Breaking News
Home / ਰੈਗੂਲਰ ਕਾਲਮ / ਭਾਰਤ-ਪਾਕਿ ਜੰਗਂ1965

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਭਾਰਤ ਦੇ ਜਹਾਜ਼ ਇੰਗਲੈਂਡ ਦੇ ਬਣੇ ਹੋਏ ਸਨ। ਨੈਟ ਭਾਰਤ ਵਿਚ ਬਣਦਾ ਸੀ। ਇਸਦੇ ਉਤਪਾਦਨ ਲਈ ਭਾਰਤ ਨੇ ਇੰਗਲੈਂਡ ਤੋਂ ਲਾਇਸੈਂਸ ਲਿਆ ਹੋਇਆ ਸੀ।
(2) ਲਾਹੌਰ ਸੈਕਟਰ: ਭਾਰਤੀ ਕਮਾਂਡਰਾਂ ਨੇ ਪਾਕਿਸਤਾਨੀ ਫੌਜ ਦਾ ਧਿਆਨ ਜੰਮੂ-ਕਸ਼ਮੀਰ ਵੱਲੋਂ ਹਟਾਉਣ ਲਈ ਲਾਹੌਰ ਵੱਲ ਨੂੰ ਮੋਰਚਾ ਖੋਲ੍ਹ ਦਿੱਤਾ। ਪਾਕਿਸਤਾਨੀ ਫੌਜ ਨੇ ਇਛੋਗਿਲ ਨਹਿਰ ਦੇ ਪੱਛਮੀ ਕੰਢੇ ਤੋਂ ਜਵਾਬੀ ਹਮਲਾ ਕੀਤਾ। ਪਰ ਭਾਰਤ ਦੀਆਂ ਜ਼ਮੀਨੀ ਤੇ ਹਵਾਈ ਸੈਨਾਵਾਂ ਨੇ ਰਲ਼ ਕੇ ਉਹ ਹਮਲਾ ਨਾਕਾਮ ਕਰ ਦਿੱਤਾ। ਪਿਛਾਂਹ ਹਟ ਰਹੀ ਪਾਕਾਸਤਾਨੀ ਫੌਜ ਨੇ ਨਹਿਰ ਦੇ ਪੁਲ਼ ਤੋੜਨੇ ਸ਼ੁਰੂ ਕਰ ਦਿੱਤੇ। ਕੁਝ ਪੁਲ਼ਾਂ ‘ਤੇ ਭਾਰਤੀ ਫੌਜੀਆਂ ਨੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਪੁਲ਼ਾਂ ਰਾਹੀਂ ਲਾਹੌਰ ਦੇ ਉੱਤਰ ‘ਚ ਪੈਂਦੇ ਦੋਗਰਾਈ ਅਤੇ ਬਰਕੀ ਪਿੰਡਾਂ ‘ਚ ਜਾ ਡਟੇ। ਇੱਥੋਂ ਲਾਹੌਰ ਇੰਟਰਨੈਸ਼ਨਲ ਏਅਰਪੋਰਟ ਭਾਰਤੀ ਫੌਜਾਂ ਦੀਆਂ ਤੋਪਾਂ ਦੀ ਮਾਰ ਹੇਠ ਸੀ।
(3) ਖੇਮਕਰਨ ਸੈਕਟਰ: ਅਗਲੇ ਦਿਨਾਂ ਵਿਚ ਪਾਕਿਸਤਾਨੀ ਤੋਪਖਾਨੇ ਨੇ ਖੇਮਕਰਨ ਸੈਕਟਰ ਵੱਲੋਂ ਧਾਵਾ ਬੋਲ ਦਿੱਤਾ। ਓਥੇ ਭਾਰਤੀ ਫੌਜ ਦੀ ਨਫਰੀ ਥੋੜ੍ਹੀ ਸੀ। ਭਾਰਤੀ ਹਵਾਈ ਜਹਾਜ਼ ਜ਼ਮੀਨੀ ਫੌਜ ਦੀ ਸਹਾਇਤਾ ‘ਚ ਜੁੱਟ ਗਏ। ਏਨੇ ਨੂੰ ਕੁਮਕ ਵਾਲ਼ਾ ਤੋਪਖਾਨਾ ਵੀ ਪਹੁੰਚ ਗਿਆ। ਸਾਡੇ ਜਹਾਜ਼ਾਂ ਤੇ ਟੈਂਕਾਂ ਨੇ ਪਾਕਿਸਤਾਨੀ ਟੈਂਕਾਂ ਦੇ ਪਰਖਚੇ ਉਡਾ ਦਿੱਤੇ। ਪਾਕਿਸਤਾਨੀ ਫੌਜ ਖੇਮਕਰਨ ਤੋਂ ਅਗਾਂਹ ਨਾ ਵੱਧ ਸਕੀ। ਭਾਰਤ ਦੇ 30 ਟੈਂਕ ਤਬਾਹ ਹੋਏ। ਪਾਕਿਸਤਾਨ ਦੇ ਤਬਾਹ ਹੋਏ ਅਤੇ ਕਬਜ਼ੇ ‘ਚ ਕੀਤੇ ਟੈਂਕਾ ਦੀ ਗਿਣਤੀ 100 ਦੇ ਕਰੀਬ ਸੀ। ਇਸ ਸਥਾਨ ਨੂੰ ‘ਪੈਟਨ ਟੈਂਕਾਂ ਦਾ ਕਬਰਿਸਤਾਨ’ ਦਾ ਨਾਂ ਦਿੱਤਾ ਗਿਆ।
ਇਸ ਜੰਗ ਵਿਚ ਹੋਈਆਂ ਟੈਂਕਾਂ ਦੀਆਂ ਲੜਾਈਆਂ, ਦੂਜੀ ਵਿਸ਼ਵ ਜੰਗ ਤੋਂ ਬਾਅਦ ਦੀਆਂ ਵੱਡੀਆਂ ਲੜਾਈਆਂ ਮੰਨੀਆਂ ਜਾਂਦੀਆਂ ਹਨ। ਦੋਨਾਂ ਦੇਸ਼ਾਂ ਦੇ ਜਹਾਜ਼ ਜ਼ਮੀਨੀ ਫੌਜਾਂ ਦੀ ਸਹਾਇਤਾ ਦੇ ਨਾਲ਼-ਨਾਲ਼ ਇਕ-ਦੂਜੇ ਦੇ ਹਵਾਈ ਅੱਡਿਆਂ ‘ਤੇ ਵੀ ਹਮਲੇ ਕਰ ਰਹੇ ਸਨ। ਸਾਡੇ ਕੈਨਬਰਾ ਜਹਾਜ਼ਾਂ ਦੇ ਅਪਰੇਸ਼ਨ ਦਿਨੇ ਵੀ ਤੇ ਰਾਤ ਨੂੰ ਵੀ ਚਲਦੇ ਸਨ। ਤਕਨੀਸ਼ਨ ਖਾਣ-ਪੀਣ ਤੇ ਸੌਣ ਵਾਸਤੇ ਥੋੜ੍ਹੇ ਕੁ ਸਮੇਂ ਲਈ ਹੀ ਜਾਂਦੇ ਸਨ। ਸਾਰੇ ਇਕੋ ਸਮੇਂ ਨਹੀਂ ਸਨ ਜਾਂਦੇ।
ਜਹਾਜ਼ਾਂ ਦੀ ਸਰਵਿਸਿੰਗ ਦਾ ਕੰਮ ਕਾਫ਼ੀ ਸੀ। ਮੈਨੂੰ ਜਦੋਂ ਕਦੀ ਆਪਣੇ ਟਰੇਡ ਦੇ ਕੰਮ ਤੋਂ ਵਿਹਲ ਮਿਲਦੀ, ਮੈਂ ਹਥਿਆਰਸਾਜ਼ਾਂ ਨਾਲ਼ ਜਾ ਲਗਦਾ। ਜਹਾਜ਼ ਦੇ ਚੁਗਾਠੇ ਦੇ ਹੇਠਲੇ ਹਿੱਸੇ (Fuselage) ਵਿਚ ਫਿੱਟ ਕਰਨ ਵਾਲ਼ੇ ਬੰਬ ਹਾਈਡਰਾਲਿਕ ਟਰਾਲੀ ‘ਤੇ ਰੱਖੇ ਹੁੰਦੇ ਸਨ। ਟਰਾਲੀ ਦੀ ਅਲਾਈਨਮੈਂਟ ਬਹੁਤ ਸੂਖਮ ਸੀ। ਟਰਾਲੀ ਨੂੰ ਕਈ ਵਾਰ ਸੱਜੇ-ਖੱਬੇ ਕਰਨਾ ਪੈਂਦਾ ਸੀ। ਪਹਿਲੀ ਸੱਟੇ ਹੀ ਅਲਾਈਨਮੈਂਟ ਕਰਨ ਵਾਲ਼ੇ ਹਥਿਆਰਸਾਜ਼ ਥੋੜ੍ਹੇ ਕੁ ਹੀ ਸਨ। ਭਾਵੇਂ ਉਹ ਕੰਮ ਮੇਰੀ ਟਰੇਡ ਦਾ ਨਹੀਂ ਸੀ, ਮੈਂ ਵੀ ਪਹਿਲੀ ਸੱਟੇ ਹੀ ਕਰ ਦੇਂਦਾ ਸਾਂ।
ਜਹਾਜ਼ ਦੇ ਸਾਰੇ ਅਪਰੇਸ਼ਨਾਂ ਦਾ ਤਕਨੀਸ਼ਨਾਂ ਨੂੰ ਨਹੀਂ ਪਤਾ ਹੁੰਦਾ। ਮੈਂ ਦੋ ਦਾ ਜ਼ਿਕਰ ਕਰ ਰਿਹਾਂ। 7 ਸਤੰਬਰ ਨੂੰ ਕੈਨਬਰਾ ਜਹਾਜ਼ਾਂ ਨੇ ਪਾਕਿਸਤਾਨ ਦੇ ਸੁਰਖਿਅਤ ਹਵਾਈ ਅੱਡੇ ਸਰਗੋਧਾ ‘ਤੇ 33 ਹਮਲੇ ਕਰਕੇ ਬਾਰੂਦ ਦਾ ਮੀਂਹ ਵਰ੍ਹਾਇਆ ਤੇ ਕਾਫ਼ੀ ਨੁਕਸਾਨ ਕੀਤਾ। ਪਾਕਿਸਤਾਨ ਹਵਾਈ ਸੈਨਾ ਵਿਚ ਤਰਥੱਲੀ ਮਚਾਉਣ ਵਾਲ਼ੀ ਘਟਨਾ ਸੀ ਇਹ।
21 ਸਤੰਬਰ ਨੂੰ ਦਿਨ-ਦਿਹਾੜੇ 6 ਕੈਨਬਰੇ ਸਾਡੇ ਸੁਕਆਡਰਨ ਕਮਾਂਡਰ, ਵਿੰਗ ਕਮਾਂਡਰ ਪ੍ਰਿਥੀਪਾਲ ਸਿੰਘ ਦੀ ਅਗਵਾਈ ਵਿਚ ਪਾਕਿਸਤਾਨ ਦੇ ਬਾਦਿਨ ਹਵਾਈ ਅੱਡੇ ‘ਤੇ ਜਾ ਗੱਜੇ। ਪਹਿਲਾਂ ਇਕ ਕੈਨਬਰੇ ਨੇ ਕਾਫ਼ੀ ਉਚਾਈ ਤੋਂ ਦਿਖਾਈ ਦੇ ਕੇ ਜਹਾਜ਼-ਮਾਰੂ ਤੋਪਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫਿਰ ਪੰਜ ਕੈਨਬਰਿਆਂ ਨੇ ਅੱਗੇ-ਪਿੱਛੇ ਉੱਪਰੋਥਲੀ ਦੋ ਵਾਰ ਬਹੁਤ ਹੀ ਨੀਵੇਂ ਜਾ ਕੇ ਬੰਬਾਂ ਤੇ ਰਾਕਟਾਂ ਦੀ ਵਾਛੜ ਨਾਲ਼ ਓਥੋਂ ਦੇ ਬਹੁਤ ਹੀ ਸ਼ਕਤੀਸ਼ਾਲੀ ਰੇਡਾਰ ਦੇ ਫੂਸੜੇ ਉਡਾ ਦਿੱਤੇ। ਵਾਪਸ ਮੁੜਦਿਆਂ ਇਕ ਕੈਨਬਰਾ, ਪਾਕਿਸਤਾਨੀ ਫਾਈਟਰ ਜਹਾਜ਼ ਨੇ ਸੁੱਟ ਲਿਆ। ਪਾਇਲਟ ਤੇ ਨੇਵੀਗੇਟਰ (ਨਾਂ ਭੁੱਲ ਗਏ ਹਨ) ਪੈਰਾਸ਼ੂਟਾਂ ਰਾਹੀਂ ਬਾਹਰ ਤਾਂ ਆ ਗਏ ਪਰ ਜੰਗੀ ਕੈਦੀ ਬਣਾ ਲਏ ਗਏ।
ਅਮਰੀਕਾ ਤੇ ਰੂਸ ਜੰਗਬੰਦੀ ਵਾਸਤੇ ਦਬਾਓ ਪਾ ਰਹੇ ਸਨ। 22 ਸਤੰਬਰ ਨੂੰ ਜੰਗਬੰਦੀ ਦਾ ਐਲਾਨ ਹੋ ਗਿਆ। ਜੰਗਾਂ ਦੇ ਵਿਸ਼ਲੇਸ਼ਕ ਇਸ ਜੰਗ ਨੂੰ ਗਤੀਰੋਧ ਜੰਗ ਆਖਦੇ ਹਨ ਯਾਅਨੀ ਜ਼ੋਰ-ਸ਼ੋਰ ਨਾਲ਼ ਚੱਲ ਰਹੀ ਜੰਗ ਫ਼ੈਸਲਾਕੁੰਨ ਬਣਨ ਤੋਂ ਪਹਿਲਾ ਹੀ ਰੋਕ ਦਿੱਤੀ ਗਈ। ਉਨ੍ਹਾਂ ਅਨੁਸਾਰ ਜੇ ਜੰਗ ਕੁਝ ਦਿਨ ਹੋਰ ਜਾਰੀ ਰਹਿੰਦੀ ਤਾਂ ਭਾਰਤ ਨੂੰ ਫ਼ੈਸਲਾਕੁੰਨ ਜਿੱਤ ਹਾਸਲ ਹੋ ਜਾਣੀ ਸੀ।
