ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
ਨਵੇਂ-ਨਵੇਂ ਲੱਗੇ ਜੁਡੀਸ਼ੀਅਲ ਮੈਜਿਸਟ੍ਰੇਟ ਰਮਿੰਦਰ ਸਿੰਘ ਅੱਜ ਹੀ ਆਏ ਹਨ। ਉਨ੍ਹਾਂ ਆਪਣਾ ਕੱਚਾ ਟਿਕਾਣਾ ਜ਼ਿਲ੍ਹੇ ਦੇ ਸਰਕਾਰੀ ਗੈਸਟ ਹਾਊਸ ਵਿੱਚ ਰੱਖਿਆ ਹੈ। ਦੋ-ਤਿੰਨ ਦਿਨਾਂ ਮਗਰੋਂ ਕੋਠੀ ਮਿਲ ਜਾਵੇਗੀ। ਉਨ੍ਹਾਂ ਦੀ ਥਾਂ ਉੱਤੋਂ ਬਦਲ ਕੇ ਆਏ ਜੱਜ ਸਾਹਿਬ ਕੋਠੀ ਖਾਲੀ ਕਰਨ ਲੱਗੇ ਹੋਏ ਹਨ।
ਸੈਸ਼ਨ ਕੋਰਟ ਦੇ ਸੁਪਰਡੰਟ ਨੇ ਮੈਨੂੰ ਸੁਨੇਹਾ ਭੇਜਿਆ ਅਤੇ ਆਖਿਆ, ”ਕਾਕਾ, ਤੂੰ ਵੀ ਨਵਾਂ-ਨਵਾਂ ਭਰਤੀ ਹੋਇਐਂ.. ਚੱਲ ਫੇ.. ਤੈਨੂੰ ਵੀ ਨਵੇਂ ਜੱਜ ਸਾਹਿਬ ਕੋਲ ਕੰਮ ਕਰਨ ਭੇਜੀਏ.. ਮਿਲੋ ਜਾ ਕੇ ਆਪਣੇ ਸਾਹਬ ਨੂੰ ਸਰਕਟ ਹਾਊਸ।” ਸੁਪਰਡੰਟ ਦਾ ਹੁਕਮ ਲੈ ਕੇ ਮੈਂ ਸਰਕਟ ਹਾਊਸ ਪੁੱਜਿਆ। ਸ਼ਾਮ ਹੋ ਚੁੱਕੀ ਸੀ। ਸਰਕਾਰੀ ਰੁੱਖਾਂ ‘ਤੇ ਪੰਛੀ ਗਾ ਰਹੇ ਸਨ। ਸੋਹਣਾ ਮੌਸਮ ਸੀ। ਮੈਂ ਅੰਦਰ ਨੂੰ ਜਾਣ ਲੱਗਿਆ ਤਾਂ ਇੱਕ ਸਰਦਾਰ ਮੁੰਡਾ ਬਾਹਰ ਨੂੰ ਆ ਰਿਹਾ ਸੀ। ਉਸ ਨੇ ਸਿਰ ‘ਤੇ ਟੋਪੀ ਲਈ ਹੋਈ ਸੀ। ਮੈਂ ਸਤਿ ਸ੍ਰੀ ਅਕਾਲ ਬੁਲਾਈ ਤੇ ਪੁੱਛਿਆ, ”ਸਰ, ਇੱਥੇ ਨਵੇਂ ਜੱਜ ਸਾਹਿਬ ਰੁਕੇ ਹੋਏ ਨੇ.. ਮੈਂ ਉਨ੍ਹਾਂ ਦਾ ਸੇਵਾਦਾਰ ਆਂ..।” ਮੇਰੇ ਖਾਕੀ ਵਰਦੀ ਪਾਈ ਦੇਖ ਕੇ ਉਹ ਮੁਸਕਰਾਇਆ, ”ਅੱਛਾ, ਅੱਛਾ.. ਮੈਂ ਹੀ ਆਂ।”
ਮੈਂ ਦੋਬਾਰਾ ਫਿਰ ਸਤਿ ਸ੍ਰੀ ਅਕਾਲ ਆਖੀ ਤਾਂ ਉਨ੍ਹਾਂ ਆਖਿਆ, ”ਤੂੰ ਏਦਾਂ ਕਰ.. ਬੈਕ ਸਾਈਡ ਵਾਲੀਆਂ ਕੋਠੀਆਂ ਵਿੱਚ ਜਾ ਕੇ ਪਤਾ ਕਰਕੇ ਆ ਕਿ ਆਪਾਂ ਨੂੰ ਮਿਲਣ ਵਾਲੀ ਕੋਠੀ ਨੰਬਰ 7 ਖਾਲੀ ਹੋ ਗਈ ਏ ਜਾਂ ਨਹੀਂ?”
ਮੈਂ ਉੱਥੇ ਜਾ ਕੇ ਦੇਖਿਆ, ਜਮਾਂਦਾਰ ਕੋਠੀ ਅੰਦਰ ਝਾੜੂ ਮਾਰ ਕੇ ਵਿਹਲਾ ਬੈਠਾ ਬੀੜੀ ਪੀ ਰਿਹਾ ਸੀ। ਬਦਲੇ ਗਏ ਜੱਜ ਸਾਹਿਬ ਆਪਣਾ ਸਾਰਾ ਸਾਮਾਨ ਲਿਜਾ ਚੁੱਕੇ ਸਨ। ਕੋਠੀ ਦੀ ਚਾਬੀ ਵੀ ਜਮਾਂਦਾਰ ਕੋਲ ਸੀ। ਮੈਂ ਚਾਬੀ ਫੜ ਕੇ ਵਾਪਸ ਆਇਆ। ਨੌਜਵਾਨ ਜੱਜ ਸਾਹਿਬ ਸਰਕਟ ਹਾਊਸ ਦੇ ਆਲੇ ਦੁਆਲੇ ਨਿੱਕੀ ਸੜਕ ‘ਤੇ ਟਹਿਲ ਰਹੇ ਸਨ। ਪਹਿਲੋਂ ਤਾਂ ਮੈਨੂੰ ਸੱਚ ਹੀ ਨਹੀਂ ਸੀ ਆਇਆ ਕਿ ਇਹੋ ਜੱਜ ਸਾਹਿਬ ਹਨ? ਇਹ ਤਾਂ ਸਟੂਡੈਂਟ ਹੋਣਾ ਕੋਈ। ”ਸਰ, ਕੋਠੀ ਤਾਂ ਤਿਆਰ ਈ ਐ.. ਆਪਣਾ ਸਾਮਾਨ ਉੱਥੇ ਕਦੋਂ ਰੱਖਣਾ ਜੀ.. ਦੱਸ ਦੇਣਾ।”
”ਸਾਮਾਨ ਆਪਾਂ ਕਿੱਥੋਂ ਲਿਆਉਣਾ.. ਛੜੇ-ਮਲੰਗੀਆਂ.. ਸਾਰਾ ਕੁਛ ਨਵਾਂ ਈ ਲੈਣਾ ਪੈਣਾ.. ਹੌਲੀ-ਹੌਲੀ ਲੈਂਦੇ ਰਹਾਂਗੇ.. ਜਾ ਕੇ ਰੀਡਰ ਨੂੰ ਬੁਲਾ ਲਿਆਓ ਮੇਰੇ ਕੋਲ.. ਚੱਲਦੇ ਆਂ.. ਕੋਈ ਸਸਤਾ ਜਿਹਾ ਫਰਨੀਚਰ, ਸਟੋਰ ਦੇਖ ਕੇ ਕੁਝ ਸਾਮਾਨ ਲੈ ਹੀ ਆਉਨੇ ਆਂ।”
ਮੈਂ ਰੀਡਰ ਮਹਿਤਾ ਦੇ ਕਵਾਟਰ ਵਿੱਚ ਜਾ ਕੇ ਜੱਜ ਸਾਹਿਬ ਦਾ ਸੁਨੇਹਾ ਲਾ ਦਿੱਤਾ। ਉਹ ਆਪਣਾ ਸਕੂਟਰ ਸਟਾਰਟ ਕਰਕੇ ਮੇਰੇ ਅੱਗੇ-ਅੱਗੇ ਚੱਲ ਪਿਆ। ਮੇਰਾ ਸਾਇਕਲ ਵੀ ਧੂੜਾਂ ਪੱਟਦਾ ਜਾਂਦਾ ਸੀ। ”ਰੀਡਰ ਸਾਹਬ, ਫਰਨੀਚਰ ਸਟੋਰ ਵਾਲਾ ਜਾਣਦਾ ਹੋਣਾ.. ਤੁਸੀਂ ਤਾਂ ਲੋਕਲ ਓ.. ਵਾਜਬ ਜਿਹੇ ਰੇਟ ‘ਤੇ ਫਰਨੀਚਰ ਮਿਲ ਜਾਏ.. ਚਲੋ ਆਪਾਂ ਚੱਲਦੇ ਆਂ.. ਤੁਹਾਡੇ ਸਕੂਟਰ ‘ਤੇ ਈ ਚੱਲਦੇ ਆਂ.. ਆ ਜਾ ਬਈ ਤੂੰ ਵੀ ਪਿੱਛੇ-ਪਿੱਛੇ।”
ਅਸੀਂ ਤਿੰਨੋਂ ਜਣੇ ਬਜ਼ਾਰ ਵੱਲ ਚੱਲ ਪਏ। ਜਦੋਂ ਫਰਨੀਚਰ ਸਟੋਰ ਅੱਗੇ ਸਕੂਟਰ ਰੋਕਿਆ ਤਾਂ ਜੱਜ ਸਾਹਿਬ ਰੀਡਰ ਨੂੰ ਆਖਣ ਲੱਗੇ, ”ਮਹਿਤਾ ਜੀ, ਮੇਰੇ ਬਾਰੇ ਬਿਲਕੁਲ ਨਹੀਂ ਦੱਸਣਾ ਕਿ ਕੌਣ ਨੇ? ਬਸ, ਆਪਾਂ ਤਾਂ ਸਾਮਾਨ ਲੈਣਾ ਨਕਦੋ ਨਕਦ।” ਸਟੋਰ ਦੇ ਅੰਦਰ ਗਏ। ਮਾਲਕ ਪਹਿਲਾਂ ਹੀ ਮਹਿਤੇ ਰੀਡਰ ਨੂੰ ਜਾਣਦੇ ਸਨ। ਉਨ੍ਹਾਂ ਨੂੰ ਬਿਲਕੁਲ ਹੀ ਪਤਾ ਨਹੀਂ ਚੱਲਿਆ ਕਿ ਇਹ ਨੌਜਵਾਨ ਜਿਹਾ ਮੁੰਡਾ ਮੈਜਿਸਟ੍ਰੇਟ ਹੈ। ਸਾਮਾਨ ਪਸੰਦ ਕੀਤਾ ਅਤੇ ਖਰੀਦ ਲਿਆ ਗਿਆ। ਟੈਂਪੂ ਵਾਲਾ ਸੱਦਿਆ ਅਤੇ ਸਾਮਾਨ ਲੱਦਿਆ। ਕੋਠੀ ਨੰਬਰ 7 ਵਿੱਚ ਭੇਜਣ ਦੀ ਗੱਲ ਹੋ ਗਈ। ਜੱਜ ਸਾਹਿਬ ਨੇ ਜੇਬ੍ਹ ਵਿੱਚੋਂ ਪੈਸੇ ਕੱਢੇ ਅਤੇ ਰੀਡਰ ਨੂੰ ਫੜਾ ਦਿੱਤੇ। ਰੀਡਰ ਨੇ ਬਣਦੇ ਪੈਸੇ ਦੇ ਕੇ ਬਾਕੀ ਸਾਹਿਬ ਨੂੰ ਵਾਪਸ ਮੋੜੇ। ਅਸੀਂ ਫਰਨੀਚਰ ਸਟੋਰ ਤੋਂ ਸਿੱਧੇ ਕੋਠੀ ਆ ਗਏ। ਨਾਲ ਦੀ ਕੋਠੀ ਵਿੱਚੋਂ ਜੱਜ ਸਾਹਿਬ ਦਾ ਸੇਵਾਦਾਰ ਆ ਗਿਆ। ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਮਾਨ ਉਤਾਰਿਆ। ਮੈਂ ਤੇ ਜਮਾਂਦਾਰ ਨੇ ਗਲੀਚਾ ਵਿਛਾਇਆ। ਸਾਮਾਨ ਟਿਕ ਗਿਆ। ਸਾਹਿਬ ਦਾ ਬੈੱਡਰੂਮ ਵੀ ਸੈੱਟ ਕਰ ਦਿੱਤਾ। ਹੁਣ ਰਸੋਈ ਦਾ ਸਾਮਾਨ ਲਿਆਉਣਾ ਬਾਕੀ ਰਹਿ ਗਿਆ ਸੀ।
”ਰੀਡਰ ਸਾਹਬ, ਤੁਸੀਂ ਕੱਲ੍ਹ ਸ਼ਾਮੀਂ ਇਹ ਕੰਮ ਵੀ ਕਰਵਾ ਦਿਓ.. ਰਸੋਈ ਦਾ ਨਿੱਕ ਸੁੱਕ.. ਨਿੰਦਰ ਦੱਸੇਗਾ.. ਨਾਲ ਜਾ ਕੇ ਖਰੀਦ ਲਿਆਉਣਾ।” ਉਸ ਦਿਨ ਵੀ ਸਾਹਿਬ ਸਰਕਟ ਹਾਊਸ ਹੀ ਸੌਂ ਗਿਆ। ਸਵੇਰੇ ਮੈਂ ਸਰਕਟ ਹਾਊਸ ਪੁੱਜਿਆ ਅਤੇ ਸਾਹਿਬ ਨੂੰ ਗੁੱਡ-ਮਾਰਨਿੰਗ ਆਖ ਕੇ ਪੁੱਛਿਆ, ”ਸਰ, ਮੈਂ ਕੋਰਟ ਜਾਵਾਂ ਜੀ?”
”ਨਹੀਂ.. ਇਕੱਠੇ ਚੱਲਦੇ ਆਂ.. ਐਥੇ ਕਿਤੇ ਦੇਖ ਬਾਹਰ.. ਕੋਈ ਮੁੰਡਾ ਮੇਜਰ ਸਿੰਘ ਖੜ੍ਹਾ ਹੋਣਾ.. ਆਪਾਂ ਨੂੰ ਗੰਨਮੈਨ ਮਿਲਿਆ.. ਪਤਾ ਕਰ ਉਹਦਾ ਕਿੱਥੇ ਆ.. ਆਪਾਂ ਤੁਰ ਕੇ ਜਾਵਾਂਗੇ ਕੋਰਟ.. ਆਹ ਤਾਂ ਸਾਹਮਣੇ ਕੋਰਟ ਆ.. ਨਾਲੇ ਵਾਕ ਹੋ ਜਾਏਗੀ।”
ਇਸ ਤੋਂ ਪਹਿਲਾਂ ਕਿ ਮੈਂ ਗੰਨਮੈਨ ਨੂੰ ਲੱਭਦਾ, ਉਹ ਵਰਦੀ ਵਿੱਚ ਫੱਬਿਆ ਆਪ ਹੀ ਆ ਪ੍ਰਗਟ ਹੋਇਆ। ਮੋਢੇ ਸਟੇਟਗੰਨ। ਜੱਜ ਸਾਹਿਬ ਨੇ ਚਿੱਟੀ ਪੈਂਟ ਸ਼ਰਟ ਤੇ ਕਾਲੀ ਟਾਈ ਲਟਕਾਈ ਹੋਈ ਸੀ। ਉਹ ਕੋਰਟ ਨੂੰ ਪੈਦਲ ਜਾਣ ਲਈ ਉਤਸ਼ਾਹ ਵਿੱਚ ਸਨ। ਨਵੇਂ-ਨਵੇਂ ਸਨ। ਆਪਣਾ ਕੰਮ ਕਰਨ ਅਤੇ ਸਫ਼ਲ ਹੋਣ ਦੀ ਭਾਵਨਾ ਭਰਪੂਰ ਜਜ਼ਬਾ ਠਾਠਾਂ ਮਾਰ ਰਿਹਾ ਸੀ, ਉਨ੍ਹਾਂ ਦੇ ਅੰਦਰ।
ਸੋ, ਅਸੀਂ ਕਚਹਿਰੀ ਨੂੰ ਚੱਲ ਪਏ। ਗੰਨਮੈਨ ਜੱਜ ਸਾਹਿਬ ਦੇ ਅੱਗੇ-ਅੱਗੇ ਤੁਰਨ ਲੱਗਿਆ ਅਤੇ ਖਾਕੀ ਵਰਦੀ ਵਿੱਚ ਮੈਂ ਪਿੱਛੇ-ਪਿੱਛੇ। ਛੋਟੀਆਂ ਅਦਾਲਤਾਂ ਦੇ ਜੱਜਾਂ ਨੂੰ ਕਚਹਿਰੀ ਤੋਂ ਕੋਠੀ ਲਿਆਉਣ-ਛੱਡਣ ਲਈ ਇੱਕੋ ਅੰਬੈਸਡਰ ਕਾਰ ਸੀ, ਜੋ ਵਾਰੀ-ਵਾਰੀ ਗੇੜੇ ਲਾਉਂਦੀ ਰਹਿੰਦੀ। ਕਚਹਿਰੀ ਦੇ ਨੇੜੇ ਹੀ ਜੱਜਾਂ ਦੀਆਂ ਕੋਠੀਆਂ ਸਨ। ਇਸ ਲਈ ਕਈ ਜੱਜ ਕਾਰ ਦੀ ਉਡੀਕ ਕਰਨ ਦੀ ਬਜਾਏ ਪੈਦਲ ਜਾਣ ਨੂੰ ਹੀ ਤਰਜੀਹ ਦਿੰਦੇ। ਇਉਂ ਹੀ ਇੱਕ ਅੰਬੈਸਡਰ ਕਾਰ ਪੰਜ ਐਡੀਸ਼ਨਲ ਸੈਸ਼ਨ ਜੱਜਾਂ ਲਈ ਸਾਂਝੀ ਸੀ, ਉਨ੍ਹਾਂ ਨੂੰ ਵਾਰੋ ਵਾਰੀ ਢੋਂਦੀ। ਕੋਈ ਪੰਜ ਮਿੰਟ ਪਹਿਲਾਂ ਆਉਂਦਾ, ਕੋਈ ਬਾਅਦ ਵਿੱਚ (ਹੁਣ ਵਾਂਗ ਹਰੇਕ ਜੱਜ ਕੋਲ ਕਾਰ ਨਹੀਂ ਸੀ ਹੁੰਦੀ। ਉਦੋਂ ਹਾਈਕੋਰਟ ਨੇ ਇਹ ਸਕੀਮ ਵੀ ਲਾਗੂ ਨਹੀਂ ਸੀ ਕੀਤੀ ਕਿ ਇੱਕ ਜੱਜ ਨੂੰ ਉਸ ਦੀ ਪ੍ਰਾਈਵੇਟ ਕਾਰ ਲਈ ਤੇਲ ਦੇ ਰੁਪਈਏ ਮਿਲਣਗੇ)।
ਜਦੋਂ ਸਾਹਿਬ ਦਾ ਬੈੱਡਰੂਮ ਸੈੱਟ ਹੋਇਆ ਸੀ ਦੂਸਰੇ ਦਿਨ ਹੀ ਰਸੋਈ ਦਾ ਸਾਮਾਨ ਮੈਂ ਤੇ ਰੀਡਰ ਲੈ ਆਏ ਸਾਂ। ਮੈਂ ਸਾਹਿਬ ਦੀ ਰੋਟੀ ਪਕਾਉਣੀ ਸੀ।
(ਬਾਕੀ ਅਗਲੇ ਹਫਤੇ)
[email protected]
94174-21700