Breaking News
Home / ਰੈਗੂਲਰ ਕਾਲਮ / ‘ਜੱਜ ਮੈਡਮ’ ਦਾ ਅਰਦਲੀ ਬਣਦਿਆਂ

‘ਜੱਜ ਮੈਡਮ’ ਦਾ ਅਰਦਲੀ ਬਣਦਿਆਂ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਲਘੂ ਫਿਲਮ ‘ਜੱਜ ਮੈਡਮ’ ਦੀ ਲਗਭਗ ਇੱਕ ਹਫਤੇ ਦੀ ਸ਼ੂਟਿੰਗ ਦੌਰਾਨ ਸ਼੍ਰੀ ਮਤੀ ਜਤਿੰਦਰ ਕੌਰ ਨੂੰ ਮੈ ਕਾਫੀ ਨੇੜੇ ਤੋਂ ਦੇਖਿਆ ਹੈ। ਉਹ ਅਦਾਕਾਰੀ ਵਿੱਚ ਕੌੜੇ ਸੁਭਾਅ ਦੀ ਲਗਦੀ ਹੈ,ਪਰ ਆਮ ਜਨ-ਜੀਵਨ ਵਿੱਚ ਉਹ ਪੂਰੀ ਤਰਾਂ ਸੁਘੜ ਸਿਆਣੀ, ਨਿਮਰਤਾ ਭਰਪੂਰ ઠਤੇ ਅੰਤਾਂ ਦੀ ਮਿੱਠ ਬੋਲੜੀ ਹੈ। ਜੋ ਉਹਦੇ ਦਿਲ ਵਿੱਚ ਹੈ, ਉਹੀ ਉਹਦੇ ਮੂੰਹ ‘ਤੇ। ਉਹ ਆਪਣੇ ਜੀਵਨ ਦੇ ਕੌੜੇ ਮਿੱਠੇ ਤੇ ਲੰਮੇਰੇ ਅਨੁਭਵ ਨੂੰ ਬਾਖੂਬੀ ਬਿਆਨ ਕਰਦੀ ਹੈ । ਕਸ਼ਟਮਈ ਸਮਾਂ ਚੇਤੇ ਕਰਕੇ ਭਾਵੁਕ ਹੋ ਜਾਂਦੀ ਹੈ। ਉਸਦੀਆਂ ਅੱਖਾਂ ਤਾਂ ਵਗਦੀਆਂ ਹੀ ਨੇ ਸਗੋਂ ਸੁਣ ਰਹੇ ਸ੍ਰੋਤੇ ਵੀ ਜ਼ਜਬਾਤੀ ਹੋਣੋ ਨਹੀਂ ਰਹਿ ਸਕਦੇ ਅਜਿਹਾ ਹੀ ਵਾਪਰਿਆ ਸਾਡੇ ਮਿੱਤਰ ਪਰਿਵਾਰ ਅਰੋੜਾ ਹੋਰਾਂ ਦੇ ਘਰ ਉਦੋਂ, ਜਦੋਂ ਮੈਡਮ ਸ਼ੂਟਿੰਗ ਮੁਕਾ ਕੇ ਅੰਮ੍ਰਿਤਸਰ ਨੂੰ ਵਾਪਿਸ ਜਾ ਰਹੇ ਸਨ ਅਤੇ ਅਸੀਂ ਰਲ-ਮਿਲ ਕੇ ਇੱਕ ਪਰਿਵਾਰਕ ਸਨਮਾਨ ਸਮਾਰੋਹ ਰੱਖ ਲਿਆ ਮੈਡਮ ਦਾ ਮਾਣ ਤਾਣ ਕਰਨ ਨੂੰ। ਉਥੇ ਮੈਡਮ ਨੇ ਢਿੱਡੋਂ ਬੋਲ ਕੇ ਸਭ ਨੂੰ ਭਾਵੁਕਤਾ ਦੇ ਵਹਿਣ ਵਿੱਚ ਵਹਾ ਲਿਆ। ਉਹਨਾਂ ਦੱਸਿਆ ਕਿ ਉਹ ਨਾਟਕ ਦੇ ਪਿੜ ਵਿੱਚ ਉਦੋਂ ਆਈ, ਜਦ ਕੁੜੀਆਂ ਕੱਤਰੀਆਂ ਲਈ ਨਾਟਕ ਕਰਨੇ ਤਾਂ ਇੱਕ ਪਾਸੇ ਰਹੇ ਸਗੋਂ ਵੇਖਣ ਦੀ ਵੀ ਸਖਤ ਮਨਾਹੀ ਹੁੰਦੀ ਸੀ ਤੇ ਘਰੋਂ ਬਾਹਰ ਪੱਟਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਭਾਈ ਮੰਨਾ ਸਿੰਘ (ਭਾਜੀ ਗੁਰਸ਼ਰਨ ਸਿੰਘ) ਹੁਰਾਂ ਦੀ ਯੋਗ ਅਗਵਾਈ ਵਿੱਚ ਉਸਦੀ ਕਲਾ ਨਿੱਖਰ ਕੇ ਸਾਹਮਣੇ ਆਈ। ਜਦੋਂ ਹਰਭਜਨ ਜੱਬਲ ਨਾਲ ਮਿਲਕੇ ਉਹ ਮੰਚਾਂ ਉਤੇ ਆਈ ਤਾਂ ਇੰਨਾਂ ਦੀ ਜੋੜੀ ਦੀਆਂ ਧੂੰਮਾਂ ਪੈ ਗਈਆ ਚਾਰੇ ਪਾਸੇ। ਜੱਬਲ ਭਾਵੇਂ ਦੁਨੀਆਂ ਤੋਂ ਚਲਾ ਗਿਆ ਹੈ, ਪਰ ਇਨ੍ਹਾਂ ਦੀ ਜੋੜੀ ਦੀ ਨੋਕ-ਝੋਕ,ਘੈਂਸ-ਘੈਂਸ ਤੇ ਟੋਕਾ-ਟੋਕਾ ਸ੍ਰੋਤਿਆਂ ਨੂੰ ਅੱਜ ਵੀ ਯਾਦ ਹੈ ਤੇ ਲੰਮਾਂ ਸਮਾਂ ਮਨਾਂ ਵਿੱਚ ਰਹੇਗੀ। ਦੂਰਦਰਸ਼ਨ ਜਲੰਧਰ ਉੱਤੋਂ ਇਨ੍ਹਾਂ ਨੂੰ ਪੰਜਾਬੀ ਜਗਤ ਨੇ ਚੰਗੀ ਤਰ੍ਹਾਂ ਮਾਣਿਆ ਤੇ ਪਛਾਣਿਆ ਹੈ। ਸਕਿੱਟਾਂ, ਫਿਲਮਾਂ ਤੇ ਲੜੀਵਾਰ ਨਾਟਕਾਂ ਵਿਚ ਇਹਨਾਂ ਦੀ ਅਦਾਕਾਰੀ ਸਿਰ ਚੜ੍ਹ ਕੇ ਬੋਲੀ। ਖੈਰ!ઠ
ਮੈਡਮ ਜਤਿੰਦਰ ਕੌਰ ਨਖਰੇ ਬਾਜ਼ ਭੋਰਾ ਨਹੀਂ । ਜੋ ਮਿਲਿਆ, ਸੋ ਖਾ ਲਿਆ। ਸ਼ੂਟਿੰਗ ਸਮੇਂ ਤਲਖੀ ਉਹਦੇ ਨੇੜੇ ਤੇੜੇ ਨਹੀਂ ਫਟਕਦੀ ਦੇਖੀ। ਫਿਲਮ ਦਾ ਡਾਇਰੈਕਟਰ ਰੰਗ ਹਰਜਿੰਦਰ ਤੇ ਉਹਦਾ ਸਾਥੀ ਸਹਾਇਕ ਹਰਜੋਤ ਨਟਰਾਜ ਸ਼ੂਟਿੰਗ ਮੌਕੇ ਬਿਲਕੁਲ ਸੰਤੁਸ਼ਟ ਹੁੰਦੇ। ਰੀ-ਟੇਕ ਦੀ ਬਹੁਤੀ ਲੋੜ ਹੀ ਨਹੀਂ ਪਈ। ਮੈਡਮ ਨੇ ‘ਜੱਜ ਮੈਡਮ’ ਜੋ ਇੱਕਲੀ ਜੀਵਨ ਕਟੀ ਕਰਦੀ ਹੈ। ਪੁੱਤ ਪ੍ਰਦੇਸੀ ਹੈ। ਪਤੀ ਵੀ ਪਾਸੇ ਹੈ ਚਿਰਾਂ ਤੋਂ। ਭਰਾ ਉਹਦੇ ਨਾਂ ‘ਤੇ ਲੋਕਾਂ ਤੋਂ ਰਿਸ਼ਵਤ ਖਾਂਦਾ ਹੈ। ਸ਼ਰਾਬ ਪੀਂਦਾ ਹੈ। ‘ਜੱਜ ਮੈਡਮ’ ਬੁਰੀ ਤਰ੍ਹਾਂ ਕਲਪ ਜਾਂਦੀ ਹੈ ਘਰੇਲੂ ਹਾਲਾਤਾ ਤੋਂ। ਸਮਾਜ ਦੇ ਕਰੜੇ ਬੰਧਨ ਤੋਂ। ਦਫਤਰੀ ਬੋਝ ਤੋਂ। ਮਿਸਲਾਂ ਦੇ ਕਾਗਜ਼ਾਂ ਨਾਲ ਭਰੇ ਮੂੰਹਾਂ ਤੋਂ। ਵਕੀਲਾਂ ਦੀਆਂ ਦਲੀਲਾਂ ਤੇ ਬੋਰਿੰਗ ਬਹਿਸਾਂ ਤੋਂ। ਅਰਦਲੀਆਂ ਤੇ ਗੰਨਮੈਨਾਂ ਤੋਂ। ਚਾਰਿਓਂ ਪਾਸਿਓਂ ਉਹ ਅੰਤਾਂ ਦੀ ਸਤਾਈ ਹੁੰਦੀ ਹੈ ਇਕੱਲੀ ਰੋਂਦੀ ਹੈ ਤੇ ਕਹਿੰਦੀ ਹੈ, ”ਮੈਂ ਲੋਕਾਂ ਨਾਲ ਇਨਸਾਫ ਕਰਦੀ ਆਂ ਪਰ ਮੈਨੂੰ ਵੀ ਤਾਂ ਇਨਸਾਫ ਚਾਹੀਦਾ ਏ।” ਉਹਦੇ ਅੰਦਰੋਂ ਕੀ ਨਿਕਲਦਾ ਹੈ। ਇਹ ਫਿਲਮ ਵਿੱਚ ਵੇਖਣਾ ਹੀ ਬਣਦਾ ਹੈ।
‘ਜੱਜ ਮੈਡਮ’ ਵਿੱਚ ਏਨਾ ਲੰਬਾ ਰੋਲ (ਇੱਕ ਘੰਟੇ ਦਾ) ਕਰਕੇ ਜਤਿੰਦਰ ਕੌਰ ਤਸੱਲੀ ਬਿਲਕੁਲ ਨਾਲ ਭਰੇ-ਭਰੇ ਨਜ਼ਰ ਆ ਰਹੀ ਹੈ। ਉਸਨੇ ਹਟਵਾਂ ਤੇ ਵਿਲੱਖਣ ਰੋਲ ਨਿਭਾਇਆ ਹੈ। ਮੈ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਉਹਨਾਂ ਨਾਲ ਅਰਦਲੀ ਦੇ ਰੋਲ ਦਾ ਕੰਮ ਮਿਲਿਆ ਤੇ ਨੇੜੇ ਤੋਂ ਉਹਨਾਂ ਨੂੰ ਸਮਝ ਸਕਿਆ ਹਾਂ। ਹੁਣ ਅਸੀਂ ਮੈਡਮ ਨੂੰ ਘਰ ਟਿਕ ਕੇ ਨਹੀਂ ਬਹਿਣ ਦੇਣਾ, ਹੋਰ ਕੰਮ ਵੀ ਕਰਵਾਂਵਗੇ ਤੇ ਸਾਡੇ ਫਰੀਦਕੋਟ ਡਿਪਟੀ ਕਮਿਸ਼ਨਰ ਤੇ ਕਲਾ ਦੇ ਕਦਰਦਾਨ ਸ਼੍ਰੀ ਰਾਜੀਵ ਪਰਾਸ਼ਰ ਆਈ.ਏ.ਐੱਸ ਨੇ ਵੀ ਅਜਿਹਾ ਹੀ ਮੈਡਮ ਨੂੰ ਆਖਿਆ ਹੈ, ਜੋ ਮੈਂ ਆਖ ਰਿਹਾ ਹਾਂ । ਡੀ.ਸੀ ਸਾਹਿਬ ਮੈਡਮ ਦੀ ਕਲਾ ਦੀ ਕਦਰ ਕਰਦੇ ਹੋਏ ਦੋ ਘੰਟੇ ਆਪਣੇ ਸਾਥੀਆਂ ਸਮੇਤ ਫਿਲਮ ਦੀ ਸ਼ੂਟਿੰਗ ਦੇਖਦੇ ਰਹੇ ਤੇ ਮੈਡਮ ਨੂੰ ਦਿਲੋਂ ਆਦਰ ਦੇ ਕੇ ਗਏ। ਇਹ ਵੀ ਵਾਰ ਵਾਰ ਕਿਹਾ ਕਿ ਮੈਡਮ ਅਸੀਂ ਤੁਹਾਡੀ ਅਦਾਕਾਰੀ ਦੇਖਦੇ-ਦੇਖਦੇ ਵੱਡੇ ਹੋਏ ਆਂ। ਆਪਣੀ ਡਾਇਰੀ ਦੇ ਇਹ ਪੰਨੇ ਲਿਖਦਿਆਂ ਮੈਂ ਪੂਰਾ ਪੂਰਾ ਪ੍ਰਸੰਨ ਹਾਂ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …