Breaking News
Home / ਭਾਰਤ / ਦਿਲ ਦੇ ਰੋਗਾਂ ਕਾਰਨ ਹੁੰਦੀਆਂ ਮੌਤਾਂ ‘ਚ 26 ਸਾਲਾਂ ਦੌਰਾਨ ਹੋਇਆ ਬੇਸ਼ੁਮਾਰ ਵਾਧਾ : ਡਾ. ਬਾਲੀ

ਦਿਲ ਦੇ ਰੋਗਾਂ ਕਾਰਨ ਹੁੰਦੀਆਂ ਮੌਤਾਂ ‘ਚ 26 ਸਾਲਾਂ ਦੌਰਾਨ ਹੋਇਆ ਬੇਸ਼ੁਮਾਰ ਵਾਧਾ : ਡਾ. ਬਾਲੀ

ਪੰਚਕੂਲਾ ਵਿਖੇ ਖੁੱਲ੍ਹਿਆ ਦਿਲ ਦੇ ਰੋਗਾਂ ਦੇ ਇਲਾਜ਼ ਲਈ ਸੈਂਟਰ
ਚੰਡੀਗੜ੍ਹ : ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਅਤੇ ਪੰਚਕੂਲਾ ਦੇ ਪਾਰਸ ਸੁਪਰ ਸਪੈਸ਼ਲਿਟੀ ਹਸਪਤਾਲ ਕਾਰਡੀਐਕ ਵਿਭਾਗ ਦੇ ਚੇਅਰਮੈਨ ਡਾਕਟਰ ਐਚ.ਕੇ. ਬਾਲੀ ਨੇ ਕਿਹਾ ਕਿ ਭਾਰਤ ਵਿੱਚ ਦਿਲ ਦੇ ਰੋਗ ਤੋਂ ਪੀੜਿਤ ਮਰੀਜਾਂ ਦੀ ਗਿਣਤੀ ਵਿੱਚ ਪਿਛਲੇ 26 ਸਾਲ ਦੌਰਾਨ ਬੇਸ਼ੁਮਾਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਇੱਥੇ ਵਿਸ਼ਵ ਦੇ ਸਾਰੇ ਦੇਸ਼ਾਂ ਤੋਂ ਵੱਧ ਦਿਲ ਦੇ ਮਰੀਜ਼ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੇ ਮਰੀਜਾਂ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਬਹੁਤਾਤ ਹੈ। ਉਨ੍ਹਾਂ ਕਿਹਾ ਕਿ ਰਹਿਣ-ਸਹਿਣ ਦੇ ਤਰੀਕਿਆਂ ਵਿੱਚ ਆਈਆਂ ਤਬਦੀਲੀਆਂ ਇਸ ਬਿਮਾਰੀ ਦਾ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ 30 ਸਾਲ ਦੇ ਤਜ਼ਰਬੇ ਦੌਰਾਨ 15 ਹਜ਼ਾਰ ਤੋਂ ਜ਼ਿਆਦਾ ਮਰੀਜਾਂ ਦਾ ਇਲਾਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਪਿਛਲੇ ਸਮੇਂ ਦੌਰਾਨ ਵੱਡੀ ਉਮਰ ਦੇ ਮਰੀਜ਼ ਆਉਂਦੇ ਸਨ ਪਰ ਅੱਜ ਕੱਲ੍ਹ ਜ਼ਿਆਦਾ ਮਰੀਜ਼ 25 ਤੋਂ 35 ਸਾਲ ਦੀ ਉਮਰ ਵਾਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਰੋਗ ਕਾਰਨ ਪਿਛਲੇ 26 ਸਾਲਾਂ ਦੌਰਾਨ ਮੌਤਾਂ ਵਿੱਚ 34 ਫੀਸਦੀ ਵਾਧਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਾਰਸ ਸੁਪਰ ਸਪੈਸ਼ਲਿਟੀ ਪੰਚਕੂਲਾ ਵਿਖੇ ਅਜਿਹੇ ਮਰੀਜਾਂ ਦੀ ਸਹੂਲਤ ਲਈ ਵਿਸ਼ਵ ਪੱਧਰ ਦੀਆਂ ਵਿਆਪਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਜਿੱਥੇ ਅਤਿ ਆਧੁਨਿਕ ਤਰੀਕੇ ਨਾਲ ਮਰੀਜਾਂ ਦਾ ਇਲਾਜ਼ ਕੀਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸਰਜਰੀ ਵਿਭਾਗ ਦੇ ਡਾ. ਰਾਣਾ ਸੰਦੀਪ ਸਿੰਘ ਨੇ ਦੱਸਿਆ ਕਿ ਇੱਥੇ ਹਰ ਤਰ੍ਹਾਂ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਸੁਵਿਧਾਵਾਂ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਦਿਲ ਦਾ ਇਲਾਜ਼ ਕਰਨ ਲਈ ਵਿਸ਼ੇਸ ਕਿਸਮ ਦੀ ਸਹੂਲਤ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦਿਲ ਦੇ ਇਲਾਜ਼ ਦੀਆਂ ਘੱਟ ਸਹੂਲਤਾਂ ਹੋਂਦ ਦੇ ਕਾਰਨ 50 ਫੀਸਦੀ ਦੇ ਕਰੀਬ ਲੋਕ ਬਿਨ੍ਹਾਂ ਇਲਾਜ਼ ਤੋਂ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਅਜਿਹੇ ਰੋਗ ਤੋਂ ਪੀੜਿਤ ਹੋਣਾ ਹੋਰ ਵੀ ਘਾਤਕ ਹੈ। ਉਨ੍ਹਾਂ ਇਸ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਛਾਤੀ, ਪੇਟ ਜਾਂ ਬਾਂਹ ਵਿੱਚ ਹੁੰਦੇ ਦਰਦ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਆਪਣੇ ਬਲੱਡ ਪ੍ਰੈਸ਼ਰ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ।ਇਸ ਤਰ੍ਹਾਂ ਹੀ ਚੱਲਦੇ ਸਮੇਂ ਜਾਂ ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹਨ ਅਤੇ ਪੈਰਾਂ, ਲੱਤਾਂ ਆਦਿ ਨੂੰ ਸੋਜਿਸ਼ ਹੋਣ ਦੀ ਸਥਿਤੀ ਵਿੱਚ ਵੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਸਮੇਤ ਹੋਰ ਨਸ਼ਿਆਂ ਤੋਂ ਬਚਾਅ ਕਰਕੇ ਅਤੇ ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖ ਕੇ ਹਾਰਟ ਅਟੈਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸੰਜੀਵ ਰਾਵਤ, ਡਾ: ਮਹੇਸ਼ ਗਰਗ ਅਤੇ ਡਾ. ਪ੍ਰਿਅੰਕਾ ਗੁਪਤਾ ਆਦਿ ਹਾਜ਼ਰ ਸਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …