Breaking News
Home / ਪੰਜਾਬ / 15 ਜ਼ਿਲ੍ਹਿਆਂ ਦੇ ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ

15 ਜ਼ਿਲ੍ਹਿਆਂ ਦੇ ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ

ਡੂਮਵਾਲੀ ਬੈਰੀਅਰ ਰਾਹੀਂ ਬਠਿੰਡਾ ‘ਚ ਹੋਈਆਂ ਬੱਸਾਂ ਦਾਖਲ, ਕਈ ਬੱਸਾਂ ਅਬੋਹਰ ਰਸਤੇ ਪਹੁੰਚੀਆਂ ਪੰਜਾਬ
ਬਠਿੰਡਾ : ਕਰੀਬ ਇਕ ਮਹੀਨੇ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ ਹੋਏ ਸ਼ਰਧਾਲੂਆਂ ‘ਚੋਂ 14 ਜ਼ਿਲਿਆਂ ਨਾਲ ਸਬੰਧਤ ਸ਼ਰਧਾਲੂ ਪੰਜਾਬ ਪਹੁੰਚ ਗਏ। ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਵਾਪਸੀ ਲਈ ਬੱਸਾਂ ਭੇਜੀਆਂ ਗਈਆਂ ਸਨ। ਉਕਤ ਬੱਸਾਂ ਦੇ ਡੂਮਵਾਲੀ ਬੈਰੀਅਰ ਰਾਹੀਂ ਬਠਿੰਡਾ ਜ਼ਿਲ੍ਹੇ ‘ਚ ਦਾਖਲ ਹੋਣ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਦਾ ਮੈਡੀਕਲ ਚੈਕਅਪ ਕੀਤਾ। ਇਹ ਸ਼ਰਧਾਲੂ ਮਾਰਚ ਮਹੀਨੇ ਮਹਾਂਰਾਸ਼ਟਰਸਥਿਤ ਅਬਚਲ ਨਗਰ ਨਾਂਦੇੜ ਵਿਖੇ ਗਰੂ ਘਰ ਗਏ ਸਨ ਪਰ ਅਚਾਨਕ ਲੌਕਡਾਊਨ ਕਾਰਨ ਉਥੇ ਹੀ ਫਸ ਗਏ ਸਨ। ਇਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤਤ ਕੌਰ ਬਾਦਲ ਨੇ ਲਗਾਤਾਰ ਭਾਰਤ ਸਰਕਾਰ ਤੇ ਮਹਾਂਰਾਸ਼ਟਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਜਿਨ੍ਹਾਂ ਰਾਜਾਂ ‘ਚੋਂ ਬੱਸਾਂ ਨੇ ਲੰਘ ਆਉਣਾ ਸੀ ਉਨ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਮੁਕੰਮਲ ਤਾਲਮੇਲ ਕੀਤਾ ਗਿਆ ਸੀ ਤਾਂ ਜੋ ਰਸਤੇ ‘ਚ ਸ਼ਰਧਾਲੂਆਂ ਨੂੰ ਕਈ ਦਿੱਕਤ ਪੇਸ਼ ਨਾ ਆਵੇ। ਇਨ੍ਹਾਂ ਬੱਸਾਂ ‘ਚ ਪੰਜਾਬ ਬਠਿੰਡਾ ਜ਼ਿਲ੍ਹੇ ਦੇ ਸ਼ਰਧਾਲੂਆਂ ਤੋਂ ਇਲਾਵਾ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਲੰਧਰ, ਫਾਜ਼ਿਲਕਾ, ਸੰਗਰੂਰ, ਪਟਿਆਲਾ, ਮੋਗਾ ਤੇ ਚੰਡੀਗੜ੍ਹ ਦੇ ਸ਼ਰਧਾਲੂ ਸ਼ਾਮਲ ਸਨ। ਪੰਜਾਬ ਦੀ ਹੱਦ ਪ੍ਰਵੇਸ਼ ਕਰਨ ‘ਤੇ ਬਠਿੰਡਾ ਦੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਨਾਸ਼ਤਾ ਪਾਣੀ, ਮਾਸਕ, ਸੈਨੇਟਾਈਜ਼ਰ ਦਿੱਤੇ ਗਏ ਤੇ ਬੱਸਾਂ ਨੂੰ ਸਬੰਧਤ ਜ਼ਿਲ੍ਹਿਆਂ ਲਈ ਰਵਾਨਾ ਕਰ ਦਿੱਤਾ ਗਿਆ। ਜਦਕਿ ਬਠਿੰਡਾ ਜ਼ਿਲ੍ਹੇ ਦੇ 21 ਸ਼ਰਧਾਲੂਆਂ ਨੂੰ ਸਿੱਧੇ ਇਕਾਂਤਵਾਸ ਕੇਂਦਰ ਵਿਚ ਲਿਜਾਇਆ ਗਿਆ।, ਜਿੱਥੇ ਇਨ੍ਹਾਂ ਦੀ ਮੁਕੰਮਲ ਮੈਡੀਕਲ ਜਾਂਚ ਹੋਵੇਗੀ ਤੇ ਸਾਰੇ ਨਿਯਮਾਂ ਦੀ ਪਾਲਣਾ ਤੋਂ ਬਾਅਦ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

ਪੰਜਾਬ ਸਰਕਾਰ ਨੇ ਕੱਢੇ ਦੂਜੇ ਸੂਬਿਆਂ ’ਚ ਫਸੇ 152 ਵਿਦਿਆਰਥੀ
ਬਠਿੰਡਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਸਦਕਾ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ‘ਚ ਫਸੇ ਹੋਏ ਪੰਜਾਬ ਦੇ 152 ਵਿਦਿਆਰਥੀ ਅੱਜ ਵਾਪਸ ਪੰਜਾਬ ਪਰਤ ਆਏ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਡੀਕਲ ਚੈਕਅੱਪ ਤੋਂ ਬਾਅਦ ਪੀ ਆਰ ਟੀ ਸੀ ਦੀਆਂ ਬੱਸਾਂ ਰਾਹੀਂ ਇਨ੍ਹਾਂ ਦੇ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਘਰ ਵਾਪਸੀ ਲਈ ਕੀਤੇ ਪ੍ਰਬੰਧਾਂ ਬਦਲੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ। ਬਠਿੰਡਾ ਰਸਤੇ ਪੰਜਾਬ ਪਰਤੇ ਇਨ੍ਹਾਂ ਵਿਦਿਆਰਥੀਆਂ ‘ਚ ਬਠਿੰਡੇ ਦੇ 24 ਵਿਦਿਆਰਥੀ, ਬਰਨਾਲਾ ਦਾ ਇੱਕ, ਲੁਧਿਆਣਾ ਦੇ 25, ਹੁਸ਼ਿਆਰਪੁਰ ਦੇ ਦੋ, ਤਰਨਤਾਰਨ ਦਾ ਇੱਕ, ਅੰਮ੍ਰਿਤਸਰ ਦੇ ਨੌਂ, ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫਰੀਦਕੋਟ ਦੇ ਦੋ, ਫਿਰੋਜ਼ਪੁਰ ਦੇ ਛੇ, ਮੁਕਤਸਰ ਦੇ ਦੋ, ਫਾਜ਼ਿਲਕਾ ਦੇ 14, ਮੋਗਾ ਦਾ ਇੱਕ, ਜਲੰਧਰ ਦੇ 10, ਕਪੂਰਥਲਾ ਦੇ ਚਾਰ, ਮਾਨਸਾ ਦੇ ਪੰਜ, ਸੰਗਰੂਰ ਦੇ ਦੋ, ਪਟਿਆਲਾ ਦੇ ਚਾਰ, ਫਤਿਹਗੜ੍ਹ ਸਾਹਿਬ ਦੇ ਤਿੰਨ, ਰੁਪਨਗਰ ਦੇ ਦੋ, ਮੇਹਾਲੀ ਦੋ ਅਤੇ ਚੰਡੀਗੜ੍ਹ ਦੇ ਚਾਰ ਵਿਦਿਆਰਥੀ ਸ਼ਾਮਲ ਹਨ।

ਸੰਗਤ ਲੈਣ ਜਾ ਰਹੀ ਬੱਸ ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਪਟਿਆਲਾ : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੌਕਡਾਊਨ ਕਰਕੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਲੈਣ ਲਈ ਸ਼ਨਿਚਰਵਾਰ ਨੂੰ ਇਥੋਂ ਗਈਆਂ ਪੀਆਰਟੀਸੀ ਦੀਆਂ 32 ਬੱਸਾਂ ‘ਚੋਂ ਇੱਕ ਬੱਸ ਦੇ ਡਰਾਈਵਰ ਦੀ ਰਸਤੇ ‘ਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਬਡਬਰ ਪਿੰਡ ਦਾ ਰਹਿਣ ਵਾਲਾ ਸੀ। ਇਹ ਘਟਨਾ ਐਤਵਾਰ ਨੂੰ ਢਾਈ ਵਜੇ ਮੱਧ ਪ੍ਰਦੇਸ਼ ‘ਚ ਇੰਦੌਰ ਕੋਲ ਸਥਿਤ ਰਤਲਾਮ ਸ਼ਹਿਰ ਵਿੱਚ ਵਾਪਰੀ। ਕਈ ਕਿਲੋਮੀਟਰ ਬੱਸ ਚਲਾਉਣ ਮਗਰੋਂ ਮਨਜੀਤ ਸਿੰਘ ਬੱਸ ‘ਚ ਹੀ ਆਰਾਮ ਕਰ ਰਿਹਾ ਸੀ। ਇਸ ਦੌਰਾਨ ਹੀ ਉਸ ਨੂੰ ਪਸੀਨਾ ਆਇਆ ਤੇ ਉਸਨੇ ਉਲਟੀ ਕੀਤੀ। ਨਾਲ ਹੀ ਛਾਤੀ ‘ਚ ਤਕਲੀਫ਼ ਹੋਣ ਕਾਰਨ ਉਹ ਡਿੱਗ ਗਿਆ। ਉਸ ਨੂੰ ਰਤਲਾਮ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਤੇ ਅਧਿਕਾਰੀਆਂ ਨੇ ਮਨਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਮ੍ਰਿਤਕ ਡਰਾਈਵਰ ਦੇ ਪਰਿਵਾਰ ਦੀ ਮਾਲੀ ਮਦਦ ਕਰਦੇ ਹੋਏ ਪੰਜਾਬ ਸਰਕਾਰ ਨੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

Check Also

ਅੰਮਿ੍ਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਸੇਫ਼ ਹਾਊਸ ’ਚ ਅੰਮਿ੍ਰਤਪਾਲ ਸਿੰਘ ਨੇ ਆਪਣੇ ਪਿਤਾ ਅਤੇ ਚਾਚੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ …