ਮੁਹਿੰਦਰਦੀਪ ਗਰੇਵਾਲ
ਬੜਾ ਧੋਖਾ ਹੈ ਰਾਹਾਂ ‘ਤੇ ਕਰੀਂ ਇਤਬਾਰ, ਸੰਭਲ ਕੇ
ਐ ਸਾਥੀ ਕਹਿ ਰਿਹਾਂ ਤੈਨੂੰ ਮੈਂ ਸੌ-ਸੌ ਵਾਰ, ਸੰਭਲ ਕੇ
ਕੀਤੇ ਨਾ ਪਿਆਰ ਦੀ ਸੂਖਮ ਜੇਹੀ ਇਹ ਤੰਦ ਟੁੱਟ ਜਾਵੇ
ਕਦੀ ਸੇ ਸੱਜਣਾਂ ਨਾਲ ਹੋ ਜਾਏ ਤਕਰਾਰ, ਸੰਭਲ ਕੇ
ਬੜਾ ਸੂਖਮ ਹੈ ਮਨ, ਨਾ ਏਸ ਨੂੰ ਬੀਮਾਰ ਕਰ ਬੈਠੀਂ
ਜੇ ਇਸ ਵਿਚ ਜ਼ਹਿਰ ਨਫ਼ਰਤ ਦੀ ਪੜ੍ਹੀਂ ਅਖਬਾਰ, ਸੰਭਲ ਕੇ
ਜਦੋਂ ਵੀ ਵਾਰ ਤੂੰ ਕੀਤੇ, ਸਹੇ ਨੇ ਵਾਰ ਹਰ ਵਾਰੀ
ਅਸਾਡਾ ਵਾਰ ਹੁਣ ਆਇਆ ਮੇਰੀ ਸਰਕਾਰ ਸੰਭਲ ਕੇ
ਨਦੀ ਵਿਚ ਤਰਨ ਦਾ ਜੇ ਸ਼ੌਕ ਹੈ ਤਾਂ ਨਾ ਡਰੀਂ ਸਾਥੀ
ਤੇਰੇ ਰਾਹਾਂ ਝੱਖੜ, ਸਾਹਮਣੇ ਮੰਝਧਾਰ, ਸੰਭਲ ਕੇ
ਤੂੰ ਰਾਹੀਂ ਚਲਦਿਆਂ ਹਰ ਛਾਂ ਨੂੰ ਮੰਜਿਲ ਸਮਝ ਨਾ ਬੈਠੀਂ
ਕੀਤੇ ਤੂੰ ਰਹਿ ਨਾ ਜਾਵੀਂ ਇਸ ਤਰ੍ਹਾਂ ਵਿਚਕਾਰ, ਸੰਭਲ ਕੇ
ਬੜਾ ਬਿਖੜਾ ਹੈ ਪੈਂਦਾ ਇਸ਼ਕ ਦਾ, ਜੀਵਨ ਦੀ ਮੰਜ਼ਿਲ ਦਾ
ਕਰੀਂ ਨਫ਼ਰਤ ਵੀ ਸੰਭਲ ਕੇ, ਕਰੀਂ ਤੂੰ ਪਿਆਰ ਸੰਭਲ ਕੇ
ਤੂੰ ਬਚ ਆਇਆ ਏ ਜੰਗਲ ਦੀ ਦਰਿੰਦਾ ਸੋਚ ਤੋਂ ਜੇਕਰ
ਤਾਂ ਇਸ ਤੋਂ ਘੱਟ ਨਹੀਂ ਇਸ ਸ਼ਹਿਰ ਦਾ ਕਿਰਦਾਰ, ਸੰਭਲ ਕੇ॥