ਭਾਰਤ ਨੇ ਪਾਕਿਸਤਾਨ ਦਾ 3800 ਵਰਗ ਕਿਲੋਮੀਟਰ ਇਲਾਕਾ ਮੱਲ ਲਿਆ ਸੀ ਜਦੋਂ ਕਿ ਪਾਕਿਸਤਾਨ ਸਿਰਫ਼ 540 ਵਰਗ ਕਿਲੋਮੀਟਰ ਹੀ ਮੱਲ ਸਕਿਆ। ਪਾਕਿਸਤਾਨ ਦੇ ਤਬਾਹ ਹੋਏ ਟੈਂਕਾਂ ਅਤੇ ਜਹਾਜ਼ਾਂ ਦੀ ਗਿਣਤੀ ਭਾਰਤ ਨਾਲ਼ੋਂ ਜ਼ਿਆਦਾ ਸੀ।ਭਾਰਤ ਦੇ 3000 ਫੌਜੀਆਂ ਨੇ ਜਾਨਾਂ ਵਾਰੀਆਂ। ਜਾਨਾਂ ਵਾਰਨ ਵਾਲ਼ੇ ਪਾਕਿਸਤਾਨੀ ਫੌਜੀਆਂ ਦੀ ਗਿਣਤੀ 3800 ਸੀ। ਪਰ ਪਾਕਿਸਤਾਨ ਦੀ ਫੌਜੀ ਸਰਕਾਰ, ਲੋਕਾਂ ਵਿਚ ਆਪਣੀ ਸਾਖ ਡਿਗਣ ਦੇ ਡਰੋਂ, ਭਾਰਤ ਦਾ ਪਾਕਿਸਤਾਨ ਨਾਲ਼ੋਂ ਵੱਧ ਨੁਕਸਾਨ ਦੱਸ ਰਹੀ ਸੀ।
ਜੰਗਬੰਦੀ ਤੋਂ ਬਾਅਦ ਰੂਸ ਨੇ ਮੀਜ਼ਬਾਨ ਬਣ ਕੇ ਆਪਣੇ ਸ਼ਹਿਰ ਤਾਸ਼ਕੰਦ (ਹੁਣ ਉਜ਼ਬੇਕਿਸਤਾਨ) ਵਿਖੇ ਲਾਲ ਬਹਾਦਰ ਸ਼ਾਸਤਰੀ ਤੇ ਆਯੂਬ ਖਾਂ ਦਾ ਸਮਝੌਤਾ ਕਰਵਾ ਦਿੱਤਾ। ਸਮਝੌਤੇ ਅਨੁਸਾਰ ਦੋਨਾਂ ਨੇਤਾਵਾਂ ਨੇ ਇਹ ਪ੍ਰਵਾਨ ਕਰ ਲਿਆ ਕਿ ਉਨ੍ਹਾਂ ਦੀਆਂ ਫੌਜਾਂ ਮੱਲੇ ਹੋਏ ਇਲਾਕਿਆਂ ਨੂੰ ਖਾਲੀ ਕਰਕੇ, ਜੰਗ ਤੋਂ ਪਹਿਲਾਂ ਵਾਲ਼ੀਆਂ ਪੁਜ਼ੀਸ਼ਨਾਂ ‘ਤੇ ਪਰਤ ਜਾਣਗੀਆਂ।
ਸਵਾਲ ਪੈਦਾ ਹੁੰਦਾ ਹੈ ਕਿ ਇਸ ਜੰਗ ਵਿਚੋਂ ਆਖਰ ਨਿਕਲ਼ਿਆ ਕੀ? ਦੋਨਾਂ ਦੇਸ਼ਾਂ ਦੇ 6800 ਸੈਨਿਕਾਂ ਦੀਆਂ ਜਾਨਾਂ ਗਈਆਂ। ਮਾਪਿਆਂ ਤੋਂ ਉਨ੍ਹਾਂ ਦੇ ਪੁੱਤਰ, ਪਤਨੀਆਂ ਤੋਂ ਉਨ੍ਹਾਂ ਦੇ ਸਿਰਾਂ ਦੇ ਸਾਈਂ, ਭੈਣਾਂ ਤੋਂ ਉਨ੍ਹਾਂ ਦੇ ਵੀਰ ਤੇ ਬੱਚਿਆਂ ਤੋਂ ਉਨ੍ਹਾਂ ਦੇ ਪਿਤਾ ਸਦਾ ਲਈ ਵਿੱਛੜ ਗਏ। 6800 ਘਰਾਂ ਵਿਚ ਉਮਰਾਂ ਜੇਡੇ ਹਨ੍ਹੇਰੇ ਪੈ ਗਏ। ਸੈਂਕੜੇ ਅੰਗਹੀਣ ਹੋਏ ਸੈਨਿਕ ਆਪਣੇ ਪਰਿਵਾਰਾਂ ‘ਤੇ ਬੋਝ ਬਣ ਗਏ। ਪਰ ਕਾਹਦੇ ਲਈ?
ਮੰਨਦੇ ਹਾਂ ਕਿ ਦੇਸ਼ ਵਿਅਕਤੀ ਨਾਲ਼ੋਂ ਵੱਧ ਮਹੱਤਵਪੂਰਨ ਹੁੰਦਾ ਹੈ। ਸੈਨਿਕਾਂ ਨੇ ਦੇਸ਼ ਵਾਸਤੇ ਲਹੂ ਡੋਲ੍ਹਿਆ। ਪਰ ਜੇ ਜੰਗ ਤੋਂ ਬਾਅਦ ਮੁੜ ਕੇ ਪਹਿਲਾਂ ਵਾਲੀਆਂ ਪੁਜ਼ੀਸ਼ਨਾਂ ‘ਤੇ ਹੀ ਆਉਣਾ ਸੀ ਤਾਂ ਲਹੂ ਡੋਲ੍ਹਣ ਦਾ ਲਾਭ ਕੀ ਹੋਇਆ?
ਲਾਭ ਖੱਟ ਗਏ ਹਥਿਆਰਾਂ ਦੇ ਵਪਾਰੀ। ਜੰਗ ਤੋਂ ਬਾਅਦ ਇਹ ਵਪਾਰ ਹੋਰ ਪ੍ਰਫੁੱਲਤ ਹੋਣ ਲੱਗ ਪਿਆ। ਅਮਰੀਕਾ ਨੂੰ ਪਾਕਿਸਤਾਨ ਤੋਂ ਨਵੇਂ ਆਰਡਰ ਮਿਲ਼ ਗਏ ਤੇ ਭਾਰਤ ਰੂਸ ਤੋਂ ਖ਼ਰੀਦਣ ਲੱਗ ਪਿਆ। ਵਪਾਰੀਆਂ ਨੂੰ ਮੌਕਾ ਕੀਹਨੇ ਦਿੱਤਾ? ਪਾਕਿਸਤਾਨ ਨੇ। ਲੜਾਈ ਉਸ ਨੇ ਛੇੜੀ ਸੀ, ਕਸ਼ਮੀਰ ‘ਤੇ ਕਬਜ਼ਾ ਕਰਨ ਲਈ।
ਸਮਝੌਤੇ ਦੇ ਅਖੀਰ ‘ਚ ਅਤਿ ਦੁਖਦਾਈ ਘਟਨਾ ਵਾਪਰ ਗਈ। ਤਾਸ਼ਕੰਦ ਵਿਖੇ 10 ਜਨਵਰੀ 1966 ਦੀ ਰਾਤ ਨੂੰ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਦਿਲ ਦਾ ਦੌਰਾ ਪਿਆ ਤੇ ਉਸਦਾ ਦੇਹਾਂਤ ਹੋ ਗਿਆ। ਅਜੋਕੇ ਭ੍ਰਿਸ਼ਟ ਰਾਜਨੀਤਕਾਂ ਦੇ ਮੁਕਾਬਲੇ ਉਹ ਈਮਾਨਦਾਰ, ਨੇਕ ਦਿਲ ਤੇ ਦੇਸ਼ਵਾਸੀਆਂ ਲਈ ਸੁਹਿਰਦ ਰਾਜਨੀਤਕ ਸੀ।
1966 ਦੇ ਫਰਵਰੀ ਜਾਂ ਸ਼ਾਇਦ ਮਾਰਚ ਮਹੀਨੇ ਵਿਚ ਆਗਰੇ ਹਵਾਈ ਅੱਡੇ ‘ਚ ਹੋਈ ਪਰੇਡ ਵਿਚ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਨੇ ਪਾਇਲਟਾਂ ਤੇ ਏਅਰਮੈਨਾਂ ਨੂੰ ਸਨਮਾਨ ਪ੍ਰਦਾਨ ਕੀਤੇ। ਸਾਡੇ ਸੁਕਆਡਰਨ ਦੇ ਆਫਿਸਰ ਕਮਾਂਡਿੰਗ ਵਿੰਗ ਕਮਾਂਡਰ ਪ੍ਰਿਥੀਪਾਲ ਸਿੰਘ ਨੂੰ ਮਹਾਂਵੀਰ ਚੱਕਰ ਤੇ ਦੋ ਹੋਰ ਪਾਇਲਟਾਂ (ਨਾਂ ਭੁੱਲ ਗਏ ਹਨ) ਨੂੰ ਵੀਰ ਚੱਕਰ, ਦੂਜੇ ਸੁਕਆਡਰਨ ਦੇ ਇਕ ਪਾਇਲਟ ਤੇ ਨੇਵੀਗੇਟਰ ਨੂੰ ਵੀਰ ਚੱਕਰ ਭੇਂਟ ਕੀਤੇ ਗਏ। ਦੋ ਸੁਕਆਡਰਨਾਂ ਦੇ ਚਾਰ ਸਾਰਜੈਂਟਾਂ ਨੂੰ ਸੇਵਾ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ।
ਫੌਜੀਆਂ ਦੇ ਆਦਰ ਵਜੋਂ ਉਨ੍ਹਾਂ ਨੂੰ ਸਿਨਮੇ ਦੀਆਂ ਟਿਕਟਾਂ ‘ਤੇ ਮਨੋਰੰਜਨ ਟੈਕਸ ਦੀ ਛੋਟ ਦਿੱਤੀ ਗਈ। ਪਰ ਸੈਨਿਕਾਂ ਪ੍ਰਤੀ ਲੋਕਾਂ ਦਾ ਆਦਰ ਛੇਤੀ ਹੀ ਖ਼ਤਮ ਹੋ ਗਿਆ। ਸਸਤੇ ਟਿਕਟਾਂ ‘ਤੇ ਫਿਲਮਾਂ ਦੇਖਦੇ ਅਤੇ ਬਾਜ਼ਾਰਾਂ ‘ਚ ਘੁੰਮਦੇ ਫੌਜੀ, ਲੋਕਾਂ ਦੀਆਂ ਅੱਖਾਂ ਵਿਚ ਚੁੱਭਣ ਲੱਗ ਪਏ। ਲੋਕਾਂ ਦੇ ਇਸ ਵਿਹਾਰ ਬਾਬਤ ਮੈਂ ‘ਲੈਂਟਰ ਹੇਠਲੇ ਫੱਟੇ’ ਕਹਾਣੀ ਲਿਖੀ।
ਸਾਡੀ ਰਿਹਾਇਸ਼ ਅਜੇ ਤੰਬੂਆਂ ‘ਚ ਹੀ ਸੀ। ਨਵੀਆਂ ਬੈਰਕਾਂ ਦੀ ਉਸਾਰੀ ਦਾ ਕੰਮ ਮੁੱਕਣ ਨੇੜੇ ਸੀ। ਸਾਡੇ ਤੰਬੂ ਲਾਗੇ ਮੱਛਰ ਸਿੰਘ ਢੀਂਡਸਾ ਤੇ ਹਰਬੰਸ ਸਿੰਘ ਉੱਪਲ ਦਾ ਤੰਬੂ ਸੀ। ਮੱਛਰ ਦਾ ਜ਼ਿਲ੍ਹਾ ਸੰਗਰੂਰ ਤੇ ਹਰਬੰਸ ਦਾ ਜਲੰਧਰ ਸੀ। ਉਹ ਦੋਵੇਂ ਸਾਡੇ ਟਰੇਡ ਦੇ ਸਨ, ਮੈਥੋਂ ਤੇ ਮਨਜੀਤ ਤੋਂ ਇਕ ਐਂਟਰੀ ਸੀਨੀਅਰ। ਜਾਣ-ਪਛਾਣ ਟਰੇਨਿੰਗ ਸੈਂਟਰ ਤੋਂ ਹੀ ਬਣੀ ਹੋਈ ਸੀ। ਮੱਛਰ ਦੀ ਡੀਲ-ਡੌਲ ਉਸਦੇ ਨਾਂ ਤੋਂ ਬਿਲਕੁਲ ਉਲਟ ਸੀ। ਕਦ ਲੰਮਾ, ਸਰੀਰ ਭਾਰਾ ਪਰ ਕੱਸਿਆ ਹੋਇਆ। ਸੁਭਾਅ ਦਾ ਹਸਮੁੱਖ ਸੀ। ਦਰਮਿਆਨੇ ਸਰੀਰ ਦਾ ਹਰਬੰਸ ਸੀ ਤਾਂ ਸਾਦਾ ਜਿਹਾ ਪਰ ਚੁਟਕਲੇ ਸੁਣਾ ਕੇ ਅਗਲੇ ਦਾ ਧਿਆਨ ਖਿੱਚ ਲੈਂਦਾ। ਅਸੀਂ ਕੰਮਾਂ ਤੋਂ ਡੇਢ-ਦੋ ਵਜੇ ਵਿਹਲੇ ਹੋ ਜਾਂਦੇ ਸਾਂ। ਸ਼ਾਮ ਨੂੰ ਪੀ.ਟੀ ਵਗੈਰਾ ਨਹੀਂ ਸੀ। ਸਾਡਾ ਚੌਹਾਂ ਦਾ ਸ਼ਾਮ ਨੂੰ ਗੱਪ-ਸ਼ੱਪ ਮਾਰਨ ਤੇ ਮੈੱਸ ਨੂੰ ਇਕੱਠੇ ਜਾਣ ਦਾ ਰੁਟੀਨ ਬਣ ਗਿਆ। ਕਦੀ-ਕਦੀ ਸ਼ਹਿਰ ਚਲੇ ਜਾਂਦੇ।
ਜਮਨਾ ਦਰਿਆ ਦੇ ਕੰਢੇ ਵਸਿਆ ਆਗਰਾ ਪੁਰਾਤਨ ਸ਼ਹਿਰ ਹੈ। ਮੁਗਲ ਕਾਲ ਦੌਰਾਨ ਇਸ ਸ਼ਹਿਰ ਨੇ ਸ਼ਾਨਾਮੱਤਾ ਵਿਕਾਸ ਕੀਤਾ। ਆਗਰੇ ਦੀ ਵਿਸ਼ੇਸ਼ ਪਛਾਣ ਤਾਜ ਮਹੱਲ, ਫਤਿਹਪੁਰ ਸੀਕਰੀ, ਸਿਕੰਦਰਾ ਅਤੇ ਹੋਰ ਪ੍ਰਸਿੱਧ ਸਮਾਰਕ ਹਨ। ਮੁਗਲ ਕਾਲ ਦੌਰਾਨ ਆਗਰਾ ਮੁਸਲਮਾਨੀ ਕਲਚਰ, ਵਪਾਰ ਅਤੇ ਤਾਲੀਮ ਦਾ ਕੇਂਦਰ ਵੀ ਸੀ। ਸਾਨੂੰ ਜਦੋਂ ਸਮਾਂ ਮਿਲਦਾ ਅਸੀਂ ਸਾਈਕਲਾਂ ‘ਤੇ ਸਮਾਰਕ ਦੇਖਣ ਚਲ ਪੈਂਦੇ। ਤਾਜ ਮਹੱਲ ਤਾਂ ਅਕਸਰ ਹੀ ਗੇੜਾ ਲਗਦਾ ਰਹਿੰਦਾ।
ਤਾਜ ਮਹੱਲ
ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ੁਮਾਰ ਤਾਜ ਮਹੱਲ ਭਵਨ-ਕਲਾ ਦਾ ਉਤਕ੍ਰਿਸ਼ਟ ਨਮੂਨਾ ਹੈ। ਸਫੈਦ ਸੰਗਮਰਮਰ ਦਾ ਇਹ ਅਤਿ ਖੂਬਸੂਰਤ ਮਕਬਰਾ ਜਮਨਾ ਦਰਿਆ ਦੇ ਕੰਢੇ ‘ਤੇ ਸੁਸ਼ੋਭਿਤ ਹੈ। ਇਹ ਮਕਬਰਾ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਚਹੇਤੀ ਬੇਗਮ ਮੁਮਤਾਜ ਮਹੱਲ ਨਾਲ਼ਆਪਣੇ ਗੂੜ੍ਹੇ ਪਿਆਰ ਦੀ ਯਾਦ ਵਿਚ ਬਣਵਾਇਆ ਸੀ। 1983 ‘ਚ ਯੁਨੈਸਕੋ ਨੇ ਇਸ ਨੂੰ ਮੁਸਲਮ ਕਲਾ ਦਾ ਰਤਨ ਕਰਾਰ ਦਿੱਤਾ। ਇਸਨੂੰ ‘ਵਰਲਡ ਹੈਰੀਟੇਜ’ ਦਾ ਰੁਤਬਾ ਵੀ ਹਾਸਲ ਹੈ। ਈਰਾਨੀ ਤੇ ਮੁਗਲਈ ਭਵਨ-ਸ਼ੈਲੀ ਦੀ ਸੁਮੇਲਤਾ ਵਾਲ਼ੀ ਇਹ ਅੱਠਕੋਨੀ ਇਮਾਰਤ ਵਰਗਾਕਾਰ ਨੀਹਾਂ ‘ਤੇ ਉਸਾਰੀ ਹੋਈ ਹੈ। 115 ਫੁੱਟ ਉੱਚਾ ਵਿਸ਼ਾਲ ਸੰਗਮਰਮਰੀ ਗੁੰਬਦ ਤਾਜ ਮਹੱਲ ਦੀ ਇਮਾਰਤ ਨੂੰ ਅਦੁੱਤੀ ਖੁਬਸੂਰਤੀ ਪ੍ਰਦਾਨ ਕਰਦਾ ਹੈ। ਇਸਦੇ ਚਾਰੇ ਕੋਨਿਆਂ ‘ਤੇ ਚਾਰ ਮੀਨਾਰ ਬਣੇ ਹੋਏ ਹਨ। 130 ਫੁੱਟ ਉੱਚੇ ਹਰ ਮੀਨਾਰ ਦਾ ਮਾਮੂਲੀ ਜਿਹਾ ਝੁਕਾਅ ਬਾਹਰ ਨੂੰ ਹੈ। ਉਹ ਇਸ ਕਰਕੇ ਕਿ ਜੇ ਇਹ ਮੀਨਾਰ ਡਿਗਣ ਤਾਂ ਬਾਹਰ ਨੂੰ ਹੀ ਡਿਗਣ। ਅੰਦਰ ਵੱਲ ਨੂੰ ਡਿਗਣ ਨਾਲ਼ ਮੁੱਖ ਇਮਾਰਤ ਦਾ ਨੁਕਸਾਨ ਹੋ ਸਕਦੈ।
ਮੁਮਤਾਜ ਤੇ ਸ਼ਾਹਜਹਾਨ ਦੀਆਂ ਕਬਰਾਂ ਭੋਰੇ ਵਿਚ ਹਨ। ਮੁਮਤਾਜ ਦੀ ਕਬਰ ਭੋਰੇ ਦੇ ਮੱਧ ਵਿਚ ਤੇ ਸ਼ਾਹਜਹਾਨ ਦੀ ਉਸ ਦੀ ਸਾਈਡ ‘ਤੇ ਹੈ। ਕਿਹਾ ਜਾਂਦਾ ਹੈ ਕਿ ਸ਼ਾਹਜਹਾਨ ਨੇ ਆਪਣਾ ਮਕਬਰਾ ਜਮਨਾ ਦੇ ਦੂਜੇ ਪਾਸੇ ਕਾਲ਼ੇ ਸੰਗਮਰਮਰ ਦਾ ਬਣਾਉਣਾ ਸੀ। ਪਰ ਆਪਣੇ ਪੁੱਤਰ ਔਰੰਗਜੇਬ ਹੱਥੋਂ ਕੈਦ ਹੋਣ ਕਾਰਨ ਉਹ ਸਕੀਮ ਸਿਰੇ ਨਾ ਚੜ੍ਹ ਸਕੀ ਤੇ ਸ਼ਾਹਜਹਾਨ ਦੀ ਅੰਤਿਮ ਇੱਛਾ ਅਨੁਸਾਰ ਉਸ ਨੂੰ ਮੁਮਤਾਜ ਦੀ ਕਬਰ ਦੇ ਕੋਲ਼ ਹੀ ਦਫਨਾਇਆ ਗਿਆ।
ਤਾਜ ਮਹੱਲ ਦੀਆਂ ਕੰਧਾਂ ਉੱਪਰ ਕਲਾਤਮਿਕ ਮੀਨਾਕਾਰੀ ਕੀਤੀ ਹੋਈ ਏ। ਸਟੱਕੋ, ਕੀਮਤੀ ਪੱਥਰਾਂ ਦੀ ਜੜਤ ਅਤੇ ਖੁਣਨਸਾਜ਼ੀ ਦੀਆਂ ਵਿਧੀਆਂ ਰਾਹੀਂ ਖੂਬਸੂਰਤ ਰੰਗਾਂ ਵਿਚ ਵੇਲਾਂ, ਬੂਟੇ ਤੇ ਫੁੱਲ ਵਗੈਰਾ ਬਣਾਏ ਹੋਏ ਹਨ। ਚਿੱਤਰਾਂ ਨੂੰ ਸਮਰੂਪ ਤੇ ਵਿਰੋਧੀ ਰੰਗਾਂ ਨਾਲ਼ ਆਕਰਸ਼ਕ ਬਣਾਇਆ ਹੋਇਆ ਹੈ।
(ਚਲਦਾ)

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …