੇ ਫਿਰ ਅਗਰਤਲਾ ਹੁੰਦੇ ਹੋਏ ਚਿਟਾਗਾਂਗ ਪਹੁੰਚੇ।
ਸੰਨ 1668 ਵਿਚ ਗੁਰੂ ਜੀ ਢਾਕਾ ਵਾਪਸ ਆ ਗਏ। ਇਸ ਸਮੇਂ ਰਾਜਾ ਰਾਮ ਸਿੰਘ ਪੁੱਤਰ ਸਵਰਗਵਾਸੀ ਰਾਜਾ ਜੈ ਸਿੰਘ, ਪਹਿਲਾਂ ਹੀ ਢਾਕਾ ਵਿਖੇ ਮੌਜੂਦ ਸੀ ਤੇ ਆਪਣੀ ਅਸਾਮ ਦੀ ਮੁਹਿੰਮ ਦੇ ਪ੍ਰਬੰਧਾਂ ਵਿਚ ਮਸ਼ਰੂਫ ਸੀ। ਰਾਜਾ ਰਾਮ ਸਿੰਘ, ਗੁਰੂ ਜੀ ਨੂੰ ਮਿਲਿਆ ਅਤੇ ਆਪਣੀ ਮੁਹਿੰਮ ਦੀ ਸਫ਼ਲਤਾ ਲਈ ਗੁਰੂ ਜੀ ਦੇ ਆਸ਼ੀਰਵਾਦ ਦੀ ਮੰਗ ਕੀਤੀ। (ਕੁਝ ਇਤਹਾਸਕਾਰਾਂ ਦਾ ਕਹਿਣਾ ਹੈ ਕਿ ਰਾਜਾ ਰਾਮ ਸਿੰਘ, ਗੁਰੂ ਜੀ ਨੂੰ ਗਯਾ ਵਿਖੇ ਮਿਲਿਆ ਸੀ)। ਜਦੋਂ ਕਿ ਗੁਰੂ ਜੀ ਪਹਿਲਾਂ ਹੀ ਦੂਰ-ਪੂਰਬੀ ਥਾਵਾਂ ਦਾ ਦੌਰਾ ਕਰ ਰਹੇ ਸਨ, ਰਾਜਾ ਰਾਮ ਸਿੰਘ ਨੇ ਮੁਹਿੰਮ ਦੌਰਾਨ ਗੁਰੂ ਸਾਹਿਬ ਨੂੰ ਆਪਣੇ ਨਾਲ ਚੱਲਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਰਾਜਾ ਰਾਮ ਸਿੰਘ ਦੀ ਬੇਨਤੀ ਸਵੀਕਾਰ ਕਰ ਲਈ। ਇਸ ਦੌਰੇ ਦੌਰਾਨ ਗੁਰੂ ਜੀ ਨੇ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਸਥਿਤ ਅਸਾਮ ਦੇ ਨਗਰ ਧੁਬੜੀ ਵਿਖੇ ਦੀਵਾਨ ਲਗਾਇਆਂ। ਜਿਥੇ ਅੱਜ ਕਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ਵਿਖੇ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਸਨ। ਪ੍ਰਚਲਿਤ ਗਾਥਾ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ ਮਾਧਿਅਮ ਰਾਹੀਂ, ਕਾਮਰੂਪ ਦੇ ਸ਼ਾਸਕ ਅਤੇ ਰਾਜਾ ਰਾਮ ਸਿੰਘ ਵਿਚਕਾਰ ਖੂਨੀ ਲੜਾਈ ਟਲ ਗਈ ਤੇ ਦੋਹਾਂ ਧਿਰਾਂ ਵਿਚ ਸ਼ਾਂਤਮਈ ਸਮਝੌਤਾ ਹੋ ਗਿਆ। ਅਪ੍ਰੈਲ-ਮਈ 1670 ਵਿਚ ਗੁਰੂ ਜੀ ਅਸਾਮ ਤੋਂ ਪਟਨਾ ਵਾਪਸ ਆ ਗਏ।
ਗੁਰੂ ਜੀ ਨੇ ਇਸ ਸਫ਼ਰ ਦੌਰਾਨ ਮਹਿਸੂਸ ਕੀਤਾ ਕਿ ਇਸਲਾਮ ਦੇ ਪੈਰੋਕਾਰ ਸ਼ਾਸ਼ਕਾਂ ਦੁਆਰਾ ਭਾਰਤਵਾਸੀ ਹਿੰਦੂਆਂ ਉੱਤੇ ਬਹੁਤ ਜ਼ੁਲਮ ਕੀਤਾ ਜਾ ਰਿਹਾ ਸੀ। ਹਰ ਪਾਸੇ ਦਹਿਸ਼ਤ ਦਾ ਰਾਜ ਛਾਇਆ ਹੋਇਆ ਸੀ। ਹਿੰਦੂਆਂ ਨਾਲ ਅਨਿਆਂ ਕਰਨਾ ਇਸ ਰਾਜ ਦਾ ਸਭ ਤੋਂ ਭੈੜਾ ਚਲਣ ਸੀ। ਔਰੰਗਜੇਬ ਨੇ ਹਿੰਦੂ ਧਰਮ ਨੂੰ ਸਿੱਧੇ ਤੇ ਅਸਿੱਧੇ ਦੋਨੋਂ ਢੰਗਾਂ ਨਾਲ ਖ਼ਤਮ ਕਰਨ ਦਾ ਮਨ ਬਣਾਇਆ ਹੋਇਆ ਸੀ। ਉਸ ਨੇ ਬਹੁਤ ਸਾਰੇ ਇਸਲਾਮੀ ਕੱਟੜਪੰਥੀ ਕਾਰਜ ਆਰੰਭ ਲਏ ਸਨ। ਜਿਵੇਂ ਕਿ ਹਿੰਦੂ ਵਪਾਰੀਆਂ ਲਈ ਵਿਸ਼ੇਸ਼ ਟੈਕਸ, ਗ਼ੈਰ-ਮੁਸਲਮਾਨਾਂ ਲਈ ਧਾਰਮਿਕ ਟੈਕਸ (ਜ਼ਜ਼ੀਆ)। ਦੀਵਾਲੀ ਅਤੇ ਹੋਲੀ ਦੇ ਤਿਉਹਾਰ ਮਨਾਹੀ ਸੀ। ਉਸ ਨੇ ਬਹੁਤ ਸਾਰੇ ਅਹਿਮ ਅਤੇ ਪਵਿੱਤਰ ਹਿੰਦੂ ਮੰਦਰਾਂ ਨੂੰ ਢਾਹ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਤੇ ਮਸਜਿਦਾਂ ਸਥਾਪਤ ਕਰਵਾ ਦਿੱਤੀਆਂ ਸਨ। ਇਤਿਹਾਸ ਵਿਚ ਵਰਨਣ ਮਿਲਦਾ ਹੈ ਕਿ ਉਸ ਨੇ ਸਿੱਖਾਂ ਦੇ ਕਈ ਗੁਰੂਦੁਆਰੇ ਵੀ ਢਾਹ ਦਿੱਤੇ ਸਨ।
ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਬਾਰੇ ਸੁਣਿਆ ਅਤੇ ਉਹ ਪੰਜਾਬ ਵੱਲ ਵਧਦੇ ਗਏ। ਰਸਤੇ ਵਿਚ, ਜੂਨ 1670 ਵਿਚ, ਗੁਰੂ ਜੀ ਨੂੰ ਉਨ੍ਹਾਂ ਦੇ ਕਈ ਪ੍ਰਮੁੱਖ ਸਿੱਖਾਂ ਦੇ ਨਾਲ ਆਗਰਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦਿੱਲੀ ਵਿਖੇ ਸ਼ਾਹੀ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਜਲਦੀ ਹੀ ਰਿਹਾ ਕਰ ਦਿੱਤਾ ਗਿਆ। ਫਰਵਰੀ 1671 ਵਿਚ ਗੁਰੂ ਜੀ ਅਨੰਦਪੁਰ ਸਾਹਿਬ ਪਹੁੰਚ ਗਏ। ਇਥੇ ਉਹਨਾਂ ਨੇ ਅਗਲੇ ਲਗਭਗ ਦੋ ਸਾਲ ਸ਼ਾਂਤੀਪੂਰਨ ਸਿੱਖ ਧਰਮ ਦੇ ਪ੍ਰਚਾਰ ਵਿਚ ਬਿਤਾਏ। (ਚਲਦਾ)
drdpsn@gmail.
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …