Breaking News
Home / ਪੰਜਾਬ / ਜੀ.ਜੀ.ਐੱਨ. ਖਾਲਸਾ ਕਾਲਜ ਲੁਧਿਆਣਾ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਵੀ-ਦਰਬਾਰ ਤੇ ਵਿਚਾਰ-ਚਰਚਾ 12 ਦਸੰਬਰ ਨੂੰ

ਜੀ.ਜੀ.ਐੱਨ. ਖਾਲਸਾ ਕਾਲਜ ਲੁਧਿਆਣਾ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਵੀ-ਦਰਬਾਰ ਤੇ ਵਿਚਾਰ-ਚਰਚਾ 12 ਦਸੰਬਰ ਨੂੰ

ਟੋਰਾਂਟੋ, ਅਮਰੀਕਾ ਤੇ ਭਾਰਤ ਤੋਂ ਕਵੀ ਸ਼ਾਮਲ ਹੋਣਗੇ
ਲੁਧਿਆਣਾ : ਪ੍ਰਾਪਤ ਸੂਚਨਾ ਅਨੁਸਾਰ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਦੇ ਪੋਸਟ-ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਇਸ ਸਮੇਂ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰਵਾਰ ਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਅਤੇ ਖੇਤੀ ਸੰਕਟ ਨੂੰ ਸਮੱਰਪਿਤ ਅੰਤਰ-ਰਾਸ਼ਟਰੀ ਕਵੀ-ਦਰਬਾਰ ਅਤੇ ਵਿਚਾਰ-ਚਰਚਾ 12 ਦਸੰਬਰ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਭਾਰਤੀ ਸਮੇਂ ਮੁਤਾਬਿਕ ਸ਼ਾਮ ਦੇ 5.30 ਵਜੇ, ਯੂਰਪੀਨ ਸਮੇਂ ਅਨੁਸਾਰ ਦੁਪਹਿਰੇ 1.00 ਵਜੇ ਅਤੇ ਟੋਰਾਂਟੋ ਦੇ ਸਮੇਂ ਅਨੁਸਾਰ 7.00 ਵਜੇ ਸਵੇਰੇ ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ ਵਿਚ ਆਰੰਭਕ ਸ਼ਬਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਅਤੇ ਜੀ.ਜੀ.ਐੱਨ. ਕਾਲਜ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਐੱਸ.ਪੀ.ਸਿੰਘ ਵੱਲੋਂ ਬੋਲੇ ਜਾਣਗੇ। ਸਮਾਗ਼ਮ ਦੀ ਪ੍ਰਧਾਨਗੀ ਪੰਜਾਬੀ ਦੇ ਸਿਰਮੌਰ-ਕਵੀ ਸੁਰਜੀਤ ਪਾਤਰ ਕਰਨਗੇ ਅਤੇ ਇਸ ਸਮਾਗ਼ਮ ਦੇ ਮੁੱਖ-ਬੁਲਾਰੇ ਤੇ ਵਿਸ਼ੇਸ਼ ਮਹਿਮਾਨ ਵਜੋਂ ਅੰਤਰ-ਰਾਸ਼ਟਰ ਪ੍ਰਸਿੱਧੀ ਪ੍ਰਾਪਤ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਹੋਣਗੇ। ਕਵੀ-ਦਰਬਾਰ ਦਾ ਉਦਘਾਟਨ ਉੱਘੇ ਕਵੀ ਪ੍ਰੋ.ਗੁਰਭਜਨ ਗਿੱਲ ਕਰਨਗੇ ਅਤੇ ਇਸ ਕਵੀ-ਦਰਬਾਰ ਵਿਚ ਟੋਰਾਂਟੋ (ਕੈਨੇਡਾ) ਤੋਂ ਓਕਾਰ ਪ੍ਰੀਤ, ਭੁਪਿੰਦਰ ਦੁਲੇ, ਕੁਲਵਿੰਦਰ ਖਹਿਰਾ, ਸੁਰਜੀਤ ਕੌਰ ਤੇ ਪ੍ਰੋ.ਜਗੀਰ ਸਿੰਘ ਕਾਹਲੋਂ ਅਤੇ ਅਮਰੀਕਾ ਤੋਂ ਨਕਸ਼ਦੀਪ ਪੰਜਕੋਹਾ ਭਾਗ ਲੈਣਗੇ। ਪੰਜਾਬ (ਭਾਰਤ) ਤੋਂ ਜਗਸੀਰ ਜੀਦਾ (ਬਠਿੰਡਾ), ਡਾ.ਸਰਦੂਲ ਸਿੰਘ ਔਜਲਾ (ਕਪੂਰਥਲਾ), ਤ੍ਰੈਲੋਚਨ ਲੋਚੀ (ਲੁਧਿਆਣਾ), ਪ੍ਰੋ.ਸੁਰਜੀਤ ਜੱਜ (ਫਗਵਾੜਾ), ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ (ਮੋਹਾਲੀ) ਅਤੇ ਸੁਖਵਿੰਦਰ ਸਿੰਘ ਰਟੌਲ (ਪਟਿਆਲਾ) ਭਾਗ ਲੈਣਗੇ। ਸਮੂਹ ਕਵੀ-ਸਾਹਿਬਾਨ ਤੇ ਸਰੋਤਿਆਂ ਦਾ ਧੰਨਵਾਦ ਕਾਲਜ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਵੱਲੋਂ ਕੀਤਾ ਜਾਏਗਾ। ਇਹ ਜਾਣਕਾਰੀ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਭੁਪਿੰਦਰ ਸਿੰਘ ਅਤੇ ਵਿਭਾਗ ਦੀ ਪ੍ਰਾਅਧਿਆਪਕਾ ਪ੍ਰੋ. ਸ਼ਰਨਜੀਤ ਕੌਰ ਵੱਲੋਂ ਪ੍ਰਾਪਤ ਹੋਈ ਹੈ।
ਨਾਜਾਇਜ਼ ਸ਼ਰਾਬ ਦੀ ਫੈਕਟਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਆਰੋਪੀ ਦੇ ਕਾਂਗਰਸੀ ਵਿਧਾਇਕਾਂ ਨਾਲ ਸੰਬੰਧ
ਚੰਡੀਗੜ੍ਹ : ‘ਆਪ’ ਦੇ ਵਿਧਾਇਕ ਮੀਤ ਹੇਅਰ ਨੇ ਪਿਛਲੇ ਦਿਨੀਂ ਰਾਜਪੁਰਾ ਵਿਚ ਫੜੀ ਗਈ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿਚ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਫੜਿਆ ਗਿਆ ਵਿਅਕਤੀ ਘਨੌਰ ਤੋਂ ਵਿਧਾਇਕ ਮਦਨ ਲਾਲ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਦਾ ਕਰੀਬੀ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਨਾਮੀ ਇਹ ਆਰੋਪੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜ ਚੁੱਕਾ ਹੈ ਅਤੇ ਕਾਂਗਰਸੀ ਨੇਤਾਵਾਂ ਨਾਲ ਉਸ ਦੀਆਂ ਤਸਵੀਰਾਂ ਵੀ ਹਨ। ਹੇਅਰ ਨੇ ਕਿਹਾ ਕਿ ਪੰਜਾਬ ਵਿਚ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਹਰ ਵਾਰੀ ਕਮੇਟੀ ਬਣਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ, ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਕਾਂਗਰਸੀ ਵਿਧਾਇਕਾਂ ਮਦਨ ਲਾਲ ਅਤੇ ਹਰਦਿਆਲ ਕੰਬੋਜ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।

Check Also

ਲੁਧਿਆਣਾ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਸਕੂਲ ਪਿ੍ਰੰਸੀਪਲ ਨੂੰ ਆਈ ਈਮੇਲ, ਪੁਲਿਸ ਜਾਂਚ ’ਚ ਜੁਟੀ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਲੁਧਿਆਣਾ …