Breaking News
Home / ਰੈਗੂਲਰ ਕਾਲਮ / ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਬੋਲ ਬਾਵਾ ਬੋਲ
ਕਿਸ਼ਤ-ਦੂਜੀ
 ਨਿੰਦਰ ਘੁਗਿਆਣਵੀ
94174-21700
ਬਾਪੂ ਆਬਦੇ ਲਿਖੇ ਰਿਕਾਰਡ ਹੋਏ ਕਿੰਨੇ ਕੁ ਗੀਤ ਯਾਦ ਐ…ਜਿਹੜੇ ਵੱਖ-ਵੱਖ ਗਾਇਕਾਂ ਨੇ ਗਾਏ? ਜਦ ਮੈਂ ਇਹ ਸਵਾਲ ਪੁੱਛਿਆ ਤਾਂ ਆਖਣ ਲੱਗਿਆ, ”ਓ ਹੁਣ ਬੁੜ੍ਹੇ ਦਾ ਚੇਤਾ ਮਾੜਾ ਹੋ ਗਿਆ ਯਾਰ…ਪਹਿਲਾਂ ਮੇਰਾ ਚੇਤਾ ਬਹੁਤ  ਕਾਇਮ ਸੀ…ਕਿੰਨਾ-ਕਿੰਨਾ ਚਿਰ ਭੁੱਲਦਾ ਨਹੀਂ ਸਾਂ ਮੈਂ…।”
ਦੇਵ ਦੱਸ ਰਿਹਾ ਸੀ ਤਾਂ ਕੋਲ ਬੈਠੀ ਆਲੂ ਚੀਰਦੀ ਬੇਬੇ ਬੋਲੀ, ”ਚੇਤਾ ਕੀ ਕਰੇ? ਥੋੜ੍ਹੀ ਪੀ ਲਵੇ? ਦਾਰੂ ਤਾਂ ਵੱਡਿਆਂ-ਵੱਡਿਆਂ ਦੀ ਮੱਤ ਮਾਰ ਦਿੰਦੀ ਆ…ਏਹ ਤਾਂ ਸਕੰਜਮੀ ਵਾਂਗੂ ਪੀਂਦੈ ਡੀਕ ਲਾਕੇ…ਭਾਈ ਹੁਣ ਰੋਂਦੈ ਚੇਤੇ ਨੂੰ…।” ਬੇਬੇ ਬਾਪ ਵੱਲ ਕੌੜ ਕੇ ਝਾਕੀ ਤੇ ਆਲੂ ਥਾਲੀ ਵਿੱਚ ਰੱਖ ਕੇ ਗੰਢਾ ਛਿੱਲਣ ਲੱਗੀ।
”ਲੈ… ਹੁਣ ਜਿਹੜਾ ਚੇਤਾ ਕਰਨ ਲੱਗਿਆ ਸਾਂ…ਤੂੰ  ਵਿੱਚ ਆਪਣੀ ਹਾਅ  ਗੱਲ  ਕਰਕੇ ਭੁਲਾਤਾ…ਤੂੰ ਆਬਦੇ ਆਲੂ-ਗੰਢੇ ਛਿੱਲ ਖਾ…ਸਾਡੀਆਂ ਗੱਲਾਂ ਤੋਂ ਕੀ ਲੈਣਾ ਤੈਂ…ਫੇ ਕਹੇਂਗੀ ਜਦ ਹੱਥ ‘ਤੇ ਚਾਕੂ ਫਿਰ ਗਿਆ ਤਾਂ…?”
”ਚਲ ਕੋਈ ਨਾ ਬਾਪੂ, ਬੇਬੇ ਦੀਆਂ ਗੱਲਾਂ ਤੋਂ ਬਿਨਾਂ ਤਾਂ ਆਪਣੀ ‘ਬਾਤ ਅਧੂਰੀ’ ਐ…ਕੋਈ ਨਾ ਸਹਿਜੇ-ਸਹਿਜੇ ਚੇਤਾ ਕਰਕੇ ਦੱਸ ਲੈ ਗੀਤਾਂ ਬਾਰੇ।”
”ਲੈ ਫਿਰ ਸੁਣੀ ਚੱਲ…ਸੁਰਿੰਦਰ ਕੌਰ ਨੇ ਗਾਇਆ ਸੀ-ਦੀਵਿਆਂ ਵੇਲੇ ਦਰ ਅਪਣੇ ਦਾ ਕਿਸ ਕੁੰਡਾ ਖੜਕਾਇਆ, ਨੀਂ ਆਹ ਵੇਖ ਨਣਾਨੇ ਕੌਣ ਪ੍ਰਹੁਣਾ ਆਇਆ…ਨਰਿੰਦਰ ਬੀਬਾ ਨੇ ਜਿਹੜੇ ਗਾਏ…ਉਹ ਦੱਸਦਾਂ-ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ…ਨਾਭੀ ਪੱਗ ਤੇ ਜ਼ਹਿਰ-ਮੂਹਰੀ ਵਰਦੀ ਚੰਨਾ ਵੇ ਤੈਨੂੰ ਬੜੀ ਫੱਬਦੀ…ਭਖੜੇ ਨੇ ਪੈਰ ਗਾਲਤੇ ਜੁੱਤੀ ਲੈ ਦੇ ਵੇ ਮੁਲਾਹਜ਼ੇਦਾਰਾ…ਮਾਣਕ ਤੇ ਸਤਿੰਦਰ ਬੀਬਾ ਨੇ ਗਾਇਆ-ਆਈਆਂ ਵਿਆਹ ਵਿੱਚ ਜੱਟ ਦੇ ਸਤਾਰਾਂ ਸਾਲੀਆਂ ਪਿੱਪਲੀ ਦੇ ਪੱਤੇ ਵੀ ਵਜੌਣ ਤਾਲੀਆਂ…ਚਾਂਦੀ ਰਾਮ ਤੇ ਸ਼ਾਂਤੀ ਦੇਵੀ ਨੇ ਗਾਏ-ਚਿੱਤ ਕਰੂ ਮੁਕਲਾਵੇ ਜਾਵਾਂਗੇ…ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਉਏ ਤੇਰੀ ਗੋਦ ਵਿੱਚ ਬੈਠੀ ਸੱਚੀ ਸਰਕਾਰ ਉਏ…ਕਰਮਜੀਤ ਧੂਰੀ ਨੇ ਗਾਇਆ…ਇਹ ਗੀਤ ਆਮ ਹੀ ਗੁਰਦਵਾਰਿਆਂ ਵਿੱਚ ਸਵੇਰੇ-ਸਵੇਰੇ ਵੱਜਦਾ ਸੁਣਦਾ-ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ‘ਚ ਗੁਜ਼ਾਰੇਂ ਬੰਦਿਆ…ਸੁਰਿੰਦਰ ਕੌਰ ਤੇ ਰੰਗੀਲਾ ਜੱਟ ਨੇ-ਮੱਛਰਦਾਨੀ ਲੈ ਦੇ ਵੇ ਮੱਛਰ ਨੇ ਖਾ ਲਈ ਤੋੜਕੇ…ਸਦੀਕ ਤੇ ਬੀਬਾ ਨੇ ਗਾਇਆ-ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪਘੂੰੜਾ..ਮਲਕੀਤ ਸਿੰਘ ਨੇ -ਝਾਂਜਰ ਬੋਲ ਪਈ…ਪਾਲੀ ਦੇਤਵਾਲੀਆ ਨੇ-ਧੀਆਂ ਦੇਣ ਦੁਹਾਈ…ਕਰਨੈਲ ਗਿੱਲ ਨੇ-ਗੱਡੀ ਚੜ੍ਹਦੀ ਭੰਨਾ ਲਏ ਗੋਡੇ…ਮਾਣਕ ਦੇ ਗਾਏ ਗੀਤ ਕੁਝ ਯਾਦ ਨੇ…ਜਿਵੇਂ-ਯਾਰਾਂ ਦਾ ਟਰੱਕ ਬੱਲੀਏ…ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ…ਵਹਿੰਗੀ ਚੱਕ ਲੈ ਸਰਵਣਾ ਵੇ…ਤੇਰੇ ਟਿੱਲੇ ਉਤੋਂ ਸੂਰਤ ਦੀਂਹਦੀ ਹੀਰ ਦੀ…ਸਾਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਵਾਤਾ…ਹੱਥ ਫੜ੍ਹਕੇ ਤੇਸੇ ਨੂੰ ਆਸ਼ਕ ਜਾਵੇ ਪਰਬਤ ਚੀਰੀ…ਤੇਰੀ ਖਾਤਰ ਹੀਰੇ ਛਡਕੇ ਤਖ਼ਤ ਹਜ਼ਾਰੇ ਨੂੰ…ਤੇਰਾ ਕਿਹੜਾ ਮੁੱਲ ਲਗਦਾ…ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ…ਛੇਤੀ ਕਰ ਸਰਵਣ ਬੱਚਾ ਪਾਣੀ ਤੇ ਪਿਲਾਦੇ ਉਏ…ਕਹੇ ਰਸਾਲੂ ਰਾਣੀਏਂ ਘੁੰਡ ਮੂੰਹ ਤੋਂ ਲਾਹਦੇ…ਦੁੱਲਿਆ ਵੇ ਟੋਕਰਾ ਚਕਾਈਂ ਆਣਕੇ…ਆਖੇ ਅਕਬਰ ਬਾਦਸ਼ਾਹ ਸੱਦ ਯੈਮਲ ਨੂੰ ਸਰਦਾਰ… ਪਿੰਡ ਸਿਆਲਾਂ ਦੇ ਧੀ ਜੰਮੀ ਚੂਚਕ ਚੌਧਰੀ ਨੂੰ…ਧੋਖਾ ਕੀਤਾ ਨੀ ਤੂੰ ਸਿਆਲਾਂ ਦੀਏ ਛੋਕਰੀਏ…ਛੰਨਾ ਚੂਰੀ ਦਾ ਵਿੱਚ ਬੇਲੇ ਚਾਕ ਰਲੇਟੇ ਨੂੰ…ਇੱਕ ਦਿਨ ਕੈਦੋਂ ਸੱਥ ਵਿੱਚ ਬੈਠਾ ਮੂਹਰੇ ਚੂਚਕ ਦੇ…ਇੱਕ ਦਿਨ ਮਿਲਕੇ ਚਾਕ ਨੂੰ ਹੀਰ ਆਈ ਜਦ ਬੇਲੇ ‘ਚੋਂ…ਚੜ੍ਹੀ ਜਵਾਨੀ ਤੇ ਚੰਨ ਸੂਰਜ ਗੁੱਝੇ ਰਹਿੰਦੇ ਨਾ…ਚੱਕ ਕੇ ਝੰਮਣ ਹੀਰ ਡੋਲੀ ਬਹਿਗੀ ਖੇੜਿਆਂ ਦੀ…ਸਹਿਤੀ ਹੀਰ ਨੇ ਤਿਆਰੀ ਕਰਲੀ ਬਾਗ ਦੀ…ਵਾਰ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਮਸ਼ਹੂਰ ਹੋਈ ਸੀ…ਚੰਨਾ ਮੈਂ ਤੇਰੀ ਖ਼ੈਰ ਮੰਗਦੀ…ਰੰਨਾਂ ਚੰਚਲ ਹਾਰੀਆਂ ਕੀ ਇਹਨਾਂ ਦਾ ਇਤਬਾਰ…ਹੇਠ ਜੱਟ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਿਰਹਾਣਾ ਲਾਕੇ…ਮਾਣ ਕਰੀਂ ਨਾ ਜੱਟੀਏ…ਯਾਰ ਮੇਰਾ ਛਡ ਗਿਆ…ਘਰੇ ਮੇਰੇ ਜੇਠ ਦੀ ਪੁੱਗੇ…ਏਹ ਮਾਣਕ ਦੇ ਗਾਏ ਸੀ ਤੇ ਸੁਰਿੰਦਰ ਛਿੰਦਾ ਨੇ-ਜਿਊਣਾ ਮੌੜ…ਇਹਦੀ ਰਾਇਲਟੀ ਉਦੋਂ ਦੇ ਹਿਸਾਬ ਨਾਲ ਸਭ ਤੋਂ ਵੱਧ ਵੀਹ ਹਜ਼ਾਰ ਰੁਪੱਈਆ ਮਿਲੀ ਸੀ। ਸੁਰਜੀਤ ਬਿੰਦਰਖੀਆ ਨੇ ਗਾਇਆ-ਦੁੱਧ-ਪੁੱਤ ਤੇ ਰਿਜ਼ਕ ਘਰ ਤੇਰੇ…ਗੁਰਚਰਨ ਪੋਹਲੀ ਤੇ ਪ੍ਰਮਿਲਾ ਪੰਮੀ ਨੇ-ਭਜਨ ਕਰੇ ਕਰਤਾਰਾ…ਸਵਰਨ ਲਤਾ ਨੇ ਗਾਇਆ-ਮਿਰਚਾਂ ਵਾਰ ਸੱਸੇ…ਏਨੇ ਕੁ ਬਹੁਤ ਨੇ…ਹੋਰ ਤੂੰ ਆਪੇ ਲੱਭ ਲੈ ਯਾਰ…।”
”ਤੁਹਾਡਾ ਇੱਕ ਗੀਤ ਸਦੀਕ ਤੇ ਬੀਬਾ ਨੇ ਗਾਇਆ ਸੀ-ਲੌਂਗ ਨੀ ਬਿਸ਼ਨੀਏ ਮੇਰਾ ਨਰਮੇਂ ‘ਚੋਂ ਲਿਆਈਂ ਲੱਭ ਕੇ….ਇੱਕ ਗੀਤ ਸੀ ‘ਘਰੇ ਚੱਲ ਕੱਢੂੰ ਰੜਕਾਂ…ਇਹ ਕੀ ਹੋਏ ਭਲਾ ਗੀਤ? ਕਿਉਂ ਬੇਬੇ ਬਾਪੂ ਨੂੰ ਇਹ ਲਿਖਣ ਦੀ ਕੀ ਲੋੜ ਪੈ ਗਈ ਸੀ?” ਕੋਲ ਬੈਠੀ  ਬੇਬੇ ਨੂੰ ਮੈਂ ਕਿਹਾ।
ਬਾਪੂ ਮੁਸਕ੍ਰਾਉਣ ਲੱਗਿਆ। ਬੇਬੇ ਉਹਦੇ ਵੱਲ ਕੁਨੱਖਾ ਜਿਹਾ ਝਾਕੀ ਤੇ ਬੋਲੀ, ”ਬੇ ਭਾਈ ਥੋਡੀਆਂ ਤੁਸੀਓਂ ਜਾਣੋ…ਮੈਨੂੰ ਕੀ ਪਤੈ…ਕੀ ਲਿਖੀ ਜਾਨੇ ਓਂ…ਇਹਦਾ ਕੰਮ ਏਸੇ ਨੂੰ ਈ ਪਤੈ।”
”ਓ ਯਾਰ ਲਿਖ ਹੋ ਗਿਆ…ਬਥੇਰਿਆਂ ਨੇ ਲਿਖੇ ਨੇ…ਮੈਂ ਤਾਂ ਏਨੇ ਨ੍ਹੀ ਲਿਖੇ…ਲੋਕਾਂ ਨੇ ਪੂਰਾ ਗੰਦ ਪਾਇਆ…ਛਡ ਯਾਰ…ਬਾਬੂ ਸਿੰਘ ਮਾਨ ਨੇ ਵੀ ਲਿਖਿਆ ਸੀ ਤੇ ਮਾਣਕ ਨੇ ਗਾਇਆ ਸੀ-ਜੀਜਾ ਅੱਖੀਆ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ…ਇੱਕ ਮੇਰੀ ਬਚਪਨ ਦੀ ਗੱਲ ਲਿਖ ਲੈ…ਬਈ ਲੋਕਾਂ ਨੇ ਮੇਰੇ ਬਾਪੂ ਨੂੰ ਆਖ-ਵੇਖ ਕੇ ਮੈਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਉਦੋਂ ਨਹਿਰ ਪੱਟੀ ਹੀ ਸੀ ਤੇ ਮੈਂ ਨਹਿਰ ਵਿਚਦੀ ਤੁਰਕੇ ਜਾਂਦਾ ਹੁੰਦਾ ਸੀ…ਏਸੇ ਸਕੂਲ ਵਿੱਚ ਸਾਹਿਰ ਲੁਧਿਆਣਵੀ ਤੇ ਕਰਤਾਰ ਸਿੰਘ ਸਰਾਭਾ ਵੀ ਪੜ੍ਹੇ ਸਨ ਤੇ ਹੋਰ ਬਹੁਤ ਵੱਡੀਆਂ ਹਸਤੀਆਂ ਵੀ ਏਥੇ ਹੀ ਪੜ੍ਹੀਆਂ ਸਨ…ਖ਼ੈਰ…ਕਹਿਰਾਂ ਦੀ ਗਰਮੀਂ ‘ਚ ਤੁਰਕੇ ਜਾਂਦਾ ਸਾਂ…ਪੈਰ ਸੜ ਜਾਂਦੇ ਸਨ…ਇੱਕ ਦਿਨ ਬਾਪੂ ਨੂੰ ਮੇਰੀ ਹਾਲਤ ‘ਤੇ ਤਰਸ ਆ ਗਿਆ…ਬਾਪੂ ਨੇ ਮੈਨੂੰ ਦਸਾਂ ਰੁਪੱਈਆਂ ਦਾ ਇੱਕ ਪੁਰਾਣਾ ਜਿਹਾ ਸਾਇਕਲ ਲੈ ਦਿੱਤਾ…ਉਹ ਵੀ ਬਿਗੜਿਆ ਰਹਿੰਦਾ…ਕਦੇ ਸਾਇਕਲ ਮੈਨੂੰ ਧੂੰਹਦਾ ਤੇ ਕਦੇ ਮੈਂ ਸਾਈਕਲ ਨੂੰ ਧੂੰਹਦਾ…ਇਹ ਤਾਂ ਬਚਪਨ ਦੇ ਹਾਲਾਤਾਂ ਦੀ ਗੱਲ ਅਜੇ ਨਹੀਂ ਭੁੱਲਦੀ…ਸਾਈਕਲ ‘ਤੇ ਵੀ ਮੈਂ ਸਫ਼ਰ ਕਰ ਲਿਆ…ਸਕੂਟਰ ‘ਤੇ ਵੀ…ਕਾਰ ਉਤੇ ਵੀ…ਬੱਸ ਉਤੇ ਵੀ…ਰੇਲ ਉਤੇ ਵੀ…ਜਹਾਜ਼ ਉਤੇ ਵੀ…ਹੁਣ ਇੱਛਾ ਸਮੁੰਦਰੀ ਜਹਾਜ਼ ਉੱਤੇ ਸਫ਼ਰ ਕਰਨ ਦੀ ਆ…।”
ਦੇਵ ਥਰੀਕੇ ਬਾਰੇ ਮੇਰੇ ਕੋਲ ਇਕ ਭਾਰੀ ਭਰਕਮ ਕਿਤਾਬ ਲਿਖਣ ਜਿੰਨੀ ਸਮੱਗਰੀ ਹੈ, ਜਿੰਨੀਆਂ ਗੱਲਾਂ ਕਰਾਂ, ਅਮੁੱਕ ਹਨ, ਕਦੇ ਫਿਰ ਸਹੀ!
[email protected]

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …