90 ਵਿਧਾਨ ਸਭਾ ਸੀਟਾਂ ਲਈ 1031 ਉਮੀਦਵਾਰ ਚੋਣ ਮੈਦਾਨ ’ਚ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਵਿਚ ਭਲਕੇ 5 ਅਕਤੂਬਰ ਦਿਨ ਸ਼ਨੀਵਾਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ। ਹਰਿਆਣਾ ਵਿਚ ਭਲਕੇ ਪੈਣ ਵਾਲੀਆਂ ਵਿਧਾਨ ਸਭਾ ਵੋਟਾਂ ਦੇ ਨਤੀਜੇ 8 ਅਕਤੂਬਰ ਦਿਨ ਮੰਗਲਵਾਰ ਨੂੰ ਐਲਾਨੇ ਜਾਣਗੇ। ਹਰਿਆਣਾ ਵਿਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖਤ ਚੋਣ ਮੁਕਾਬਲਾ ਹੈ ਅਤੇ ਆਮ ਆਦਮੀ ਪਾਰਟੀ ਵੀ ਆਪਣੇ ਦਮ ’ਤੇ ਚੋਣਾਂ ਲੜ ਰਹੀ ਹੈ। ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੇ ਇਕੋ ਪੜਾਅ ਵਿਚ ਹੀ ਵੋਟਾਂ ਪੈਣ ਦਾ ਕੰਮ ਨਿੱਬੜ ਜਾਵੇਗਾ। ਹਰਿਆਣਾ ਵਿਚ 1031 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ 2 ਕਰੋੜ 3 ਲੱਖ ਦੇ ਕਰੀਬ ਵੋਟਰ ਹਨ, ਜਿਨ੍ਹਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਧਿਆਨ ਰਹੇ ਕਿ ਜੰਮੂ ਕਸ਼ਮੀਰ ਵਿਚ ਵੀ ਤਿੰਨ ਪੜਾਵਾਂ ਵਿਚ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ ਇਨ੍ਹਾਂ ਦੇ ਨਤੀਜੇ ਵੀ ਹਰਿਆਣਾ ਦੇ ਨਾਲ 8 ਅਕਤੂਬਰ ਨੂੰ ਹੀ ਐਲਾਨੇ ਜਾਣੇ ਹਨ।