ਕਿਹਾ : ਬਾਰਡਰ ਏਰੀਏ ਦਾ ਦੌਰਾ ਕਰਨਾ ਰਾਜਪਾਲ ਦਾ ਕੰਮ ਨਹੀਂ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੋ ਦਿਨਾ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਹਨ ਅਤੇ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਆਖਰੀ ਦਿਨ ਹੈ। ਰਾਜਪਾਲ ਦੇ ਦੌਰੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਨੇ ਸਵਾਲ ਚੁੱਕੇ ਹਨ। ਮਾਨ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਕੰਮ ਨਹੀਂ। ਮੰਤਰੀਆਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਮੰਤਰੀ ਕੀ ਬੋਲਦੇ ਹਨ, ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਸਦੇ ਪਿੱਛੇ ਕਈ ਰਾਜਨੀਤਿਕ ਕਾਰਨ ਹੋ ਸਕਦੇ ਹਨ। ਪ੍ਰੰਤੂ ਮੈਂ ਰਾਜਨੀਤੀ ਨਹੀਂ ਕਰਦਾ ਅਤੇ ਮੈਂ ਆਪਣਾ ਕੰਮ ਕਰ ਰਿਹਾ ਹੈ। ਰਾਜਪਾਲ ਨੇ ਅੱਗੇ ਕਿਹਾ ਕਿ ਜਿੱਥੇ ਕੋਈ ਵੀ ਚੰਗਾ ਕੰਮ ਹੁੰਦਾ ਹੈ, ਮੈਂ ਉਥੇ ਪੁਲਿਸ ਅਤੇ ਪ੍ਰਸ਼ਾਸਨ ਦੀ ਤਾਰੀਫ ਕਰਦਾ ਹਾਂ ਅਤੇ ਜਿੱਥੇ ਮੈਨੂੰ ਕੋਈ ਕਮੀ ਨਜ਼ਰ ਆਉਂਦੀ ਹੈ, ਉਥੇ ਮੈਂ ਕਮੀ ਖਿਲਾਫ਼ ਬੋਲਦਾ ਵੀ ਹਾਂ, ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ। ਰਾਜਪਾਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਆਫੀਸ਼ੀਅਲ ਚੌਥਾ ਅਤੇ ਅਨ-ਆਫੀਸ਼ੀਅਲ ਪੰਜਵਾਂ ਦੌਰਾ ਹੈ। ਇਨ੍ਹਾਂ ਦੌਰਿਆਂ ਦੌਰਾਨ ਉਨ੍ਹਾਂ ਜੋ ਵੀ ਫੈਸਲੇ ਲਏ ਹਨ, ਉਨ੍ਹਾਂ ਦਾ ਅਸਰ ਨਜ਼ਰ ਆਉਣ ਲੱਗਿਆ ਹੈ। ਧਿਆਨ ਰਹੇ ਕਿ ਇਸ ਤਰ੍ਹਾਂ ਦੇ ਸਵਾਲ ਰਾਜਪਾਲ ਵੱਲੋਂ ਪਹਿਲਾਂ ਕੀਤੇ ਗਏ ਬਾਰਡਰ ਏਰੀਏ ਦੇ ਦੌਰੇ ਸਮੇਂ ਵੀ ਭਗਵੰਤ ਮਾਨ ਸਰਕਾਰ ਵੱਲੋਂ ਚੁੱਕੇ ਗਏ ਸਨ ਪ੍ਰੰਤੂ ਉਸ ਸਮੇਂ ਰਾਜਪਾਲ ਨੇ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ।