Breaking News
Home / ਨਜ਼ਰੀਆ / ਬਾਬਾ ਨਿਧਾਨ ਸਿੰਘ ਜੀ – ਸੇਵਾ ਤੇ ਸਿਮਰਨ ਦੀ ਅਦੁੱਤੀ ਮਿਸਾਲ

ਬਾਬਾ ਨਿਧਾਨ ਸਿੰਘ ਜੀ – ਸੇਵਾ ਤੇ ਸਿਮਰਨ ਦੀ ਅਦੁੱਤੀ ਮਿਸਾਲ

ਡਾ. ਡੀ ਪੀ ਸਿੰਘ
ਸੇਵਾ ਤੇ ਸਿਮਰਨ, ਸਿੱਖ ਧਰਮ ਦੇ ਦੋ ਮੁੱਢਲੇ ਸਿਧਾਂਤ ਹਨ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸੇਵਾ ਦੀ ਮਹਤੱਤਾ ਬਾਰੇ ਇੰਝ ਵਰਨਣ ਕੀਤਾ ਗਿਆ ਹੈ; ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ (ਮ: 5, ਪੰਨਾ 286)। ਇਸੇ ਤਰ੍ਹਾਂ ਹੀ ਗੁਰਬਾਣੀ ਵਿਚ, ਪਰਮਾਤਮਾ ਨੂੰ ਯਾਦ ਕਰਨ (ਸਿਮਰਨ) ਲਈ ਬਹੁਤ ਪ੍ਰੇਰਨਾ ਕੀਤੀ ਗਈ ਹੈ। ਗੁਰਬਾਣੀ ਦਾ ਕਥਨ ਹੈ; ਸੇਵਾ ਸੁਰਤਿ ਸਬਦਿ ਚਿਤੁ ਲਾਏ ॥ (ਮ. 3, ਪੰਨਾ 110)। ਬਾਬਾ ਨਿਧਾਨ ਸਿੰਘ ਜੀ, ਇਕ ਅਜਿਹੇ ਗੁਰਸਿੱਖ ਸਨ, ਜਿਨ੍ਹਾਂ ਆਪਣਾ ਸਾਰਾ ਜੀਵਨ ਇਨ੍ਹਾਂ ਦੋਨੋਂ ਸਿਧਾਂਤਾ ਨੂੰ ਸਮਰਪਿਤ ਕਰ ਦਿੱਤਾ। ਪ੍ਰਭੂ ਪ੍ਰੇਮ ਵਿਚ ਰਤੇ ਹੋਏ ਤੇ ਮਾਨਵਤਾ ਦੀ ਨਿਸ਼ਕਾਮ ਸੇਵਾ ਵਿਚ ਲੀਨ ਬਾਬਾ ਜੀ ਨੇ ਬਹੁਤ ਹੀ ਸਾਦਾ ਤੇ ਪਵਿੱਤਰ ਜੀਵਨ ਗੁਜ਼ਾਰਿਆ। ਉਨ੍ਹਾਂ ਦਾ ਜੀਵਨ ਸਾਡੇ ਸੱਭ ਲਈ ਸੇਵਾ ਤੇ ਸਿਮਰਨ ਦੀ ਅਦੁੱਤੀ ਮਿਸਾਲ ਹੈ।
ਮੁੱਢਲਾ ਜੀਵਨ
(ਬਾਬਾ) ਨਿਧਾਨ ਸਿੰਘ ਦਾ ਜਨਮ 25 ਮਾਰਚ, 1882 ਨੂੰ ਪੰਜਾਬ ਰਾਜ ਦੇ ਜ਼ਿਲਾ ਹੁਸ਼ਿਆਰਪੁਰ ਵਿਚ, ਪਿੰਡ ਨਾਡਾਲੋਂ ਵਿਖੇ ਹੋਇਆ। ਆਪ ਦੇ ਪਿਤਾ ਸਰਦਾਰ ਉੱਤਮ ਸਿੰਘ ਇਕ ਮਿਹਨਤੀ ਕਿਸਾਨ ਸਨ। ਆਪ ਦੀ ਮਾਤਾ, ਬੀਬੀ ਗੁਲਾਬ ਕੌਰ, ਧਾਰਮਿਕ ਖਿਆਲਾਂ ਵਾਲੀ ਇਕ ਸਾਧਾਰਨ ਅੋਰਤ ਸੀ। ਦੋਨੋਂ ਮਾਪਿਆਂ ਨੇ ਬਾਲਕ ਨਿਧਾਨ ਦੀ ਪਰਵਰਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੁੱਢਲੀ ਵਿਦਿਆ ਪਠਲਾਵਾਂ ਪਿੰਡ ਵਿਚ ਮੌਜੂਦ ਨਿਰਮਲਾ ਡੇਰੇ ਤੋਂ ਪ੍ਰਾਪਤ ਕੀਤੀ। ਉਹ ਬਚਪਨ ਤੋਂ ਧਾਰਮਿਕ ਰੁਚੀਆ ਦਾ ਮਾਲਕ ਸੀ। ਉਸ ਦੇ ਬਾਲ ਮਨ ਉੱਤੇ, ਉਸ ਦੇ ਅਧਿਆਪਕ ਬਾਬਾ ਦੀਵਾਨ ਸਿੰਘ, ਦੁਆਰਾ ਦਿਖਾਏ ਨਿਸ਼ਕਾਮ ਸੇਵਾ ਅਤੇ ਪ੍ਰਭੂ ਭਗਤੀ (ਸਿਮਰਨ) ਦੇ ਰਾਹ ਦਾ ਡੂੰਘਾ ਅਸਰ ਪਿਆ। ਗਰੂ ਅਮਰਦਾਸ ਜੀ ਅਤੇ ਭਾਈ ਮੰਝ ਦੀ ਨਿਸ਼ਕਾਮ ਸੇਵਾ ਬਿਰਤੀ ਅਤੇ ਮਾਤਾ ਖੀਵੀ ਜੀ ਦੁਆਰਾ ਲੰਗਰ ਦੀ ਅਣਥੱਕ ਸੇਵਾ ਦੀਆਂ ਸਾਖੀਆਂ ਨੇ ਬਾਲਕ ਨਿਧਾਨ ਦਾ ਮਨ ਮੋਹ ਲਿਆ। ਬੇਸ਼ਕ ਘਰੇਲੂ ਲੋੜਾਂ ਦੀ ਪੂਰਤੀ ਲਈ ਬਾਲਕ ਨਿਧਾਨ ਨੂੰ ਖੇਤੀਬਾੜੀ ਕਾਰਜਾਂ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ ਪਰ ਵਿਹਲੇ ਸਮੇਂ ਦੌਰਾਨ ਉਸ ਨੂੰ ਗੁਰਬਾਣੀ ਪੜਣ ਤੇ ਸੁਨਣ ਦੇ ਦਾ ਖਾਸ ਸ਼ੌਕ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਨ ਕਥਨ ਤੋਂ ਭਲੀ ਭਾਂਤ ਜਾਣੂ ਹੋ ਚੁੱਕਾ ਸੀ। “”ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ “(ਮ.1, ਪੰਨਾ 61) ਗੁਰਬਾਣੀ ਪ੍ਰੇਮ ਤੋਂ ਇਲਾਵਾ ਨੌਜੁਆਨ ਨਿਧਾਨ ਨੂੰ ਕੁਸ਼ਤੀ ਕਰਨ ਦਾ ਵੀ ਬਹੁਤ ਸ਼ੌਕ ਸੀ।
ਆਪ ਦਾ ਪਿੱਤਰੀ ਪਰਿਵਾਰ ਕਾਫੀ ਵੱਡਾ ਸੀ। ਚਾਰ ਭਰਾਵਾਂ ਵਿਚੋਂ ਆਪ ਸੱਭ ਤੋਂ ਛੋਟੇ ਸਨ। ਉਨੀਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ, ਇਕ ਵੱਡੇ ਪਰਿਵਾਰ ਦੀ ਲੋੜ ਪੂਰਤੀ ਲਈ, ਸਿਰਫ਼ ਖੇਤੀਬਾੜੀ ਪੈਦਾਇਸ਼ ਉੱਤੇ ਨਿਰਭਰਤਾ ਕਾਫੀ ਨਹੀਂ ਸੀ। ਪਰਿਵਾਰ ਦੀਆਂ ਵਿੱਤੀ ਮੁਸ਼ਕਿਲਾਂ ਦੀ ਪੂਰਤੀ ਲਈ ਨੌਜਵਾਨ ਨਿਧਾਨ, ਸੰਨ 1900 ਦੌਰਾਨ, ਝਾਂਸੀ ਪਹੁੰਚ ਕੇ, ਫੌਜ ਦੇ ਰਸਾਲਾ ਨੰਬਰ 5 ਵਿਚ ਭਰਤੀ ਹੋ ਗਿਆ। ਪ੍ਰੰਤੂ ਪ੍ਰਭੂ ਭਗਤੀ ਵਿਚ ਲਿਪਤ ਉਸ ਦੇ ਮਨ ਨੁੰ ਫੌਜੀ ਨੌਕਰੀ ਰਾਸ ਨਾ ਆਈ। ਉਸ ਦਾ ਮਨ ਤਾਂ ਪ੍ਰਭੂ ਪਿਆਰ ਤੇ ਮਾਨਵਤਾ ਦੀ ਸੇਵਾ ਲਈ ਤੜਪ ਰਿਹਾ ਸੀ। ਝਾਂਸੀ ਵਿਖੇ, ਹਜ਼ੂਰ ਸਾਹਿਬ ਵੱਲ ਜਾਣ ਵਾਲੇ ਜੱਥਿਆਂ ਨੂੰ ਦੇਖ ਕੇ ਉਸ ਦੇ ਮਨ ਵਿਚ ਅਜੀਬ ਧੂਹ ਪੈਂਦੀ ਸੀ। ਅਜਿਹੀ ਮਨੋਵਿਰਤੀ ਕਾਰਣ, ਸੰਨ 1901 ਦੌਰਾਨ ਉਸ ਨੇ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜਲਦੀ ਹੀ ਨੋਜੁਆਨ ਨਿਧਾਨ ਹਜ਼ੂਰ ਸਾਹਿਬ ਜਾਣ ਵਾਲੇ ਜੱਥੇ ਨਾਲ ਰਲ ਗਿਆ ਅਤੇ ਨਾਂਦੇੜ ਦੀ ਯਾਤਰਾ ਤੇ ਚਲ ਪਿਆ।
ਨਾਂਦੇੜ ਵਿਖੇ ਪਹੁੰਚ ਕੇ ਉਹ ਉਥੋਂ ਦੇ ਧਾਰਮਿਕ ਮਾਹੌਲ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਉਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਸੇਵਾ ਤੇ ਸਿਮਰਨ ਵਾਲੀ ਬਿਰਤੀ ਕਾਰਣ, ਉਹ ਇਨ੍ਹਾਂ ਕਾਰਜਾਂ ਵਿਚ ਪੂਰੀ ਤਰ੍ਹਾਂ ਜੁੱਟ ਗਿਆ। ਹਜ਼ੂਰ ਸਾਹਿਬ ਦੀ ਯਾਤਰਾ ਉੱਤੇ ਆਏ ਸ਼ਰਧਾਲੂਆਂ ਲਈ ਪੀਣ ਦੇ ਪਾਣੀ ਦੀ ਦਿੱਕਤ ਨੂੰ ਦੇਖਦੇ ਹੋਏ ਉਸ ਨੇ ਬੁੰਗਾ ਸਾਧੂ ਸਿੰਘ ਦੇ ਸਥਾਨ ਵਿਖੇ ਝਬੀਲ ਦੀ ਸੇਵਾ ਸ਼ੁਰੂ ਕਰ ਦਿੱਤੀ। ਮੁਫਤ ਜਲ ਸੇਵਾ ਲਈ, ਕਈ ਸਾਲ ਤਕ, ਉਹ ਹਰ ਰੋਜ਼, ਗੋਦਾਵਰੀ ਦਰਿਆ ਤੋਂ ਲਗਭਗ 50 ਤੋਂ 100 ਗਾਗਰਾਂ ਪਾਣੀ ਦੀਆਂ ਢੋਂਦੇ ਰਹੇ। ਝਬੀਲ ਸਥਾਪਤੀ ਦੇ ਜਲਦੀ ਹੀ ਬਾਅਦ, ਉਸ ਨੇ ਮੁਫਤ ਜਲ ਸੇਵਾ ਦੇ ਨਾਲ ਨਾਲ ਭੁੱਜੇ ਛੋਲਿਆਂ ਦਾ ਪ੍ਰਸ਼ਾਦ ਵੀ ਵੰਡਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਪਿਛੋਂ, ਵਿੱਤੀ ਸਰੋਤਾਂ ਦੀ ਘਾਟ ਦੇ ਬਾਵਜੂਦ, ਉਸ ਨੇ ਬਕਲੀਆਂ (ਉਬਲੇ ਛੋਲੇ) ਦਾ ਪ੍ਰਸ਼ਾਦ ਵੀ ਵੰਡਣਾ ਸ਼ੁਰੂ ਕਰ ਲਿਆ। ਗਰਮੀਆਂ ਦੇ ਮੌਸਮ ਵਿਚ ਉਹ ਆਈਆਂ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਵੀ ਕਰਦੇ। ਇੰਝ ਉਨ੍ਹਾਂ ਨੇ ਗੁਰਬਾਣੀ ਦਾ ਕਥਨ; “”ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥” (ਮ. 5, ਪੰਨਾ 101), ਆਪਣੀ ਸੇਵਾ ਤੇ ਸਿਮਰਨ ਭਰਭੂਰ ਜੀਵਨ ਸ਼ੈਲੀ ਨਾਲ ਸੱਚ ਕਰ ਦਿਖਾਇਆ।
ਆਪਣੇ ਜੀਵਨ ਦੇ ਅਗਲੇ 12 ਸਾਲਾਂ ਦੌਰਾਨ, ਉਸ ਨੇ, ਇਹ ਨਿਰਸਵਾਰਥ ਸੇਵਾ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਈ। ਸਮੇਂ ਦੇ ਗੁਜ਼ਰਣ ਨਾਲ ਉਸ ਦੀ ਲਗਨ ਅਤੇ ਸੇਵਾ ਬਿਰਤੀ ਦੀ ਚਰਚਾ ਸੱਭ ਪਾਸੇ ਹੋਣ ਲਗ ਪਈ। ਜਿਸ ਦੇ ਫਲਸਰੂਪ, ਬਾਬਾ ਜੀ, ਹਜ਼ੂਰ ਸਾਹਿਬ ਵਿਖੇ ਇਕ ਹਰਮਨ ਪਿਆਰੀ ਸਖ਼ਸ਼ੀਅਤ ਬਣ ਗਏ। ਪਰ ਉਨ੍ਹਾ ਦੀ ਇਹ ਹਰਮਨ ਪਿਆਰਤਾ ਕੁਝ ਈਰਖਾਲੂ ਲੋਕਾਂ ਨੂੰ ਬਿਲਕੁਲ ਹੀ ਚੰਗੀ ਨਾ ਲਗੀ। ਜਿਸ ਕਾਰਣ ਉਨ੍ਹਾ ਨੇ ਬਾਬਾ ਜੀ ਦੇ ਕਾਰਜਾਂ ਵਿਚ ਦਖਲ-ਅੰਦਾਜ਼ੀ ਕਰਨੀ ਤੇ ਕਈ ਕਿਸਮ ਦੇ ਅੜਿੱਕੇ ਖੜੇ ਕਰਨੇ ਸ਼ੁਰੂ ਕਰ ਦਿੱਤੇ। ਜਿਸ ਦਾ ਨਤੀਜਾ ਬਾਬਾ ਜੀ ਨਾਲ ਤਲਫ਼-ਕਲਾਮੀ ਤੋਂ ਵੱਧ, ਮਾਰ-ਕੁੱਟ ਤਕ ਪਹੁੰਚ ਗਿਆ। ਹਰ ਰੋਜ਼ ਦੀ ਕਲਹ-ਕਲੇਸ਼ ਤੋਂ ਤੰਗ ਆ ਕੇ ਬਾਬਾ ਜੀ ਨੇ ਵਾਪਸ ਪੰਜਾਬ ਜਾਣ ਦਾ ਨਿਸ਼ਚਾ ਕਰ ਲਿਆ ਤੇ ਉਹ ਨੰਦੇੜ ਰੇਲਵੇ ਸਟੇਸ਼ਨ ਵੱਲ ਚਲ ਪਏ।
ਇਤਿਹਾਸਕ ਪਿਛੋਕੜ
ਅਗਸਤ 1708 ਦੌਰਾਨ, ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ, ਗੋਦਾਵਰੀ ਨਦੀ ਦੇ ਕਿਨਾਰੇ ਵਸੇ ਨੰਦੇੜ ਨਗਰ ਵਿਖੇ ਪਹੁੰਚੇ। ਇਥੇ ਉਨ੍ਹਾਂ ਦੀ ਮੁਲਾਕਾਤ ਮਾਧੋ ਦਾਸ ਬੈਰਾਗੀ ਨਾਲ ਹੋਈ। ਜੋ ਗੁਰੂ ਸਾਹਿਬ ਦੀ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣ ਗਿਆ। ਗੁਰੂ ਸਾਹਿਬ ਦੇ ਕਰ ਕਲਮਾਂ ਤੋਂ ਅੰਮ੍ਰਿਤ ਛੱਕ ਕੇ ਖਾਲਸਾ ਸਜਿਆ ਤੇ ਉਸ ਦਾ ਨਾਮ ਗੁਰਬਖ਼ਸ਼ ਸਿੰਘ ਰੱਖਿਆ ਗਿਆ। ਪਰ ਉਸ ਦਾ ਨਾਮ ‘ਬੰਦਾ ਸਿੰਘ’ ਵਧੇਰੇ ਪ੍ਰਚਲਿਤ ਹੋਇਆ। ਗੁਰੂ ਸਾਹਿਬ ਨੇ ਬੰਦਾ ਸਿੰਘ ਨਾਲ ਆਪਣੇ ਪੰਜ ਚੋਣਵੇਂ ਸਿੰਘ ਪੰਜਾਬ ਵਿਖੇ ਜ਼ਾਲਿਮ ਹਾਕਮਾਂ ਨੂੰ ਸੋਧਣ ਲਈ ਭੇਜੇ।
ਸਰਹਿੰਦ ਦਾ ਨਵਾਬ ਵਜ਼ੀਰ ਖਾਨ, ਗੁਰੂ ਗੋਬਿੰਦ ਸਿੰਘ ਜੀ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਚੰਗੇ ਸੰਬੰਧਾਂ ਕਾਰਣ ਈਰਖਾ ਕਰਦਾ ਸੀ। ਉਸ ਨੇ ਆਪਣੇ ਦੋ ਖਾਸ ਸੇਵਕਾਂ, ਪਠਾਣ ਜਮਸ਼ੇਦ ਬੇਗ ਤੇ ਪਠਾਣ ਵਾਸਿਲ ਬੇਗ, ਨੂੰ ਗੁਰੂ ਜੀ ਦਾ ਕਤਲ ਕਰਨ ਦਾ ਕੰਮ ਸੌਂਪਿਆ। ਉਨ੍ਹਾਂ ਨੇ ਛੁੱਪ ਛੁੱਪ ਕੇ ਗੁਰੁ ਜੀ ਦਾ ਪਿੱਛਾ ਕੀਤਾ ਅਤੇ ਨੰਦੇੜ ਪਹੁੰਚ ਗਏ। ਇਥੇ ਜਦੋਂ ਇਕ ਦਿਨ, ਗੁਰੂ ਜੀ ਆਪਣੇ ਤੰਬੂ ਵਿਚ ਆਰਾਮ ਕਰ ਰਹੇ ਸਨ ਤਾਂ ਉਨ੍ਹਾਂ ਦੋਨੋਂ ਪਠਾਣਾਂ ਨੇ ਗੁਰੂ ਜੀ ਉੱਤੇ ਕਾਤਲਾਨਾ ਹਮਲਾ ਕਰ ਦਿੱਤਾ। ਗੁਰੂ ਜੀ ਇਸ ਹਮਲੇ ਵਿਚ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਪਰ ਉਨ੍ਹਾਂ ਇਕ ਪਠਾਣ ਨੂੰ ਆਪਣੀ ਕਟਾਰ (ਸਅਬਰੲ) ਨਾਲ ਮਾਰ ਦਿੱਤਾ ਤੇ ਦੂਸਰਾ ਪਠਾਣ, ਪੈਦਾ ਹੋਈ ਖਲਬਲੀ ਸੁਣ ਕੇ ਨੱਠੇ ਆਏ ਸਿੰਘਾਂ ਹੱਥੋਂ ਮਾਰਿਆ ਗਿਆ।
ਗੁਰੂ ਜੀ ਉੱਤੇ ਹੋਏ ਕਾਤਲਾਨਾ ਹਮਲੇ ਦੀ ਖ਼ਬਰ ਸੁਣਦਿਆਂ ਹੀ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਜੀ ਦੇ ਇਲਾਜ ਲਈ ਮਾਹਿਰ ਸਰਜਨ ਭੇਜੇ। ਗੁਰੂ ਜੀ ਦੇ ਜਖ਼ਮ ਸੀਅ ਦਿੱਤੇ ਗਏ ਤੇ ਸਮੇਂ ਨਾਲ ਇਹ ਕਾਫ਼ੀ ਠੀਕ ਵੀ ਹੋ ਗਏ। ਪਰ ਕੁਝ ਦਿਨਾਂ ਬਾਅਦ ਜਦੋਂ ਗੁਰੂ ਜੀ ਇਕ ਸਖ਼ਤ ਕਮਾਨ ਦਾ ਚਿੱਲਾ ਚੜਾ ਰਹੇ ਸਨ ਤਾਂ ਇਸ ਜਖ਼ਮ ਦੇ ਟਾਂਕੇ ਟੁੱਟ ਗਏ ਤੇ ਕਾਫੀ ਖੂਨ ਵਹਿ ਗਿਆ। ਜਿਸ ਕਾਰਣ ਗੁਰੂ ਜੀ ਕਾਫੀ ਕਮਜ਼ੋਰ ਹੋ ਗਏ ਅਤੇ 7 ਅਕਤੂਬਰ 1708 ਨੂੰ ਅਕਾਲ ਚਲਾਣਾ ਕਰ ਗਏ। ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਗੁਰੂ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ।
ਸਿੱਖਾਂ ਨੂੰ ਕੀਤੇ ਆਪਣੇ ਆਖਰੀ ਸੰਬੋਧਨ ਵਿਚ ਗੁਰੂ ਜੀ ਨੇ ਹਜ਼ੂਰ ਸਾਹਿਬ ਵਿਖੇ ਲੰਗਰ ਦੀ ਪ੍ਰਥਾ ਨੂੰ ਹਮੇਸ਼ਾਂ ਚਲਦੀ ਰੱਖਣ ਦੀ ਤਾਗੀਦ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਮੁੱਖ ਸੇਵਕ, ਭਾਈ ਸੰਤੋਖ ਸਿੰਘ ਨੇ ਜਦੋਂ ਗੁਰੂ ਜੀ ਦਾ ਧਿਆਨ ਇਸ ਗੱਲ ਵੱਲ ਦੁਆਉਣ ਦੀ ਬੇਨਤੀ ਕੀਤੀ ਕਿ ਇਸ ਖੇਤਰ ਵਿਖੇ ਤਾਂ ਸਿੱਖਾਂ ਦੀ ਗਿਣਤੀ ਨਾਮਾਤਰ ਹੀ ਹੈ, ਲੰਗਰ ਦੀ ਸੇਵਾ ਦਾ ਖਰਚਾ ਆਦਿ ਕਿਵੇਂ  ਚਲੇਗਾ। ਤਾਂ ਗੁਰੂ ਜੀ ਨੇ ਭਵਿੱਖਬਾਣੀ ਕੀਤੀ ਕਿ ਦੇਸ਼ ਦੇ ਇਸ ਖੇਤਰ ਵਿਚ ਸਿੱਖਾਂ ਦੀ ਘਾਟ ਨਹੀਂ ਰਹੇਗੀ ਤੇ ਜੇ ਕਦੀਂ ਲੋੜ ਵੀ ਪਈ ਤਾਂ ਉਹ ਆਪਣੇ ਖਾਸ ਸਿੱਖ ਨੂੰ ਇਸ ਕਾਰਜ ਦੀ ਲਗਾਤਾਰਤਾ ਬਣਾਈ ਰੱਖਣ ਲਈ ਭੇਜ ਦੇਣਗੇ।
ਇਸ ਤਰ੍ਹਾਂ ਸਿੱਖਾਂ ਨੇ ਨੰਦੇੜ ਵਿਖੇ ਲੰਗਰ ਸੇਵਾ ਪੂਰੀ ਲਗਨ ਤੇ ਸੁਹਿਰਦਤਾ ਨਾਲ ਸ਼ੁਰੂ ਕਰ ਦਿੱਤੀ। ਪ੍ਰੰਤੂ ਸਮੇਂ ਦੇ ਬੀਤਣ ਨਾਲ, ਹਜ਼ੂਰ ਸਾਹਿਬ ਗੁਰਦੁਆਰਾ ਦੀ ਪ੍ਰਬੰਧਕੀ ਕਮੇਟੀ ਇਸ ਪੱਖੋਂ ਅਵੇਸਲੀ ਹੋ ਗਈ। ਉਸ ਦਾ ਵਧੇਰੇ ਧਿਆਨ ਗੁਰਦੁਆਰਾ ਅਤੇ ਬੁੰਗਾ ਨਿਰਮਾਣ ਕਾਰਜਾਂ ਵੱਲ ਚਲਾ ਗਿਆ। ਉਨੀਵੀਂ ਸਦੀ ਦੇ ਅੰਤ ਤਕ, ਗੁਰੂ ਜੀ ਦੇ ਬਚਨ, ਹਜ਼ੂਰ ਸਾਹਿਬ ਦੇ ਪ੍ਰਬੰਧਕ ਲਗਭਗ ਭੁੱਲ ਹੀ ਚੁੱਕੇ ਸਨ। ਬਾਬਾ ਨਿਧਾਨ ਸਿੰਘ ਦਾ ਸਾਹਮਣਾ ਅਜਿਹੇ ਅਣਸੁਖਾਵੇਂ ਹਾਲਾਤਾਂ ਨਾਲ ਸੀ। ਸਥਾਨਕ ਲੋਕਾਂ ਦਾ ਲੰਗਰ ਸੇਵਾ ਬਾਰੇ ਉਦਾਸੀਨਤਾ ਅਤੇ ਅਸਹਿਯੋਗ ਰਵਈਆ ਉਨ੍ਹਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਸੀ। ਜਿਵੇਂ ਜਿਵੇਂ ਬਾਬਾ ਜੀ ਲੰਗਰ ਸੇਵਾ ਦੇ ਵਾਧੇ ਤੇ ਵਿਕਾਸ ਵੱਲ ਅੱਗੇ ਵੱਧਦੇ ਗਏ, ਈਰਖਾਲੂ ਵਿਅਕਤੀਆਂ ਵਲੋਂ ਉਨ੍ਹਾਂ ਦਾ ਵਿਰੋਧ ਵੀ ਚਰਮ ਸੀਮਾ ਤਕ ਪਹੁੰਚ ਗਿਆ। ਇਥੋਂ ਤਕ ਕਿ ਕੁਝ ਲੋਕਾਂ ਨੇ ਤਾਂ ਉਨ੍ਹਾਂ ਦੀ ਮਾਰ ਕੁਟਾਈ ਵੀ ਕੀਤੀ। ਨਾਖੁਸ਼ਗਵਾਰ ਹਾਲਤ ਦੇਖ ਬਾਬਾ ਜੀ ਨੇ ਨੰਦੇੜ ਛੱਡ ਦੇਣ ਦਾ ਫੈਸਲਾ ਕਰ ਲਿਆ।
ਅਣੋਖਾ ਰਹੱਸਮਈ ਅਨੁਭਵ
ਜਦੋਂ ਬਾਬਾ ਨਿਧਾਨ ਸਿੰਘ ਨੰਦੇੜ ਰੇਲਵੇ ਸਟੇਸ਼ਨ ਵਿਖੇ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ ਤਾਂ ਉਹ ਗਹਿਰੇ ਚਿੰਤਨ ਵਿਚ ਮਗਨ ਹੋ ਗਏ। ਅਚਾਨਕ ਉਨ੍ਹਾ ਨੂੰ ਇਕ ਅਣੋਖਾ ਰਹੱਸਮਈ ਅਨੁਭਵ ਹੋਇਆ। ਇਸ ਧਾਰਮਿਕ ਅਨੁਭਵ ਵਿਚ ਉਨ੍ਹਾਂ ਨੂੰ ਆਸਮਾਨ ਵਿਚੋਂ ਤੇਜ਼ ਰੌਸ਼ਨੀ ਆਪਣੇ ਵਲ ਆਉਂਦੀ ਨਜ਼ਰ ਆਈ। ਇਸ ਰੌਸ਼ਨੀ ਦਾਇਰੇ ਅੰਦਰ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ, ਦੇ ਉਨ੍ਹਾਂ ਦੇ ਘੋੜੇ ਤੇ ਬਾਜ਼ ਸਮੇਤ ਦਰਸ਼ਨ ਹੋਏ। ਇਸ ਦ੍ਰਿਸ਼ਟਾਂਤ ਵਿਚ, ਗੁਰੂ ਜੀ ਨੇ ਬਾਬਾ ਜੀ ਨੂੰ ਪੁੱਛਿਆ, ”ਕਿਥੇ ਜਾ ਰਹੇ ਹੋ ਸਿੰਘ ਜੀ?” ਬਾਬਾ ਜੀ ਨੇ ਹੱਥ ਜੋੜ ਕੇ ਉੱਤਰ ਦਿੱਤਾ, ”ਹੇ ਮਾਲਕ ਜੀਓ! ਕੁਝ ਈਰਖਾਲੂ ਲੋਕਾਂ ਕਾਰਣ ਇਥੇ ਸੇਵਾ ਕਰਨੀ ਔਖੀ ਹੋ ਗਈ ਹੈ, ਇਸ ਲਈ ਵਾਪਸ ਪੰਜਾਬ ਜਾ ਰਿਹਾ ਹਾਂ।” ਗੁਰੂ ਜੀ ਨੇ ਬਚਨ ਕੀਤੇ, ”ਸਿੰਘ ਜੀ, ਇਥੇ ਹੀ ਰਹੋ। ਲੰਗਰ ਦੀ ਸੇਵਾ ਤੁਸਾਂ ਹੀ ਕਰਨੀ ਹੈ।” ਤਦ ਗੁਰੂ ਜੀ ਬਾਬਾ ਜੀ ਨੂੰ ਅਸੀਸ ਦਿੰਦੇ ਹੋਏ ਵਰਦਾਨ ਦਿੱਤਾ ”ਹੱਥ ਤੇਰਾ, ਖੀਸਾ ਮੇਰਾ”। ਭਾਵ ਲੰਗਰ ਦੀ ਸੇਵਾ ਦਾ ਹੱਥੀ ਕਾਰਜ ਬਾਬਾ ਜੀ ਦੇ ਜੁੰਮੇ ਹੋਵੇਗਾ ਜਦ ਕਿ ਲੰਗਰ ਦੀ ਰਸਦ ਆਦਿ ਦਾ ਖਰਚਾ ਗੁਰੂ ਦੇ ਖਜ਼ਾਨੇ ਵਿਚੋਂ ਆਵੇਗਾ। ਇਸ ਅਦੁੱਤੀ ਅਨੁਭਵ ਪਿਛੋਂ ਬਾਬਾ ਨਿਧਾਨ ਸਿੰਘ ਨੇ ਪੰਜਾਬ ਜਾਣ ਦਾ ਇਰਾਦਾ ਛੱਡ ਦਿੱਤਾ। ਹੁਣ ਉਨ੍ਹਾਂ ਨੇ ਨੰਦੇੜ ਵਿਖੇ, ਪੱਕੇ ਤੌਰ ਉੱਤੇ ਰਹਿ ਕੇ, ਗੁਰੂ ਸਾਹਿਬ ਵਲੋਂ ਬਖਸ਼ੀ ਸੇਵਾ ਨਿਭਾਉਣ ਦਾ ਮਨ ਬਣਾ ਲਿਆ।
ਤਦ ਸੰਨ 1912 ਵਿਚ ਬਾਬਾ ਨਿਧਾਨ ਸਿੰਘ ਨੇ ਪੂਰੀ ਨਿਸ਼ਠਾ ਤੇ ਲਗਨ ਨਾਲ ਹਜ਼ੂਰ ਸਾਹਿਬ ਵਿਖੇ ”ਗੁਰੂ ਕਾ ਲੰਗਰ” ਪ੍ਰਥਾ ਨੂੰ ਪੱਕੇ ਪੈਂਰੀ ਕਰਨ ਦਾ ਬੀੜਾ ਚੁੱਕ ਲਿਆ। ਸ਼ੁਰੂ ਸ਼ੁਰੂ ਵਿਚ ਵਿਤੀ ਮੁਸ਼ਕਲਾਂ ਸਨ, ਅਨੇਕ ਹੋਰ ਅੜਚਣਾਂ ਸਨ। ਬਾਬਾ ਜੀ ਨਹੀਂ ਸਨ ਜਾਣਦੇ ਕਿ ਗੁਰੂ ਸਾਹਿਬ ਦੇ ਬਚਨ ਕਿਵੇਂ ਪੂਰੇ ਹੋਣਗੇ। ਪਰ ਬਾਬਾ ਜੀ ਦਾ ਪੱਕਾ ਯਕੀਨ ਸੀ ਕਿ ਗੁਰੂ ਜੀ ਉਸ ਦੇ ਕਾਰਜ ਦੀ ਸਫਲਤਾ ਲਈ ਉਸ ਦੇ ਅੰਗ ਸੰਗ ਹਨ। ਇਹੋ ਯਕੀਨ ਹੀ ਬਾਬਾ ਜੀ ਦੇ ਸਿਰੜ ਦੀ ਬੁਨਿਆਦ ਸੀ। ਤੇ ਉਹ ਪੂਰੀ ਤਨਦੇਹੀ ਨਾਲ ਸੱਚਖੰਡ ਹਜ਼ੂਰ ਸਾਹਿਬ ਵਿਖੇ ਆਈਆਂ ਸੰਗਤਾਂ ਦੀ ਸੇਵਾ ਵਿਚ ਜੁੱਟੇ ਰਹਿੰਦੇ। ਹੌਲੀ ਹੌਲੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਾ। ਉਨ੍ਹਾਂ ਦੀ ਬੇਲਾਗ ਸੇਵਾ ਬਿਰਤੀ ਤੇ ਮਨੋਰਥ ਸੰਬੰਧੀ ਦਿਆਨਤਦਾਰੀ ਨੇ ਉਨ੍ਹਾਂ ਦੇ ਅਨੇਕ ਪ੍ਰਸੰਸਕ ਪੈਦਾ ਕਰ ਦਿੱਤੇ। ਜਿਨ੍ਹਾਂ ਨੇ ਉਨ੍ਹਾਂ ਦੇ ਇਸ ਸਮੂਹ ਮਾਨਵਤਾ ਦੇ ਭਲੇ ਵਾਲੇ ਕਾਰਜ ਵਿਚ ਮਦਦ ਕਰਨੀ ਆਰੰਭ ਕਰ ਦਿੱਤੀ। ਸਮੇਂ ਦੇ ਗੁਜ਼ਰਣ ਨਾਲ ਮੁੱਢਲੀਆਂ ਮੁਸ਼ਕਲਾਂ ਗਾਇਬ ਹੋ ਗਈਆਂ। ਇਸ ਤਰ੍ਹਾਂ ਸਖਤ ਘਾਲਣਾਂ ਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਨੰਦੇੜ ਸਾਹਿਬ ਵਿਖੇ ‘ਗੁਰੂ ਕਾ ਲੰਗਰ’ ਸੇਵਾ ਨੂੰ ਪੱਕੇ ਪੈਂਰੀ ਕਰਨ ਵਿਚ ਸਫਲ ਹੋ ਗਏ।
ਸੰਨ 1924, ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਡੋਂ ਦੇ ਸਰਦਾਰ ਕੁੰਦਨ ਸਿੰਘ ਅਤੇ ਪਿੰਡ ਪਾਲਦੀ ਦੇ ਸਰਦਾਰ ਨਗੀਨਾ ਸਿੰਘ ਹਜ਼ੂਰ ਸਾਹਿਬ ਦੀ ਯਾਤਰਾ ਤੇ ਆਏ। ਬਾਬਾ ਜੀ ਦੀ ਸੇਵਾ-ਭਗਤੀ ਬਾਰੇ ਜਾਣ ਕੇ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਬਾਬਾ ਜੀ ਦੁਆਰਾ ਮਾਨਵਤਾ ਦੇ ਭਲੇ ਲਈ ਕੀਤੇ ਜਾਂਦੇ ਕਾਰਜਾਂ ਦੇ ਜਾਰੀ ਰੱਖਣ ਅਤੇ ਵਿਕਾਸ ਲਈ ਸੱਠ ਹਜ਼ਾਰ ਰੁਪਏ ਭੇਂਟ ਕੀਤੇ। ਇਸ ਰਕਮ ਨਾਲ ਬਾਬਾ ਜੀ ਨੇ, ਗੋਦਾਵਰੀ ਦਰਿਆ ਦੇ ਕਿਨਾਰੇ, ਨਗੀਨਾ ਘਾਟ ਦੇ ਸਥਾਨ ਵਿਖੇ, ਗੁਰਦੁਆਰਾ ਲੰਗਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਇਹ ਸਥਾਨ ਨੰਦੇੜ ਰੇਲਵੇ ਸਟੇਸ਼ਨ ਤੋਂ ਸਿਰਫ ਇਕ ਕਿਲੋਮੀਟਰ ਦੀ ਦੁਰੀ ਉੱਤੇ ਹੈ। ਅਜੋਕੇ ਸਮੇਂ ਦੌਰਾਨ ਹਰ ਸਾਲ ਲੱਖਾਂ ਲੋਕ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾਂਦੇ ਹਨ ਅਤੇ ਉਹ ਲੰਗਰ ਸਾਹਿਬ ਵਿਖੇ ”ਗੁਰੂ ਦਾ ਲੰਗਰ” ਦਾ ਆਨੰਦ ਉਠਾਉਂਦੇ ਹਨ। ਗੁਰੂ ਸਾਹਿਬ ਦੇ ਵਰਦਾਨ ਦਾ ਚਮਤਕਾਰ ਇਸ ਜਗਹ ਪ੍ਰਤੱਖ ਨਜ਼ਰ ਆਉਂਦਾ ਹੈ ਜਦੋਂ ਲੱਖਾਂ ਸ਼ਰਧਾਲੂ ਇਥੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਲੰਗਰ ਛੱਕਦੇ ਹਨ। ਸੰਗਤਾਂ ਨੂੰ ਹਰ ਰੋਜ਼, 24 ਘੰਟੇ ਲੰਗਰ ਦੀ ਸੇਵਾ ਉਪਲਬਧ ਰਹਿੰਦੀ ਹੈ। ਲੰਮੇ ਸਫਰ ਪਿਛੋਂ ਨੰਦੇੜ ਸਾਹਿਬ ਵਿਖੇ ਕਿਸੇ ਸਮੇਂ ਵੀ ਪੁੱਜਣ ਉੱਤੇ, ਸੰਗਤਾਂ ਲਈ ਗਰਮਾ ਗਰਮ ਚਾਹ ਦਾ ਲੰਗਰ ਵੀ ਚੋਵੀ ਘੰਟੇ ਉਪਲਬਧ ਰਹਿੰਦਾ ਹੈ। ਜੋ ਉਨ੍ਹਾਂ ਦੀ ਯਾਤਰਾ ਦੀ ਥਕਾਵਟ ਲਾਹੁਣ ਦੇ ਨਾਲ ਨਾਲ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਵੀ ਪ੍ਰਦਾਨ ਕਰਦਾ ਹੈ।
ਗੁਰਦੁਆਰਾ ਲੰਗਰ ਸਾਹਿਬ ਵਿਖੇ, ਲੰਗਰ ਦੀ ਸੇਵਾ ਤੋਂ ਇਲਾਵਾ, ਸੰਗਤਾਂ ਲਈ ਰਿਹਾਇਸ਼, ਡਿਸਪੈਂਸਰੀ ਤੇ ਲਾਇਬ੍ਰੇਰੀ ਸੁਵਿਧਾਵਾਂ ਵੀ ਉਪਲਬਧ ਹਨ। ਸੰਗਤਾਂ ਦੇ ਆਰਾਮ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸ਼ਰਧਾਲੂਆਂ ਦੀ ਰਿਹਾਇਸ਼ ਲਈ ਸੱਤ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੁਲ 1100 ਕਮਰੇ ਹਨ। ਹਰ ਕਮਰੇ ਨਾਲ ਬਾਥਰੂਮ ਦੀ ਸੁਵਿਧਾ ਮੁਹਈਆ ਕਰਵਾਈ ਗਈ ਹੈ। ਇਨ੍ਹਾਂ ਸਰਾਵਾਂ ਵਿਚ ਇਕੋ ਸਮੇਂ ਲਗਭਗ ਦਸ ਹਜ਼ਾਰ ਸ਼ਰਧਾਲੂ ਠਹਿਰਾਏ ਜਾ ਸਕਣ ਦੀ ਸੁਵਿਧਾ ਮੌਜੂਦ ਹੈ। ਇਨ੍ਹਾਂ ਸਰਾਵਾਂ ਵਿਚ ਬਿਜਲੀ ਤੇ ਪਾਣੀ ਦੀ ਸੁਵਿਧਾ 24 ਘੰਟੇ ਉਪਲਬਧ ਰਹਿੰਦੀ ਹੈ। ਅੱਜਕਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਾਬਾ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿਚ ਚਲ ਰਹੀ ਹੈ। ਜੋ ਬਾਬਾ ਨਿਧਾਨ ਸਿੰਘ ਜੀ ਵਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ, ਦਰਸਾਏ ਮਾਰਗ ਦੇ ਪੱਕੇ ਅਨੁਯਾਈ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਣ ਹੈ; “”ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥”” (ਮ. 1, ਪੰਨਾ 26)
ਗੁਰਦੁਆਰਾ ਨਿਰਮਾਣ ਕਾਰਜ
ਬਾਬਾ ਜੀ ਨੇ ਮਹਿਸੂਸ ਕੀਤਾ ਕਿ ਸ਼ਰਧਾਲੂਆਂ ਦੀ ਨੰਦੇੜ ਸਾਹਿਬ ਫੇਰੀ ਦੌਰਾਨ, ਉਨ੍ਹਾਂ ਦੇ ਖਾਣ-ਪੀਣ ਦੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ, ਉਨ੍ਹਾਂ ਦੀ ਰਿਹਾਇਸ਼ ਅਤੇ ਆਤਮਿਕ ਤ੍ਰਿਪਤੀ ਦੀ ਜਰੂਰਤ ਪੂਰਾ ਕਰਨਾ ਵੀ ਅਤਿ ਜ਼ਰੂਰੀ ਹੈ। ਇਸੇ ਲਈ ਉਨ੍ਹਾਂ ਨੇ ਨੰਦੇੜ ਸਾਹਿਬ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਗੁਰਦੁਆਰਿਆਂ ਦੇ ਨਿਰਮਾਣ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੁਣ ਉਹ ਪੂਰੇ ਉਤਸ਼ਾਹ ਨਾਲ ਇਨ੍ਹਾਂ ਕਾਰਜਾਂ ਵਿਚ ਜੁੱਟ ਗਏ। ਲੰਗਰ ਅਤੇ ਗੁਰਦੁਆਰਾ ਨਿਰਮਾਣ ਕਾਰਜਾਂ ਦੇ ਖਰਚਿਆਂ ਦੀ ਪੂਰਤੀ ਲਈ ਉਨ੍ਹਾਂ ਧਰਮ ਪ੍ਰਚਾਰ ਦੌਰੇ ਸ਼ੁਰੂ ਕਰ ਲਏ। ਅਜਿਹੇ ਕਾਰਜਾਂ ਲਈ ਉਨ੍ਹਾਂ ਫੌਜੀ ਯੂਨਿਟਾਂ ਵਿਚ ਜਾਣ ਨੂੰ ਤਰਜ਼ੀਹ ਦਿੱਤੀ।
ਆਪਣੇ ਅਣਥੱਕ ਯਤਨਾਂ ਕਾਰਣ ਉਹ, ਸੰਨ 1931 ਵਿਚ, ਮਨਮਾੜ੍ਹ ਵਿਖੇ, ਗੁਰਦੁਆਰਾ ਗੁਪਤਸਰ ਸਾਹਿਬ ਦਾ ਨਿਰਮਾਣ ਕਰਵਾਉਣ ਵਿਚ ਸਫਲ ਰਹੇ। ਸੰਨ 1932 ਵਿਚ ਉਨ੍ਹਾਂ ਨੇ ਗੁਰਦੁਆਰਾ ਪੰਜਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। ਸੰਨ 1933 ਵਿਚ ਉਨ੍ਹਾਂ ਕਰਾਚੀ ਵਿਖੇ ਗੁਰਦੁਆਰਾ 33 ਖ਼ਾਲਸਾ ਦੀਵਾਨ ਅਤੇ ਰਾਵਲਪਿੰਡੀ ਜ਼ਿਲੇ ਦੇ ਨਗਰ ਕਾਹੁਟਾ ਵਿਖੇ ਗੁਰਦੁਆਰਾ ਤਤ ਖਾਲਸਾ ਦਾ ਨਿਰਮਾਣ ਕਰਵਾਇਆ। ਇਹ ਦੋਨੋਂ ਗੁਰਦੁਆਰੇ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿਚ ਰਹਿ ਗਏ ਹਨ।
ਬਾਬਾ ਜੀ ਦੀ ਅਣਥੱਕ ਘਾਲਣਾ ਸਦਕਾ, ਸਮੇਂ ਨਾਲ, ਨੰਦੇੜ ਸਾਹਿਬ ਦੇ ਖੇਤਰ ਵਿਚ ਗੁਰਦੁਆਰਾ ਰਤਨਗੜ੍ਹ ਸਾਹਿਬ ਅਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਦੀ ਸਥਾਪਨਾ ਹੋਈ। ਉਨ੍ਹਾਂ ਨੇ ਭੁਸਵਲ ਵਿਖੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਅਤੇ ਪਿੰਡ ਨਡਾਲੋਂ ਵਿਖੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਦੇ ਵਿਕਾਸ ਕਾਰਜਾਂ ਵਿਚ ਵਿਲੱਖਣ ਭੂਮਿਕਾ ਨਿਭਾਈ। ਇੰਝ ਬਾਬਾ ਜੀ ਨੇ ਇਨ੍ਹਾਂ ਸਾਰੇ ਸਥਾਨਾਂ ਵਿਖੇ ”ਸ਼ਬਦ” (ਗੁਰਬਾਣੀ) ਦਾ ਲੰਗਰ ਵੀ ਜਾਰੀ ਕਰ ਦਿੱਤਾ ਜੋ ਇਨ੍ਹਾਂ ਸਥਾਨਾਂ ਵਿਖੇ ਅੱਜ ਵੀ ਸੰਗਤਾਂ ਦੀ ਆਤਮਿਕ ਤ੍ਰਿਪਤੀ ਦਾ ਮਹਤਵਪੂਰਣ ਸੋਮਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ”ਸ਼ਬਦ” (ਗੁਰਬਾਣੀ) ਦੇ ਲੰਗਰ ਦੀ ਮਹਤਤਾ ਇੰਝ ਦਰਜ਼ ਹੈ; “”ਲੰਗਰੁ ਚਲੈ ਗੁਰ ਸ਼ਬਦਿ ਹਰਿ ਤੋਟਿ ਨઠਆਵੀ ਖਟੀਐ ॥”” (ਬਲਵੰਡ ਅਤੇ ਸੱਤਾ, ਪੰਨਾ 967)
ਵਿੱਦਿਆ ਪ੍ਰਸਾਰ ਯਤਨ
ਬਾਬਾ ਨਿਧਾਨ ਸਿੰਘ ਵਿੱਦਿਆ ਪ੍ਰਦਾਨ ਕਾਰਜਾਂ ਦੀ ਮਹਤੱਤਾ ਤੋਂ ਬਾਖੂਬੀ ਜਾਣੂ ਸਨ। ਵਿਦਿਅਰਥੀਆਂ ਦੇ ਸਿਖਲਾਈ ਕਾਰਜਾਂ ਦੀ ਲੋੜ ਪੂਰਤੀ ਲਈ ਉਨ੍ਹਾਂ ਪਿੰਡ ਬੱਡੋਂ ਵਿਖੇ ਖਾਲਸਾ ਹਾਈ ਸਕੂਲ ਦੀ ਸਥਾਪਨਾ ਵਿਚ ਅਹਿਮ ਯੋਗਦਾਨ ਪਾਇਆ। ਅੱਜ ਕਲ ਇਹ ਸਕੂਲ ਇਲਾਕੇ ਦੀ ਪ੍ਰਮੁੱਖ ਸੰਸੰਥਾ ਬਣ ਚੁੱਕਾ ਹੈ ਅਤੇ ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰਨ ਦਾ ਕਾਰਜ ਸਫਲਤਾ ਨਾਲ ਨਿਭਾ ਰਿਹਾ ਹੈ। ਉਨ੍ਹਾਂ ਦੇਸ਼ ਭਰ ਦੇ ਅਨੇਕ ਸਕੂਲਾਂ ਤੇ ਕਾਲਜਾਂ ਦੇ ਵਿਕਾਸ ਵਿਚ ਵਿਤੀ ਯੋਗਦਾਨ ਵੀ ਪਾਇਆ।
ਯੋਗਦਾਨ
4 ਅਗਸਤ 1947 ਨੂੰ 65 ਸਾਲਾਂ ਦੀ ਉਮਰ ਵਿਚ ਬਾਬਾ ਜੀ ਗੁਰਪੁਰੀ ਸਿਧਾਰ ਗਏ। ਇਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਏ ਬਾਬਾ ਨਿਧਾਨ ਸਿੰਘ ਜੀ ਨੇ ਪੂਰੀ ਸੁਹਿਰਦਤਾ ਤੇ ਸੁਦ੍ਰਿੜਤਾ ਨਾਲ ਪ੍ਰਭੂ ਭਗਤੀ (ਸਿਮਰਨ) ਕਰਦੇ ਹੋਏ ਸਮੂਹ ਮਾਨਵਤਾ ਲਈ
ਨਿਸ਼ਕਾਮ ਸੇਵਾ ਦੀ ਇਕ ਬੇਮਿਸਾਲ ਉਦਾਹਰਣ ਪੈਦਾ ਕੀਤੀ। ਉਨ੍ਹਾਂ ਬਹੁਤ ਹੀ ਸਾਦਾ ਤੇ ਪਵਿੱਤਰ ਜੀਵਨ ਗੁਜ਼ਾਰਿਆ। ਆਪਣੇ ਨਿਸ਼ਚੇ ਦੀ ਪੁਰਤੀ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਦਾ ਪੱਲਾ ਹਮੇਸ਼ਾਂ ਫੜੀ ਰੱਖਿਆ। ਉਨ੍ਹਾਂ ਦਾ ਸੁਭਾਅ ਬਹੁਤ ਹੀ ਨਿਮਰਤਾ ਵਾਲਾ ਤੇ ਦਿਆਲੂ ਸੀ। ਆਪਣੇ ਨਿਸ਼ਚੇ ਦੀ ਪੂਰਤੀ ਲਈ ਜਿਥੇ ਉਹ ਬਹੁਤ ਹੀ ਦ੍ਰਿੜ ਇਰਾਦੇ ਵਾਲੇ ਸਨ ਉਥੇ ਉਹ ਲੋੜਵੰਦਾਂ ਦੀ ਮਦਦ ਕਰਨ ਵਿਚ ਬਹੁਤ ਹੀ ਖੁਲਦਿਲੇ ਸਨ। ਬਿਨ੍ਹਾ ਕਿਸੇ ਵਿਤਕਰੇ ਦੇ ਸੱਭ ਦੀ ਸੇਵਾ ਕਰਨ ਲਈ ਤਤਪਰ ਰਹਿਣ ਵਾਲੇ ਬਾਬਾ ਨਿਧਾਨ ਸਿੰਘ ਜੀ ਨਵੇਂ ਵਿਚਾਰਾਂ ਤੇ ਸੁਝਾਵਾਂ ਬਾਰੇ ਉਦਾਰਚਿੱਤ ਸਨ। ਜਿਥੇ ਉਨ੍ਹਾਂ ਮਾਨਵਤਾ ਦੀ ਸੇਵਾ ਲਈ ਹਜ਼ੂਰ ਸਾਹਿਬ ਵਿਖੇ ਲੰਗਰ ਦੀ ਪ੍ਰਥਾ ਨੂੰ ਪੱਕੇ ਪੈਰੀ ਖੜਾ ਕੀਤਾ ਉਥੇ ਉਨ੍ਹਾਂ ਗੁਰਬਾਣੀ ਦੇ ਪ੍ਰਸਾਰ ਲਈ ਅਨੇਕ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ। ਵਿਦਿਆਰਥੀਆਂ ਦੇ ਭਲੇ ਲਈ ਉਨ੍ਹਾਂ ਕਈ ਵਿਦਿਅਕ ਸੰਸਥਾਵਾਂ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਇਹ ਉਨ੍ਹਾਂ ਦੀ ਸਾਡੇ ਸਮਾਜ ਨੂੰ ਅਹਿਮ ਦੇਣ ਹੈ। ਆਪਣੇ ਸਫਲਤਾਪੂਰਨ ਤੇ ਲਾਸਾਨੀ ਜੀਵਨ ਕਾਰਣ ਉਹ ਸਾਡੇ ਸੱਭ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਹਨ।
ਹਵਾਲਾ ਪੁਸਤਕ ਸੂਚੀ
1. ਸ੍ਰੀ ਗੁਰੂ ਗ੍ਰੰਥ ਸਾਹਿਬ, 1983, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਪੰਨਾ 1-1430
2. ਡਾ. ਅਮਰਜੀਤ ਸਿੰਘ ਅਤੇ ਪਰਮਜੀਤ ਸਿੰਘ ਸਰੋਆ (ਸੰਪਾਦਕ), ਬਾਬਾ ਨਿਧਾਨ ਸਿੰਘ ਜੀ – ਜੀਵਨ ਤੇ ਯੋਗਦਾਨ 2012, ਪ੍ਰਕਾਸ਼ਕ ਭਾਈ ਚਤੁਰ ਸਿੰਘ, ਜੀਵਨ ਸਿੰਘ, ਅੰਮ੍ਰਿਤਸਰ
3. ਡਾ.ਅਮਰਜੀਤ ਸਿੰਘ ਅਤੇ ਡਾ. ਪਰਮਜੀਤ ਸਿੰਘ ਸਰੋਆ (ਸੰਪਾਦਕ), ਲੰਗਰ ਤੇ ਦਸਵੰਧ ਸੰਸੰਥਾ ਦੇ ਸਮਾਜਿਕ ਸਰੋਕਾਰ, 2014, ਪ੍ਰਕਾਸ਼ਕ ਭਾਈ ਚਤੁਰ ਸਿੰਘ, ਜੀਵਨ ਸਿੰਘ, ਅੰਮ੍ਰਿਤਸਰ
4. ਹਰਜਿੰਦਰ ਕੌਰ ਸੋਹਲ, ਜੀਵਨ ਸੰਤ ਬਾਬਾ ਨਿਧਾਨ ਸਿੰਘ ਜੀ – ਹਜ਼ੂਰ ਸਾਹਿਬ ਵਾਲੇ, ਪ੍ਰਕਾਸ਼ਕ ਭਾਈ ਚਤੁਰ ਸਿੰਘ, ਜੀਵਨ ਸਿੰਘ, ਅੰਮ੍ਰਿਤਸਰ।

ਸੈਂਟਰ ਫਾਰ ਅੰਡਰਸਟੇਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੇਨੈਡਾ
Web: www.drdpsingh.wordpress.com; ਈਮੇਲ: [email protected]

(ਡਾ. ਦੇਵਿੰਦਰ ਪਾਲ ਸਿੰਘ, ਐਮ.ਐਸ.ਸੀ., ਪੀ.ਐਚ.-ਡੀ ਕਿੱਤੇ ਵਜੋਂ ਅਧਿਆਪਕ ਹੈ। ਉਹ ਧਰਮ, ਵਿਗਿਆਨ ਅਤੇ ਵਾਤਾਵਰਣ ਵਿਸ਼ਿਆਂ ਸੰਬੰਧੀ ਲੇਖਣ ਕਾਰਜਾਂ ਦਾ ਮਾਹਿਰ ਹੈ। ਹੁਣ ਤਕ ਉਸ ਦੀਆਂ 500 ਤੋਂ ਵਧੇਰੇ ਰਚਨਾਵਾਂ ਅਤੇ ਲਗਭਗ ਡੇਢ ਦਰਜਨ ਕਿਤਾਬਾਂ ਛੱਪ ਚੁਕੀਆਂ ਹਨ। ਅੱਜ ਕਲ ਉਹ ਮਿਸੀਸਾਗਾ, ਓਂਟਾਰੀਓ, ਕੇਨੈਡਾ ਦਾ ਨਿਵਾਸੀ ਹੈ।)

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …